ਹਥਿਆਰਾਂ ਦੀ ਦੌੜ ਅਤੇ ਜਲਵਾਯੂ ਸੰਕਟ - ਡਾ. ਅਰੁਣ ਮਿੱਤਰਾ
ਜਲਵਾਯੂ ਸੰਕਟ ਦੀ ਸੰਭਾਲ ਬਾਰੇ ਵਿਚਾਰ ਵਟਾਂਦਰਾ ਕਰਨ ਲਈ 6 ਤੋਂ 18 ਨਵੰਬਰ 2022 ਤੱਕ ਹੋਈ ਵੱਖ ਵੱਖ ਦੇਸ਼ਾਂ ਦੀਆਂ ਸਰਕਾਰਾਂ ਅਤੇ ਸੰਸਾਰ ਭਰ ਤੋਂ ਆਏ ਗੈਰ-ਸਰਕਾਰੀ ਨੁਮਾਇੰਦੇ ਕੋਪ-27 ਨਾਮਕ ਸੰਮੇਲਨ ਵਿਚ ਮਿਸਰ ਦੇ ਨਗਰ ਸ਼ਰਮ ਅਲ ਸ਼ੇਖ਼ ਵਿਚ ਇਕੱਤਰ ਹੋਏ। ਇਸ ਮਹਾਂ ਸੰਮੇਲਨ ਦੇ ਆਰੰਭ ਵਾਲੇ ਭਾਸ਼ਣ ਵਿਚ ਸੰਯੁਕਤ ਰਾਸ਼ਟਰ ਦੇ ਸਕੱਤਰ ਜਨਰਲ ਅੰਤੋਨੀਓ ਗੁਟੇਰੇਜ਼ ਨੇ ਚਿਤਾਵਨੀ ਦਿੱਤੀ ਕਿ ਮਨੁੱਖਤਾ “ਜਲਵਾਯੂ ਦੇ ਹਾਈ ਵੇਅ ਦੇ ਨਰਕ ’ਤੇ ਖੜ੍ਹੀ ਹੈ ਅਤੇ ਇਸ ਦਹਾਕੇ ਵਿਚ ਜੀਵਤ ਗ੍ਰਹਿ ਦੀ ਲੜਾਈ ਜਿੱਤੀ ਜਾਂ ਹਾਰੀ ਜਾਵੇਗੀ।” ਉਨ੍ਹਾਂ ਕਿਹਾ, “ਅਸੀਂ ਆਪਣੀ ਜ਼ਿੰਦਗੀ ਦੀ ਲੜਾਈ ਲੜ ਰਹੇ ਹਾਂ ਅਤੇ ਅਸੀਂ ਹਾਰ ਰਹੇ ਹਾਂ… ਤੇ ਸਾਡਾ ਗ੍ਰਹਿ ਤੇਜ਼ੀ ਨਾਲ ਐਸੀ ਹਾਲਤ ’ਤੇ ਪਹੁੰਚ ਰਿਹਾ ਹੈ ਜੋ ਜਲਵਾਯੂ ਸੰਕਟ ਦੀ ਤਬਾਹੀ ਨੂੰ ਅਟੱਲ ਬਣਾ ਦੇਵੇਗਾ।” ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਅਗਲੇ ਪੰਦਰਵਾੜੇ ਦੌਰਾਨ ਇਸ ਵਾਰਤਾ ਵਿਚ ਦੁਨੀਆ ਨੂੰ ਸਖ਼ਤ ਚੋਣ ਦਾ ਸਾਹਮਣਾ ਕਰਨਾ ਪਏਗਾ, ਜਾਂ ਤਾਂ ਵਿਕਸਤ ਤੇ ਵਿਕਾਸਸ਼ੀਲ ਦੇਸ਼ ‘ਇਤਿਹਾਸਕ ਸਮਝੌਤਾ’ ਕਰਨ ਲਈ ਮਿਲ ਕੇ ਕੰਮ ਕਰਨ ਜੋ ਗ੍ਰੀਨਹਾਊਸ ਗੈਸਾਂ ਦੇ ਨਿਕਾਸ ਨੂੰ ਘਟਾਏ ਅਤੇ ਸੰਸਾਰ ਨੂੰ ਘੱਟ ਕਾਰਬਨ ਵਾਲੇ ਮਾਰਗ ’ਤੇ ਪਾਏ, ਨਹੀਂ ਤਾਂ ਅਸਫਲਤਾ ਜਲਵਾਯੂ ਵਿਗਾੜ ਅਤੇ ਤਬਾਹੀ ਲਿਆਏਗੀ। ਇਸ ਸੰਮੇਲਨ ਦੇ ਅੰਤ ਵਿਚ ਉਨ੍ਹਾਂ ਕਿਹਾ ਕਿ ਦੁੱਖ ਦੀ ਗੱਲ ਹੈ ਕਿ ਸੰਮੇਲਨ ਅੰਤ ਵਿਚ ਕਾਰਬਨ ਗੈਸਾਂ ਘਟਾਉਣ ਬਾਰੇ ਠੋਸ ਯੋਜਨਾ ਬਣਾਉਣ ਵਿਚ ਅਸਮਰਥ ਰਿਹਾ ਹੈ।
ਹਾਂ, ਇਕ ਗੱਲ ਜ਼ਰੂਰ ਹੋਈ, ਇਹ ਫੈਸਲਾ ਕੀਤਾ ਗਿਆ ਕਿ ਵਿਕਸਤ ਦੇਸ਼ ਜੋ ਜਲਵਾਯੂ ਤਬਦੀਲੀ ਲਈ ਜਿ਼ੰਮੇਵਾਰ ਹਨ, ਵਿਕਾਸਸ਼ੀਲ ਦੇਸ਼ਾਂ ਲਈ ਜਿਹੜੇ ਜਲਵਾਯੂ ਤਬਦੀਲੀ ਕਾਰਨ ਹੋਈ ਗਰਮੀ ਤੋਂ ਪ੍ਰਭਾਵਿਤ ਹੋਏ ਹਨ, ਲਈ ਵਿਸ਼ੇਸ਼ ਫ਼ੰਡ ਬਣਾਉਣਗੇ। ਮੁੱਖ ਮੁੱਦਾ ਤਾਂ ਇਹ ਰਿਹਾ ਕਿ ਕੋਇਲੇ ਦੀ ਵਰਤੋਂ ’ਤੇ ਰੋਕ ਲੱਗੇ। ਭਾਰਤ ਨੇ ਰਾਏ ਦਿੱਤੀ ਸੀ ਕਿ ਇਕੱਲੇ ਕੋਇਲੇ ਨਹੀਂ ਬਲਕਿ ਗੈਸ ਜਾਂ ਤੇਲ ਸਮੇਤ ਧਰਤੀ ਤੋਂ ਨਿਕਲਣ ਵਾਲੇ ਸਾਰੇ ਈਂਧਨਾਂ ਬਾਰੇ ਫ਼ੈਸਲਾ ਕੀਤਾ ਜਾਵੇ।
ਸੰਯੁਕਤ ਰਾਸ਼ਟਰ ਫਰੇਮਵਰਕ ਕਨਵੈਨਸ਼ਨ ਆਨ ਕਲਾਈਮੇਟ ਚੇਂਜ (UN Framework Convention on Climate Change) ਦੁਆਰਾ ਪ੍ਰਕਾਸ਼ਿਤ ਆਰਜ਼ੀ ਸੂਚੀ ਅਨੁਸਾਰ, 33449 ਭਾਗੀਦਾਰਾਂ ਨੇ ਕੋਪ-27 ਵਿਚ ਹਿੱਸਾ ਲਿਆ। ਇਹ ਮੁੱਦਾ ਇਸ ਲਈ ਮਹੱਤਵਪੂਰਨ ਹੋ ਗਿਆ ਕਿਉਂਕਿ ਧਰਤੀ ਦੇ ਤਾਪਮਾਨ ਵਿਚ ਵਾਧੇ ਅਤੇ ਗਲੇਸ਼ੀਅਰ ਪਿਘਲਣ ਕਾਰਨ ਸਮੁੰਦਰ ਦੇ ਪੱਧਰ ਵਿਚ ਵਾਧਾ ਹੋਣ ਦੇ ਨਤੀਜੇ ਵਜੋਂ ਸੰਸਾਰ ਵਾਰ ਵਾਰ ਕੁਦਰਤੀ ਆਫ਼ਤਾਂ ਦਾ ਸਾਹਮਣਾ ਕਰ ਰਿਹਾ ਹੈ। ਇਹ ਸੰਮੇਲਨ ਜਲਵਾਯੂ ਤਬਦੀਲੀ ਲਈ ਜਿ਼ੰਮੇਵਾਰ ਕਾਰਕ ਘਟਾਉਣ ਲਈ ਕਦਮ ਚੁੱਕਣ ਲਈ ਸਰਕਾਰਾਂ ਨਾਲ ਚਰਚਾ ਕਰਨ ਲਈ ਪਹਿਲਾਂ ਹੋਈਆਂ ਕਈ ਮੀਟਿੰਗਾਂ ਦੀ ਲਗਾਤਾਰਤਾ ਵਿਚ ਹੈ। ਜਲਵਾਯੂ ਸੰਕਟ ਨੂੰ ਕੰਟਰੋਲ ਕਰਨ ਲਈ ਕਦਮ ਚੁੱਕਣ ਵਿਚ ਸਰਕਾਰਾਂ, ਖਾਸ ਤੌਰ ’ਤੇ ਵਿਕਸਤ ਜਾਂ ਤੇਜ਼ੀ ਨਾਲ ਵਿਕਾਸ ਕਰ ਰਹੀਆਂ ਅਰਥਵਿਵਸਥਾਵਾਂ ਦੁਆਰਾ ਕੀਤੇ ਅੱਧ-ਮਨੁੱਖੀ ਉਪਾਵਾਂ ਨੇ ਸੰਕਟ ਵਿਚ ਵਾਧਾ ਕੀਤਾ ਹੈ।
ਜਲਵਾਯੂ ਸੰਕਟ ਲਈ ਜਿ਼ੰਮੇਵਾਰ ਗੈਸਾਂ ਦੇ ਉਤਪਾਦਨ ਦੇ ਮੁੱਖ ਕਾਰਨਾਂ ਵਿਚੋਂ ਇੱਕ ਫੌਜੀ ਗਤੀਵਿਧੀਆਂ ਵਿਚ ਵਾਧਾ ਹੈ। ਹਥਿਆਰਾਂ ਦਾ ਉਤਪਾਦਨ, ਉਨ੍ਹਾਂ ਦੀ ਸਾਂਭ-ਸੰਭਾਲ, ਉਨ੍ਹਾਂ ਦੀ ਆਵਾਜਾਈ ਤੇ ਵਰਤੋਂ, ਸਭ ਕਾਸੇ ਵਿਚ ਊਰਜਾ ਦੀ ਵਰਤੋਂ ਹੁੰਦੀ ਹੈ। ਰੂਸ ਅਤੇ ਯੂਕਰੇਨ ਦਰਮਿਆਨ ਜੰਗ ਵਿਚ ਹਥਿਆਰਾਂ ਦੀ ਵਿਆਪਕ ਵਰਤੋਂ ਜਲਵਾਯੂ ਸੰਕਟ ਵਧਾ ਰਹੀ ਹੈ। ਨੇੜ ਭਵਿੱਖ ਵਿਚ ਜੰਗ ਖ਼ਤਮ ਹੋਣ ਦੇ ਕੋਈ ਸੰਕੇਤ ਨਹੀਂ। ਰੂਸ ਦੇ ਭਰੋਸੇ ਦੇ ਬਾਵਜੂਦ ਪਰਮਾਣੂ ਹਥਿਆਰਾਂ ਦੀ ਵਰਤੋਂ ਦਾ ਖ਼ਤਰਾ ਪੂਰੀ ਤਰ੍ਹਾਂ ਖਤਮ ਨਹੀਂ ਹੋਇਆ। ਪਰਮਾਣੂ ਊਰਜਾ ਪਲਾਂਟ ਲਗਾਤਾਰ ਖ਼ਤਰੇ ਵਿਚ ਹਨ।
