ਓਮਰਾਓ ਜਾਨ -- 1981 - ਤਰਸੇਮ ਬਸ਼ਰ

" ਮੈਂ ਤੁਹਾਨੂੰ ਪੈਸੇ ਨਹੀਂ ਦੇ ਸਕਦਾ ਪਰ ਇਹ ਵਾਅਦਾ ਕਰਦਾ ਹਾਂ ਇਸ ਕਿਰਦਾਰ ਨੂੰ ਕਰਨ ਤੋਂ ਬਾਅਦ ਤੁਸੀਂ ਅਮਰ ਹੋ ਜਾਵੋਗੇ  "  ਮੁਜ਼ੱਫਰ ਅਲੀ ਨੇ ਉਸ ਸਮੇਂ ਦੀ ਸਭ ਤੋਂ ਵੱਧ ਚਰਚਿਤ ਅਭਿਨੇਤਰੀ ਰੇਖਾ ਨੂੰ ਸਪੱਸ਼ਟ ਤੌਰ ਤੇ ਕਹਿ ਦਿੱਤਾ ਸੀ  l  ਮੁਜ਼ੱਫਰ ਅਲੀ ਨੂੰ  ਰੇਖਾ ਦੇ ਨੈਣ ਨਕਸ਼ਾਂ ਵਿਚ ਉਮਰਾਓ ਜਾਨ ਅਦਾ ਦਾ ਅਕਸ ਨਜ਼ਰ ਆ ਰਿਹਾ ਸੀ....ਜਿਸ ਕਿਰਦਾਰ ਨੂੰ ਪਰਦੇ ਤੇ ਉਤਾਰਨ ਲਈ ਉਹ ਲੰਮੇ ਸਮੇਂ ਤੋਂ ਵਿਉਂਤਾਂ ਬਣਾ ਰਹੇ ਸਨ    l
       ਪਹਿਲਾਂ ਤਾਂ ਰੇਖਾ ਨੇ ਕੁੱਝ ਦਿਨ ਸੋਚਿਆ ਫਿਰ ਕਹਾਣੀ ਅਤੇ ਕਿਰਦਾਰ ਨੂੰ ਜਾਨਣ ਤੋਂ ਬਾਅਦ ਮੁਜ਼ੱਫਰ ਅਲੀ ਨੂੰ ਹਾਂ ਕਰ ਦਿੱਤੀ ਸੀ  ....ਇਹ ਕਹਾਣੀ ਭਾਰਤੀ ਸਿਨੇਮਾ ਦੀ ਮੀਲ ਦਾ ਪੱਥਰ ਕਹੀ ਜਾਂਦੀ ਫ਼ਿਲਮ "ਉਮਰਾਓ ਜਾਨ " ਨਾਲ ਸਬੰਧਤ ਹੈ.....ਜੋ ਇਕ ਕਲਾ ਫ਼ਿਲਮ ਦੇ ਤੌਰ ਤੇ ਬਣਾਈ ਗਈ ਸੀ ਪਰ ਮਕਬੂਲੀਅਤ ਨੇ ਉਸ ਨੂੰ  ਸਭ ਹੱਦਾਂ ਬੰਨ੍ਹਿਆਂ ਤੋਂ ਮੁਕਤ ਕਰਦਿਆਂ ਇਕ ਵੱਡੀ ਫ਼ਿਲਮ ਦੇ ਤੌਰ ਤੇ ਸਥਾਪਤ ਕਰ ਦਿੱਤਾ ਹੈ  l
      ਮੁਜ਼ੱਫਰ ਅਲੀ ਦੀ ਗੱਲ ਸਹੀ ਸਾਬਤ ਹੋਈ ਇਹ ਫ਼ਿਲਮ ਰੇਖਾ ਦੀਆਂ ਬਿਹਤਰੀਨ ਫ਼ਿਲਮਾਂ ਵਿਚੋਂ ਇਕ ਕਹੀ ਜਾਂਦੀ ਹੈ ਜਿਸ ਲਈ ਉਨ੍ਹਾਂ ਨੂੰ ਰਾਸ਼ਟਰੀ  ਐਵਾਰਡ ਵੀ ਮਿਲਿਆ....ਤੇ ਇਹ ਫ਼ਿਲਮ ਵੇਖਾ ਸੰਗੀਤਕਾਰ ਖਿਆਮ ਸ਼ਾਇਰ ਸ਼ਹਿਰਯਾਰ ਦੇ ਦੀ ਬਿਹਤਰੀਨ ਕੰਮਾਂ ਵਿਚੋਂ ਇਕ ਕਹੀ ਜਾਂਦੀ ਹੈ    l
