ਸੰਚਾਰ ਸਾਧਨ, ਅਸੰਵੇਦਨਸ਼ੀਲਤਾ ਤੇ ਵਧ ਰਿਹਾ ਹਿੰਸਕ ਵਰਤਾਰਾ - ਡਾ. ਸੁਖਦੇਵ ਸਿੰਘ
ਕਤਲ ਦੇ ਟੈਲੀਵਿਜ਼ਨ ਸੀਰੀਅਲ ਵਿੱਚ ਦਿਖਾਏ ਢੰਗ ਦੀ ਤਰਜ਼ ’ਤੇ ਦਿੱਲੀ ਵਿੱਚ 28 ਸਾਲਾ ਨੌਜੁਆਨ ਵੱਲੋਂ ਆਪਣੀ 26 ਸਾਲਾ ਮਹਿਲਾ ਮਿੱਤਰ ਦੀ ਹੱਤਿਆ ਉਪੰਰਤ ਉਸ ਦੇ ਸਰੀਰ ਨੂੰ 35 ਟੁਕੜਿਆਂ ਵਿੱਚ ਵੱਢ ਕੇ ਫਰਿੱਜ ਵਿੱਚ ਲਗਾ ਦੇਣ ਅਤੇ ਹਰ ਰਾਤ ਇੱਕ ਟੁਕੜੇ ਨੂੰ ਮਹਿਰੌਲੀ ਵੱਲ ਜੰਗਲ ਵਿੱਚ ਸੁੱਟੀ ਜਾਣ ਅਤੇ ਪੰਜ ਮਹੀਨੇ ਏਸ ਜੁਰਮ ਦੀ ਭਿਣਕ ਨਾ ਪੈਣ ਦੇਣ ਦੀ ਖ਼ਬਰ ਨੇ ਦੇਸ਼ ਵਿੱਚ ਫੈਲ ਰਹੀ ਅਸੰਵੇਦਨਸ਼ੀਲਤਾ ਤੇ ਬਰਬਰਤਾ ਦੀ ਸਿਖਰ ਦੇ ਸੰਕੇਤ ਵਲ ਧਿਆਨ ਖਿਚਿਆ ਹੈ। ਦੋਸ਼ੀ ਨੇ ਪੜਤਾਲ ਦੌਰਾਨ ਮੰਨਿਆ ਕਿ ਉਸ ਨੇ ਇਹ ਅੱਤ ਅਸੰਵੇਦਨਸ਼ੀਲ ਕਾਰਾ ਅਮਰੀਕਾ ਦੀ ਜੁਰਮ ਸੀਰੀਜ਼ ‘ਡੈਕਸਟਰ’ ਨੂੰ ਦੇਖ ਕੇ ਕੀਤਾ ਜਿਸ ਵਿੱਚ ਇਕ ਸੀਰੀਅਲ ਕਿਲਰ ਏਸ ਤਰ੍ਹਾਂ ਦੇ ਜੁਰਮ ਕਰਦਾ ਹੈ।
ਨਾਵਲਕਾਰ ਜੈਫ ਲਿੰਡਸੇ ਦੇ ਨਾਵਲ ‘ਡਾਰਕਲੀ ਡਰੀਮਿੰਗ ਡੈਕਸਟਰ’ ਉਤੇ ਅਧਾਰਿਤ ਅਕਤੂਬਰ 2006 ਤੋਂ ਸੰਤਬਰ 2013 ਤੱਕ ਚੱਲੇ ਏਸ ਟੀਵੀ ਲੜੀਵਾਰ ਦੇ ਪ੍ਰਭਾਵ ਹੇਠ ਅਮਰੀਕਾ, ਕੈਨੇਡਾ, ਸਪੇਨ, ਬਰਤਾਨੀਆ, ਨਾਰਵੇ ਦੇਸ਼ਾਂ ਵਿੱਚ ਕਈ ਨੌਜੁਆਨਾਂ ਤੇ ਅੱਲ੍ਹੜ ਲੜਕਿਆਂ ਨੇ ਆਪਣੀਆਂ ਪ੍ਰੇਮਿਕਾਵਾਂ ਨੂੰ ਅਸੱਭਿਅਕ ਢੰਗਾਂ ਨਾਲ ਮਾਰ ਕੇ ਸਰੀਰਕ ਅੰਗਾਂ ਨੂੰ ਪਲਾਸਟਿਕ ਲਿਫਾਫੇ ਆਦਿ ਵਿੱਚ ਵਲੇਟ ਕੇ ਰੱਖਿਆ ਜਾਂ ਸੁੱਟਿਆ। ਮਹਿਰੌਲੀ ਕੇਸ ਦੀ ਛਾਣਬੀਣ ਤੋਂ ਪਤਾ ਚਲਦਾ ਹੈ ਕਿ ਮ੍ਰਿਤਕ ਲੜਕੀ ਖੁਦ ਵੀ ਖੁੱਲ੍ਹਾ ਤੇ ਆਪਣੀ ਮਰਜ਼ੀ ਦਾ ਜੀਵਨ ਜੀਣਾ ਚਹੁੰਦੀ ਸੀ। ਉਹ ਅਮਰੀਕਨ ਟੀਵੀ ਸੀਰੀਅਲ ‘ਫਰੈਂਡ’ ਦੀ ਫੈਨ ਸੀ, ਜਿਸ ਵਿੱਚ ਛੇ ਮਿੱਤਰ ਲੜਕੇ-ਲੜਕੀਆਂ ਖੁੱਲ੍ਹਾ ਜੀਵਨ ਬਤੀਤ ਕਰਦੇ ਦਿਖਾਏ ਗਏ ਸਨ। ਏਸੇ ਕਰਕੇ ਸ਼ਾਇਦ ਪਰਿਵਾਰ ਦੇ ਮਨ੍ਹਾ ਕਰਨ ਨੂੰ ਦਰਕਿਨਾਰ ਕਰ ਕੇ ਆਪਣੇ ਮਿਤਰ ਨਾਲ ਲਿਵ-ਇਨ-ਰਿਲੇਸ਼ਨ ਵਜੋਂ ਰਹਿਣ ਲਗ ਪਈ। ਟੀਵੀ ’ਤੇ ਹੋਰ ਮਾਡਰਨ ਸੰਚਾਰ ਸਾਧਨਾਂ ਦੇ ਮੱਨੁਖੀ ਜੀਵਨ ’ਤੇ ਪ੍ਰਭਾਵਾਂ ਬਾਰੇ ਖੋਜਾਂ ਤੇ ਸੰਬਧਤ ਲਿਖਤਾਂ ਇਸ਼ਾਰਾ ਕਰਦੀਆਂ ਹਨ ਕਿ ਮੱਨੁਖੀ ਵਰਤਾਰਾ ਸੰਚਾਰ ਦੇ ਅਜੋਕੇ ਸਾਧਨਾਂ ਕਰਕੇ ਵੱਡੀ ਪੱਧਰ ’ਤੇ ਬਦਲਿਆ ਹੈ ਅਤੇ ਬਦਲ ਰਿਹਾ ਹੈ, ਜਿਸਦੇ ਹਾਂਪੱਖੀ ਤੇ ਨਾਂਹਪੱਖੀ ਨਤੀਜੇ ਸਾਹਮਣੇ ਆ ਰਹੇ ਹਨ।
ਸੰਚਾਰ ਅਤੇ ਅੰਤਰਕਾਰਜ ਮਨੁੱਖੀ ਜੀਵਨ ਦਾ ਧੁਰਾ ਹਨ। ਕਬਾਇਲੀ ਤੇ ਅੱਤ-ਸਰਲ ਸਮਾਜਾਂ ਵਿੱਚ ਇਸ਼ਾਰਿਆ, ਬੋਲੀਆਂ ਤੇ ਫੇਰ ਲਿਖਤ ਭਾਸ਼ਾਵਾਂ ਵਿੱਚ ਸੰਚਾਰ ਪ੍ਰਰਿਆਵਾਂ ਦੀ ਸ਼ੁਰੂਆਤ ਹੋਈ ਪਰ ਸੰਚਾਰ ਵਧੇਰੇ ਕਰਕੇ ਸਥਾਨਕ ਪੱਧਰੀ ਸੀ। ਮਨੁੱਖੀ ਵਿਕਾਸ ਤੇ ਕੁਦਰਤ ਨੂੰ ਹੋਰ ਜਾਣਨ ਅਤੇ ਕੰਟਰੋਲ ਕਰਨ ਦੀ ਉਤਸੁਕਤਾ ਨੇ ਸਾਇੰਸ ਤੇ ਤਕਨਾਲੋਜੀ ਨੂੰ ਜਨਮ ਦਿੱਤਾ। ਅਠਾਰ੍ਹਵੀਂ ਸਦੀ ਦੌਰਾਨ ਇੰਗਲੈਂਡ ਵਿੱਚ ਉਪਜੇ ਉਦਯੋਗਿਕ ਇਨਕਲਾਬ ਨੇ ਦੁਨੀਆਂ ਵਿੱਚ ਮਨੁੱਖੀ ਜੀਵਨ ਨੂੰ ਤੇਜ਼ੀ ਨਾਲ ਬਦਲਣਾ ਸ਼ੁਰੂ ਕੀਤਾ ਅਤੇ ਤਕਨਾਲੋਜੀ ਤੋਂ ਬਿਨਾਂ ਜੀਵਨ ਅਧੂਰਾ ਲੱਗਣ ਲਗਾ। ਟੈਲੀਫੋਨ, ਰੇਡੀਉ ਤੋਂ ਸ਼ੁਰੂ ਹੋ ਕੇ ਟੈਲੀਵਿਜ਼ਨ, ਇੰਟਰਨੈਟ, ਫਿਲਮਾਂ, ਅਖਬਾਰਾਂ, ਰਸਾਲੇ ਤੇ ਹੋਰ ਸੋਸ਼ਲ ਮੀਡੀਆ ਦੀ ਆਮਦ ਨੇ ਮਨੁੱਖੀ ਜੀਵਨ ਤੇ ਵਰਤਾਰੇ ਨੂੰ ਆਪਣੇ ਕਲਾਵੇ ਵਿੱਚ ਲੈ ਲਿਆ ਹੈ। ਮਿਥਿਹਾਸਕ ਕਥਾਵਾਂ, ਧਾਰਮਿਕ ਲਿਖਤਾਂ, ਕਹਾਣੀਆਂ, ਕਿੱਸੇ ਸੁਣਨ ਅਤੇ ਬਾਤਾਂ, ਬੁਝਾਰਤਾਂ, ਬੋਲੀਆਂ ਆਦਿ ਦੇ ਪਰਿਵਾਰ ਤੇ ਪਿੰਡ ਪੱਧਰੀ ਮਨਪ੍ਰਚਾਵੇ ਦੀ ਥਾਂ ਵੱਖ ਵੱਖ ਤਰ੍ਹਾਂ ਮਕਾਨਕੀ ਸੰਚਾਰ ਸਾਧਨਾਂ ਤੇ ਖਾਸਕਰ ਸਮਾਰਟ ਫੋਨਾਂ ਤੋਂ ਮਨ ਪ੍ਰਚਾਵੇ ਤੇ ਸੂਚਨਾਵਾਂ ਲੈਣੀਆਂ ਸ਼ੁਰੂ ਕਰ ਦਿੱਤੀਆਂ ਹਨ। ਅੱਜ ਆਲਮ ਇਹ ਹੈ ਕਿ ਮਨੁੱਖ ਸਮੂਹਾਂ ਦੀ ਥਾਂ ਇਕਲਾ ਹੋ ਗਿਆ ਹੈ ਅਤੇ ਪਦਾਰਥਵਾਦੀ ਯੁੱਗ ਵਿੱਚ ਹਰ ਤਰ੍ਹਾਂ ਦੀ ਸਹੂਲਤ ਮਾਨਣ ਲਈ ਉਤਸੁਕ ਰਹਿੰਦਾ ਹੈ। ਸੰਚਾਰ ਸਾਧਨਾਂ, ਖਾਸਕਰ ਇੰਟਰਨੈਟ ਅਧਾਰਤ ਕੰਪਿਊਟਰ ਤੇ ਮੋਬਾਈਲ ਨੇ ਜਿਥੇ ਸੂਚਨਾਵਾਂ ਦੀ ਪ੍ਰਾਪਤੀ, ਬੈਕਾਂ, ਰੇਲਾਂ, ਹਵਾਈ ਸਫਰਾਂ, ਕਾਰੋਬਾਰਾਂ ਆਦਿ ਵਿੱਚ ਚੰਗੀ ਭੂਮਿਕਾ ਨਿਭਾਈ ਹੈ, ਉਥੇ ਲੋਕਾਂ ਨੂੰ ਤੇ ਵਧੇਰੇ ਕਰਕੇ ਬੱਚਿਆਂ ਤੇ ਨੌਜੁਆਨਾਂ ਦੀ ਜ਼ਿੰਦਗੀ, ਪੜ੍ਹਾਈ, ਖੇਡਣ, ਸੌਣ ਤੇ ਮੱਨੁਖੀ ਉਤਪਾਦਕ ਸ਼ਕਤੀ ਦੇ ਮਾੜੇ ਇਸਤੇਮਾਲ ਵਲ ਵਧੇਰੇ ਰੋਲ ਅਦਾ ਕੀਤਾ ਹੈ, ਜੋ ਮੋਬਾਈਲ ਦੇ ਹੱਦੋਂ ਵੱਧ ਇਸਤੇਮਾਲ, ਪੋਰਨੋਗ੍ਰਾਫੀ ਦੇ ਜਾਲ, ਨਸ਼ਾਖੋਰੀ, ਵਿਭਚਾਰੀ ਵਿਵਹਾਰ ਤੇ ਵੱਖ ਵੱਖ ਤਰ੍ਹਾਂ ਦੇ ਜੁਰਮਾਂ ਵਿੱਚ ਦ੍ਰਿਸ਼ਟਮਾਨ ਹੋ ਰਿਹਾ ਹੈ। ਟੀਵੀ ਦੀ ਆਮ ਸਮਗਰੀ ਤੇ ਖਾਸਕਰ ਸੀਰੀਅਲ਼ਾਂ ਵਿੱਚ ਦਿਖਾਈਆਂ ਜਾਂਦੀਆਂ ਰਿਸ਼ਤਿਆਂ ਦੀਆਂ ਬਣਤਰਾਂ ਦੇਖ ਕਈ ਲੋਕਾਂ ਦਾ ਵਰਤਾਰਾ ਚਿੜਚੜਾ, ਹਮਲਾਵਰੀ, ਡਰ ਤੇ ਭੈ ਭਰਿਆ ਹੋ ਜਾਂਦਾ ਹੈ ਅਤੇ ਤਲਿੱਸਮੀ ਜੀਵਨ ਦੀ ਲੋਚਾ ਕਰ ਮਨੋਰੋਗੀ ਹੋ ਜਾਂਦੇ ਹਨ।
ਸਾਡਾ ਦੇਸ਼ ਤੇ ਸੂਬਾ ਪੰਜਾਬ ਵੀ ਸੰਚਾਰ ਸਾਧਨਾਂ ਦੇ ਭਾਰੀ ਪ੍ਰਭਾਵ ਥੱਲੇ ਹੈ। ਹੋਰ ਮਾਰੂ ਤੱਥਾਂ ਤੋਂ ਇਲਾਵਾ ਅੱਜ ਦੇਸ਼ ਵਿੱਚ ਬਲਾਤਕਾਰ ਤੇ ਹੱਤਿਆਵਾਂ ਦੇ ਕੇਸ ਬਹੁਤ ਵਧ ਰਹੇ ਹਨ। ਪਿਛਲੇ ਕੁਝ ਮਹੀਨਿਆਂ ਜੰਮੂ, ਦਿੱਲੀ, ਯੂਪੀ, ਝਾਰਖੰਡ, ਰਾਜਸਥਾਨ, ਹਰਿਆਣਾ, ਪੰਜਾਬ, ਮਹਾਰਾਸ਼ਟਰ ਆਦਿ ਵਿੱਚ ਸਮੂਹਿਕ ਬਲਾਤਕਾਰਾਂ ਵਿੱਚ ਅੱਤ ਦੀ ਬਰਬਰਤਾ ਦਿੱਖੀ, ਜਿਥੇ ਛੋਟੀ ਉਮਰ ਦੀਆਂ ਲੜਕੀਆਂ ਨੂੰ ਰੇਪ ਉਪਰੰਤ ਬੇਰਹਿਮੀ ਨਾਲ ਮਾਰ ਦਿਤਾ ਗਿਆ। ਮਹਾਰਾਸ਼ਟਰ ਦੇ ਸ਼ਹਿਰ ਠਾਣੇ ਨੇੜੇ 33 ਲੋਕਾਂ ਵਲੋਂ ਲੜਕੀ ਦਾ ਕਈ ਮਹੀਨੇ ਤਕ ਬਲਾਤਕਾਰ ਜੁਰਮ ਦੀ ਇੰਤਹਾ ਸੀ। ਇਸ ਦੇ ਮੁੱਖ ਦੋਸ਼ੀ ਨੇ ਮੋਬਾਈਲ ਰਾਹੀਂ ਲੜਕੀ ਦੀ ਵੀਡੀਉ ਬਣਾ ਕੇ ਮਜਬੂਰ ਕੀਤਾ। ਏਸੇ ਤਰ੍ਹਾਂ ਕਠੂਆ, ਛਾਵਲਾ, ਸੀਲਮਪੁਰ, ਚੈਬਾਸ ਕੇਸ ਆਦਿ ਅਨੇਕਾਂ ਹੀ ਘਿਨਾਉਣੇ ਅਪਰਾਧਾਂ ਵਿੱਚ ਦਰਿੰਦਿਆਂ ਨੇ ਛੋਟੀਆਂ ਲੜਕੀਆਂ ਨੂੰ ਹਵਸ ਪੂਰਤੀ ਉਪਰੰਤ ਬੇਰਹਿਮੀ ਨਾਲ ਮਾਰ ਦਿੱਤਾ। ਨੈਸ਼ਨਲ ਕਰਾਇਮ ਰਿਕਾਰਡ ਬਿਊਰੋ ਮੁਤਾਬਿਕ 2021 ਵਿੱਚ 31677 ਬਲਾਤਕਾਰ ਦੇ ਕੇਸ ਵਾਪਰੇ ਜਿਨ੍ਹਾਂ ਵਿੱਚ ਵਧੇਰੇ ਕਰਕੇ ਛੋਟੀਆਂ ਲੜਕੀਆਂ ਦੇ ਸਨ। ਔਸਤਨ ਹਰ ਹੋਜ਼ 86 ਰੇਪ ਕੇਸ ਅਤੇ 49 ਹੋਰ ਤਰ੍ਹਾਂ ਦੇ ਜੁਰਮ ਔਰਤਾਂ ਨਾਲ ਵਾਪਰੇ। ਹੋਰ ਨੇੜਿਉਂ ਦੇਖੀਏ ਤਾ ਪਤਾ ਚਲਦਾ ਹੈ ਕਿ ਔਰਤਾਂ ਖਿਲਾਫ਼ ਜੁਰਮਾਂ ਦੀ ਸਥਿਤੀ ਇਹ ਹੈ ਕਿ ਹਰ ਦੋ ਮਿੰਟ ਵਿੱਚ ਇੱਕ ਅਪਰਾਧ, 11 ਮਿੰਟਾਂ ਵਿੱਚ ਇਕ ਛੇੜਛਾੜ, 20 ਮਿੰਟਾਂ ਵਿੱਚ ਇੱਕ ਰੇਪ ਤੇ 64 ਮਿੰਟਾਂ ਵਿੱਚ ਜਾਨ ਦਾਜ ਦੀ ਬਲੀ ਚੜ੍ਹਦੀ ਹੈ। ਹਜ਼ਾਰਾਂ ਹੀ ਕੇਸ ਐਸੇ ਹੁੰਦੇ ਹਨ ਜੋ ਵੱਖ ਵੱਖ ਕਾਰਨਾਂ ਕਰ ਕੇ ਕਦੇ ਰਿਪੋਰਟ ਹੀ ਨਹੀਂ ਹੁੰਦੇ। ਏਸ ਤੋਂ ਛੁਟ ਸੰਚਾਰ ਸਾਧਨਾਂ ਰਾਹੀਂ ਉਪਜ ਰਹੇ ਤਲਿੱਸਮੀ ਸੈਕਸੁਅਲ ਸੰਬਧਾਂ ਕਾਰਨ ਤਲਾਕਾਂ ਵਿੱਚ ਵਾਧਾ ਹੋ ਰਿਹਾ ਹੈ। ਜਸਟਿਸ ਪੂਨਮ ਏ ਬੰਬਾ ਨੇ ਆਪਣੀ ਪੁਸਤਕ ‘ਟੈਂਪਲ ਆਫ ਜਸਟਿਸ : ਏ ਸਕੂਲ ਲਾਈਫ” ਵਿੱਚ ਆਪਣੇ ਅਦਾਲਤੀ ਤਜਰਬਿਆਂ ਦੇ ਅਧਾਰ ’ਤੇ ਪਰਵਾਰਿਕ ਤੇ ਖਾਸ ਕਰਕੇ ਵਿਆਹੁਤਾ ਜੀਵਨ ਵਿੱਚ ਉਪਜ ਰਹੀਆਂ ਉਲਝਣਾਂ ਬਾਰੇ ਸਿਟਾ ਕਢਿਆ ਹੈ ਕਿ ਏਸ ਲਈ ਸੰਚਾਰ ਸਾਧਨ ਤੇ ਤਕਨਾਲੋਜੀ ਦੁਆਰਾ ਉਪਜਾਏ ਜਾ ਰਹੇ ਕਲਪਿਤ ਸੈਕਸ ਸੰਬਧ ਤੇ ਹੋਰ ਅਭਾਸੀ ਸੰਸਾਰ ਮੁੱਖ ਤੌਰ ’ਤੇ ਜ਼ਿੰਮੇਵਾਰ ਹਨ। ਇਰਾ ਤ੍ਰਿਵੇਦੀ ਦੀ ਪੁਸਤਕ ‘ਇੰਡੀਆ ਇਨ ਲਵ : ਮੈਰਿਜ ਐਂਡ ਸੈਕਸਸੂਐਲਿਟੀ ਇਨ ਟਵੰਟੀ ਫਸਟ ਸੈਂਚੂਰੀ’ ਵਿੱਚ ਵੀ ਲੇਖਿਕਾ ਅਜਿਹੇ ਹੀ ਸਿੱਟਿਆਂ ’ਤੇ ਪੁੱਜੀ ਹੈ। ਗੇਅ ਕਲਚਰ, ਸਮਲਿੰਗੀ ਵਿਆਹ ਅਤੇ ਲਿਵ-ਇਨ-ਰਿਲੇਸ਼ਨਸ਼ਿਪ ਵਰਗੇ ਦਿਖਾਵੇ ਵੀ ਸਾਹਮਣੇ ਆ ਰਹੇ ਹਨ ਜੋ ਮੁੱਖ ਤੌਰ ’ਤੇ ਸੋਸ਼ਲ ਮੀਡੀਆ ਦੀ ਹੀ ਦੇਣ ਹਨ।
