“ਸਰਬਤ ਦੇ ਭਲੇ” ਵਾਲੀ ਹਲੇਮੀ ਬਾਦਸ਼ਾਹਤ ਦੀ ਤਾਂਘ ਦਾ ਸੈਦਾਈ ਅਤੇ ਸਿੱਖ ਜਜ਼ਬਿਆਂ ਨਾਲ ਲਬਰੇਜ਼ ਭਾਈ ਅਮ੍ਰਿਤਪਾਲ ਸਿੰਘ - ਬਘੇਲ ਸਿੰਘ ਧਾਲੀਵਾਲ
ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀਹਵੀਂ ਸਦੀ ਦੇ ਮਹਾਂਨ ਸਿੱਖ ਸ਼ਹੀਦ ਦਾ ਰੁਤਬਾ ਪਾਉਣ ਵਾਲੇ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਤੋ ਬਾਅਦ ਭਾਂਵੇ ਦਹਾਕਾ ਭਰ ਸਿੱਖ ਖਾੜਕੂ ਨੌਜਵਾਨਾਂ ਨੇ ਦਿੱਲੀ ਤਖਤ ਨਾਲ ਜਾਨ ਹੂਲਵਾਂ ਸੰਘਰਸ਼ ਲੜਿਆ,ਪ੍ਰੰਤੂ ਖਾੜਕੂ ਸਿੱਖ ਸੰਘਰਸ਼ ਖਤਮ ਹੋ ਜਾਣ ਤੋ ਬਾਅਦ ਲੰਮਾ ਅਰਸ਼ਾ ਸਿੱਖ ਕੌਂਮ, ਖਾਸ ਕਰਕੇ ਸਿੱਖ ਨੌਜੁਆਨੀ ਨੂੰ ਕੋਈ ਆਦਰਸ਼ ਆਗੂ ਨਹੀ ਮਿਲਿਆ,ਜਿਸ ਦੀ ਬਦੌਲਤ ਸਿੱਖ ਨੌਜਵਾਨੀ ਵਿਰੋਧੀ ਤਾਕਤਾਂ ਦੀਆਂ ਸਾਜਿਸ਼ਾਂ ਦਾ ਸ਼ਿਕਾਰ ਹੋ ਕੇ ਲੱਚਰਤਾ ਅਤੇ ਨਸ਼ਿਆਂ ਦੇ ਰਾਹ ਪੈ ਗਈ,ਲਿਹਾਜਾ ਪੰਜਾਬ ਦੇ ਘਰ ਘਰ ਚ ਸੱਥਰ ਵਿਸਣੇ ਆਮ ਵਰਤਾਰਾ ਬਣ ਗਿਆ। ਦਹਾਕਿਆਂ ਵੱਧੀ ਪੰਜਾਬ ਦੀ ਜੁਆਨੀ ਧਰਮ ਕਰਮ ਨੂੰ ਅਸਲੋਂ ਹੀ ਵਿਸਾਰਕੇ ਸਿਵਿਆਂ ਦੇ ਰਾਹ ਤੁਰਦੀ ਰਹੀ। ਨਸ਼ਿਆਂ ਅਤੇ ਲੱਚਰਤਾ ਦੇ ਮਾਰੂ ਅਸਰ ਤੋ ਦੂਰ ਰਹਿਣ ਵਾਲੇ ਪੜ੍ਹਾਕੂ ਕਿਸਮ ਦੇ ਨੌਜਵਾਨਾਂ ਨੇ ਪੰਜਾਬ ਨੂੰ ਛੱਡ ਜਾਣ ਦਾ ਮਨ ਬਣਾ ਲਿਆ,ਜਿਸ ਦਾ ਨਤੀਜਾ ਇਹ ਨਿਕਲਿਆ ਕਿ ਪੰਜਾਬ ਦੇ ਪਾੜ੍ਹੇ ਉੱਚ ਵਿਦਿਆ ਦਾ ਮੋਹ ਤਿਆਗ ਕੇ ਵਾਰਾਂ ਜਮਾਤਾਂ ਪਾਸ ਕਰਨ ਤੋ ਬਾਅਦ ਆਈਲੈਟਸ ਦਾ ਟੈਸਟ ਪਾਸ ਕਰਕੇ ਬਾਹਰਲੇ ਮੁਲਕਾਂ ਵੱਲ ਨੂੰ ਨਿਕਲ ਤੁਰੇ।ਦੇਖਦੇ ਹੀ ਦੇਖਦੇ ਪੰਜਾਬ ਖਾਲੀ ਹੁੰਦਾ ਪਰਤੀਤ ਹੋਣ ਲੱਗਾ।ਇਹ ਸਾਰਾ ਕੁੱਝ ਕੁਦਰਤੀ ਨਹੀ ਵਾਪਰਿਆ, ਬਲਕਿ ਇਹ ਪੰਜਾਬ ਦੁਸ਼ਮਣ ਤਾਕਤਾਂ ਦਾ ਪੰਜਾਬ ਦੀ ਹੋਂਦ ਨੂੰ ਮਿਟਾਉਣ ਵਾਲਾ ਬਹੁਤ ਹੀ ਸਾਜਿਸ਼ੀ ਵਰਤਾਰਾ ਹੈ,ਜਿਸ ਵਿੱਚ ਪੰਜਾਬ ਦੀ ਸਿਆਸੀ ਜਮਾਤ ਬਰਾਬਰ ਦੀ ਜਿੰਮਵਾਰ ਹੈ। ਇਸ ਵਰਤਾਰੇ ਦਾ ਦੁਖਦਾਇਕ ਪਹਿਲੂ ਇਹ ਵੀ ਹੈ ਕਿ ਪੰਜਾਬ ਦੀ ਜਨਤਾ ਨੇ ਕਦੇ ਵੀ ਪੰਜਾਬ ਦੀ ਜੁਆਨੀ ਦੀ ਨਸਲਕੁਸ਼ੀ ਅਤੇ ਬਰਬਾਦੀ ਲਈ ਮੁਹਰੇ ਬਣੇ ਇੱਥੋ ਦੇ ਸਿਆਸੀ ਲੋਕਾਂ ਦੀ ਭੂਮਿਕਾ ਨੂੰ ਗੰਭੀਰਤਾ ਨਾਲ ਨਹੀ ਲਿਆ,ਜਾਂ ਇਹ ਵੀ ਕਿਹਾ ਜਾ ਸਕਦਾ ਹੈ ਕਿ ਪੰਜਾਬ ਦੇ ਭੋਲ਼ੇ ਭਾਲ਼ੇ ਲੋਕ ਵਾਰ ਵਾਰ ਸਿਆਸਤ ਦੇ ਚੰਗੇਰੇ ਭਵਿੱਖ ਦੇ ਝਾਂਸੇ ਵਿੱਚ ਫਸਦੇ ਰਹੇ ਅਤੇ ਵਾਰ ਵਾਰ ਧੋਖਾ ਖਾਂਦੇ ਰਹੇ। ਪੰਜਾਬ ਦੀ ਕੁਰਾਹੇ ਪਈ ਜੁਆਨੀ ਨੂੰ ਪਹਿਲੀ ਵਾਰ ਕਿਸਾਨੀ ਅੰਦੋਲਨ ਦੌਰਾਨ ਸ਼ੰਭੂ ਮੋਰਚੇ ਤੋ ਕਿਸੇ ਨੌਜਵਾਨ ਤੋ ਅਗਵਾਈ ਦੀ ਉਮੀਦ ਜਾਗੀ।