           ਸਮੀਖਿਆ ਕਰਨ ਲਈ ਮੌਜੂਦ ਫ਼ਿਲਮਾਂ ਦੀ ਚੋਣ ਅਨੁਸਾਰ ਇਹ ਫਿਲਮ ਵੀ ਸਾਹਿਤਕ ਲਿਖਤ ਤੇ ਆਧਾਰਤ ਹੈ  l  ਇਹ ਲਿਖਤ ਸੀ ਮਿਰਜ਼ਾ ਹਾਦੀ ਰੁਸਵਾ ਦੀ  ਜਿਸ ਦਾ ਨਾਮ ਸੀ "ਉਮਰਾਓ ਜਾਨ ਅਦਾ"  l  ਅਵਧ ਦੇ ਨਾਮਚੀਨ  ਲੇਖਕ ਅਤੇ ਸ਼ਾਇਰ  l
             ਪੂਰੀ ਕਹਾਣੀ ਅਵਧ ਵਿੱਚ ਵਾਪਰਦੀ ਹੈ  ਅਵਧ ਮਤਲਬ ਲਖਨਊ ਦੇ ਆਸ ਪਾਸ ਦਾ ਵੱਡਾ ਇਲਾਕਾ  ... ਫ਼ਿਲਮ ਦੇ ਜ਼ੁਬਾਨ ਹਿੰਦੁਸਤਾਨੀ ਹੈ ਜਿਸ ਵਿੱਚ ਉਰਦੂ ਦੀ ਵੱਡੀ ਪੁੱਠ ਹੈ  l  
       ਫਿਲਮ ਦੀ ਕਹਾਣੀ ਇੱਕ ਤਵਾਇਫ ਦੀ ਜ਼ਿੰਦਗੀ ਦੇ ਆਲੇ ਦੁਆਲੇ ਘੁੰਮਦੀ ਹੈ  ....ਇੱਥੇ ਇਹ ਦੱਸਣਾ ਵੀ ਵਾਜਬ ਰਹੇਗਾ ਕਿ ਉਮਰਾਓ ਜਾਨ ਬਣਨ ਤੋਂ   ਕੁਝ ਸਾਲ ਪਹਿਲਾਂ ਹੀ  ਕਮਾਲ ਅਮਰੋਹੀ ਤਵਾਇਫ਼ਾਂ ਦੇ ਜੀਵਨ ਨਾਲ ਸਬੰਧਤ   ਇਕ ਵੱਡੀ ਫ਼ਿਲਮ ਦੇ ਚੁੱਕੇ ਸਨ ਜੋ ਬਹੁਤ ਮਕਬੂਲ ਵੀ ਹੋਈ ਸੀ "ਪਾਕੀਜ਼ਾ  "
           ਮੁਜ਼ੱਫਰ ਅਲੀ ਦੇ ਖੈਰਖਵਾਹ ਦੋਸਤਾਂ ਨੂੰ ਅੰਦੇਸ਼ਾ ਸੀ ਕਿ ਉਸੇ ਵਿਸ਼ੇ ਤੇ ਨਵੀਂ ਫ਼ਿਲਮ ਨੂੰ ਕੌਣ ਦੇਖੇਗਾ  ......ਕਿੱਥੇ  ਪਾਕੀਜ਼ਾ ਜੋ ਪੰਦਰਾਂ ਸਾਲਾਂ ਵਿੱਚ ਬਣੀ ਸੀ ਜਿਸ ਤੇ ਅਥਾਹ ਪੈਸਾ ਲੱਗਿਆ ਸੀ ਕਿੱਥੇ ,ਉਮਰਾਓ ਜਾਨ ਜਿਸ ਦੀਆਂ ਆਪਣੀਆਂ ਸੀਮਾਵਾਂ ਹਨ ਆਪਣਾ ਛੋਟਾ ਬਜਟ  l    ਪਰ ਮੁਜ਼ੱਫਰ ਅਲੀ ਨੂੰ ਕਹਾਣੀ ਬਹੁਤ ਪਸੰਦ ਸੀ ਕਹਾਣੀ ਦਾ ਪਿਛੋਕੜ ਵੀ, ਤਤਕਾਲੀਨ ਹਾਲਾਤ ,ਅਤੇ ਪਾਤਰਾਂ   ਦੀਆਂ ਮਜਬੂਰੀਆਂ  ਵੀ   l
               ਉਹ ਸਿਰਫ਼ ਕਹਾਣੀ ਨੂੰ ਪਰਦੇ ਤੇ ਜੀਵੰਤ ਕਰਨਾ ਚਾਹੁੰਦੇ ਸਨ ,ਉਸ ਦੇ ਹਾਣੀ ਫ਼ਾਇਦਿਆਂ ਨੂੰ ਭੁੱਲ ਚੁੱਕੇ ਸਨ  l  ਫ਼ਿਲਮ "ਕਹਾਣੀ "ਤੋਂ ਇਲਾਵਾ ਵੀ ਦੇਖਣ ਵਾਲੀ ਹੈ  ....ਫ਼ਿਲਮ ਦੀ ਭਾਸ਼ਾ ਜੋ ਕਿ ਉੱਤਰ ਪ੍ਰਦੇਸ਼ ਦੇ ਗ੍ਰਾਮੀਣ ਇਲਾਕਿਆਂ ਦੀ ਭਾਸ਼ਾ ਹੈ ਪ੍ਰਭਾਵਿਤ ਕਰਦੀ ਹੈ  ..ਸਮਝ ਵੀ ਆਉਂਦੀ ਹੈ  ....ਤੁਸੀਂ ਲਗਪਗ ਸੌ ਸਾਲ ਪਹਿਲਾਂ ਦੇ ਗ੍ਰਾਮੀਣ ਭਾਰਤ ਨੂੰ ਉਤਸੁਕਤਾ ਨਾਲ ਦੇਖਦੇ  ਹੋl
ਲਖਨਊ ਵਿਚ ਨਵਾਬਾਂ ਦੀ ਰਹਿਣ ਸਹਿਣ ਅਤੇ ਕੋਠਿਆਂ ਦੀ ਅੰਦਰੂਨੀ ਦਸ਼ਾ ਵੀ ਦੇਖਣ ਨੂੰ ਮਿਲਦੀ ਹੈ  l  ਫ਼ਿਲਮ ਵਿੱਚ ਤੁਸੀਂ ਦੇਖਦੇ ਹੋ ਕਿ ਤਵਾਇਫ਼ਾਂ ਨੂੰ ਸਿਖਲਾਈ ਦੇਣ ਲਈ ਸ਼ਾਇਰਾਂ ਨੂੰ ਵੀ ਬੁਲਾਇਆ ਜਾਂਦਾ ਹੈ ਸੰਗੀਤਕਾਰਾਂ ਨੂੰ ਵੀ ....ਏਕਤਾ ਲਈ ਉਨ੍ਹਾਂ ਲਈ ਜ਼ਰੂਰੀ ਹੁੰਦੀ ਸੀ l  
        ਫਿਲਮ ਦੀ ਕਹਾਣੀ ਬਾਰੇ ਗੱਲ ਕਰਦੇ ਹਾਂ ਇਹ ਮੁਖਤਸਰ (ਛੋਟੀ )  ਵੀ ਹੈ ਪਰ ਕਿਸੇ ਜ਼ਿੰਦਗੀ ਤੋਂ ਵੱਡੀ ਵੀ  l   ਫੈਜ਼ਾਬਾਦ ਦੇ ਗ੍ਰਾਮੀਣ ਇਲਾਕਿਆਂ ਵਿਚ ਰਹਿੰਦੇ ਇੱਕ ਮੁਸਲਮਾਨ ਪਰਿਵਾਰ ਦੇ ਵਿਵਾਦ ਕਾਰਨ  ਦੁਸ਼ਮਣ ਉਨ੍ਹਾਂ ਦੀ ਬੇਟੀ  ਅਮੀਰਨ  ਨੂੰ ਚੁੱਕ ਕੇ ਲੈ ਜਾਂਦੇ ਹਨ ਜਿਸ ਦੀ ਹਾਲੇ ਮੰਗਣੀ ਹੀ ਹੋਈ ਹੈ ਅਤੇ ਉਹ ਗਿਆਰਾਂ ਬਾਰਾਂ ਸਾਲਾਂ ਦੀ ਹੀ ਹੈ  l ਅਤੇ ਉਸ ਨੂੰ ਲਖਨਊ ਦੇ ਬਾਜ਼ਾਰ ਵਿੱਚ ਅਮੀਨਾ ਬਾਈ ਨੂੰ ਵੇਚ ਦਿੱਤਾ ਜਾਂਦਾ ਹੈ ਜੋ ਇੱਕ ਕੋਠੇ ਦੀ ਮਾਲਕਨ ਹੈ  l   
           ਅਮੀਨਾ ਬਈ ਕੋਠੀ ਦੀ ਮਾਲਕ ਜ਼ਰੂਰ ਹੈ ਪਰ ਕੁੰਠਾ ਚਲਾਉਣਾ ਸਿਰਫ਼ ਉਸ ਦੀਆਂ ਮਜਬੂਰੀਆਂ ਕਰਕੇ ਹੈ  ...l  ਉਹ ਅਮੀਰਾਂ ਨੂੰ ਆਪਣੇ ਕੋਲ ਰੱਖਦੀ ਹੈ ਅਤੇ ਉਸ ਦੀ ਪਰਵਰਿਸ਼ ਕਰਨਾ ਸ਼ੁਰੂ ਕਰਦੀ ਹੈ  l  
            ਬਹੁਤ ਛੋਟੀ ਉਮਰ ਵਿਚ ਅਮੀਰਨ ਨਾਲ ਇਸ ਜ਼ੁਲਮ ਵਾਪਰਦਾ ਹੈ ਪਰ ਜ਼ਿੰਦਗੀ ਚੱਲਦੀ ਰਹਿੰਦੀ ਹੈ ਅਤੇ ਉਹ ਕੋਠੇ ਦੀ ਪਰਵਰਿਸ਼ ਉਪਰੰਤ ਵੱਡੀ ਹੋਣ ਤੇ ਉਹ ਉਮਰਾਓ ਜਾਨ ਦੇ ਨਾਂ ਤੇ ਮਸ਼ਹੂਰ ਤਵਾਇਫ਼ ਬਣ ਜਾਂਦੀ ਹੈ  l  ਉਮਰਾਓ ਜਾਨ ਕੋਲ ਸ਼ਾਇਰੀ ਦਾ ਹੁਨਰ ਹੈ ਤਾਂ ਮੌਸੀਕੀ ਦੀ ਤਾਲੀਮ ਵੀ ਹੈ ਤੇ ਹੁਸਨ ਦੀਆਂ ਅਦਾਵਾਂ ਵੀ, ਜਲਦੀ ਹੀ ਪੂਰੇ ਲਖਨਊ ਵਿਚ  ਉਸ ਦੀ ਤੂਤੀ ਬੋਲਣ ਲੱਗ ਜਾਂਦੀ ਹੈ  ...ਨਵਾਬ ਉਸ ਦੇ ਮੁਰੀਦ ਹੋਣ ਲੱਗ ਪੈਂਦੇ ਹਨ  l        
            ਫਿਲਮ ਦੇ ਸੰਗੀਤ ਵਿਚ ਜਿੱਥੇ ਤੁਸੀਂ ਸ਼ੁਰੂਆਤ ਵਿੱਚ ਅਵਧ ਦਾ ਵਿਆਹ ਵਾਸਤੇ ਸੰਗੀਤਬੱਧ ਲੋਕ ਗੀਤ ਸੁਣਦੇ ਹੋ ਉਥੇ ਹੀ ਉਸਤਾਦ ਸੁਲਤਾਨ ਖਾਨ ਸਾਹਬ ਦਿ ਠੁਮਰੀ "ਝੂਲਾ ਕਿੰਨੇ ਢਾਲਾ ਰੇ....."  ਵੀ ਸੁਣਦੇ ਹੋ ਜੋ ਅਤਿਅੰਤ ਸੁਰੀਲਾ ਨਗਮਾ ਹੈ  l  ਇਸ ਤੋਂ ਇਲਾਵਾ ਖ਼ੱਯਾਮ ਸਾਹਬ ਦੇ ਸੰਗੀਤਬਧ ਗਾਣੇ ਜੋ ਕਿ ਆਸ਼ਾ ਭੌਂਸਲੇ ਦੁਆਰਾ ਗਾਏ ਗਏ ਸਨ ਦੇ ਹਸੀਨ ਸਹਾਰੇ ਨਾਲ ਕਹਾਣੀ ਅੱਗੇ ਵਧਦੀ ਹੈ  l