ਪੰਜਾਬ ਦੀਆਂ ਵਧੇਰੇ ਸਭਿਆਚਾਰਕ ਕਦਰਾਂ ਕੀਮਤਾਂ ਉਸਾਰੂ, ਉਪਜਾਊ ਅਤੇ ਜੀਵਨ ਨੂੰ ਖੇੜੇ ਵਿੱਚ ਰੱਖਣ ਵਾਲੀਆਂ ਸਨ ਪਰ ਪੰਜਾਬ ਦੀ ਨਿੱਗਰ ਮਨੁੱਖੀ ਸ਼ਕਤੀ ਅੱਜ ਕਈ ਕਾਰਨਾਂ ਕਰਕੇ ਅਨੇਕਾਂ ਅਲਾਮਤਾਂ ਥੱਲੇ ਆ ਰਹੀ ਹੈ। ਨਸ਼ਾਖੋਰੀ, ‘ਖਾਉਵਾਦੀ’ ਸਭਿਆਚਾਰ, ਗੰਨ ਕਲਚਰ ਆਦਿ ਕਰ ਕੇ ਪੰਜਾਬ ਵੱਖ ਵੱਖ ਪੱਖਾਂ ਤੋਂ ਧਰਾਤਲ ਵਲ ਜਾ ਰਿਹਾ ਹੈ। ਪਿਛਲੇ ਕੁਝ ਸਮੇਂ ਦੌਰਾਨ ਪੰਜਾਬ ਵਿਚ ਵੱਖ ਵੱਖ ਥਾਈਂ ’ਤੇ ਵਿਆਹ ਸ਼ਾਦੀਆਂ ਜਾਂ ਹੋਰ ਖੁਸ਼ੀਆਂ ਦੇ ਮੌਕਿਆਂ ’ਤੇ ਚੌੜ ਵਿੱਚ ਆ ਕੇ ਚਲਾਈਆਂ ਗੋਲੀਆਂ ਕਾਰਨ ਆਪਣੇ ਰਿਸ਼ਤੇਦਾਰਾਂ, ਮਿੱਤਰਾਂ, ਡੀਜੇ ਡਾਂਸਰਾਂ ਤੇ ਕੈਮਰਾਮੈਨ ਦੀਆਂ ਹੋਈਆਂ ਮੌਤਾਂ, ਇਥੋਂ ਤੱਕ ਕੇ ਲਾੜੇ ਲਾੜੀਆਂ ਦੇ ਜ਼ਖ਼ਮੀ ਜਾਂ ਮੌਤ ਹੋਣਾ, ਭੜਕੀਲੇ ਗਾਣੇ ਗਾਉਣ ਵਾਲਿਆਂ ਨੂੰ ਖੁਦ ਵੀ ਗੋਲੀਆਂ ਦਾ ਸ਼ਿਕਾਰ ਹੋ ਜਾਣਾ ਆਦਿ ਦੀਆਂ ਖਬਰਾਂ ਪੜ੍ਹ ਕੇ ਹਰੇਕ ਸੰਵੇਦਨਸ਼ੀਲ ਮਨ ਨੂੰ ਠੇਸ ਪਹੁੰਚਦੀ ਹੈ। ਪੰਜਾਬ ਜੋ ਕਿ ਆਪਣੀ ਮਿਹਨਤ, ਕਰੜੀ ਘਾਲ, ਹਿੰਮਤ ਤੇ ਮਾੜਿਆਂ ਨੂੰ ਆਸਰਾ ਦੇਣ ਕਰਕੇ ਜਾਣਿਆ ਜਾਂਦਾ ਸੀ ਅੱਜ ਨਸ਼ੇ ਦੇ ਫੈਲਾਅ ਅਤੇ ਗੰਨ ਕਲਚਰ ਵਾਲਾ ਬਿਆਨਿਆ ਜਾਣ ਲਗਾ ਹੈ। ਇਸ ਦਾ ਇੱਕ ਵੱਡਾ ਕਾਰਨ ਭੜਕੀਲੇ ਕਾਮੁਕ ਗਾਣੇ ਤੇ ਉਸ ਵਿੱਚ ਦਿਖਾਏ ਜਾ ਰਹੇ ਪਿਸਤੌਲਾਂ, ਬੰਦੂਕਾਂ ਕਰਕੇ ਹੈ ਜੋ ਅਜੋਕੇ ਮੀਡੀਆ ਦੀ ਉਪਜ ਹੈ। ਪੰਜਾਬ ਸਰਕਾਰ ਵਲੋਂ ਅਜਿਹੇ ਗਾਣਿਆਂ ’ਤੇ ਪਾਬੰਦੀ ਏਸ ਦਾ ਸਬੂਤ ਹੈ। ਨਵੀਂ ਪਨੀਰੀ ਵਿੱਚ ਨੱਚਣ ਗਾਉਣ ਦਾ ਰੁਝਾਨ ਹੋਰ ਵਧਣ ਲਗਾ। ਖੇਤੀ ਕੰਮਾਂ ਤੇ ਜੀਵਨ ਸੰਘਰਸ਼ ਦੇ ਹੋਰ ਪਹਿਲੂਆਂ ਨੂੰ ਛੱਡ ਸੌਖਾ ਰਾਹ ਲਭਿਆ ਮਨੋਰੰਜਨ ਵਿੱਚ ਵਧੇਰੇ ਸਮਾਂ ਗੁਜਾਰਨਾ। ਜਿਥੇ 1980 ਤੋਂ ਪਹਿਲਾਂ ਪੋਟਿਆਂ ’ਤੇ ਗਿਣੇ ਜਾਣ ਵਾਲੇ ਕਲਾਕਾਰ ਸਨ ਉਥੇ ਅੱਜ ਵੱਖ ਵੱਖ ਤਰ੍ਹਾਂ ਤੇ ਵੱਖ ਵੱਖ ਪੱਧਰਾਂ ਦੇ 10000 ਦੇ ਕਰੀਬ ਕਲਾਕਾਰ ਦੱਸੇ ਜਾਂਦੇ ਹਨ। ਵਧ ਰਹੀ ਅਬਾਦੀ ਤੇ ਰੁਜ਼ਗਾਰ ਦੇ ਸੁੰਗੜ ਰਹੇ ਮੌਕਿਆਂ, ਸੀਰੀਅਲਾਂ ਰਾਹੀਂ ਦਿਖਾਈ ਜਾ ਰਹੀ ਹਥਿਆਰਾਂ ਦੇ ਜ਼ੋਰ ਹਾਸਲ ਕੀਤੀ ਭੋਗ ਵਿਲਾਸੀ ਜ਼ਿੰਦਗੀ, ਧਰਮ, ਕਦਰਾਂ ਕੀਮਤਾਂ, ਪਰਿਵਾਰ, ਵਿਦਿਅਕ, ਸਮਾਜਿਕ ਸੰਸਥਾਵਾਂ ਦਾ ਘਟ ਰਿਹਾ ਰੋਲ, ਸਮਾਜ ਪ੍ਰਤੀ ਕੋਈ ਜਵਾਬਦੇਹੀ ਦਾ ਨਾ ਹੋਣਾ, ਬਹੁਤੇ ਕੇਸਾਂ ਵਿੱਚ ਅਪਰਾਧੀਆਂ ਨੂੰ ਢੁਕਵੀਂ ਸਜ਼ਾ ਨਾ ਮਿਲਣਾ ਵੱਡੇ ਕਾਰਨ ਹਨ, ਜਿਨ੍ਹਾਂ ਕਾਰਨ ਨਵੇਂ ਗਾਇਕ ਸਮਾਜ ਵਿੱਚ ਅਜਿਹਾ ਕੁਝ ਪਰੋਸ ਰਹੇ ਹਨ ਜੋ ਅਸਲ ਜੀਵਨ ਨਾਲ ਮੇਲ ਨਹੀਂ ਖਾਂਦਾ। ਲੜਕੀਆਂ ਨੂੰ ਪਾਉੇਣ ਖਾਤਰ ਉਨ੍ਹਾਂ ਦੇ ਮਾਤਾ, ਪਿਤਾ ਅਤੇ ਭਰਾਵਾਂ ਬਾਰੇ ਗੀਤਾਂ ਵਿੱਚ ਵਰਤੀ ਜਾਂਦੀ ਸ਼ਬਦਾਵਲੀ ਅਜਿਹੀ ਹੁੰਦੀ ਹੈ ਕਿ ਲੋਕ ਕੁੜੀਆਂ ਜਮੰਣੀਆਂ ਹੀ ਛੱਡ ਦੇਣ। ਤਲਿੱਸਮ ਦੀ ਏਸ ਦੁਨੀਆਂ ਵਿੱਚ ਕਈ ਨੌਜੁਆਨ ਖਰਚੇ ਪੂਰਤੀ ਲਈ ਮਾਪਿਆਂ ਦੇ ਨੱਕ ਵਿੱਚ ਦਮ ਕਰੀ ਰੱਖਦੇ ਹਨ।
