ਪੰਜਾਬੀ ਹੋਣ ਦਾ ਗੌਰਵ - ਸਵਰਾਜਬੀਰ
ਪਿਛਲੇ ਕੁਝ ਸਮੇਂ ਤੋਂ ਕੌਮਾਂ ਤੇ ਕੌਮੀਅਤਾਂ ਦੇ ਵਿਸ਼ੇ ਬਾਰੇ ਫਿਰ ਬਹਿਸ ਛਿੜੀ ਹੈ। ਕੀ ਕੌਮ ਦਾ ਸੰਕਲਪ ਪਿਛਲੇ ਤਿੰਨ-ਚਾਰ ਸੌ ਸਾਲਾਂ ਵਿਚ ਉੱਭਰਿਆ ਜਾਂ ਇਸ ਤੋਂ ਬਹੁਤ ਪਹਿਲਾਂ? ਇਸ ਬਾਰੇ ਵਿਦਵਾਨਾਂ ਦੀ ਰਾਏ ਵੱਖੋ-ਵੱਖਰੀ ਹੈ। ਪੰਜਾਬੀ ਕੌਮ ਦੇ ਇਤਿਹਾਸ ਬਾਰੇ ਬਹਿਸ ਕਰਨੀ ਜੋਖ਼ਮ ਭਰਿਆ ਕਾਰਜ ਹੈ। ਜਿੱਥੇ ਇਸ ਕੌਮ ਦੇ ਇਤਿਹਾਸ ਵਿਚ ਸੰਘਰਸ਼ ਭਰੇ ਸੁਨਹਿਰੀ ਵਰਕੇ ਹਨ, ਉੱਥੇ ਪੰਜਾਬ ਦੀ ਵੰਡ ਜਿਹਾ ਆਪਾ-ਮਾਰੂ ਘਟਨਾਕ੍ਰਮ ਵੀ ਹੈ ਜਿਸ ਨੇ ਸਦੀਆਂ ਤੋਂ ਇਕੱਠੇ ਵਸਦੇ ਲੋਕਾਂ ਦੀ ਸਾਂਝੀਵਾਲਤਾ ਅਤੇ ਮੁਸ਼ਤਰਕਾ ਸੱਭਿਆਚਾਰ ਨੂੰ ਲੀਰੋ-ਲੀਰ ਕਰ ਦਿੱਤਾ। ਯੂਰੋਪ ਵਿਚ 17ਵੀਂ ਤੇ 18ਵੀਂ ਸਦੀ ਵਿਚ ਕੌਮਾਂ ਦੇ ਆਧਾਰ ’ਤੇ ਮੁਲਕ ਬਣੇ। ਪੰਜਾਬੀਆਂ ਵਿਚ ਵੀ ਕੌਮ ਜਾਂ ਕੌਮੀਅਤ ਹੋਣ ਦਾ ਸੁਚੇਤ ਅਹਿਸਾਸ ਉਨ੍ਹਾਂ ਸਮਿਆਂ ਵਿਚ ਹੀ ਉੱਭਰਦਾ ਦਿਖਾਈ ਦਿੰਦਾ ਹੈ। ਭਾਈ ਗੁਰਦਾਸ, ਹਾਫਿਜ਼ ਬਰਖੁਰਦਾਰ, ਬੁਲ੍ਹੇ ਸ਼ਾਹ ਤੇ ਵਾਰਿਸ ਸ਼ਾਹ ਦੀਆਂ ਰਚਨਾਵਾਂ ਵਿਚ ਪੰਜਾਬ ਤੇ ਪੰਜਾਬੀ ਸ਼ਬਦ ਦੀ ਵਰਤੋਂ ਹੋਈ ਅਤੇ ਲੋਕਾਂ ਵਿਚ ਪੰਜਾਬੀ ਲੋਕ-ਸਮੂਹ ਨਾਲ ਸਬੰਧ ਰੱਖਣ ਦਾ ਗੌਰਵ ਪ੍ਰਫੁੱਲਿਤ ਹੋਣ ਲੱਗਾ, ਇਸ ਤੋਂ ਪਹਿਲਾਂ ਇਹ ਗੌਰਵ ਜਾਤਾਂ, ਕਬੀਲਿਆਂ, ਰਾਜਿਆਂ, ਰਜਵਾੜਿਆਂ ਤੇ ਰਾਠਾਂ ਪ੍ਰਤੀ ਵਫ਼ਾਦਾਰੀ ਨਾਲ ਸਬੰਧਿਤ ਸੀ।
