ਪਾਕਿਸਤਾਨ : ਦੋ ਰੁਤਬੇ, ਕਈ ਫ਼ਸਾਨੇ - ਸੁਰਿੰਦਰ ਸਿੰਘ ਤੇਜ
ਛੋਟੇ ਮੀਆਂ ਜੀ (ਪਾਕਿਸਤਾਨ ਪ੍ਰਧਾਨ ਮੰਤਰੀ ਸ਼ਹਿਬਾਜ਼ ਸ਼ਰੀਫ਼) ਨੇ ਸੁਰੱਖਿਅਤ ਰਾਹ ਚੁਣਿਆ। ਉਨ੍ਹਾਂ ਨੇ ਨਵੇਂ ਥਲ ਸੈਨਾ ਮੁਖੀ ਅਤੇ ਸੀਜੇਸੀਐੱਸਸੀ (ਚੇਅਰਮੈਨ, ਜੁਆਇੰਟ ਚੀਫਸ ਆਫ ਸਟਾਫ ਕਮੇਟੀ, ਭਾਵ ਤਿੰਨਾਂ ਸੈਨਾਵਾਂ ਦੇ ਮੁਖੀਆਂ ਦੀ ਕਮੇਟੀ ਦੇ ਮੁਖੀ) ਦੀਆਂ ਨਿਯੁਕਤੀਆਂ ਵਾਸਤੇ ਸੀਨੀਆਰਤਾ ਦੇ ਸਿਧਾਂਤ ਉੱਤੇ ਅਮਲ ਕੀਤਾ। ਲਿਹਾਜ਼ਾ ਇਹ ਅਹੁਦੇ ਕ੍ਰਮਵਾਰ ਜਨਰਲ ਸੱਯਦ ਆਸਿਮ ਮੁਨੀਰ ਅਤੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਨੂੰ ਮਿਲੇ ਹਨ। ਇਹ ਨਿਯੁਕਤੀਆਂ, ਜ਼ਾਹਰਾ ਤੌਰ ’ਤੇ ਵਿਵਾਦ ਵਾਲੀਆਂ ਨਹੀਂ। ਕਿਸੇ ਦਾ ਹੱਕ ਨਹੀਂ ਮਾਰਿਆ ਗਿਆ। ਮੁਨੀਰ ਸਭ ਤੋਂ ਸੀਨੀਅਰ ਲੈਫਟੀਨੈਂਟ ਜਨਰਲ ਸਨ। ਇਸ ਅਹੁਦੇ ’ਤੇ ਉਨ੍ਹਾਂ ਦਾ ਕਾਰਜਕਾਲ 27 ਨਵੰਬਰ ਨੂੰ ਸਮਾਪਤ ਹੋਣਾ ਸੀ। ਉਨ੍ਹਾਂ ਦੇ ਫ਼ੌਜੀ ਜੀਵਨ ’ਤੇ ਕੋਈ ਦਾਗ਼ ਧੱਬਾ ਨਹੀਂ। ਉਨ੍ਹਾਂ ਨੂੰ ਥਲ ਸੈਨਾ ਮੁਖੀ ਦੇ ਅਹੁਦੇ ਤੋਂ ਮਹਿਰੂਮ ਕਰਨਾ ਉਨ੍ਹਾਂ ਨਾਲ ਸਿੱਧੀ ਜ਼ਿਆਦਤੀ ਕਰਨਾ ਸੀ। ਸ਼ਹਿਬਾਜ਼ ਸ਼ਰੀਫ਼ ਜ਼ਿਆਦਤੀ ਕਰਨ ਦੇ ਰੌਂਅ ਵਿਚ ਨਹੀਂ ਸਨ।
ਇਹੋ ਰੁਖ਼ ਉਨ੍ਹਾਂ ਨੇ ਜਨਰਲ ਸਾਹਿਰ ਸ਼ਮਸ਼ਾਦ ਮਿਰਜ਼ਾ ਦੇ ਮਾਮਲੇ ਵਿਚ ਅਪਣਾਇਆ। ਮਿਰਜ਼ਾ ਇਕੋ ਬੈਚ ਦੇ ਚਾਰ ਲੈਫਟੀਨੈਂਟ ਜਨਰਲਾਂ ਵਿਚੋਂ ਉਮਰ ਪੱਖੋਂ ਵੀ ਸੀਨੀਅਰ ਸਨ ਅਤੇ ਫ਼ੌਜ ਵਿਚ ਕਮਿਸ਼ਨ ਵੇਲੇ ਬਣਾਈ ਗਈ ਯੋਗਤਾ ਸੂਚੀ ਪੱਖੋਂ ਵੀ। 29 ਨਵੰਬਰ ਨੂੰ ਸੇਵਾਮੁਕਤ ਹੋ ਰਹੇ ਜਨਰਲ ਕਮਰ ਜਾਵੇਦ ਬਾਜਵਾ ਨੇ ਵੀ ਉਨ੍ਹਾਂ ਦਾ ਨਾਮ ਸੰਭਾਵੀ ਥਲ ਸੈਨਾ ਮੁਖੀਆਂ ਦੀ ਸੂਚੀ ਵਿਚ ਦੂਜੇ ਨੰਬਰ ’ਤੇ ਰੱਖਿਆ ਸੀ। ਉਨ੍ਹਾਂ ਤੋਂ ਬਾਅਦ ਉਨ੍ਹਾਂ ਦੇ ਤਿੰਨ ਬੈਚਮੇਟ- ਅਜ਼ਹਰ ਅੱਬਾਸ, ਨੌਮਾਨ ਮਹਿਮੂਦ ਤੇ ਫ਼ੈਜ਼ ਹਮੀਦ ਦੇ ਨਾਮ ਸਨ। ਇਕ ਹੋਰ ਜਰਨੈਲ ਮੁਹੰਮਦ ਅਮੀਰ ਦਾ ਨਾਮ ਵੀ ਇਸੇ ਸੂਚੀ ਵਿਚ ਸੀ ਪਰ ਛੇਵੇਂ ਨੰਬਰ ’ਤੇ। ਉਮਰ ਅਤੇ ਤਜਰਬੇ ਪੱਖੋਂ ਉਹ ਸਭ ਤੋਂ ਜੂਨੀਅਰ ਹਨ। ਸ਼ਹਿਬਾਜ਼ ਸ਼ਰੀਫ਼ ਨੇ ਜਨਰਲ ਬਾਜਵਾ ਦੀ ਸਿਫ਼ਾਰਸ਼ ਪ੍ਰਵਾਨ ਕੀਤੀ। ਦੋ ਸਿਖ਼ਰਲੇ ਨਾਮ ਚਾਰ ਸਿਤਾਰਾ ਜਨਰਲ ਬਣ ਗਏ।
ਸ਼ਹਿਬਾਜ਼ ਸ਼ਰੀਫ਼ ਦੇ ਫ਼ੈਸਲੇ ਦਾ ਪਾਕਿਸਤਾਨੀ ਰੱਖਿਆ ਮਾਹਿਰਾਂ ਨੇ ਸਵਾਗਤ ਕੀਤਾ ਹੈ। ਭਾਰਤੀ ਰੱਖਿਆ ਮਾਹਿਰਾਂ ਦੀ ਸਵਾਗਤੀ ਸੁਰ ਦੱਬਵੀਂ ਹੈ। ਉਨ੍ਹਾਂ ਦਾ ਮੰਨਣਾ ਹੈ ਕਿ ਦੋਵਾਂ ਚਾਰ ਸਿਤਾਰਾ ਜਰਨੈਲਾਂ ਵਿਚੋਂ ਕੋਈ ਵੀ ‘ਅਮਨ-ਪ੍ਰੇਮੀ’ ਨਹੀਂ। ਦੋਵੇਂ ਭਾਰਤ ਨਾਲ ਕਸ਼ੀਦਗੀ ਘਟਾਉਣ ਵਾਲੇ ਨਹੀਂ। ਕਸ਼ੀਦਗੀ ਜਨਰਲ ਅਜ਼ਹਰ ਅੱਬਾਸ ਘਟਾ ਸਕਦਾ ਸੀ। ਉਸ ਨੇ ਅਜਿਹੀ ਦਿੱਬ ਦ੍ਰਿਸ਼ਟੀ ਪਿਛਲੇ ਸਾਲ ਦਿਖਾਈ ਵੀ ਸੀ। 10ਵੀਂ ਕੋਰ ਜੋ ਪਾਕਿਸਤਾਨੀ ਫ਼ੌਜ ਦੀ ਕਸ਼ਮੀਰ ਕੇਂਦਰਿਤ ਕੋਰ ਹੈ, ਦੇ ਮੁਖੀ ਵਜੋਂ ਉਸ ਨੇ ਜਨਰਲ ਬਾਜਵਾ ਨੂੰ ਜੰਮੂ ਕਸ਼ਮੀਰ ਵਿਚ ਸੀਮਾ ਰੇਖਾ ਅਤੇ ਕੰਟਰੋਲ ਰੇਖਾ ’ਤੇ ਭਾਰਤ ਨਾਲ ਗੋਲੀਬੰਦੀ ਵਾਸਤੇ ਰਾਜ਼ੀ ਕੀਤਾ ਸੀ। ਉਸ ਦੀ ਦਲੀਲ ਸੀ ਕਿ ਫ਼ਜ਼ੂਲ ਵਿਚ ਗੋਲਾ ਬਾਰੂਦ ਫੂਕਣ ਵਿਚ ਨਾ ਪਾਕਿਸਤਾਨ ਦਾ ਭਲਾ ਹੈ, ਨਾ ਭਾਰਤ ਦਾ। ਉਂਝ ਵੀ, ਪੂਰਬੀ ਸਰਹੱਦ ਨੂੰ ਤੱਤਾ ਰੱਖ ਕੇ ਪਾਕਿਸਤਾਨੀ ਫ਼ੌਜ ਪੱਛਮੀ ਸਰਹੱਦ ’ਤੇ ਵਜ਼ੀਰਿਸਤਾਨੀ ਬਾਗ਼ੀਆਂ ਤੇ ਤਹਿਰੀਕ-ਇ-ਤਾਲਿਬਾਨ ਪਾਕਿਸਤਾਨ (ਟੀਪੀਪੀ) ਦੇ ਜੰਗਜੂਆਂ ਨਾਲ ਅਸਰਦਾਰ ਢੰਗ ਨਾਲ ਨਹੀਂ ਲੜ ਸਕਦੀ। ਇਸ ਦਲੀਲ ਦੇ ਬਲਬੂਤੇ ਹੋਈ ਗੋਲੀਬੰਦੀ ਹੁਣ ਤਕ ਬਰਕਰਾਰ ਹੈ। ਜਨਰਲ ਬਾਜਵਾ ਜਨਰਲ ਅੱਬਾਸ ਦੇ ਕਦਰਦਾਨ ਹਨ ਪਰ ਫ਼ੌਜ ਵਿਚ ਕਤਾਰਬੰਦੀ ਬਹੁਤ ਅਸਾਧਾਰਨ ਹਾਲਾਤ ਵਿਚ ਹੀ ਤੋੜੀ ਜਾਂਦੀ ਹੈ। ਲਿਹਾਜ਼ਾ, ਜਨਰਲ ਅੱਬਾਸ ਦਾ ਨਾਮ ਤੀਜੇ ਨੰਬਰ ’ਤੇ ਹੀ ਰਿਹਾ। ਸੀਨੀਆਰਤਾ ਦੇ ਸਿਧਾਂਤ ਦੀ ਨਾਕਦਰੀ ਨਹੀਂ ਹੋਈ।