ਮਰਹੂਮ ਸੰਦੀਪ ਸਿੰਘ ਦੀਪ ਸਿੱਧੂ ਦੇ ਗੈਰਤ ਨੂੰ ਹਲੂਣਾ ਦੇਣ ਵਾਲੇ ਜੱਟਕੇ ਪਰਚਾਰ ਦੀ ਬਦੌਲਤ ਨੌਜਵਾਨੀ ਇਸ ਕਦਰ ਮੁਰੀਦ ਬਣ ਗਈ,ਕਿ ਉਹਨਾਂ ਦੀ ਬੇਬਕਤੀ ਮੌਤ ਤੇ ਪੰਜਾਬ ਦੀ ਜੁਆਨੀ ਭੁੱਬਾਂ ਮਾਰ ਮਾਰ ਕੇ ਰੋਂਦੀ ਦੇਖੀ ਗਈ। ਮਰਹੂਮ ਦੀਪ ਸਿੱਧੂ ਦੀ ਬਣਾਈ ਜਥੇਬੰਦੀ “ਵਾਰਿਸ ਪੰਜਾਬ ਦੇ” ਨੌਜਵਾਨਾਂ ਲਈ ਇੱਕੋ ਇੱਕ ਆਸ ਦੀ ਕਿਰਨ ਬਣ ਗਈ।ਇਸ ਜਥੇਬੰਦੀ ਨਾਲ ਜੁੜੇ ਮੁਢਲੇ ਮੈਂਬਰਾਂ ਨੇ ਸਰਬ ਸੰਮਤੀ ਨਾਲ ਦੁਬਈ ਰਹਿੰਦੇ ਨੌਜਵਾਨ ਭਾਈ ਅਮ੍ਰਿਤਪਾਲ ਸਿੰਘ ਨੂੰ ਆਪਣਾ ਆਗੂ ਮੰਨ ਲਿਆ।ਇਹ ਵੀ ਗੁ੍ਰੂ ਦੀ ਕਲਾ ਵਰਤਣ ਵਰਗਾ ਵਰਤਾਰਾ ਹੈ ਕਿ ਭਾਈ ਅਮ੍ਰਿਤਪਾਲ ਸਿੰਘ ਨੇ ਪੰਜਾਬ ਆ ਕੇ ਖੁਦ ਹੀ ਗੁਰੂ ਦੇ ਲੜ ਨਹੀ ਲੱਗਿਆ,ਬਲਕਿ ਉਹਨੇ ਗੁਰੂ ਤੋ ਬੇਮੁੱਖ ਹੋ ਕੇ ਕੁਰਾਹੇ ਪਈ ਜੁਆਨੀ ਨੂੰ ਮੁੜ ਗੁਰੂ ਨਾਲ ਜੋੜਨ ਦਾ ਪਵਿੱਤਰ ਕਾਰਜ ਐਸਾ ਅਰੰਭਿਆ ਕਿ ਹਜਾਰਾਂ ਨੌਜਵਾਨ ਨਸ਼ਿਆਂ ਨੂੰ ਤੋਬਾ ਕਹਿ ਕੇ ਗੁਰੂ ਵਾਲੇ ਬਣ ਕੌਂਮੀ ਕਾਫਲੇ ਚ ਸ਼ਾਮਲ ਹੋ ਤੁਰੇ। ਜੇਕਰ ਗੱਲ ਭਾਰੀ ਅਮ੍ਰਿਤਪਾਲ ਸਿੰਘ ਦੀ ਸ਼ਖਸੀਅਤ ਦੀ ਕਰਨੀ ਹੋਵੇ,ਤਾਂ ਇਹ ਕਹਿਣਾ ਕੋਈ ਗਲਤ ਨਹੀ ਹੋਵੇਗਾ ਕਿ ਇਹ ਨੌਜਵਾਨ ਕੋਈ ਆਮ ਨਹੀ ਹੈ,ਇਹਦੇ (ਅਮ੍ਰਿਤਪਾਲ ਸਿੰਘ) ਦੇ ਚਿਹਰੇ ਵੱਲ ਝਾਤੀ ਮਾਰੋ, ਚਿਹਰੇ ਨੂੰ ਪੜਨ ਦਾ ਯਤਨ ਕਰੋ,ਤੁਹਾਨੂੰ ਖੁਦ ਮਹਿਸੂਸ ਹੋਵੇਗਾ ਕਿ ਇਹ ਨੌਜਵਾਨ ਆਮ ਨਹੀ ਹੈ,। ਥੋੜ੍ਹਾ ਹੋਰ ਸੰਜੀਦਗੀ ਨਾਲ ਚਿਹਰੇ ਰਾਹੀਂ ਅੰਦਰ ਉਤਰਨ ਦਾ ਯਤਨ ਕਰੋਗੇ ਤਾਂ ਕੌਮੀ ਜਜ਼ਬਿਆਂ ਨਾਲ ਲਬਰੇਜ਼ ਉੱਚੀ ਸੁੱਚੀ ਸੋਚ ਦਾ ਠਾਠਾਂ ਮਾਰਦਾ ਸਮੁੰਦਰ ਹੜ੍ਹਿਆ ਜਾਪੇਗਾ।ਦੁਨਿਆਵੀ ਵਿਦਿਆ ਘੱਟ ਹੋਣ ਦੇ ਬਾਵਜੂਦ ਵੀ ਇਸ ਨੌਜਵਾਨ ਦੇ ਅੰਦਰ,ਦੁਨੀਆਂ ਭਰ ਦੇ ਗਿਆਨ ਦਾ ਅਥਾਹ ਭੰਡਾਰ ਹੈ। ਇਹ ਨੌਜਵਾਨ ਜਬਰ ਜੁਲਮ,ਵਿਤਕਰੇਵਾਜੀ ਅਤੇ ਭ੍ਰਿਸ਼ਟਾਚਾਰ ਦੀ ਬੁਨਿਆਦ ਤੇ ਖੜ੍ਹੇ ਸਿਸਟਮ ਨੂੰ ਵੰਗਾਰਦੀ ਸਿੱਖ ਸੋਚ ਦਾ ਪਰਤੀਕ ਹੋ ਨਿੱਬੜਿਆ ਹੈ। ਗੁਰੂ ਦੇ ਮੁਢਲੇ ਸਿਧਾਂਤ ਸਰਬਤ ਦੇ ਭਲੇ ਵਾਲੀ ਹਲੇਮੀ ਬਾਦਸ਼ਾਹਤ ਦੀ ਤਾਂਘ ਨੇ ਇਸ ਨੌਜਵਾਨ ਨੂੰ ਨਿੱਜਤਾ ਚੋਂ ਬਾਹਰ ਕੱਢ ਲਿਆ ਹੈ। ਉਹ ਨਿੱਜੀ ਵਿਕਾਰਾਂ ਦੇ ਮੋਹ ਜਾਲ ਤੋ ਬਾਹਰ ਹੋਇਆ ਜਾਪਦਾ ਹੈ।ਉਹਦੇ ਅੰਦਰ "ਖੇਤੁ ਜੁ ਮਾਡਿਉ ਸੂਰਮਾ ਅਬ ਜੂਝਣ ਕੋ ਦਾਉ"॥ ਦੇ ਸੰਕਲਪ ਦਾ ਅਨਹਤ ਨਾਦ ਚੱਲਦਾ ਮਹਿਸੂਸ ਹੁੰਦਾ ਹੈ,ਜੋ ਕੰਨਾਂ ਨਾਲ ਨਹੀ,ਬਲਕਿ ਮਨ ਦੀ ਉਹ ਅਵਸਥਾ ਹੀ ਸੁਣ ਸਕਦੀ ਹੈ,ਜਿਸ ਦੇ ਅੰਦਰ "ਲਰੈ ਦੀਨ ਕੇ ਹੇਤੁ" ਦੀ ਭਾਵਨਾ ਪਰਵਲ ਹੋ ਰਹੀ ਹੋਵੇ ਅਤੇ ਕਦਮ "ਪੁਰਜਾ ਪੁਰਜਾ ਕਟਿ ਮਰੈ ਕਬਹੂ ਨ ਛਾਡੈ ਖੇਤੁ"॥ ਦੀ ਪਵਿੱਤਰ ਭਾਵਨਾ ਵੱਲ ਵਧ ਰਹੇ ਹੋਣ।