        ਕੋਠੇ ਤੇ ਨਵਾਬ ਸੁਲਤਾਨ ਵੀ ਆਉਂਦੇ ਹਨ  (ਫ਼ਾਰੂਕ ਸ਼ੇਖ )   ਉਨ੍ਹਾਂ ਨੂੰ ਉਮਰਾਓ ਜਾਨ ਨਾਲ ਹਕੀਕੀ ਇਸ਼ਕ ਹੈ  l   ਉਮਰਾਓ ਜਾਨ ਅਦਾ ਵੀ ਸੁਲਤਾਨ ਦੀ ਸ਼ਖ਼ਸੀਅਤ ਨ ਨੂੰ ਪਸੰਦ ਕਰਦੀ ਹੈ ਪਰ ਉਨ੍ਹਾਂ ਦੀ ਇਹ ਪ੍ਰੇਮ ਕਥਾ ਅਧੂਰੀ ਰਹਿ ਜਾਂਦੀ  ਹੈ  l
    ਇਹ ਪ੍ਰੇਮ ਕਥਾ ਬਹੁਤ ਸੋਹਣੇ ਤਰੀਕੇ ਨਾਲ ਫਿਲਮਾਈ ਗਈ ਹੈ  ....ਫਿਲਮ ਦੇ ਇੱਕ ਦ੍ਰਿਸ਼ ਦੇ ਦੋ ਸੰਵਾਦਾਂ ਨਾਲ ਇਸ ਹਿੱਸੇ ਨੂੰ ਤੁਹਾਡੇ ਅੱਗੇ ਰੱਖਦਾ ਹਾਂ ਜਿਸ ਤੋਂ ਸਮਝਿਆ ਜਾ ਸਕੇ ਕਿ ਇਹ ਦ੍ਰਿਸ਼ ਕਿਸ ਕੈਫੀਅਤ ਦੇ ਸਨ  ...l   
         ਸੁਲਤਾਨ ਮਿਰਜ਼ਾ ਉਮਰਾਓ ਜਾਨ ਅਦਾ ਨੂੰ ਕਹਿੰਦੇ ਹਨ ਕਿ "ਉਸ ਦਿਨ ਜਿਹੜਾ ਕਲਾਮ ਤੁਸੀਂ ਸੁਨਾਇਆ ਸੀ ...ਮੇਰੇ ਤੇ ਛਾ ਗਿਆ ਸੀ  ....ਤੁਹਾਡੀ ਸ਼ਾਇਰੀ ਕਿਸੇ ਨੂੰ ਵੀ ਮਦਹੋਸ਼ ਕਰ ਦੇਵੇ  ...ਮੈਂ ਤਾਂ ਦਾਦ ਦੇਨਾ ਵੀ ਭੁੱਲ ਗਿਆ ਸੀ  "
    "ਅੱਛਾ.... ਦਾਦ ਦੇਣਾ ਵੀ ਭੁੱਲ ਗਏ ਸੀ ...ਫਿਰ ਇਸ ਤੋਂ ਵੱਡੀ ਦਾਦ  ਹੋ ਵੀ ਕੀ ਸਕਦੀ ਹੈ  " ਉਮਰਾਓ ਜਾਨ ਦੁਆਰਾ ਕਿਹਾ ਗਿਆ ਇਹ ਸੰਵਾਦ ਤੁਹਾਨੂੰ ਬੰਨ੍ਹ ਕੇ ਰੱਖ ਦਿੰਦਾ ਹੈ ..ਤੁਸੀਂ ਸਤਬਦ ਰਹਿ ਜਾਂਦੇ  ਹੋ l