ਸਿਧਾਂਤ ਦੀ ਇਹ ਕਦਰ ਸ਼ਹਿਬਾਜ਼ ਸ਼ਰੀਫ਼ ਨੂੰ ਅਸਿੱਧੇ ਤੌਰ ’ਤੇ ਰਾਸ ਆਉਣ ਦੀ ਗੁੰਜਾਇਸ਼ ਪੱਕੇ ਤੌਰ ’ਤੇ ਮੌਜੂਦ ਹੈ। ਜਨਰਲ ਮੁਨੀਰ ਅਤੇ ਸਾਬਕਾ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਰਿਸ਼ਤਾ ਤਿੜਕਿਆ ਹੋਇਆ ਹੈ। ਮੁਨੀਰ ਬਾਰੇ ਆਮ ਰਾਇ ਹੈ ਕਿ ਉਹ ਕਿਤਾਬ ਮੁਤਾਬਿਕ, ਭਾਵ ਨਿਯਮਾਂ ਅਨੁਸਾਰ ਚੱਲਦੇ ਹਨ। ਬਤੌਰ ਆਈਐੱਸਆਈ ਮੁਖੀ ਉਨ੍ਹਾਂ ਨੇ 2019 ਵਿਚ ਬੁਸ਼ਰਾ ਬੀਬੀ (ਤਤਕਾਲੀ ਪ੍ਰਧਾਨ ਮੰਤਰੀ ਇਮਰਾਨ ਖਾਨ ਦੀ ਪਤਨੀ) ਦੇ ਭ੍ਰਿਸ਼ਟਾਚਾਰ ਬਾਰੇ ਇਮਰਾਨ ਨੂੰ ਸੁਚੇਤ ਕੀਤਾ ਸੀ। ਇਸ ਚਿਤਾਵਨੀ ਦੀ ਚਿਣਗ ਮੀਡੀਆ ਤਕ ਵੀ ਪਹੁੰਚ ਗਈ। ਇਮਰਾਨ ਖਾਨ ਨੇ ਇਸ ਦਾ ਬੁਰਾ ਮਨਾਇਆ। ਮੁਨੀਰ ਨੂੰ ਆਈਐੱਸਆਈ ਦੇ ਡਾਇਰੈਕਟਰ ਜਨਰਲ ਦੇ ਅਹੁਦੇ ਤੋਂ ਅੱਠ ਮਹੀਨਿਆਂ ਬਾਅਦ ਹੀ ਬਦਲ ਦਿੱਤਾ ਗਿਆ ਹਾਲਾਂਕਿ ਇਸ ਅਹੁਦੇ ਦਾ ਕਾਰਜਕਾਲ ਅਮੂਮਨ ਦੋ ਵਰ੍ਹਿਆਂ ਦਾ ਹੁੰਦਾ ਹੈ। ਇੰਨਾ ਹੀ ਨਹੀਂ, ਉਸ ਨੂੰ ਗੁੱਜਰਾਂਵਾਲਾ ਕੋਰ ਦਾ ਮੁਖੀ ਲਾਇਆ ਗਿਆ ਜੋ ਫ਼ੌਜੀ ਹਲਕਿਆਂ ਵਿਚ ਸੀਨੀਅਰ ਜਨਰਲ ਨੂੰ ਗੁੱਠੇ ਲਾਉਣ ਵਾਲਾ ਅਹੁਦਾ ਸੀ। ਹੁਣ ਜੁੱਤੀ ਮੁਨੀਰ ਦੇ ਪੈਰਾਂ ’ਚ ਹੈ। ਉਹ ਇਮਰਾਨ ਵੱਲ ਕਿਹੜੇ ਰਾਹ ’ਤੇ ਤੁਰਦਾ ਹੈ, ਇਹ ਦੇਖਣ ਵਾਲੀ ਗੱਲ ਹੋਵੇਗੀ।