ਇਹ ਅਵਸਥਾ ਹੀ 80 ਸਾਲਾ ਬਾਬੇ ਨੂੰ 18 ਸੇਰ ਦਾ ਖੰਡਾ ਫੜ ਮਾਲਵੇ ਦੇ ਤਲਵੰਡੀ ਸਾਬੋ (ਦਮਦਮਾ ਸਾਹਿਬ) ਦੀ ਧਰਤੀ ਤੋ ਸ੍ਰੀ ਰਾਮਦਾਸ ਪਾਤਸ਼ਾਹ ਦੇ ਪਵਿੱਤਰ ਅਸਥਾਨ ਸ੍ਰੀ ਦਰਬਾਰ ਸਾਹਿਬ ਸ੍ਰੀ ਅਮ੍ਰਿਤਸਰ ਦੀ ਅਜਮਤ ਲਈ ਸ਼ੀਸ਼ ਤਲੀ ਤੇ ਧਰ ਕੇ ਲੜਨ ਦੇ ਯੋਗ ਬਣਾ ਦਿੰਦੀ ਹੈ,ਇਹ ਹੀ ਪਵਿੱਤਰ ਭਾਵਨਾ ਅਕਾਲੀ ਫੂਲਾ ਸਿੰਘ ਵਰਗੇ ਬੁੱਢੇ ਸ਼ੇਰ ਨੂੰ ਹਲੇਮੀ ਰਾਜ ਦੀ ਰਾਖੀ ਲਈ ਕੁਰਬਾਨ ਕਰ ਦਿੰਦੀ ਹੈ ਅਤੇ ਇਹ ਹੀ ਭਾਵਨਾ ਸੰਤ ਗਿਆਨੀ ਜਰਨੈਲ ਸਿੰਘ ਖਾਲਸਾ ਭਿੰਡਰਾਵਾਲਿਆਂ ਨੂੰ ਬਾਬਾ ਏ ਕੌਮ ਅਤੇ ਵੀਹਵੀਂ ਸਦੀ ਦੇ ਮਹਾਨ ਸਿੱਖ ਸ਼ਹੀਦ ਦੀ ਉਪਾਧੀ ਤੱਕ ਪਹੁੰਚਾ ਦਿੰਦੀ ਹੈ।ਇਹ ਹੀ ਭਾਵਨਾ ਸੁੱਖੇ ਜਿੰਦੇ ਬਣ ਫਾਂਸੀ ਚੜ੍ਹਦੀ ਹੈ ਅਤੇ ਇਹ ਹੀ ਭਾਵਨਾ ਕੇਹਰ ਸਿੰਘ,ਬੇਅੰਤ ਸਿੰਘ,ਸਤਵੰਤ ਸਿੱਘ ਨੂੰ ਦਿੱਲੀ ਦਰਬਾਰ ਦੇ ਰਾਖਿਆਂ ਤੋ ਬਾਗੀ ਬਣਾ ਕੇ ਕੌਮੀ ਸ਼ਹੀਦ ਦਾ ਰੁਤਬਾ ਦਿਵਾ ਦਿੰਦੀ ਹੈ। ਭਾਵ ਕਿ ਇਹ ਅਵਸਥਾ ਜੀਵਨ ਅਤੇ ਮੌਤ ਨੂੰ ਇੱਕ ਸਮਾਨ ਕਰ ਸ਼ਹਾਦਤ ਦੇ ਪੁਜਾਰੀ ਬਣਾ ਦਿੰਦੀ ਹੈ। ਇਸ ਅਵਸਥਾ ਵਿੱਚ ਪਹੁੰਚਿਆ ਵਿਅਕਤੀ ਕੌਮੀ ਲੜਾਈ ਅੰਦਰ ਸ਼ਹਾਦਤ ਦੇ ਬਹਾਨੇ ਲੱਭਣ ਲੱਗਦਾ ਹੈ। ਭਾਵੇਂ ਇਹ ਵੀ ਸੱਚ ਹੈ ਕਿ ਨਾਂ ਤਾਂ ਇਸ ਅਵਸਥਾ ਤੱਕ ਹਰ ਕੋਈ ਸੌਖਿਆਂ ਪਹੁੰਚ ਸਕਦਾ ਹੈ ਅਤੇ ਨਾ ਹੀ ਇਸ ਅਵਸਥਾ ਤੇ ਟਿਕੇ ਰਹਿ ਸਕਦਾ ਹੈ,ਇਹ ਵੀ ਕਿਸੇ ਵਿਰਲੇ ਦੇ ਨਸੀਬ ਵਿੱਚ ਹੀ ਹੁੰਦਾ ਹੈ,ਪਰ ਇਹ ਵੀ ਜਾਹਰਾ ਸੱਚ ਹੈ ਕਿ ਸਿੱਖੀ ਵਿੱਚ ਅਜਿਹੀ ਭਾਵਨਾ ਬਹੁਤਾਤ ਵਿੱਚ ਦੇਖੀ ਪਰਖੀ ਗਈ ਹੈ।