ਨੂਰੀ ਦਰਬਾਰ - ਰਵਿੰਦਰ ਸਿੰਘ ਕੁੰਦਰਾ
ਅੱਜ ਦਿਨ ਅਨੋਖਾ ਚੜ੍ਹਿਆ ਏ,
ਤੇ ਮਿਹਰਾਂ ਦਾ ਮੀਂਹ ਵਰ੍ਹਿਆ ਏ।
ਦਾਤੇ ਨੇ ਵਸਦੀ ਦੁਨੀਆ ਲਈ,
ਇੱਕ ਨਵਾਂ ਫ਼ਲਸਫ਼ਾ ਘੜਿਆ ਏ।
ਲੱਗਾ ਦਰਬਾਰ ਮੇਰੇ ਨੂਰੀ ਨਿਰੰਕਾਰ ਦਾ,
ਰਬਾਬ ਉੱਤੇ ਰੱਬੀ ਬਾਣੀ, ਮਧੁਰ ਉਚਾਰਦਾ।
ਰੱਬੀ ਨੂਰ ਚਿਹਰਾ ਅਨੋਖੀ ਭਾ ਮਾਰਦਾ,
ਨਾਮੇ ਅੰਮ੍ਰਿਤ ਦੇ ਕੇ ਜਨਮ ਸੰਵਾਰਦਾ।
ਭੋਲੇ ਭਾਲੇ ਸਿੱਖ ਸਾਰੇ, ਮਸਤੀ ਚ ਗਾਂਵਦੇ,
ਸੁਣ ਕੇ ਬਚਨ ਮਿੱਠੇ, ਵਾਰੇ ਞਾਰੇ ਜਾਂਵਦੇ,
ਬਾਬੇ ਦਿਆਂ ਚਰਨਾਂ ਚ, ਸੀਸ ਨੇ ਝੁਕਾਂਵਦੇ।
ਬੱਚਾ ਬੁੱਢਾ ਭੁੱਖਾ ਹੈ, ਦਾਤੇ ਦੇ ਦੀਦਾਰ ਦਾ,
ਲੱਗਾ ਦਰਬਾਰ ਮੇਰੇ ਨੂਰੀ ਨਿਰੰਕਾਰ ਦਾ,
ਰਬਾਬ ਉੱਤੇ ਰੱਬੀ ਬਾਣੀ, ਮਸਤ ਉਚਾਰਦਾ।
ਦੇਸਾਂ ਪਰਦੇਸਾਂ ਵਿੱਚੋਂ, ਸੰਗਤਾਂ ਨੇ ਆਉਂਦੀਆਂ,
ਸੱਚੇ ਦਿਲੋਂ ਮੰਗੀਆਂ, ਮੁਰਾਦਾਂ ਝੋਲੀ ਪਾਉਂਦੀਆਂ,
ਚੜ੍ਹਦੀ ਕਲਾ ਦੇ ਮਿਲ, ਜੈਕਾਰੇ ਖੂਬ ਲਾਉਂਦੀਆਂ।
ਸਾਗਰ ਜੋਸ਼, ਖੁਸ਼ੀ ਵਾਲਾ, ਸਾਂਭਿਆ ਨੀ ਜਾਂਵਦਾ,
ਲੱਗਾ ਦਰਬਾਰ ਮੇਰੇ ਨੂਰੀ ਨਿਰੰਕਾਰ ਦਾ,
ਰਬਾਬ ਉੱਤੇ ਰੱਬੀ ਬਾਣੀ, ਮਸਤ ਉਚਾਰਦਾ।
ਸੇਵਾ ਵਿੱਚ ਲੀਨ ਸਿੱਖ, ਸੇਵਾ ਕਰੀ ਜਾਂਦੇ ਨੇ,
ਗਰੀਬ ਅਤੇ ਭੁੱਖਿਆਂ ਨੂੰ, ਲੰਗਰ ਛਕਾਉਂਦੇ ਨੇ,
ਕਿਰਤ ਕਮਾਈ ਦਾ, ਚੜ੍ਹਾਵਾ ਵੀ ਚੜ੍ਹਾਉਂਦੇ ਨੇ।
ਸ਼ਾਂਤੀ ਦਾ ਪੁੰਜ ਬਾਬਾ, ਠੰਢ ਵਰਤਾਂਵਦਾ,
ਲੱਗਾ ਦਰਬਾਰ ਮੇਰੇ ਨੂਰੀ ਨਿਰੰਕਾਰ ਦਾ,
ਰਬਾਬ ਉੱਤੇ ਰੱਬੀ ਬਾਣੀ, ਮਸਤ ਉਚਾਰਦਾ।
ਰੱਬੀ ਨੂਰ ਚਿਹਰਾ ਅਨੋਖੀ ਭਾ ਮਾਰਦਾ,
ਨਾਮੇ ਅੰਮ੍ਰਿਤ ਦੇ ਕੇ ਜਨਮ ਸੰਵਾਰਦਾ।
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