ਸਮਕਾਲੀ ਯੁੱਗ ਤਕਨਾਲੋਜੀ ਤੇ ਮਾਰਕੀਟ ਸ਼ਕਤੀ ਦਾ ਯੁੱਗ ਹੈ। ਨਾ ਹੀ ਪਿੱਛੇ ਜਾਇਆ ਜਾ ਸਕਦਾ ਅਤੇ ਨਾ ਨਵੀਂ ਤਕਨਾਲੋਜੀ ਤੋਂ ਮੁਨਕਰ ਹੋਇਆ ਜਾ ਸਕਦਾ ਹੈ। ਹੋਰ ਕਾਰਕਾਂ ਤੋਂ ਇਲਾਵਾ ਮਾਰਕੀਟ ਦੀ ਮੁੱਖ ਧਾਰਨਾ ਹੈ ਲੋਕਾਂ ਤੇ ਖਾਸਕਰ ਨੌਜੁਆਨਾਂ ਨੂੰ ‘ਖਾਊਵਾਦੀ’ ਤੇ ਖ਼ਪਤਕਾਰੀ ਸਭਿਆਚਾਰ ਦੇ ਚੱਕਰ ਵਿੱਚ ਪਾ ਦੇਣਾ ਅਤੇ ਯਥਾਰਥ ਤੋਂ ਪਰੇ ਰੱਖਣਾ। ਜੇ ਰੋਕ ਦੀ ਗੱਲ ਉਠੇ ਤਾਂ ਸਵਾਲ ਆਜ਼ਾਦੀ ਤੇ ਨਿੱਜੀ ਜ਼ਿੰਦਗੀ ਦਾ ਆ ਜਾਂਦਾ ਹੈ। ਏਸ ਗੁੰਝਲਦਾਰ ਪ੍ਰਕਿਰਿਆ ਨੂੰ ਸਮਝ ਕੇ ਚਿੰਤਕਾਂ, ਦੇਸ਼ ਸਮਾਜ ਬਾਰੇ ਸਰੋਕਾਰ ਰੱਖਣ ਵਾਲੇ ਲੋਕ ਤੇ ਯੋਜਨਾਕਾਰਾਂ ਨੂੰ ਮਿਲ ਕੇ ਵਿਚਾਰ ਕਰਨਾ ਪਵੇਗਾ ਕਿ ਕਿਸ ਤਰ੍ਹਾਂ ਸੰਚਾਰ ਸਾਧਨਾਂ ਵਿੱਚ ਦਿਖਾਈ ਜਾਣ ਵਾਲੀ ਸਮੱਗਰੀ ਨੂੰ ਦਿਸ਼ਾ ਨਿਰਦੇਸ਼ਤ ਕੀਤਾ ਜਾ ਸਕੇ। ਸੁਪਰੀਮ ਕੋਰਟ ਨੇ ਪਿੱਛੇ ਜਿਹੇ ਇੱਕ ਟੀਵੀ ਸੀਰੀਅਲ ਨਿਰਦੇਸ਼ਕਾ ਨੂੰ ਤਾੜਨਾ ਵੀ ਕੀਤੀ ਹੈ ਕਿ ਉਹ ਆਪਣੀ ਵੈਬ ਸੀਰੀਜ਼ ਰਾਹੀਂ ਨੌਜੁਆਨ ਪੀੜ੍ਹੀ ਦੇ ਦਿਮਾਗਾਂ ਨੂੰ ਪ੍ਰਦੂਸ਼ਤ ਕਰ ਰਹੀ ਹੈ। ਸੋ ਲੋੜ ਹੈ ਵਿਚਾਰਨ ਦੀ ਤਾਂ ਜੋ ਸੰਚਾਰ ਸਾਧਨਾਂ ਦੇ ਨਕਾਰਾਤਮਕ ਪ੍ਰਭਾਵਾਂ ਨੂੰ ਕਾਬੂ ਵਿੱਚ ਰਖਿਆ ਜਾਵੇ।
ਸਾਬਕਾ ਪ੍ਰੋਫੈਸਰ ਸਮਾਜ ਵਿਗਿਆਨ, ਪੀਏਯੂ।
ਪ੍ਰਧਾਨ, ਨਾਰਥ ਵੈਸਟ ਸੋਸ਼ਲੌਜੀਕਲ ਐਸੋਸੀਏਸ਼ਨ।
ਸੰਪਰਕ : 94177-15730