ਕੁਝ ਮਨ ਦੀਆਂ-ਕੁਝ ਜਗ ਦੀਆਂ, ਸ਼ੈਰੀ ਦੀ 'ਸ਼ਾਇਰੀ' ਨੇ ਮੋਹੇ ਪਾਕਿਸਤਾਨੀ - ਨਿੰਦਰ ਘੁਗਿਆਣਵੀ

ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਸੰਖੇਪ ਜਿਹੀ ਪਰ ਭਾਵਪੂਰਤ ਪਾਕਿਸਤਾਨ ਫੇਰੀ ਨੂੰ ਲੈ ਕੇ ਕਾਫੀ ਲੋਕ ਵਾਧੂੰ ਦਾ ਹੋ-ਹੱਲਾ ਮਚਾ ਰਹੇ ਹਨ। ਬਹੁਤ ਸਾਰੇ ਲੋਕ ਤਾਂ ਸਿੱਧੂ ਦੀ ਇਸ ਫੇਰੀ ਨੂੰ ਭਵਿੱਖ ਵਿਚ ਭਾਰਤ-ਪਾਕਿ ਰਿਸ਼ਤਿਆਂ ਵਿਚ ਆਈ ਖੜੋਤ ਨੂੰ ਤੋੜਨ ਵਾਲੀ ਆਖ ਰਹੇ ਹਨ। ਹਥਲੇ ਕਾਲਮ ਰਾਹੀਂ ਮੈਂ ਕੁਝ ਹਟਵੀਂ ਗੱਲ ਕਰਾਂਗਾ, ਸਿਰਫ਼ ਸਿੱਧੂ ਦੀ ਸ਼ਾਇਰੀ ਬਾਰੇ। ਸ਼ਾਇਰੀ ਸਾਹਿਤ ਦੀ ਅਜਿਹੀ ਵਿਧਾ ਹੈ, ਜੋ ਲੋਕ ਮਨਾਂ ਉਤੇ ਬਿਨਾਂ ਦੇਰੀ ਦੇ ਸਿੱਧਾ ਸਪਾਟ ਅਸਰ ਕਰਦੀ ਹੈ। ਸਿੱਦੂ ਬਚਪਨ ਤੋਂ ਸ਼ਾਇਰੀ ਦਾ ਸ਼ੌਕੀਨ ਹੇ ਤੇ ਬਹੁਤ ਸਾਰੇ ਸ਼ਾਇਰਾਂ ਦੀ ਕਵਿਤਾ ਉਸਨੂੰ ਜੁਬਾਨੀ ਚੇਤੇ ਹੈ। ਮੌਕੇ ਉਤੇ ਕਲਮ ਵੀ ਚਲਾ ਲੈਂਦਾ ਹੈ।ਕੁਝ ਵੀ ਹੈ,ਸਾਡਾ ਹਰਮਨ ਪਿਆਰਾ 'ਸ਼ੈਰੀ' ਆਪਣੀ 'ਸ਼ਾਇਰੀ' ਸੁਣਾ ਕੇ ਪਾਕਿਸਤਾਨੀਆਂ ਦੇ ਮਨ ਜਿੱਤ ਕੇ ਮੁੜਿਆ ਹੈ। ਉਸਦੀ ਸ਼ਾਇਰੀ ਨੂੰ ਭਰਵੀਂ ਦਾਦ ਵੀ ਮਿਲੀ ਹੈ। ਇਹ ਸ਼ਾਇਰੀ ਉਸ ਨੇ ਸਿਰਫ਼ ਲਿਖਣ ਵਾਸਤੇ ਜਾਂ ਬੋਲਣ ਵਾਸਤੇ ਹੀ ਨਹੀਂ ਲਿਖੀ, ਸਗੋਂ ਉਹਦੇ ਜਜ਼ਬਾਤ ਹੀ ਕਾਗਜ਼ ਦੀ ਹਿੱਕ ਉਤੇ ਆਪ-ਮੁਹਾਰੇ ਉਤਰ੍ਹੇ ਸਨ। ਪਾਕਿਸਤਾਨ ਯਾਤਰਾ ਅਰੰਭ ਕਰਨ ਵੇਲੇ ਉਹ ਵਾਹਗਾ ਬਾਰਡਰ ਉਤੇ ਬੋਲ ਰਿਹਾ ਸੀ, ਭਾਵੇਂ ਇਹ ਆਮ ਬੋਲ ਚਾਲ ਹੀ ਸੀ ਪਰ ਸ਼ਾਇਰੀ ਫਿਰ ਵੀ ਝਲਕ ਰਹੀ ਸੀ: ਇਹ ਲਮਹੇਂ ਬਹੁਤ ਖਾਸ ਨੇ,ਸੱਚ ਪੁਛੋਂ, ਕਰੋੜਾਂ ਦੀ ਆਸ ਤੇ ਵਿਸ਼ਵਾਸ ਨੇ, ਮੇਰੀ ਮੰਨੋ, ਇਹ ਜਿਊਂਦਾ ਜਾਗਦਾ ਇਤਿਹਾਸ ਨੇ।" ਉਸ ਆਖਿਆ, ''ਰਾਤੀਂ ਮੇਰੇ ਦਿਲ ਦਾ ਸ਼ਾਇਰ ਕਹਿ ਰਿਹਾ ਸੀ,ਕੁਝ ਲਾਇਨਾਂ ਲਿਖ ਰਿਹਾ ਸੀ ਤੇ ਆਂਹਦਾ ਸੀ,
