ਜੀ ਹਾਂ ਅਸੀਂ ਹਾਂ -  ਰਣਜੀਤ ਕੌਰ  ਗੁੱਡੀ ਤਰਨ ਤਾਰਨ।

        ਜੀ ਜੀ ਹਾਂ ਜੀ ਅਸੀਂ ਹਾਂ ਉਹ ਆਖਿਰੀ ਪੀੜ੍ਹੀ-  
ਜੀ ਅਸੀਂ ਹਾਂ ਉਹ ਆਖਿਰੀ ਪੀੜ੍ਹੀ ਦੇ ਬਾਸ਼ਿੰਦੇ ਜਿਹਨਾਂ ਨੇ ਕੱਚੇ ਘਰ ਵਿੱਚ ਅਲ੍ਹਾਾਣੇ ਮੰਜਿਆਂ ਤੇ ਲੇਟ ਕੇ ਪਰੀਆਂ,ਰਾਜਕੁਮਾਰੀਆਂ,ਰਾਜੇ ਰਾਣੀਆਂ ਦੀਆਂ ਕਹਾਣੀਆਂ ਸੁਣੀਆਂ ਸੁਣਾਈਆਂ।
   ਚੁਲ੍ਹੇ ਲਾਗੇ ਗੋਹੇ ਮਿੱਟੀ ਦੇ ਪੋਚੇ ਤੇ ਬੋਰੀ ਤੇ ਬੈਠ ਕੇ ਮਾਂ ਦੀਆਂ ਪੱਕੀਆਂ ਗਰਮਾ ਗਰਮ ਰੋਟੀਆਂ ਖਾਧੀਆਂ ਤੇ ਕਦੇ ਕਦੇ ਜਮੀਨ ਤੇ ਲੱਤਾਂ ਪਸਾਰ ਪੈਰ ਫੇੈਲਾਅ ਕੇ ਬਾਟੀ ਵਿੱਚ ਗੁੜ ਵਾਲੀ  ਚਾਹ ਦੇ ਸੂਟਿਆਂ ਦਾ ਸਵਾਦ ਚਖਿਆ- ਜੀ ਅਸਾਂ ਨੇ-ਉਹ ਹਰੇ ਪੱਤੇ ਤੇ ਸੰਦੂਕੜੀ ਵਾਲੀ ਮਲਾਈ ਬਰਫ਼. ਅਹਾ ਅਹਾ૴..
  ਜੀ ਹਾਂ ਅਸੀਂ ਹੀ ਹਾਂ ਉਹ ਆਖਿਰੀ ਪੀੜ੍ਹੀ ਦੇ ਲੋਕ ਜਿਹਨਾਂ ਨੇ ਗਲੀ ਮੁਹੱਲੇ ਵਿੱਚ ਆਪਣੇ ਹਾਣੀਆਂ ਨਾਲ ਗੁੱਲੀ ਡੰਡਾ, ਖਿਦੋ ਖੂੰਡੀ,ਬੰਟੇ ਕੰਚੇ, ਕੌਡੀ,ਛੁਣ ਛਪਾਹੀ,ਚੋਰ ਸਿਪਾਹੀ, ਕੋਟਲਾ ਛਪਾਤੀ , ਚੀਚੋ ਚੀਚ ਗਨੇਰੀਆਂ ਖੇਡੇ,ਗੁੱਡਾ ਗੁੱਡੀ ਦੇ ਵਿਆਹ ਰਚਾਏ,ਤਾਰ ਨਾਲ ਸੈਕਲ ਦਾ ਪਹੀਆ ਰੇੜ੍ਹਿਆ,ਮੌਜਾਂ ਲੁਟੀਆਂ।
      ਤੇ ਨਲਕਾ ( ਜਿਸਦੀ ਕਿਤੇ ਨਿਸ਼ਾਨੀ ਵੀ ਬਾਕੀ ਨਹੀਂ ਹੈ) ਗੇੜ ਗੇੁੜ ਖੁਲ੍ਹੇ ਅਸਮਾਨ ਤਲੇ ਗਰਮੀ ਹੋਵੇ ਸਰਦੀ ਹੋਵੇ ਨਹਾਤੇ,ਸਾਵਣ ਦੀਆਂ ਛਹਿਬਰਾਂ ਵਿੱਚ ਪਿੱਤ ਮਾਰਨ ਦਾ  ਨਹਾਉਣ ਦਾ ਲੁਤਫ਼ ਮਾਣਿਆ ।
  ਅਸੀਂ ਹੀ ਹਾਂ ਉਹ ਪੀੜ੍ਹੀ ਜਿਹਨਾਂ ਨੇ ਦੀਵੇ ਦੇ ਚਾਨਣ ਵਿੱਚ ਪੜ੍ਹ ਕੇ ਦਸਵੀਂ ਫਸਟ ਡਿਵੀਜ਼ਨ ਵਿੱਚ ਪਾਸ ਕੀਤੀ।ਲੋਟ ਪੋਟ,ਜਾਦੂ ਮੰਤਰ,ਜਾਸੂਸੀ ਨਾਵਲ,ਬਾਲ ਕਹਾਣੀਆਂ ਪੜ੍ਹੇ।
      ਦੀਵੇ ਚ ਤੇਲ ਦਾ ਮੁੱਕਣਾ,ਚੰਨ ਦੀ ਚਾਨਣੀ ਸ਼ੀਸੇ ਵਾਂਗ ਸਾਫ ਹੋਣੀ ਤੇ ਉਸੇ ਚਾਨਣੀ ਵਿੱਚ ਇਮਤਿਹਾਨ ਦੀ ਪੜ੍ਹਾਈ ਕਰਨੀ।ਉਹ ਸਾਡਾ ਹੀ ਵੇਲਾ ਸੀ।
ਹਾਂ ਜੀ ਅਸੀਂ ਉਸ ਆਖਿਰੀ ਪੀੜ੍ਹੀ ਦੇ ਲੋਗ-ਜਿਹਨਾਂ ਨੇ ਆਪਣਿਆਂ ਲਈ ਆਪਣੇ ਜਜਬਾਤ ਖਤਾਂ ਰਾਹੀਂ ਅਦਾਨ ਪ੍ਰਦਾਨ ਕੀਤੇ,ਕਦੇ ਰੋਏ ਕਦੇ ਹੱਸੇ ਤੇ ਕਦੇ ਗੁੱਸਾ ਹੋਏ,ਤੇ ਕਦੇ ਖਿਮਾ ਮੰਗੀ ,ਰਾਜ਼ੀ ਹੋਏ।
ਜੀ ਹਾਂ ਅਸੀਂ ਹਾਂ ਜਿਹਨਾਂ ਨੇ ਖੱਦਰ ਦੇ ਬਿਨਾਂ ਪਰੈੱਸ ਵਸਤਰ ਪਹਿਨ ਸਿਰ ਦੇ ਵਾਲ ਸਰਹੋਂ ਦੇ ਤੇਲ ਨਾਲ ਚਮਕਾ ਕੇ ਵਿਆਹ ਵੇਖੇ । ਚੱਪਲ ਟੁਟ ਜਾਣੀ ਤੇ ਸਕੂਲ ਵੀ ਬਹੁਤੀ ਵਾਰ ਨੰਗੇ ਪੈਰੀਂ ਜਾਣਾ।
ਅਸੀਂ ਹੀ ਸੀ ਉਸ ਇਕ ਦਿਨ ਦੇ ਬਾਦਸ਼ਾਹ ਜਿਸ ਦਿਨ ਸਾਡੇ ਬੋਝੇ ਵਿੱਚ ਪੰਜੀ ਦਸੀ ਚਵਾਨੀ ਆਉਂਦੀ ਸੀ।ਦੋ ਪੈਸੇ ਦੀ ਕਿਸਮਤ ਪੁੜੀ ਚੋਂ ਪੰਜੀ ਨਿਕਲ ਆਉਣੀ ૶ਇਹ ਆਲਮ ਸਿਰਫ਼ ਅਸੀਂ ਮਾਣਿਆ।
ਹਾਂ ਅਸੀਂ ਹਾਂ ਉਹ ਆਖਿਰੀ  ਵਿਦਿਆਰਥੀ ਜਿਹਨਾਂ ਪ੍ਰਇਮਰੀ ਵਿੱਚ ਫੱਟੀ ਤੇ ਲਿਖਿਆ ਤੇ ਸਕੂਲ਼ ਲਾਗਲੇ ਛੱਪੜ ਤੋਂ ਫੱਟੀ ਧੋਤੀ ਤੇ  ਪੀਲੀ ਗਾਚੀ ਲਾ ਕੇ ਪੋਚੀ।ਥੁੱਕ ਲਾ ਕੇ ਸਲੇਟ ਪੂੰਝੀ।ਕਲਮ ਦਵਾਤ ਨਾਲ ਹੱਥ ਪੈਰ ਝੱਗੇ ਕਾਲੇ ਨੀਲੇ ਲਾਲ ਕੀਤੇ ।ਮਾਪਿਆਂ ਅਧਿਆਪਕਾਂ ਤੋਂ ਕੁੱਟ ਖਾ ਕੇ ਅੇਸ ਜੂਨ ਵਿੱਚ ਆਏ।