ਸਿੱਖ ਧਰਮ ਦੁਆਰਾ ਜਬਰ ਵਿਰੁੱਧ ਕੀਤੇ ਗਏ ਸੰਘਰਸ਼ ਅਤੇ ਸੂਫ਼ੀਆਂ ਦੀ ਸ਼ਾਇਰੀ ਵਿਚ ਉੱਭਰੀ ਪੰਜਾਬ ਦੀ ਸਥਾਨਕਤਾ ਬਾਰੇ ਚੇਤਨਾ ਨੇ ਪੰਜਾਬੀਆਂ ਦੇ ਇਕ ਕੌਮ ਬਣਨ ਵਿਚ ਕੇਂਦਰੀ ਭੂਮਿਕਾ ਨਿਭਾਈ ਹੈ। ਇਸੇ ਕਾਰਨ ਪੰਜਾਬੀ ਸ਼ਾਇਰ ਕਾਦਰ ਯਾਰ ਅਤੇ ਸ਼ਾਹ ਮੁਹੰਮਦ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੂੰ ਪੰਜਾਬੀਆਂ ਦੇ ਰਾਜ ਵਜੋਂ ਦੇਖਦੇ ਹਨ। ਪਿਸ਼ਾਵਰ ਦੀ ਜੰਗ ਵਿਚ ਜਦ ਸਰਦਾਰ ਹਰੀ ਸਿੰਘ ਨਲੂਏ ਦੀ ਮੌਤ ਤੋਂ ਬਾਅਦ ਮਹਾਰਾਜਾ ਰਣਜੀਤ ਸਿੰਘ ਖ਼ੁਦ ਫ਼ੌਜ ਲੈ ਕੇ ਯੁੱਧ ਕਰਨ ਜਾਂਦਾ ਹੈ ਤਾਂ ਅਕਾਲੀ ਫੂਲਾ ਸਿੰਘ ਸਭ ਤੋਂ ਮੂਹਰਲੀ ਫ਼ੌਜੀ ਟੁਕੜੀ ਦੀ ਅਗਵਾਈ ਲਈ ਅੱਗੇ ਆਉਂਦਾ ਹੈ। ਉਸ ਵੇਲੇ ਕਾਦਰ ਯਾਰ ਮਹਾਰਾਜਾ ਰਣਜੀਤ ਸਿੰਘ ਦੇ ਮੂੰਹੋਂ ਅਕਾਲੀ ਫੂਲਾ ਸਿੰਘ ਨੂੰ ਇਹ ਸ਼ਬਦ ਕਹਾਉਂਦਾ ਹੈ, ‘‘ਤੇਰੇ ਜੈਸਿਆਂ ਨਮਕ ਹਲਾਲ ਮਰਦਾਂ/ ਸਾਡਾ ਮੁਲਕ ਪੰਜਾਬ ਆਬਾਦ ਕੀਤਾ।’’ ਅੰਗਰੇਜ਼ਾਂ ਅਤੇ ਲਾਹੌਰ ਦਰਬਾਰ ਵਿਚ ਜੰਗ ਸਮੇਂ ਸ਼ਾਹ ਮੁਹੰਮਦ ਖ਼ਾਲਸੇ ਤੇ ਸਿੰਘ ਸਿਪਾਹੀਆਂ ਨੂੰ ਪੰਜਾਬੀ ਕੌਮ ਦਾ ਹਰਾਵਲ ਦਸਤਾ ਸਮਝਦਿਆਂ ਪੰਜਾਬੀਆਂ ਨੂੰ ਇਉਂ ਵੰਗਾਰਦਾ ਹੈ, ‘‘ਸ਼ਾਹ ਮੁਹੰਮਦਾ ਤੁਸੀਂ ਪੰਜਾਬੀਓ ਜੀ ਕੀਰਤ ਸਿੰਘ ਸਿਪਾਹੀ ਦੀ ਰੱਖਣੀ ਜੀ।’’ ਇਸ ਤਰ੍ਹਾਂ ਪੰਜਾਬ ਤੇ ਪੰਜਾਬੀ ਹੋਣ ਦੇ ਸੰਕਲਪ ਪੰਜਾਬੀਆਂ ਦੀ ਜ਼ਿੰਦਗੀ ਦੀਆਂ ਸੱਭਿਆਚਾਰਕ ਧੁਰੀਆਂ ਬਣਦੇ ਹਨ।