   ਪੂਰੀ ਫ਼ਿਲਮ ਦੇ ਸੰਵਾਦ ਅਰਥ ਭਰਪੂਰ ਹਨ  ....ਜਿਵੇਂ ਇਕੋ ਸੰਵਾਦ ਵਿਚ ਦੀਨਾ ਪਾਠਕ ਰੇਖਾ ਨੂੰ ਸਮਝਾਉਂਦਿਆਂ ਕਹਿੰਦੇ ਹਨ  "  ਇਹ ਜੋ ਉਸਤਾਦ ਜੀ ਨੇ ਕੋਠੇ   ਤੇ ਇਹ ਚਾਲੀ ਸਾਲ ਪਹਿਲਾਂ ਮੇਰੀ ਡੋਲੀ ਲੈ ਕੇ ਇੱਥੇ ਆਏ ਸਨ  ....ਫਿਰ ਇੱਥੇ ਹੀ ਰਹਿ ਗਏ  "
    ਇਸ ਮੁਖਤਸਰ ਦੇ ਫ਼ਿਕਰੇ ਵਿੱਚ ਤੁਸੀਂ ਅਵਧ ਦੇ ਸੌ ਸਾਲ ਪਹਿਲਾਂ ਦੇ  ਕੋਠਿਆਂ ਦਾ  ਸੱਭਿਆਚਾਰ ਇੱਕ ਵੱਡੀ ਵਿਰਲ ਰਾਹੀਂ ਤੱਕ ਰਹੇ ਹੁੰਦੇ ਹੋ  ...l

         
        ਫਿਲਮ ਦੇ ਗੀਤਾਂ ਨੂੰ ਸ਼ਹਿਰਯਾਰ ਨੇ ਲਿਖਿਆ ਸੀ ਜੋ ਕਿ ਫ਼ਿਲਮ ਦੀ ਗਤੀ ਨੂੰ ਅੱਗੇ ਵਧਾਉਣ ਵਿੱਚ ਵੀ ਸਹਾਈ ਹੁੰਦੇ ਹਨ  l
       ਸੁਲਤਾਨ ਮਿਰਜ਼ਾ ਅਤੇ ਉਮਰਾਓ ਜਾਨ ਦੀ ਮੁਹੱਬਤ ਕੋਠਿਆਂ ਵਿਚ ਪਨਪ ਰਹੀ ਸੀ ਪਰ ਸਮਾਜ ਨੂੰ ਇਹ ਮਨਜ਼ੂਰ ਨਹੀਂ ਹੁੰਦਾ  .....ਸੁਲਤਾਨ ਮਿਰਜ਼ਾ ਘਰਦਿਆਂ ਦੇ ਦਬਾਅ ਵਿਚ ਆਪਣਾ ਵਿਆਹ ਕਰਾਉਣ ਲਈ ਹਾਮੀ ਭਰ ਦਿੰਦੇ ਹਨ  l  
       ਉਮਰਾਓ ਜਾਨ, ਸੁਲਤਾਨ ਮਿਰਜ਼ਾ ਨੂੰ ਦਿਲੋਂ ਅਪਣਾ ਤਸਲੀਮ ਕਰ ਚੁੱਕੀ ਹੁੰਦੀ ਹੈ ਜਦੋਂ ਉਸ ਨੂੰ ਉਨ੍ਹਾਂ ਦੀ ਸ਼ਾਦੀ ਬਾਰੇ ਪਤਾ ਲੱਗਦਾ ਹੈ ਤਾਂ ਉਸ ਦਾ ਦਿਲ ਟੁੱਟ ਜਾਂਦਾ ਹੈ  ...ਜੀਵਨ ਬਦਲਣ ਦਾ ਉਸ ਦਾ ਸੁਪਨਾ ਬਿਖਰ ਜਾਂਦਾ ਹੈ  l
       ਇਨ੍ਹਾਂ ਹੀ ਦਿਨਾਂ ਵਿਚ ਫੈਜ਼ ਅਲੀ (ਰਾਜ ਬੱਬਰ  )ਦਾ ਉਸ ਦੀ ਜ਼ਿੰਦਗੀ ਵਿੱਚ ਆਉਣਾ ਹੁੰਦਾ ਹੈ......ਉਹ ਹਕੂਮਤ ਦਾ ਬਾਗੀ ਹੈ  ....