 ਸਕੂਲ ਦੀ ਵਰਦੀ ਦੇ ਚਿੱਟੇ ਕਪੜੇ ਦੇ ਬੂਟ ਮੈਲੇ ਹੋਣ ਤੇ ਸਕੂਲੋਂ ਹੀ ਚਾਕ ਚੁੱਕ ਕੇ ਚਿੱਟੇ ਕੀਤੇ।
   ਅਸੀਂ ਹਾਂ ਉਹ ਆਖਿਰੀ ਨਿਆਣੇ ਜਿਹਨਾਂ ਨੇ ਕੱਚੇ ਕੋਲੇ ਦਾ ਦੰਦਾਸਾ( ਟੁਥ ਪੇਸਟ) ਰਗੜ ਦੰਦ ਸਾਫ ਕੀਤੇ।
   ਬਜੁਰਗਾਂ ਨੂੰ ਸਾਹਮਣੇ ਆਉਂਦੇ ਵੇਖ ਨੀਂਵੇ  ਨੀਂਵੇ ਹੋ ਘਰਾਂ ਵੱਲ ਨੂੰ ਭੱਜਣ ਵਾਲੇ ਅਸੀਂ ਹੀ ਹਾਂ ਉਹ ਸੰਗਾਊ ਅੱਖ ਵਾਲੇ  ਸਿਧਰੇ ਜਵਾਕ।
  ਅਸੀਂ ਹਾਂ ਉਸ ਆਖਿਰੀ ਪੀੜ੍ਹੀ ਦੇ ਲੋਕ ਜਿਹਨਾਂ ਨੇ ਰਜਾਈ ਵਿੱਚ ਬੀ.ਬੀ. ਸੀ,ਬਿਨਾਕਾ,ਸੀਲੋਨ,ਵਿਵਿਧ ਭਾਰਤੀ ਰੇਡੀਓ ਸੁਣਿਆ ਤੇ ਅਕਲ ਲਈ।
  ਸ਼ਾਮ ਹੋਏ ਤੇ ਛੱਤ ਤੇ ਪਾਣੀ ਛਿੜਕ ਮੰਜੇ ਡਾਹ ਕੇ ਦਰੀਆਂ ਚਾਦਰਾਂ ਵਿਛਾਉਣੀਆਂ ਤੇ ਘੂੰਮਣ ਵਾਲੇ ਇਕ ਹੀ ਪੱਖੇ ਅੱਗੇ ਸਾਰੇ ਟੱਬਰ ਨੇ ਘੂਕ ਸੌਂ ਜਾਣਾ।
  ਆਪਣੀ ਨੀਂਦ ਸੌਣਾ ਤੇ ਆਪਣੀ ਮਰਜੀ ਨਾਲ ਉਠਣਾ,ਸੂਰਜ ਸਿਰ ਤੇ ਆ ਜਾਣਾ ,ਕਾਲੀ ਹਨੇਰੀ,ਮੋਹਲੇਧਾਰ ਮੀੰਹ,ਮਾਂ ਨੇ ਚਿਲਾਉਣਾ 'ਉਠ ਕੇ ਅੰਦਰ ਚਲੋ'ਅਸਾਂ ਢੀਠ ਚਾਦਰ ਨਾਲ ਮੂੰਹ ਸਿਰ ਵਲ੍ਹੇਟ ਪਏ ਰਹਿਣਾ ਵਿਚਾਰੇ ਮੀਂਹ ਹਨੇਰੀ ਨੂੰ ਹੀ ਮੂੰਹ ਦੀ ਖਾਣੀ ਪੈਂਦੀ।ਕਿਆ ਜਮਾਨਾ ਸੀ ਸਾਡਾ ਮਜੇ ਹੀ ਮਜੇ।
      ਜੀ ਹਾਂ ਅਸੀਂ ਹਾਂ ਉਹ ਆਖਿਰੀ ਪੀੜ੍ਹੀ ਜਿਹਨਾਂ ਨੇ ਰਿਸ਼ਤੇ ਨਿਭਾਏ,ਰਿਸ਼ਤਿਆਂ ਦੀ ਮਿਠਾਸ ਮਾਣੀ ਤੇ ਵੰਡੀ।
     ਹਾਂ ਜੀ ਸਾਡੀ ਹੀ ਉਹ ਆਖਿਰੀ ਪੀੜ੍ਹੀ ਬਾਕੀ ਹੈ ਜਿਸਨੇ ਆਪਣੇ ਮਾਪਿਆਂ ਦੀ ਆਗਿਆ ਪਾਲਣ ਕੀਤੀ ਤੇ ਅੱਜ ਕਲ ਆਪਣੇ ਅੋਲਾਦ ਦੀ ਹੁਕਮ ਹਜੂਰੀ ਕਰ ਰਹੇ ਹਾਂ।
    ਸਾਡੇ ਹੀ ਪਾਲੇ ਪੜ੍ਹਾਏ ਸਾਡੇ ਬੱਚੇ ਸਾਨੂੰ ਪੁਰਾਣੀ ਪੀੜ੍ਹੀ ਜਨਰੇਸ਼ਨ ਗੈਪ  ਪਿਛਲਾ ਜਮਾਨਾ ਕਹਿੰਦੇ ਹਨ ਤਾਂ ਸੁਣ ਕੇ ਖਾਮੋਸ਼ ਸਿਰ ਨੀਂਵਾਂ ਕਰ ਲਈਦਾ ਹੈ।
   ਜਮੀਨ ਉਹੀ ਹੈ,ਅਸਮਾਨ ਉਹੀ ਹੈ ,ਸੂਰਜ ਉਹੀ ਹੈ ਚੰਦਰਮਾ ਉਹੀ ਹੈ,ਪਰ ਹਵਾ ਉਹ ਨਹੀਂ ਰਹੀ,ਪਾਣੀ ਬਦਲ ਗਿਆ ਹੈ,ਹੁਣ ਨਹੀਂ ਮੰਨਦੇ ਨਿਆਣੇ ਚੰਦਰਮਾ ਨੂੰ ਚੰਦਾ ਮਾਮਾ,ਚੰਨ ਤੋਂ ਪਰੀਆਂ ਕਿਤੇ ਦੂਰ ਚਲੇ ਗਈਆਂ ਹਨ।ਸੂਰਜ ਮਿਹਰਬਾਨ ਨਹੀਂ ਰਿਹਾ,ਇੰਦਰ 'ਦੇਵਤਾ ਨਹੀਂ ਰਿਹਾ।ਪੀੜ੍ਹੀ ਪਾੜਾ ਸ਼ਰੀਕ ਬਣ ਗਿਆ ਹੈ।
   ਜੀ ਹਾਂ ਜੀ ਅਸੀਂ ਹੀ ਹਾਂ ਆਖਿਰੀ ਪੀੜ੍ਹੀ  ਦੇ ਲੋਕ ਜੋ ਬਹੁਤ ਕੁੱਝ ਗਵਾ ਕੇ ਬਹੁਤ  ਥੋੜਾ ਪਾ ਕੇ ਆਖਿਰੀ ਸਾਹ ਦੇ ਇੰਤਜ਼ਾਰ ਵਿੱਚ ਸਾਹੋ ਸਾਹੀ ਹੋ ਰਹੇ ਹਾਂ।
      .,,,,,,,,,,,,,,,,,,,,,,,,,,,,,,,,,,,,,,,,,,,,,
      '' ਉਮਰ ਦਾ ਤਕਾਜ਼ਾ ਹੈ-ਗੰਭੀਰਤਾ ਰੱਖੌ
         ਦਿਲ ਚਾਹਵੇ ਕੁਸ਼ ਹੋਰ ਖਰਮਸਤੀ''।
       '' ਇਕੱਲੇ ਹੱਸਣਾ,ਇਕੱਲੇ ਰੋਣਾ ਸਿੱਖ ਲਿਆ ਹੈ ਅਸੀਂ
          ਸਾਨੂੰ ਵਕਤ ਨੇ  ਬਰੋ ਬਰੋਬਰ ਰੱਖ ਲਿਆ ਹੈ''।

                 ਰਣਜੀਤ ਕੌਰ  ਗੁੱਡੀ ਤਰਨ ਤਾਰਨ।