1849 ਵਿਚ ਅੰਗਰੇਜ਼ਾਂ ਦੇ ਪੰਜਾਬ ’ਤੇ ਕਬਜ਼ੇ ਤੋਂ ਬਾਅਦ ਪੰਜਾਬੀਅਤ ਦਾ ਕਾਇਮ ਕੀਤਾ ਗਿਆ ਕਿਲਾ ਢਾਹਿਆ ਗਿਆ। ਬਸਤੀਵਾਦੀ ਇਸ ਬਾਰੇ ਬਹੁਤ ਚੇਤੰਨ ਸਨ, ਪੰਜਾਬੀਆਂ ਨੂੰ ਇਹ ਸਵਾਲ ਪੁੱਛਣਾ ਬਣਦਾ ਹੈ : ਕਿਉਂ ਅੰਗਰੇਜ਼ਾਂ ਨੇ ਪਟਿਆਲਾ, ਜੀਂਦ, ਨਾਭਾ, ਫ਼ਰੀਦਕੋਟ ਆਦਿ ਸਿੱਖ ਰਿਆਸਤਾਂ ਕਾਇਮ ਰੱਖੀਆਂ ਪਰ ਲਾਹੌਰ ਦਰਬਾਰ ਨੂੰ ਖੇਰੂੰ-ਖੇਰੂੰ ਕਰ ਦਿੱਤਾ ਗਿਆ। ਉਹ ਇਸ ਲਈ ਕਿ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਨੇ ਪੰਜਾਬੀਆਂ ਨੂੰ ਇਕੱਠੇ ਹੋਣ ਦਾ ਇਤਿਹਾਸਕ ਮੌਕਾ ਦਿੱਤਾ ਸੀ, ਲਾਹੌਰ ਦਰਬਾਰ ਦੀਆਂ ਫ਼ੌਜਾਂ ਵਿਚ ਸਿੱਖ, ਹਿੰਦੂ, ਮੁਸਲਮਾਨ, ਡੋਗਰੇ, ਪਠਾਨ, ਸਭ ਇਕੱਠੇ ਸਨ। ਲਾਹੌਰ ਦਰਬਾਰ ਤੇ ਅੰਗਰੇਜ਼ਾਂ ਵਿਚ 1849 ਵਿਚ ਲੜੀ ਗਈ ਦੂਸਰੀ ਜੰਗ ਦੀ ਸ਼ੁਰੂਆਤ ਦੀਵਾਨ ਮੂਲ ਰਾਜ ਦੀ ਬਗ਼ਾਵਤ ਤੋਂ ਹੋਈ ਸੀ। ਅੰਗਰੇਜ਼ਾਂ ਲਈ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਾਲੇ ਹਿੱਸੇ ਵਿਚ ਉੱਭਰੇ ਪੰਜਾਬੀ ਕੌਮ ਦੇ ਸੰਕਲਪ ਨੂੰ ਤੋੜਨਾ ਤੇ ਇੱਥੇ ਵਸਦੇ ਲੋਕਾਂ ਨੂੰ ਕਿਸੇ ਨਾ ਕਿਸੇ ਤਰੀਕੇ ਨਾਲ ਵੰਡਣਾ ਜ਼ਰੂਰੀ ਸੀ ਅਤੇ ਉਨ੍ਹਾਂ ਇਸ ਨੂੰ ਧਰਮ ਦੇ ਆਧਾਰ ’ਤੇ ਵੰਡਿਆ, ਮਹਾਰਾਜਾ ਰਣਜੀਤ ਸਿੰਘ ਦੇ ਰਾਜ ਵਿਚ ਧਾਰਮਿਕ ਵੰਡੀਆਂ ਕਾਰਨ ਪੈਦਾ ਹੋਈ ਕੁੜੱਤਣ ਨੂੰ ਭੁਲਾ ਕੇ ਪੰਜਾਬੀਆਂ ਦੇ ਇਕੱਠੇ ਹੋਣ ਦੇ ਬਣੇ ਇਤਿਹਾਸਕ ਸਬੱਬ ਨੂੰ ਲੀਰੋ-ਲੀਰ ਕਰ ਦਿੱਤਾ ਗਿਆ। ਇੱਥੇ ਇਹ ਯਾਦ ਰੱਖਣ ਯੋਗ ਹੈ ਕਿ ਕਿਸੇ ਭੂਗੋਲਿਕ ਖ਼ਿੱਤੇ ਦੇ ਲੋਕਾਂ ਦੀ ਇਕ ਕੌਮ ਵਿਚ ਬਦਲਣ ਦੀ ਪ੍ਰਕਿਰਿਆ ਵਿਚ ਯਾਦ ਰੱਖਣ ਦੀ ਬਜਾਏ ਪੁਰਾਣੀਆਂ ਕੁੜੱਤਣਾਂ ਨੂੰ ਭੁਲਾਉਣਾ ਜ਼ਿਆਦਾ ਅਹਿਮ ਹੁੰਦਾ ਹੈ।
ਦੁਖਾਂਤ ਇਹ ਹੈ ਕਿ ਪੰਜਾਬੀ ਅੰਗਰੇਜ਼ਾਂ ਦੇ ਹੱਥਾਂ ਵਿਚ ਖੇਡੇ, ਉਨ੍ਹਾਂ ਨੇ ਅੰਗਰੇਜ਼ਾਂ ਦੇ ਦਿੱਤੇ ਸੰਕਲਪਾਂ ਤੇ ਨੀਤੀਆਂ ’ਤੇ ਫੁੱਲ ਚੜ੍ਹਾਏ, ਬਰਤਾਨਵੀ ਸਾਮਰਾਜ ਦੀਆਂ ਬਸਤੀਆਂ ਨੂੰ ਬਚਾਉਣ ਲਈ ਲੜੀਆਂ ਗਈਆਂ ਲੜਾਈਆਂ ਵਿਚ ਆਪਣੀਆਂ ਜਾਨਾਂ ਗੁਆਉਣ ਨੂੰ ਆਪਣੀ ਬਹਾਦਰੀ ਸਮਝਿਆ। ਇਸ ਦੇ ਨਾਲ ਨਾਲ ਸਾਨੂੰ ਇਹ ਵੀ ਮੰਨਣਾ ਪਵੇਗਾ ਕਿ ਪੰਜਾਬੀਆਂ ਨੇ ਇਹ ਆਪਣੀ ਮਨਮਰਜ਼ੀ ਨਾਲ ਨਹੀਂ ਸੀ ਕੀਤਾ, ਉਹ ਗ਼ੁਲਾਮੀ ਦੇ ਉਸ ਦੌਰ ਵਿਚੋਂ ਲੰਘ ਰਹੇ ਸਨ ਜਿਸ ਨੇ ਏਸ਼ੀਆ ਤੇ ਅਫ਼ਰੀਕਾ ਵਿਚ ਕਈ ਦੇਸ਼ਾਂ ਤੇ ਕੌਮਾਂ ਦੀ ਤਬਾਹੀ ਕੀਤੀ ਸੀ। ਅਜਿਹੀ ਤਬਾਹੀ ਨੂੰ ਝੱਲ ਰਹੇ ਪੰਜਾਬੀਆਂ ਨੂੰ ਵੀ ਸਮਝੌਤੇ ਕਰਨੇ ਪੈਣੇ ਸਨ।
ਇਸ ਦੇ ਬਾਵਜੂਦ ਮੁਸ਼ਕਲਾਂ ਵਿਚ ਘਿਰੀ ਪੰਜਾਬੀ ਕੌਮ ਨੇ ਪੱਗੜੀ ਸੰਭਾਲ ਜੱਟਾ ਲਹਿਰ, ਗ਼ਦਰ ਪਾਰਟੀ, ਰੌਲਟ ਐਕਟ ਵਿਰੁੱਧ ਜੱਲ੍ਹਿਆਂਵਾਲੇ ਬਾਗ਼ ਨਾਲ ਸਬੰਧਿਤ ਸੰਘਰਸ਼, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਭਗਤ ਸਿੰਘ ਨਾਲ ਸਬੰਧਿਤ ਲਹਿਰ ਅਤੇ ਹੋਰ ਕਈ ਸੰਘਰਸ਼ਾਂ ਨਾਲ ਦੇਸ਼ ਦੀ ਆਜ਼ਾਦੀ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ। ਉਨ੍ਹਾਂ ਸਮਿਆਂ ਵਿਚ ਵੀ ਪੰਜਾਬ ਦੀ ਸਾਧਨ-ਸੰਪੰਨ ਜਮਾਤ ਨੇ ਗ਼ਦਰ ਲਹਿਰ ਅਤੇ ਜੱਲ੍ਹਿਆਂਵਾਲੇ ਬਾਗ਼ ’ਚ ਇਕੱਠੇ ਹੋਣ ਵਾਲੇ ਲੋਕਾਂ ਵਿਰੁੱਧ ਅਨੇਕ ਬਿਆਨ ਦਿੱਤੇ ਸਨ। ਜੱਲ੍ਹਿਆਂਵਾਲੇ ਬਾਗ਼ ਨਾਲ ਸਬੰਧਿਤ ਸੰਘਰਸ਼ ਅਤੇ ਭਗਤ ਸਿੰਘ ਨੂੰ ਫ਼ਾਂਸੀ ਦੇਣ ’ਤੇ ਪੈਦਾ ਹੋਇਆ ਲੋਕ-ਰੋਹ ਸਮੁੱਚੀ ਪੰਜਾਬੀ ਕੌਮ ਦੇ ਇਕੱਠੇ ਹੋਣ ਦੀ ਸਿਖ਼ਰ ਸਨ। 2020-21 ਵਿਚ ਹੋਏ ਸੰਘਰਸ਼ ਨੇ ਵੀ ਸਾਰੀ ਦੁਨੀਆ ਦੇ ਪੰਜਾਬੀਆਂ ਨੂੰ ਇਕ ਮੰਚ ’ਤੇ ਇਕੱਠੇ ਕੀਤਾ।
ਬਸਤੀਵਾਦੀਆਂ ਨੇ ਪੰਜਾਬੀ ਕੌਮ ਨੂੰ ਬੁਰੀ ਤਰ੍ਹਾਂ ਵੰਡਿਆ। ਕੌਮ ਦੇ ਧਰਮ-ਆਧਾਰਿਤ ਮੰਨੇ ਜਾਣ ਦਾ ਤਰਕ ਮੁਸਲਿਮ ਲੀਗ ਨੇ ਉਭਾਰਿਆ ਸੀ ਅਤੇ ਹੋਰ ਧਰਮਾਂ ਨੂੰ ਮੰਨਣ ਵਾਲੇ ਲੋਕਾਂ ਅਤੇ ਉਨ੍ਹਾਂ ਦੇ ਆਗੂਆਂ ਨੇ ਇਸ ’ਤੇ ਫੁੱਲ ਚੜ੍ਹਾਏ। ਵਿਨਾਇਕ ਦਮੋਦਰ ਸਾਵਰਕਰ ਨੇ ਹਿੰਦੂਤਵ ਦੇ ਨਵੇਂ ਸੰਕਲਪ ਰਾਹੀਂ ‘ਹਿੰਦੂ’ ਸ਼ਬਦ ਦੀ ਨਵੀਂ ਪਰਿਭਾਸ਼ਾ ਇਹ ਘੜੀ ਕਿ ਉਨ੍ਹਾਂ ਧਰਮਾਂ ਦੇ ਲੋਕ, ਜਿਨ੍ਹਾਂ ਦੇ ਵਡੇਰੇ ਇਸ ਧਰਤੀ ’ਤੇ ਰਹਿੰਦੇ ਆਏ ਹਨ (ਸਾਵਰਕਰ ਦੇ ਸ਼ਬਦਾਂ ਵਿਚ ਜਿਨ੍ਹਾਂ ਦੀ ਪਿਤਰਭੂਮੀ ਭਾਰਤ ਹੈ) ਅਤੇ ਜਿਨ੍ਹਾਂ ਦੇ ਧਾਰਮਿਕ ਰਹਿਬਰ ਇੱਥੇ ਪੈਦਾ ਹੋਏ ਤੇ ਪ੍ਰਮੁੱਖ ਧਾਰਮਿਕ ਸਥਾਨ ਵੀ ਇਸੇ ਖ਼ਿੱਤੇ ਵਿਚ ਹਨ (ਸਾਵਰਕਰ ਦੇ ਸ਼ਬਦਾਂ ਵਿਚ ਜਿਨ੍ਹਾਂ ਦੀ ਪੁੰਨਯ ਭੂਮੀ ਭਾਰਤ ਹੈ), ਸਭ ‘ਹਿੰਦੂ’ ਹਨ, ਇਸ ਪਰਿਭਾਸ਼ਾ ਅਤੇ ਹਿੰਦੂਤਵ ਦੇ ਸਿਧਾਂਤ ਅਨੁਸਾਰ ਹਿੰਦੂਆਂ, ਸਿੱਖਾਂ, ਜੈਨੀਆਂ, ਬੋਧੀਆਂ ਅਤੇ ਕਬਾਇਲੀ ਲੋਕਾਂ ਨੂੰ ‘ਹਿੰਦੂ’ ਗਰਦਾਨਿਆ ਗਿਆ ਜਦੋਂਕਿ ਮੁਸਲਮਾਨਾਂ ਅਤੇ ਇਸਾਈਆਂ, ਜਿਨ੍ਹਾਂ ਦੇ ਧਾਰਮਿਕ ਰਹਿਬਰ ਦੂਰ-ਦੁਰਾਡੇ ਧਰਤੀਆਂ ’ਤੇ ਪੈਦਾ ਹੋਏ ਸਨ ਅਤੇ ਇਸ ਕਾਰਨ ਉਨ੍ਹਾਂ ਦੇ ਪ੍ਰਮੁੱਖ ਧਾਰਮਿਕ ਸਥਾਨ ਵੀ ਵਿਦੇਸ਼ਾਂ ਵਿਚ ਸਨ, ਨੂੰ ‘ਪਰਾਏ’ ਕਿਹਾ ਗਿਆ। ਅਜਿਹੀ ਸੋਚ ਦੇ ਪਨਪਣ ਕਾਰਨ ਹਿੰਦੂ ਕੌਮ ਅਤੇ ਮੁਸਲਮਾਨ ਕੌਮ ਦੀ ਵਿਚਾਰਧਾਰਾ ਵਧੀ-ਫੁਲੀ ਅਤੇ 1947 ਵਿਚ ਦੇਸ਼ ਵੰਡਿਆ ਗਿਆ, ਇਸ ਵੰਡ ਨੇ ਪੰਜਾਬੀ ਕੌਮ ’ਤੇ ਅਜਿਹਾ ਕਹਿਰ ਢਾਹਿਆ ਕਿ ਉਸ ਨੂੰ ਹਮੇਸ਼ਾਂ ਲਈ ਵੰਡ ਹੀ ਨਹੀਂ ਦਿੱਤਾ ਸਗੋਂ ਇਸ ਖ਼ਿੱਤੇ ਵਿਚ ਰਹਿੰਦੇ ਲੋਕਾਂ ਦੇ ਮਨਾਂ ਵਿਚ ਇਹ ਵਿਸ਼ਵਾਸ ਵੀ ਪੈਦਾ ਕੀਤਾ ਕਿ ਇਹ ਇਸ ਤਰ੍ਹਾਂ ਹੀ ਹੋਣਾ ਸੀ, ਇਹ ਸਹੀ ਹੋਇਆ ਹੈ, ਇਹ ਸਾਡੀ ਇਤਿਹਾਸਕ ਹੋਣੀ ਹੈ, ਅਸੀਂ ਇਕੱਠੇ ਨਹੀਂ ਰਹਿ ਸਕਦੇ।
ਦੁਖਾਂਤ ਇਹ ਹੈ ਕਿ ਕੌਮ ਦੇ ਧਰਮ-ਆਧਾਰਿਤ ਹੋਣ ਦੇ ਸਿਧਾਂਤ ਨੂੰ ਵਾਰ ਵਾਰ ਉਭਾਰਿਆ ਅਤੇ ਲੋਕਾਂ ਨੂੰ ਵੰਡਣ ਲਈ ਵਰਤਿਆ ਜਾਂਦਾ ਹੈ। ਇਸ ਤਰ੍ਹਾਂ ਕਰਨ ਵਾਲੇ ਇਹ ਸਮਝਣ ਤੋਂ ਇਨਕਾਰ ਕਰਦੇ ਹਨ ਕਿ ਅਸਲ ਵਿਚ ਉਹ ਬਸਤੀਵਾਦੀ ਸੋਚ ਦੁਆਰਾ ਪੈਦਾ ਕੀਤੇ ਗਏ ਅਜਿਹੇ ਮਸਨੂਈ ਸਿਧਾਂਤ ਨੂੰ ਸਵੀਕਾਰ ਕਰ ਰਹੇ ਹਨ ਜਿਸ ਨੂੰ ਉਨ੍ਹਾਂ ਨੇ ਆਪਣੇ ਦੇਸ਼ ਵਿਚ ਮਾਨਤਾ ਨਹੀਂ ਦਿੱਤੀ, ਇੰਗਲੈਂਡ ਵਿਚ ਅੱਜ ਵੀ ਅੰਗਰੇਜ਼, ਵੈਲਿਸ਼, ਸਕਾਟ ਅਤੇ ਆਇਰਸ਼ ਕੌਮਾਂ ਨੂੰ ਸੱਭਿਆਚਾਰਕ ਪਿਛੋਕੜ ਵੱਖ-ਵੱਖ ਹੋਣ ਕਾਰਨ ਵੱਖੋ-ਵੱਖਰੀਆਂ ਕੌਮਾਂ ਮੰਨਿਆ ਜਾਂਦਾ ਹੈ, ਇਸਾਈ ਧਰਮ ਨਾਲ ਸਬੰਧਿਤ ਹੋਣ ’ਤੇ ਇਕ ਕੌਮ ਨਹੀਂ। ਕੌਮ ਦਾ ਆਧਾਰ ਸਾਂਝਾ ਸੱਭਿਆਚਾਰ ਤੇ ਭਾਸ਼ਾ ਹਨ, ਧਰਮ ਨਹੀਂ।
ਚੜ੍ਹਦਾ ਪੰਜਾਬ ਬਹੁਤ ਮੁਸ਼ਕਲ ਸਮਿਆਂ ’ਚੋਂ ਲੰਘ ਰਿਹਾ ਹੈ। 2020-21 ਵਿਚ ਕਿਸਾਨ ਅੰਦੋਲਨ ਦੇ ਉਭਾਰ ਨੇ ਸਾਂਝੀਵਾਲਤਾ ਦੇ ਆਧਾਰ ’ਤੇ ਕਾਰਪੋਰੇਟ ਤਾਕਤਾਂ ਅਤੇ ਸੱਤਾਧਾਰੀ ਪਾਰਟੀ ਵਿਰੁੱਧ ਇਕ ਮਹਾਨ ਲਹਿਰ ਉਸਾਰੀ। ਉਸ ਸਮੇਂ ਵੀ ਇਸ ਨੂੰ ਧਾਰਮਿਕ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਗਈ। ਲਹਿੰਦੇ ਪੰਜਾਬ ਵਿਚ ਧਾਰਮਿਕ ਕੱਟੜਤਾ ਸਿਖ਼ਰ ’ਤੇ ਪਹੁੰਚ ਚੁੱਕੀ ਹੈ।
ਲੋਕ ਆਪਣੀ ਪਛਾਣ ਲਈ ਲੜਦੇ ਹਨ, ਕਿਉਂ? ਮਾਨਸਿਕ ਪੱਧਰ ’ਤੇ ਇਕ ਖ਼ਿੱਤੇ ਵਿਚ ਰਹਿੰਦੇ ਲੋਕ ਇਕ ਸੱਭਿਆਚਾਰਕ ਸਮੂਹ ਦਾ ਹਿੱਸਾ ਬਣਨਾ ਚਾਹੁੰਦੇ ਹਨ ਜਿਸ ਦੇ ਸਮੂਹਿਕ ਵਿਰਸੇ, ਭਾਸ਼ਾ, ਸਾਹਿਤ, ਸਥਾਨਕਤਾ, ਰੀਤੀ-ਰਿਵਾਜਾਂ, ਸਾਂਝੇ ਨਾਇਕਾਂ, ਚਿੰਤਕਾਂ, ਧਾਰਮਿਕ ਰਹਿਬਰਾਂ, ਸਾਹਿਤਕਾਰਾਂ, ਵਿਗਿਆਨੀਆਂ ਅਤੇ ਸਾਂਝੀਵਾਲਤਾ ਪੈਦਾ ਕਰਨ ਵਿਚਾਰ-ਪ੍ਰਬੰਧਾਂ ’ਤੇ ਗੌਰਵ ਮਹਿਸੂਸ ਕਰ ਸਕਣ। ਪੰਜਾਬੀ ਹੋਣ ਦਾ ਗੌਰਵ ਪੰਜਾਬੀਆਂ ਦੇ ਅਨਿਆਂ ਵਿਰੁੱਧ ਕੀਤੇ ਸੰਘਰਸ਼ਾਂ, ਪੰਜਾਬ ਦੀ ਧਰਤੀ ਦੀ ਨਾਬਰੀ ਅਤੇ ਸਾਂਝੀਵਾਲਤਾ ਦੀਆਂ ਰਵਾਇਤਾਂ ’ਚੋਂ ਪੈਦਾ ਹੋਣਾ ਹੈ, ਪੰਜਾਬੀਆਂ ਨੂੰ ਇਹ ਗੌਰਵ ਕਮਾਉਣਾ ਪੈਣਾ ਹੈ। ਇਸ ਦੇ ਅਰਥ ਕਿਸੇ ਹੋਰ ਲੋਕ-ਸਮੂਹ, ਕੌਮ ਜਾਂ ਕੌਮੀਅਤ ਨੂੰ ਛੁਟਿਆਉਣ ਜਾਂ ਆਪਣੇ ਆਪ ਨੂੰ ਦੂਸਰਿਆਂ ਨਾਲੋਂ ਉਚੇਰੇ ਸਿੱਧ ਕਰਨ ਵਿਚ ਨਹੀਂ ਪਏ ਸਗੋਂ ਇਸ ਦੀ ਤਲਾਸ਼ ਸਾਡੀ ਸਥਾਨਕਤਾ, ਭਾਸ਼ਾ, ਵਿਰਸੇ, ਲੋਕ-ਪੱਖੀ ਸੱਭਿਆਚਾਰ ਤੇ ਸਾਂਝੀਵਾਲਤਾ ’ਚੋਂ ਹੋਣੀ ਹੈ। ਪੰਜਾਬ ਦੀ ਵੰਡ ਵੇਲੇ ਅਹਿਮਦ ਰਾਹੀ ਨੇ ਲਿਖਿਆ ਸੀ, ‘‘ਜਦ ਭੀੜ ਪਵੇ ਤੇ ਬਾਬਲਾ, ਕੌਣ ਆਉਂਦਾ ਈ ਦਰਦ ਵੰਡਾਣ/ ਜਦ ਝੱਖੜ ਚੱਲਣ ਫਰੇਬ ਦੇ, ਦੀਵੇ ਸੱਚ ਦੇ ਗੁੱਲ ਹੋ ਜਾਣ।’’ ਅੱਜ ਪੰਜਾਬੀ ਦੁਨੀਆ ਦੇ ਕਈ ਦੇਸ਼ਾਂ ਵਿਚ ਵਸੇ ਹੋਏ ਹਨ। ਪੰਜਾਬੀਅਤ ਤੇ ਪੰਜਾਬੀ ਕੌਮ ਦੀ ਲੋਅ ਕਰਨ ਵਾਲੇ ਦੀਵੇ ਇਨ੍ਹਾਂ ਨੇ ਹੀ ਜਗਾਉਣੇ ਹਨ। ਇਤਿਹਾਸ ਦੀਆਂ ਔਖੀਆਂ ਤੋਂ ਔਖੀਆਂ ਘੜੀਆਂ ਵਿਚ ਵੀ ਲੋਕ ਦੁੱਖ-ਦੁਸ਼ਵਾਰੀਆਂ ਝੱਲ ਕੇ ਆਪਣੀ ਪਛਾਣ ਨੂੰ ਕਾਇਮ ਰੱਖਦੇ ਆਏ ਹਨ। ਪੰਜਾਬੀ ਵੀ ਅਜਿਹਾ ਸੰਘਰਸ਼ ਕਰ ਰਹੇ ਹਨ। ਸੱਚੇ-ਸੁੱਚੇ ਪੰਜਾਬੀ ਹੋਣ ਦਾ ਗੌਰਵ ਸਰਬੱਤ ਦੇ ਭਲੇ ਲਈ ਵਿੱਢੇ ਗਏ ਜਨਤਕ ਘੋਲਾਂ ’ਚੋਂ ਪੈਦਾ ਹੋਣਾ ਹੈ।