ਆਓ, ਕਿਤਾਬਾਂ ਦੀਆਂ ਬਾਤਾਂ ਪਾਈਏ ! - ਡਾਇਰੀ ਦਾ ਪੰਨਾ - ਨਿੰਦਰ ਘੁਗਿਆਣਵੀ
ਪਿਛਲੇ ਦਿਨੀਂ ਮੈਨੂੰ ਆਪਣੀ ਇਕ ਕਿਤਾਬ ਦੇ ਅੰਗ੍ਰੇਜ਼ੀ ਵਿਚ ਹੋ ਰਹੇ ਪਰਕਾਸ਼ਨ ਸਬੰਧੀ ਦਿੱਲੀ ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਦੇ ਦਫਤਰ ਇਕ ਮੀਟਿੰਗ ਲਈ ਜਾਣਾ ਪੈ ਗਿਆ। ਨਹਿਰੂ ਭਵਨ ਦੇ ਨਾਂ ਹੇਠ ਇੰਡਸਟ੍ਰੀਅਲ ਏਰੀਏ ਵਿਚ ਬਣਿਆ ਹੋਇਆ ਇਹ ਇਕ ਖੂਬਸੂਰਤ 'ਸਾਹਿਤਕ ਦਫਤਰ' ਹੈ, ਤੇ ਇਹ ਭਾਰਤ ਸਰਕਾਰ ਦੇ ਸਿੱਖਿਆ ਵਿਭਾਗ ਦੇ ਅਧੀਨ ਕੰਮ ਕਰਦਾ ਹੈ। ਇਥੇ ਆਣ ਕੇ ਮੈਨੂੰ ਲੱਗਿਆ ਕਿ ਏਥੇ ਅੱਖਰ ਬੋਲਦੇ ਨੇ, ਰਸ ਘੋਲਦੇ ਨੇ ਤੇ ਸ਼ਬਦ ਆਪੋ ਵਿੱਚੀਂ ਰਲ ਮਿਲ ਕੇ ਗਾਉਂਦੇ ਨੇ। ਜਿੱਧਰ ਦੇਖੋ,ਕਿਤਾਬਾਂ ਹੀ ਕਿਤਾਬਾਂ ਦੀਦਾਰ ਦੇਂਦੀਆਂ ਨੇ। ਭਾਰਤ ਦੀ ਹਰੇਕ ਭਾਸ਼ਾ ਵਿਚ ਕਿਤਾਬਾਂ ਆਪ ਨੂੰ 'ਜੀਓ ਆਇਆਂ' ਆਖਣਗੀਆਂ ਤੇ ਆਪ ਦਾ ਮਨ ਕਿਤਾਬ ਖਰੀਦ ਕੇ ਝੋਲੇ 'ਚ ਪਾਉਣ ਨੂੰ ਆਪ ਮੁਹਾਰੇ ਕਰ ਆਏਗਾ, ਭਾਸ਼ਾ ਚਾਹੇ ਕੋਈ ਵੀ ਕਿਓਂ ਨਾ ਹੋਵੇ! ਏਥੇ ਕਿਤਾਬਾਂ ਪਾਠਕ ਨੂੰ ਆਵਾਜਾਂ ਮਾਰਦੀਆਂ ਪ੍ਰਤੀਤ ਹੁੰਦੀਆਂ ਜਾਪੀਆਂ ਨੇ ਮੈਨੂੰ। ਥੱਲੜੇ ਫਲੋਰ ਉਤੇ ਕਿਤਾਬਾਂ ਦੀ ਭਾਰੀ ਭਰਕਮ ਹੱਟ ਹੈ, ਜੋ ਦੋ ਮੰਜਿਲੀ ਹੈ। ਗੋਲ ਘੇਰੇ ਵਿਚ ਗੇੜਾ ਕੱਢੋ ਤੇ ਕਿਤਾਬਾਂ ਦੀ ਪਰਿਕ੍ਰਮਾ ਕਰੋ, ਮਨ ਖੁਸ਼ ਹੋ ਜਾਂਦਾ ਹੈ, ਜਿਵੇਂ ਕਿਸੇ ਸਦਾ-ਬਹਾਰ ਬੁੱਕ ਫੇਅਰ 'ਚ ਫਿਰ ਰਹੇ ਹੋਈਏ। ਭਾਰਤ ਦੀ ਹਰ ਜੁਬਾਨ ਦੀ ਭਾਸ਼ਾ 'ਚ ਛਪੀ ਹੋਈ, ਖਾਸ ਕਰ ਸਾਹਿਤ, ਕਲਾ,ਖੇਡਾਂ ਇਤਿਹਾਸ, ਮਨੋ ਵਿਗਿਆਨ ਤੇ ਇਸ ਤੋਂ ਇਲਾਵਾ ਵੰਨ ਸੁਵੰਨੇ ਵਿਸ਼ਿਆਂ ਬਾਬਤ ਕਿਤਾਬ, ਸਜ ਧਜ ਕੇ ਆਪਣੇ ਆਲਣੇ 'ਚ ਬੈਠੀ ਦਿਖਾਈ ਦੇਵੇਗੀ ਤੁਹਾਨੂੰ। ਭਾਰਤ ਦੇ ਵੱਖ ਵੱਖ ਖੇਤਰਾਂ ਦੀਆਂ ਮਹਾਨ ਹਸਤੀਆਂ ਦੇ ਜੀਵਨ ਨਾਲ ਸਬੰਧਿਤ ਕਿਤਾਬਾਂ ਦੇ ਟਾਈਟਲਾਂ ਉਪਰ ਝਾਤੀ ਮਾਰੋਗੇ, ਤਾਂ ਕੋਈ ਉਦਾਸ ਸ਼ਖਸੀਅਤ ਦਿਸੇਗੀ, ਕੋਈ ਮੁਸਕਰਾਉਂਦੀ ਹੋਈ ਸ਼ਖਸੀਅਤ, ਤੇ ਕੋਈ ਸੋਚਦੀ ਹੋਈ ਸ਼ਖਸੀਅਤ, ਤੇ ਕੋਈ ਖਾਮੋਸ਼ ਬੈਠੀ ਸ਼ਖਸੀਅਤ। ਇਕ ਥਾਵੇਂ ਏਨੀਆਂ ਸ਼ਖਸੀਅਤਾਂ ਦਾ ਮੇਲਾ ਗੇਲਾ? ਵਾਹ ਵਾਹ! ਸਾਬਾਸ਼ੇ ਤੁਹਾਡੇ ਨੈਸ਼ਨਲ ਬੁੱਕ ਟਰੱਸਟ ਵਾਲਿਓ! ਪ੍ਰੋ ਪਰਮਜੀਤ ਰੁਮਾਣਾ ਵੱਲੋਂ ਪਦਮ ਸ਼੍ਰੀ ਪ੍ਰੋ ਗੁਰਦਿਆਲ ਸਿੰਘ ਦੀਆਂ ਅੰਗਰੇਜੀ 'ਚ ਅਨੁਵਾਦੀਆਂ ਕਹਾਣੀਆਂ ਦੀ ਮੋਟੀ ਕਿਤਾਬ ਨੇ ਮੈਨੂੰ ਜਿਵੇਂ ਹਾਕ ਮਾਰਕੇ ਆਖਿਆ,"ਨਜਰ ਘੁੰਮਾ ਕੇ ਨਾ ਲੰਘ, ਫੋਲ ਮੇਰੇ ਵਰਕੇ ਤੇ ਵੇਖ ਮੇਰਾ ਰੰਗ,ਮੈਂ ਆਂ ਤੇਰੇ ਅੰਕਲ ਗੁਰਦਿਆਲ ਸਿੰਘ ਦੀ ਕਿਤਾਬ---।" ਸਵੈ ਜੀਵਨੀ ਪਈ ਸੀ ਕਰਤਾਰ ਸਿੰਘ ਦੁੱਗਲ ਦੀ ਤੇ ਨਾਲ ਈ ਉਹਦੀਆਂ ਚੋਣਵੀਆਂ ਕਹਾਣੀਆਂ ਦਾ ਅੰਗਰੇਜ਼ੀ ਵਿਚ ਹੋਇਆ ਅਨੁਵਾਦ। ਮੈਂ ਗਾਰਗੀ ਨੂੰ ਲੱਭਣ ਤੁਰਿਆ ਨਾ ਲੱਭਾ। ਸ਼ਿਵ, ਮੀਸ਼ਾ ਤੇ ਸਤੋਖ ਸਿੰਘ ਧੀਰ ਨੂੰ ਹਾਲੇ ਲੱਭ ਈ ਰਿਹਾ ਸਾਂ ਕਿ ਬੇਬੇ ਅੰਮ੍ਰਿਤਾ ਬੋਲੀ, "ਆਹ ਮੈਂ ਸਾਰੀ ਦੀ ਸਾਰੀ ਬੈਠੀ ਆਂ ਇੰਗਲਿਸ਼ 'ਚ ਬੇਟਾ, ਪਰ ਪੜਨਾ ਮੈਨੂੰ ਪੰਜਾਬੀ ਵਿਚ ਈ ਤੁਸਾਂ ਨੇ।" ਵਰਿਆਮ ਸੰਧੂ ਦੀਆਂ ਚੋਣਵੀਆਂ ਕਹਾਣੀਆਂ ਦੇ ਨਾਲ ਹੀ ਰਾਮ ਸਰੂਪ ਅਣਖੀ ਅੰਗ੍ਰੇਜ਼ੀ 'ਚ ਮੁਸਕਰਾ ਰਿਹਾ ਸੀ। ਦਲੀਪ ਕੌਰ ਟਿਵਾਣਾ ਤੇ ਬਚਿੰਤ ਕੌਰ ਵੀ ਆਪੋ ਆਪਣੀ ਥਾਂ ਮੱਲੀ ਬੈਠੀਆਂ ਸਨ।ਕਿਆ ਬਾਤਾਂ ਸਨ। ਪੰਜਾਬੀ ਦੇ ਨਾਮਵਰ ਲੇਖਕਾਂ ਦਾ ਮੌਲਿਕ ਸਾਹਿਤ, ਵੰਨ ਸੁਵੰਨੜਾ ਅਨੁਵਾਦ, ਬਾਲ ਸਾਹਿਤ ਆਦਿ ਕੀ ਕੀ ਦੱਸਾਂ, ਬਾਗ ਬਗੀਚੇ ਭਰੇ ਪਏ ਸਨ ਕਿਤਾਬਾਂ ਦੇ। ਸਰਵਣ ਸਿੰਘ ਖੇਡਾਂ ਦੀਆਂ ਬਾਤਾਂ ਲਗਾਤਾਰ ਪਾਈ ਜਾ ਰਿਹੈ, ਸ਼ੁਕਰ ਹੈ ਕਿ ਭਾਰਤ ਸਰਕਾਰ ਦੇ ਇਸ ਅਦਾਰੇ ਨੇ ਉਹਦੀਆਂ ਲਿਖਤਾਂ ਛਾਪ ਕੇ ਸੰਭਾਲ ਰੱਖੀਆਂ ਨੇ। ਸੰਤ ਸਿੰਘ ਸੇਖੋ ਅੰਗ੍ਰੇਜ਼ੀ ਵਿਚ ਅਨੁਵਾਦ ਹੋਇਆ ਪਿਆ ਸੀ।
-------
ਭਾਰਤ ਦੀ ਸਮੁੱਚੀ ਬਾਣੀ ਪਰੰਪਰਾ, ਗੁਰੂਆਂ ਪੀਰਾਂ ਦੀਆਂ ਜੀਵਨ ਕਥਾਵਾਂ, ਇਤਿਹਾਸ ਮਿਥਿਹਾਸ, ਕਥਾ ਕਹਾਣੀ, ਨਾਟਕ, ਨਾਵਲ,ਕਵਿਤਾ, ਇਕਾਂਗੀ, ਵਾਰਤਕ, ਸਫਰਨਾਮਾ,ਸਵੈ ਜੀਵਨੀ ਸਮੇਤ ਹਰ ਤਰਾਂ ਦੀਆਂ ਕਿਤਾਬਾਂ ਦੀਆਂ ਕਤਾਰਾਂ ਲਿਸ਼ਕਣ ਲੰਬੀਆਂ ਲੰਬੀਆਂ। ਸਿੱਖ ਇਤਿਹਾਸ, ਪੰਜਾਬੀ ਸਭਿਆਚਾਰ,ਲੋਕ ਧਾਰਾ,ਗਦਰ ਲਹਿਰ, ਦੇਸ਼ ਭਗਤੀ ਦੇ ਵਿਸ਼ਿਆਂ ਨਾਲ ਸਬੰਧਤ ਕਿਤਾਬਾਂ ਦੇਖ ਬੜਾ ਚੰਗਾ ਚੰਗਾ ਲੱਗਿਆ ਤੇ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਉਤੇ ਸਭ ਤੋਂ ਵੱਧ ਪ੍ਰਕਾਸ਼ਨਾਵਾਂ ਇਸੇ ਅਦਾਰੇ ਨੇ ਕੀਤੀਆਂ।
-----
ਅੱਜਕਲ ਇਸ ਟਰੱਸਟ ਦੇ ਡਾਇਰੈਕਟਰ ਕਰਨਲ ਯੁਵਰਾਜ ਮਲਿਕ ਹਨ। ਤਿੰਨ ਸਾਲਾਂ ਤੋਂ ਟਰੱਸਟ ਦੀਆਂ ਉਪਲੱਬਧੀਆਂ 'ਚ ਪੰਜਾਬੀ ਭਾਸ਼ਾ ਵਾਸਤੇ ਕੀਤੀਆਂ ਉਪਲੱਬਧੀਆਂ ਦੇਖ ਸੁਣ ਕੇ ਪ੍ਰਸੰਨਤਾ ਮਹਿਸੂਸ ਹੋਈ ਹੈ, ਜਦ ਉਹ ਡਾਇਰੈਕਟਰ ਬਣੇ ਹਨ। ਪੰਜਾਬੀ ਸੈਕਸ਼ਨ ਦੀ ਇੰਚਾਰਜ ਡਾ ਨਵਜੋਤ ਕੌਰ ਹੈ ਤੇ ਨਾਲ ਸਹਾਇਕ ਸੁਖਵਿੰਦਰ ਸਿੰਘ ਹੈ। ਸਾਹਿਤਕਾਰਾਂ ਦੀ ਰਾਜਧਾਨੀ ਕਹੇ ਜਾਂਦੇ ਬਰਨਾਲੇ ਦੀ ਡਾ ਨਵਜੋਤ ਕੌਰ ਖੁਦ ਚੰਗਾ ਤੇ ਸਾਂਭਣਯੋਗ ਸਾਹਿਤ ਲੱਭ ਲੱਭ ਕੇ ਛਾਪਣ ਵਿਚ ਰੁਚੀ ਰਖਦੀ ਹੈ। ਪਿਛਲੇ ਸਾਲ ਮੇਰੀ ਚੋਣਵੀਂ ਵਾਰਤਕ ਛਾਪ ਕੇ ਮਾਣ ਦਿੱਤਾ। ਨੈਸ਼ਨਲ ਬੁੱਕ ਟਰੱਸਟ ਆਫ ਇੰਡੀਆ ਵੱਲੋਂ ਪੰਜਾਬ 'ਚ ਵੱਖ ਵੱਖ ਥਾਈਂ ਲਗਦੇ ਪੁਸਤਕ ਮੇਲਿਆਂ ਵਿੱਚ ਪਾਠਕਾਂ ਦੀਆਂ ਭੀੜਾਂ ਹੁੰਦੀਆਂ ਨੇ ਪਰ ਇਸਦਾ ਮੈਨੂੰ ਪ੍ਰਤੱਖ ਪ੍ਰਮਾਣ ਖਾਲਸਾ ਕਾਲਜ ਅੰਮ੍ਰਿਤਸਰ ਸਾਹਿਬ ਵਿਖੇ ਲਗਾਏ ਪੁਸਤਕ ਮੇਲੇ ਵਿਚ ਦਿਸਿਆ ਸੀ, ਜਿਥੇ ਇਕ ਹਫਤੇ ਵਿਚ ਡੇਢ ਕਰੋੜ ਦੀਆਂ ਕਿਤਾਬਾਂ ਵਿਕੀਆਂ ਸਨ। ਟਰੱਸਟ ਭਾਰਤ ਭਰ ਵਿਚ ਪੁਸਤਕ ਮੇਲੇ ਹੀ ਨਹੀ ਲਾਉਂਦਾ ਤੇ ਸਿਰਫ ਕਿਤਾਬਾਂ ਹੀ ਨਹੀਂ ਛਾਪਦਾ, ਸਗੋਂ ਭਾਸ਼ਾਵਾਂ ਤੇ ਕਲਾਵਾਂ ਦੇ ਪ੍ਰਚਾਰ ਤੇ ਪ੍ਰਸਾਰ ਵਾਸਤੇ ਹੋਰ ਵੀ ਕਈ ਤਰਾਂ ਦੇ ਪ੍ਰੋਜੈਕਟ ਉਲੀਕਦਾ ਵਿਉਂਤਦਾ ਰਹਿੰਦਾ ਹੈ। ਡਾਇਰੈਕਟਰ ਕਰਨਲ ਮਲਿਕ ਖੁਦ ਨੌਜਵਾਨ ਹੈ, ਜਗਿਆਸੂ ਹੈ ਤੇ ਚੇਤੰਨ ਅਫਸਰ ਹੈ। ਦਫਤਰੀ ਕੰਮ ਤੇ ਮਸਲੇ ਵਿਚ ਨਾ ਉਹ ਆਪ ਅਰਾਮ ਨਾਲ ਬਹਿੰਦਾ ਹੈ, ਤੇ ਨਾ ਕਿਸੇ ਨੂੰ ਬਹਿਣ ਦਿੰਦਾ ਹੈ, ਹਰ ਸਮੇਂ ਸ਼ਬਦਾਂ ਨਾਲ ਖੇਡਦਾ ਰਹਿੰਦਾ ਹੈ ਤੇ ਹੋਰਨਾਂ ਨੂੰ ਖਿਡਾਉਂਦਾ ਰਹਿੰਦਾ ਹੈ। ਮੇਜ ਉਤੇ ਪਈ ਫਾਈਲ ਨੂੰ ਬੋਝ ਮੰਨਦਾ ਹੈ ਮਲਿਕ। ਦੁਨੀਆਂ ਭਰ ਵਿੱਚ ਹੁੰਦੇ ਪੁਸਤਕ ਮੇਲਿਆਂ ਵਿੱਚ ਹਾਜਿਰ ਹੋਣਾ ਤੇ ਟਰੱਸਟ ਵਲੋਂ ਪ੍ਰਕਾਸ਼ਨਾ ਦਾ ਦਾਇਰਾ ਹੋਰ ਅੱਗੇ ਵਧਾਉਣ ਵਰਗੇ ਯਤਨ ਹਰ ਸਮੇਂ ਕਰਦਾ ਹੈ ਯੁਵਰਾਜ ਮਲਿਕ। ਉਨਾਂ ਦੇ ਡਾਇਰੈਕਟਰ ਬਣਨ ਬਾਅਦ ਭਾਰਤੀ ਭਾਸ਼ਾਵਾਂ ਦੀ ਪ੍ਰਫੁੱਲਤਾ ਲਈ ਕੁਝ ਸਕੀਮਾਂ ਬਣਾਈਆਂ ਗਈਆਂ, ਤੇ ਪਿਛਲੇ ਸਾਲ ਤਿੰਨ ਯੁਵਾ ਲੇਖਕਾਂ ਨੂੰ 'ਯੁਵਾ ਮੈਟਰਸ਼ਿਪ ਯੋਜਨਾ' ਲਈ ਚੁਣਿਆ ਗਿਆ।
----
ਜਦ ਦੇਸ਼ ਅਜਾਦ ਹੋਇਆ ਤਾਂ 10 ਸਾਲ ਬਾਅਦ ਹੀ 1 ਅਗਸਤ ਸੰਨ 1957 ਵਿਚ ਇਸ ਨੈਸ਼ਨਲ ਬੁੱਕ ਟਰੱਸਟ ਦੀ ਸਥਾਪਨਾ ਹੋਈ। 24 ਜੁਲਾਈ 1985 ਨੂੰ ਰਾਜੀਵ:ਲੌਂਗੋਵਾਲ ਸਮਝੌਤੇ ਤਹਿਤ ਇਥੇ ਵਿਸ਼ੇਸ਼ ਪੰਜਾਬੀ ਸੈਲ ਦੀ ਸਥਾਪਨਾ ਕੀਤੀ ਗਈ। ਪਹਿਲਾਂ ਇਸਦਾ ਦਫਤਰ ਗਰੀਨ ਪਾਰਕ ਵਿਖੇ ਹੁੰਦਾ ਸੀ ਤੇ ਫਿਰ ਫੁੱਲ ਫਲੈਸ਼ ਰੂਪ ਵਿੱਚ ਆਪਣਾ ਵੱਡਾ ਦਫਤਰ, ਰਿਹਾਇਸ਼ੀ ਕਲੋਨੀ ਸਮੇਤ ਵਸੰਤ ਕੁੰਜ-5, ਨਹਿਰੂ ਭਵਨ ਵਿਚ ਬਣ ਗਿਆ। ਇਸਦੇ ਚੇਅਰਮੈਨ ਪ੍ਰੋਫੈਸਰ ਗੋਵਿੰਦ ਪ੍ਰਸ਼ਾਦ ਸ਼ਰਮਾ ਹਨ। ਪੰਜਾਬ ਵਿਚ ਲਗਦੇ ਪੁਸਤਕ ਮੇਲਿਆਂ ਵਿੱਚ ਟਰੱਸਟ ਦੀਆਂ ਬੱਸਾਂ ਭਰਕੇ ਜਾਂਦੀਆਂ ਨੇ ਤੇ ਪੁਸਤਕਾਂ ਦੀ ਪ੍ਰਦਰਸ਼ਨੀ ਲਾਉਂਦੀਆਂ ਨੇ। ਕਰਨਲ ਮਲਿਕ ਜੀ ਨੇ ਖੁਸ਼ੀ ਦੀ ਗੱਲ ਇਹ ਦੱਸੀ ਹੈ ਕਿ ਟਰੱਸਟ ਜਲਦੀ ਹੀ ਚੰਡੀਗੜ੍ਹ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਪੰਜਾਬੀ ਭਵਨ ਲੁਧਿਆਣਾ ਵਿਖੇ ਆਪਣੀਆਂ ਪ੍ਰਕਾਸ਼ਨਾਵਾਂ ਪਾਠਕਾਂ ਤੱਕ ਪਹੁੰਚਾਉਣ ਲਈ ਪ੍ਰਬੰਧ ਕਰ ਰਿਹਾ ਹੈ, ਸਸਤੀਆਂ ਤੇ ਮਿਆਰੀ ਕਿਤਾਬਾਂ ਪੰਜਾਬ ਦੇ ਪਾਠਕਾਂ ਕੋਲ ਸੌਖੀਆਂ ਜਾਣ ਲੱਗਣਗੀਆਂ। ਇਹ ਯਤਨ ਬੜੀ ਦੇਰ ਪਹਿਲਾਂ ਦਾ ਹੋਣਾ ਚਾਹੀਦਾ ਸੀ ਪਰ 'ਦੇਰ ਆਏ ਦਰੁਸਤ ਆਏ', ਹੁਣ ਵੀ ਹੋ ਜਾਏ ਤਾਂ ਵਧੀਆ ਹੈ।