ਟੁੱਟੇ ਹੋਏ ਦਿਲ ਨਾਲ ਸੰਵੇਦਨਸ਼ੀਲ ਸ਼ਾਇਰਾ ਉਮਰਾਓ ਜਾਨ ਉਸ ਨਾਲ ਜ਼ਿੰਦਗੀ ਵਿੱਚ ਅੱਗੇ ਵਧਣ ਦਾ ਯਤਨ ਕਰਦੀ ਹੈ  ....ਪਰ ਇੱਕ ਦਿਨ ਉਹ ਵੀ ਅੰਗਰੇਜ਼ ਹਕੂਮਤ ਹੱਥੋਂ ਮਾਰਿਆ ਜਾਂਦਾ ਹੈ  l
        ਸ਼ਹਿਰਾਂ ਵਿੱਚ ਅੰਗਰੇਜ਼ ਹਕੂਮਤ ਦਬਦਬਾ ਵਧਾ ਰਹੀ ਹੈ ਤਾਂ ਲਖਨਊ ਦੇ ਇਹ ਕੋਠੇ ਵੀ ਉੱਜੜ ਜਾਂਦੇ ਹਨ  ..... ਇਸੇ ਉਜਾੜੇ ਦੌਰਾਨ ਉਮਰਾਓ ਜਾਨ ਆਪਣੀ ਮਾਤ ਭੂਮੀ" ਫੈਜ਼ਾਬਾਦ "ਪਹੁੰਚ ਜਾਂਦੀ ਹੈ  l     ਉੱਥੇ ਉਸ ਨੂੰ ਕੋਈ ਨਹੀਂ ਪਛਾਣ ਰਿਹਾ... ਉਸ ਨੂੰ ਉਮਰਾਓ ਜਾਣਦੇ ਤੌਰ ਤੇ ਸਾਰੇ ਜਾਣਦੇ ਹਨ  .....ਜਉਮਰਾਓ ਜਾਨ ਜੋ ਨਰਤਕੀ ਹੈ ,ਜੋ ਸ਼ਾਇਰਾ ਹੈ, ਜੋ ਸੋਹਣਾ ਗਾਉਂਦੀ ਹੈ ਜੋ ਨਵਾਬਾਂ ਦੇ ਸ਼ਹਿਰ ਲਖਨਊ  ਇੱਕ ਤਵਾਇਫ਼ ਹੈ  l
           ਇਸੇ ਹੀ ਮਰਹਲੇ ਤੇ ਇੱਕ ਦਿਨ ਉਹ ਭਾਵੁਕ ਹੋ ਕੇ ਆਪਣੇ ਪਿੰਡ   ਉਹ ਆਪਣੇ ਘਰ ਵੀ ਚਲੀ ਜਾਂਦੀ ਮਾਂ ਉਸ ਨੂੰ  ਨੂੰ ਭਾਵੁਕ ਹੋ ਕੇ ਗਲੇ ਲਗਾਉਂਦੀ ਹੈ ਤਾਂ ਭਰਾ ਉਸ ਨੂੰ ਚਲੇ ਜਾਣ ਲਈ ਕਹਿ ਦਿੰਦਾ ਹੈ  .....ਉਸ ਨੂੰ ਉਹ ਭੈਣ ਮਨਜ਼ੂਰ ਨਹੀਂ... ਜੋ ਇੱਕ ਤਵਾਇਫ਼ ਹੈ  l