ਇਸ ਲਈ ਇਹ ਮਹੱਤਵਪੂਰਨ ਹੈ ਕਿ ਦੁਨੀਆ ਨੂੰ ਵੱਖ ਵੱਖ ਹਿੱਸਿਆਂ ਵਿਚ ਤਣਾਅ ਘਟਾਉਣ ਲਈ ਬਹਿਸ ਕਰਨੀ ਚਾਹੀਦੀ ਸੀ ਤਾਂ ਜੋ ਹਥਿਆਰਾਂ ਦਾ ਉਤਪਾਦਨ, ਵਿਕਰੀ ਅਤੇ ਵਰਤੋਂ ਰੋਕੀ ਜਾ ਸਕੇ। ਜਲਵਾਯੂ ਵਿਗਿਆਨੀ ਐਲਨ ਰੋਬੋਕ, ਲਿਲੀ ਸ਼ੀਆ ਅਤੇ ਉਨ੍ਹਾਂ ਦੇ ਸਹਿਯੋਗੀਆਂ ਦੁਆਰਾ ਕਰਵਾਈ ਖੋਜ ਦੇ ਆਧਾਰ ’ਤੇ ਇੰਟਰਨੈਸ਼ਨਲ ਫਿਜ਼ੀਸ਼ੀਅਨ ਫਾਰ ਦਿ ਪ੍ਰੀਵੈਂਸ਼ਨ ਆਫ ਨਿਊਕਲੀਅਰ ਵਾਰ (ਆਈਪੀਪੀਐੱਨਡਬਲਿਊ) ਦੀ ਰਿਪੋਰਟ ‘ਨਿਊਕਲੀਅਰ ਫੈਮੀਨ’ ਅਨੁਸਾਰ, ਜੇ ਭਾਰਤ ਪਾਕਿਸਤਾਨ ਵਿਚਕਾਰ ਪਰਮਾਣੂ ਜੰਗ ਛਿੜਦੀ ਹੈ ਤਾਂ ਦੁਨੀਆ ਦੇ ਦੋ ਅਰਬ ਤੋਂ ਵੱਧ ਲੋਕ ਭੁੱਖਮਰੀ ਦੇ ਖ਼ਤਰੇ ਵਿਚ ਪੈ ਜਾਣਗੇ। ਸੰਸਾਰ ਦੀ ਭੋਜਨ ਸਪਲਾਈ ’ਤੇ ਪ੍ਰਭਾਵ ਕਾਰਨ ਅਜਿਹੀ ਜੰਗ 2 ਕਰੋੜ ਲੋਕਾਂ ਨੂੰ ਸਿੱਧੇ ਤੌਰ ’ਤੇ ਮਾਰ ਦੇਵੇਗੀ ਅਤੇ ਉਪ-ਮਹਾਦੀਪ ਦੇ ਬਹੁਤ ਸਾਰੇ ਵੱਡੇ ਸ਼ਹਿਰ ਰੇਡੀਓਐਕਟਿਵ ਕਿਰਨਾਂ ਨਾਲ ਢੱਕੇ ਜਾਣਗੇ। ਇਸ ਲਈ ਧਰਤੀ ਉੱਤੇ ਮੌਜੂਦ ਲਗਭਗ 12500 ਪਰਮਾਣੂ ਹਥਿਆਰ ਜਲਵਾਯੂ ਲਈ ਗੰਭੀਰ ਖ਼ਤਰਾ ਹਨ।