ਜੂਨ 1984 ਦੇ ਸ੍ਰੀ ਦਰਬਾਰ ਸਾਹਿਬ ਤੇ ਫੌਜੀ ਹਮਲੇ ਅਤੇ ਉਸ ਤੋ ਬਾਅਦ ਉੱਠੀ ਹਥਿਆਰਬੰਦ ਸਿੱਖ ਲਹਿਰ ਦੇ ਅਦੁੱਤੀ ਕਾਰਨਾਮੇ ਸਿੱਖ ਇਤਿਹਾਸ ਦੇ ਸੁਨਹਿਰੀ ਪੱਤਰੇ ਬਣ ਚੁੱਕੇ ਹਨ। ਮੌਜੂਦਾ ਦੌਰ ਚ ਅਮ੍ਰਿਤਪਾਲ ਸਿੰਘ ਦੀ ਆਮਦ ਨੂੰ ਸਿੱਖ ਜੁਆਨੀ ਨੇ ਜੀਉ ਆਇਆਂ ਕਿਹਾ ਹੈ,ਕਿਉਂਕਿ ਉਹਨਾਂ ਨੂੰ ਜਾਪਦਾ ਹੈ ਕਿ ਅਮ੍ਰਿਤਪਾਲ ਸਿੰਘ ਸਿੱਖ ਜਜ਼ਬਿਆਂ ਦੀ ਤਰਜਮਾਨੀ ਕਰਦਾ ਹੈ।ਸਿੱਖ ਕੌਂਮ ਦੀ ਤਰਾਸਦੀ ਹੈ ਕਿ ਅਮ੍ਰਿਤਪਾਲ ਸਿੰਘ ਵੱਲੋਂ ਨੌਜਵਾਨਾਂ ਨੂੰ ਨਸ਼ਿਆਂ ਦੇ ਕੋਹੜ ਚੋ ਕੱਢ ਕੇ ਗੁਰੂ ਨਾਲ ਜੋੜਨ ਦੇ ਪਵਿੱਤਰ ਕਾਰਜ ਦਾ ਵਿਰੋਧ ਕੋਈ ਹੋਰ ਨਹੀ ਬਲਕਿ ਸਿੱਖਾਂ ਦੇ ਉਸ ਵੱਡੇ ਹਿੱਸੇ ਵੱਲੋਂ ਕੀਤਾ ਜਾ ਰਿਹਾ ਹੈ,ਜਿਹੜੇ ਨਿੱਜੀ ਲੋਭ ਲਾਲਸਾ ਅਧੀਨ ਦਿੱਲੀ ਦਰਬਾਰ ਦੇ ਜੀਅ ਹਜੂਰੀਏ ਬਣੇ ਹੋਏ ਹਨ।ਮਨੁੱਖੀ ਕਦਰਾਂ ਕੀਮਤਾਂ ਤੋ ਮਨਫੀ ਹੋ ਚੁੱਕੀ ਸੋਚ ਵਾਲੀ ਸਿੱਖ ਜੁਆਨੀ ਨੂੰ ਭਾਈ ਅਮ੍ਰਿਤਪਾਲ ਸਿੰਘ ਦੀ ਆਮਦ ਨੇ ਮੁੜ ਸਿੱਖ ਵਿਚਾਰਧਾਰਾ ਦੀ ਪਾਣ ਦੇ ਕੇ ਜਿਉਂਦਾ ਕੀਤਾ ਹੈ। ਸੋ ਆਸ ਅਤੇ ਅਰਦਾਸ ਕਰਨੀ ਬਣਦੀ ਹੈ ਕਿ ਅਕਾਲ ਪੁਰਖ ਸਿੱਖ ਜੁਆਨੀ ਦੇ ਜਜ਼ਬਿਆਂ ਨੂੰ ਪਵਿੱਤਰਤਾ ਬਖਸ਼ੇ।
ਬਘੇਲ ਸਿੰਘ ਧਾਲੀਵਾਲ
99142-58142