ਜਨਰਲ ਸ਼ਮਸ਼ਾਦ ਮਿਰਜ਼ਾ ਦੀ ਕਾਬਲੀਅਤ ਬਾਰੇ ਪਾਕਿਸਤਾਨੀ ਰੱਖਿਆ ਮਾਹਿਰ ਇਕਮੱਤ ਹਨ। ਉਹ ਉਨ੍ਹਾਂ ਨੂੰ ਸਿਰੜੀ ਅਤੇ ਮਿਹਨਤੀ ਜਰਨੈਲ ਮੰਨਦੇ ਹਨ। ਮਿਰਜ਼ਾ ਦਾ ਜ਼ਿੰਦਗੀਨਾਮਾ ਹੀ ਕੁਝ ਅਜਿਹਾ ਹੈ। ਛੋਟੇ ਜਿਹੇ ਸਨ ਤਾਂ ਮਾਪੇ ਚੱਲ ਵਸੇ। ਪਰਵਰਿਸ਼ ਦਾਦਾ-ਦਾਦੀ ਨੇ ਕੀਤੀ। ਮਿਹਨਤ ਕਰ ਕੇ ਫ਼ੌਜ ਵਿਚ ਪੁੱਜੇ। ਕਮਿਸ਼ਨ ਸਿੰਧ ਰੈਜਮੈਂਟ ਦੀ 8ਵੀਂ ਬਟਾਲੀਅਨ ਵਿਚ ਹੋਇਆ। ਸੇਵਾਮੁਕਤ ਹੋ ਰਹੇ ਸੀਜੇਸੀਐੱਸਸੀ, ਜਨਰਲ ਨਦੀਮ ਰਜ਼ਾ ਵੀ ਇਸੇ ਬਟਾਲੀਅਨ ਤੋਂ ਹਨ। ਕੰਮ ਦੇ ਮਾਮਲੇ ਵਿਚ ਜਨਰਲ ਮਿਰਜ਼ਾ ਵੀ ਕਿਤਾਬ ਦੇ ਪਾਬੰਦ ਹਨ। ਬਿਰਤੀ ਪੱਖੋਂ ਤੁਅੱਸਬੀ ਨਹੀਂ ਪਰ ਧਾਰਮਿਕ ਪੂਰੇ ਹਨ। ਜਦੋਂ ਉਹ ਲੈਫਟੀਨੈਂਟ ਕਰਨਲ ਸਨ ਤਾਂ ਉਨ੍ਹਾਂ ਦੀ ਪੋਸਟਿੰਗ ਮਦੀਨਾ ’ਚ ਹੋਈ। ਉੱਥੇ 38 ਵਰ੍ਹਿਆਂ ਦੀ ਉਮਰ ਵਿਚ ਉਹ ਹਾਫ਼ਿਜ-ਇ-ਕੁਰਆਨ (ਕੁਰਆਨ ਸ਼ਰੀਫ਼ ਨੂੰ ਜ਼ਬਾਨੀ ਕੰਠ ਕਰਨ ਵਾਲੇ) ਬਣ ਗਏ। ਸਾਊਦੀ ਅਰਬ ਦੇ ਸ਼ਾਹੀ ਖ਼ਾਨਦਾਨ ਵਿਚ ਉਨ੍ਹਾਂ ਦਾ ਉਸ ਸਮੇਂ ਜੋ ਮਾਣ ਸਤਿਕਾਰ ਬਣਿਆ, ਉਹ ਅੱਜ ਤਕ ਬਰਕਰਾਰ ਹੈ। ਇਸੇ ਲਈ ਪਾਕਿਸਤਾਨੀ ਮਾਹਿਰਾਂ ਨੂੰ ਉਮੀਦ ਹੈ ਕਿ ਸਾਊਦੀ-ਪਾਕਿਸਤਾਨ ਰਿਸ਼ਤੇ ਨੂੰ ਜੋ ਢਾਹ ਇਮਰਾਨ ਖਾਨ ਨੇ ਬਤੌਰ ਪ੍ਰਧਾਨ ਮੰਤਰੀ ਲਾਈ, ਉਸ ਦੀ ਭਰਪਾਈ ਕਰਨ ਵਿਚ ਮਿਰਜ਼ਾ ਜ਼ਰੂਰ ਸਹਾਈ ਹੋਣਗੇ।