                 ਹਿੰਦੋਸਤਾਨ ਜੀਵੇ ਤੇ ਪਾਕਿਸਤਾਨ ਜੀਵੇ,
                 ਹਸਦਾ ਵਸਦਾ ਇਹ ਸਾਰਾ ਜਹਾਨ ਜੀਵੇ,
                ਧਰਤੀ ਪੌਣ ਪਾਣੀ, ਬੂਟੇ ਜੀਵ ਪ੍ਰਾਣੀ,
                ਸੂਰਜ ਚੰਦ ਤਾਰੇ ਤੇ ਸਾਰਾ ਅਸਮਾਨ ਜੀਵੇ,
               ਜੀਵੇ ਰਹਿਮ ਹਰ ਇਨਸਾਨ ਦੇ ਦਿਲ ਅੰਦਰ,
               ਆਨ, ਬਾਨ ਤੇ ਮਾਨ ਦੇ ਨਾਲ, ਹਰ ਇਨਸਾਨ ਜੀਵੇ,
               ਪਿਆਰ, ਅਮਨ ਤੇ ਖੁਸ਼ਹਾਲੀ ਦਾ ਰੂਪ ਬਣ ਕੇ,
              ਓਹ ਮੇਰਾ ਯਾਰ ਦਿਲਦਾਰ 'ਇਮਰਾਨ ਖਾਨ' ਜੀਵੇ
'ਵਾਹ-ਵਾਹ' ਕਰ ਰਹੇ ਪੱਤਰਕਾਰਾਂ ਦੀ ਟੋਲੀ ਦੇ ਮਨਾਂ ਨੂੰ 'ਸ਼ੈਰੀ ਦੀ ਸ਼ਾਇਰੀ' ਟੁੰਬ ਰਹੀ ਸੀ ਤੇ ਉਸ ਅੱਗੇ ਆਖਿਆ:
  - ਲੈਕੇ ਆਇਆਂ ਮੈਂ ਪੈਗਾਮ ਮੁਹੱਬਤਾਂ ਦੇ, ਲਾਈ ਜਿੰਦ ਮੈਂ ਨਾਮ ਮੁਹੱਬਤਾਂ ਦੇ
    ਸਾਡੀ ਰੂਹ 'ਤੇ ਦਾਗ ਨਾ ਕੋਈ, ਬਸ ਕੁਝ ਕੁ ਇਲਜ਼ਾਮ ਮੁਹੱਬਤਾਂ ਦੇ
    ਪਹਿਰੇਦਾਰ ਹਾਂ ਵਫਾ ਦੀਆਂ ਦੌਲਤਾਂ ਦੇ, ਅਸੀਂ ਰਾਖੇ ਤਮਾਮ ਮੁਹੱਬਤਾਂ ਦੇ
   ਚੁੱਕੋ,ਚੁੱਕੋ,ਅੱਜ ਯਾਰੀ ਦੇ ਕਦਮ ਚੁੱਕੋ,ਓ ਚੁੱਕੋ ਚੁੱਕੋ,ਇਹ ਜਾਮ ਮੁਹੱਬਤਾਂ ਦੇ
       -ਦੁਆ ਹੈ ਆਪਕੀ ਹਸਤੀ ਕਾ, ਕੁਛ ਐਸਾ ਨਜ਼ਾਰਾ ਹੋ ਜਾਏ
        ਅਰੇ ਕਸ਼ਤੀ ਭੀ ਉਤਾਰੇਂ ਮੌਜੋਂ ਪੇ, ਅਰੇ ਤੂਫਾਂ ਹੀ ਕਿਨਾਰਾ ਹੋ ਜਾਏ
ਆਪਣੀ ਭਾਰਤ ਵਾਪਸੀ ਸਮੇਂ ਪ੍ਰੱੈਸ ਕਾਨਫਰੰਸ ਵਿਚ ਉਸ ਨੇ ਸ਼ਾਇਰੀ ਦੇ ਰੰਗ ਫਿਰ ਬਿਖੇਰੇ। ਉਸ ਆਖਿਆ,''ਮੈਂ ਜੋ ਕੁਛ ਕਹਿਣਾ ਹੈ,ਉਹ ਲਿਖ ਕੇ ਲਿਆਇਆ ਹਾਂ, ਰਾਤ ਮੈਂ ਲਿਖ ਰਿਹਾ ਸੀ,ਉਹਨਾਂ ਦਰਿਆਵਾਂ ਦੇ ਰਾਹੀਂ ਇੱਕ ਸੁਨੇਹਾ ਦੇ ਰਿਹਾ ਹਾਂ,ਚਨਾਬ ਤੇ ਜਿਹਲਮ ਏਧਰ, ਸਤਿਲੁਜ ਤੇ ਬਿਆਸ ਓਧਰ ਤੇ ਕੀ ਕਹਿੰਦੇ ਐ ਸਤਲੁਜ ਤੇ ਬਿਆਸ:
        ਕਹਵੇ ਸਤਲੁਜ ਦਾ ਪਾਣੀ,ਦੱਸੇ ਬਿਆਸ ਦੀ ਰਵਾਨੀ,
        ਆਪਣੀ ਲਹਿਰ ਦੀ ਜ਼ੁਬਾਨੀ, ਸਾਡਾ ਜੇਹਲਮ-ਚਨਾਬ
        ਨੂੰ ਸਲਾਮ ਆਖਣਾ, ਅਸੀਂ ਮੰਗਦੇ ਆਂ ਖੈਰ,
        ਸੁਭਾ ਸ਼ਾਮ ਆਖਣਾ,
       ਰਾਵੀ ਏਧਰ ਵੀ ਵਗੇ, ਤੇ ਰਾਵੀ ਓਧਰ ਵੀ ਵਗੇ
       ਲੈ ਕੇ ਜਾਂਦੀ ਕੋਈ ਸੁਖ ਦਾ ਸੁਨੇਹਾ ਜਿਹਾ ਲਗੇ
       ਇਹਦੀ ਤੋਰ ਨੂੰ ਹੀ ਪਿਆਰ ਦਾ ਪੈਗਾਮ ਆਖਣਾ
       ਅਸੀਂ ਮੰਗਦੇ ਆਂ ਖੈਰ, ਸੁਭਾ ਸ਼ਾਮ ਆਖਣਾ
                         """"'
ਆਪਣੀ ਗੱਲ ਨੂੰ ਵਿਸਤਾਰ ਵਿਚ ਕਰਦਾ ਹੋਇਆ ਉਹ ਫਿਰ ਸ਼ਾਇਰ ਹੋ ਜਾਂਦਾ ਹੈ: ਓਹਦੇ ਨਾਲ ਯਾਰੀ ਕਦੇ ਨਾ ਲਾਈਏ,ਜੀਹਨੂੰ ਆਪਣੇ ਆਪ 'ਤੇ ਗ਼ਰੂਰ ਹੋਵੇ,
ਮਾਂ-ਬਾਪ ਨੂੰ ਕਦੇ ਨਾ ਬੁਰਾ ਕਹੀਏ, ਚਾਹੇ ਲੱਖ ਵੀ ਉਹਨਾਂ ਦਾ ਕਸੂਰ ਹੋਵੇ
ਬੁਰੇ ਰਸਤੇ 'ਤੇ ਕਦੇ ਨਾ ਪੈਰ ਧਰੀਏ, ਮੰਜ਼ਿਲ ਚਾਹੇ ਵੀ ਕਿਤਨੀ ਦੂਰ ਹੋਵੇ
ਰਾਹ ਜਾਂਦੇ ਰਾਹੀ ਨੂੰ ਨਾ ਦਿਲ ਦੇਈਏ, ਚਾਹੇ ਲੱਖ ਮਣ ਚਿਹਰੇ 'ਤੇ ਨੂਰ ਹੋਵੇ
ਬੁੱਲ੍ਹੇ ਸ਼ਾਹ ਮੁਹੱਬਤਾਂ ਉਥੇ ਪਾਈਏ, ਜਿੱਥੇ ਪਿਆਰ ਨਿਭਾਉਣ ਦਾ ਦਸਤੂਰ ਹੋਵੇ
ਕੁਝ ਪਾਕਿਸਤਾਨੀ ਤਾਂ ਉਸਦੀ ਸ਼ਾਇਰੀ ਦੇ ਦੀਵਾਨੇ ਹੋਏ ਉਸਨੂੰ 'ਸ਼ਾਇਰ ਭਾਜੀ ਸਿੱਧੂ' ਵੀ ਆਖ ਕੇ ਬੁਲਾਉਣ ਲੱਗੇ ਰਹੇ। ਸਿੱਧੂ ਕਹਿੰਦਾ ਹੈ, ''ਕਿਸੇ ਵੀ ਇਨਸਾਨ ਦੀ ਛੋਟੀ-ਵੱਡੀ ਯਾਤਰਾ ਨੂੰ ਕਲਾਤਮਿਕ ਪਲ ਸੁਹਾਵਣੀ ਤੇ ਯਾਦਗਾਰੀ ਬਣਾ ਦਿੰਦੇ ਨੇ, ਸ਼ਾਇਰੀ ਦੇ ਰੰਗ ਨੇ ਮੇਰੀ ਪਾਕਿਸਤਾਨ ਯਾਤਰਾ ਵਿਚ ਰਮਣੀਕ ਤੇ ਨਾ-ਭੁੱਲਣ ਵਾਲਾ ਰੰਗ ਭਰ ਦਿੱਤਾ ਹੈ,ਸ਼ਾਇਰੀ ਮੇਰੇ ਰੋਮ-ਰੋਮ ਵਿਚ ਵਸਦੀ ਹੈ ਤੇ ਵੱਸਦੀ ਰਹੇਗੀ।"

94174-21700

21 Aug 2018