           ਫਿਲਮ ਇੱਥੇ ਹੀ ਖ਼ਤਮ ਹੋ ਜਾਂਦੀ ਹੈ  ....ਆਖ਼ਰੀ ਦ੍ਰਿਸ਼ ਵਿਚ ਉਹ ਫਿਰ ਕੋਠੇ ਤੇ  ਨਜ਼ਰ ਆਉਂਦੀ ਹੈ  ......ਪਰ ਉਮਰਾਓ ਜਾਨ ਦੇ ਕਿਰਦਾਰ ਵਿੱਚ ਡੁੱਬੀਆਂ ਹੋਈਆਂ ਭਰ ਲਈਆਂ ਸੋਚਾਂ ਇੱਥੇ ਹੀ ਖ਼ਤਮ ਨਹੀਂ ਹੁੰਦੀਆਂ  .....ਇਸ ਤਰ੍ਹਾਂ ਲੱਗ ਰਿਹਾ ਹੁੰਦਾ ਹੈ ਕਿ ਅਸੀਂ ਕਿਸੇ ਹੋਰ ਹੀ ਸੰਸਾਰ ਵਿੱਚ ਕੁਝ ਲੋਗਾਂ ਨਾਲ ਰਹਿ ਆਏ ਹਾਂ  ...l  
           ਉਮਰਾਓ ਜਾਨ ਅਦਾ ਦੇ ਲੇਖਕ  "ਮਿਰਜ਼ਾ ਹਾਦੀ  ਰੁਸਵਾ"  ਹੁਣ ਇਨ੍ਹਾਂ ਦਿਨਾਂ ਵਿੱਚ ਮਕਬੂਲੀਅਤ ਨੂੰ ਛੂਹ ਰਹੇ ਹਨ  .....ਉਨ੍ਹਾਂ ਇਹ ਭਾਵੇਂ ਕਹਾਣੀ  1870 ਦੇ ਦੌਰ ਨੂੰ ਆਧਾਰ ਬਣਾ ਕੇ ਲਿਖੀ ਸੀ.....ਪਰ ਉਨ੍ਹਾਂ ਦਾ ਇਹ ਨਾਵਲ ਅੱਜ ਵੀ ਚਰਚਾ ਵਿੱਚ ਹੈ ਅਤੇ ਵਿਕ ਵੀ ਰਿਹਾ ਹੈ ਜਿਸ ਦੇ ਕਈ ਵਾਰੀ ਉਲੱਥੇ ਵੀ ਹੋ ਚੁੱਕੇ ਹਨ  l
       ਕੋਠੇ ਦੀ ਮਾਲਕਿਨ ਦੇ ਫਰਮਾ ਬਰਦਾਰ ਨੌਕਰ ਵਜੋਂ ਗੌਹਰ ਰਜ਼ਾ ਦੇ ਪਾਤਰ ਵਿਚ ਨਸੀਰੂਦੀਨ ਸ਼ਾਹ  ਛੋਟੀ ਜਿਹੀ ਭੂਮਿਕਾ ਵਿੱਚ ਹਨ....ਪਰ ਪਾਤਰ ਵਿਚ ਤੁਹਾਨੂੰ ਨਸੀਰੂਦੀਨ ਸ਼ਾਹ ਨਜ਼ਰ ਨਹੀਂ ਆਉਂਦਾ... ਉੱਥੇ ਕੋਠੇ ਦਾ ਇੱਕ ਫਰਮਾ ਬਰਦਾਰ ਹੀ ਨਜ਼ਰ ਆਉਂਦਾ  ਹੈ l

ਤਰਸੇਮ ਬਸ਼ਰ
9814163071