ਸੰਸਾਰਵਿਆਪੀ ਨਤੀਜੇ ਤਾਂ ਹੋਰ ਵੀ ਚਿੰਤਾਜਨਕ ਹਨ। ਧਮਾਕਿਆਂ ਦੇ ਨਤੀਜੇ ਵਜੋਂ ਅੱਗ ਤੋਂ ਵਾਯੂਮੰਡਲ ਵਿਚ ਦਾਖਲ ਹੋਏ ਧੂਏਂ ਅਤੇ ਮਲਬਾ ਸੂਰਜ ਦੀ ਰੋਸ਼ਨੀ ਧਰਤੀ ਤੱਕ ਪਹੁੰਚਣ ਤੋਂ ਰੋਕਣਗੇ ਜਿਸ ਕਾਰਨ -1.25 ਦੀ ਔਸਤ ਸਤਹਿ ਠੰਢਕ ਪੈਦਾ ਹੋਏਗੀ ਜੋ ਕਈ ਸਾਲਾਂ ਤੱਕ ਰਹੇਗੀ। ਇੱਥੋਂ ਤੱਕ ਕਿ 10 ਸਾਲ ਬਾਅਦ -0.5 ਦੀ ਨਿਰੰਤਰ ਔਸਤ ਸਤਹਿ ਠੰਢਕ ਹੋਵੇਗੀ। ਇਸ ਨਾਲ ਸੰਸਾਰ ਪੱਧਰ ’ਤੇ ਮੀਂਹ 10% ਘਟ ਜਾਣਗੇ। ਅਜਿਹੇ ਹਾਲਾਤ ਵਿਚ ਫਸਲਾਂ ਦੇ ਝਾੜ ਵਿਚ ਕਮੀ ਆਵੇਗੀ। ਭੋਜਨ ਦੀ ਕਮੀ ਦੁਨੀਆ ਭਰ ਵਿਚ ਪਹਿਲਾਂ ਹੀ ਕੁਪੋਸ਼ਣ ਦੇ ਸ਼ਿਕਾਰ ਗਰੀਬ ਲੋਕਾਂ ਨੂੰ ਪ੍ਰਭਾਵਿਤ ਕਰ ਕੇ ਭੋਜਨ ਦੀਆਂ ਕੀਮਤਾਂ ਵਿਚ ਵਾਧਾ ਕਰੇਗੀ। ਦੁਨੀਆ ਵਿਚ ਇੱਕ ਅਰਬ ਤੋਂ ਵੱਧ ਲੋਕ ਹਨ ਜਿਨ੍ਹਾਂ ਦੀ ਖੁਰਾਕ ਵਿਚ ਰੋਜ਼ਾਨਾ ਕੈਲਰੀ ਦੀ ਮਾਤਰਾ ਘੱਟੋ-ਘੱਟ ਲੋੜਾਂ ਤੋਂ ਘੱਟ ਹੈ। ਇੱਥੋਂ ਤੱਕ ਕਿ ਖੇਤੀਬਾੜੀ ਉਤਪਾਦਨ ਵਿਚ ਮਾਮੂਲੀ, ਅਚਾਨਕ ਗਿਰਾਵਟ ਵੱਡਾ ਅਕਾਲ ਲਿਆ ਸਕਦੀ ਹੈ। ਜੇ ਅਕਾਲ ਦੀਆਂ ਹਾਲਤਾਂ ਇੱਕ ਸਾਲ ਜਾਂ ਇਸ ਤੋਂ ਵੱਧ ਸਮੇਂ ਤੱਕ ਜਾਰੀ ਰਹਿੰਦੀਆਂ ਹਨ ਤਾਂ ਇਹ ਡਰ ਵਾਜਿਬ ਜਾਪਦਾ ਹੈ ਕਿ ਧਰਤੀ ਦੇ ਦੱਖਣੀ ਹਿੱਸੇ ਜੋ ਆਰਥਿਕ ਤੌਰ ’ਤੇ ਕਮਜ਼ੋਰ ਹਨ, ਵਿਚ ਕੁੱਲ ਮੌਤਾਂ ਦੀ ਗਿਣਤੀ ਸਿਰਫ਼ ਭੁੱਖਮਰੀ ਕਾਰਨ ਇੱਕ ਅਰਬ ਤੋਂ ਵੱਧ ਹੋ ਸਕਦੀ ਹੈ। ਇਸ ਗੱਲ ਦਾ ਖ਼ਦਸ਼ਾ ਬਹੁਤ ਜ਼ਿਆਦਾ ਹੈ ਕਿ ਇਸ ਪੈਮਾਨੇ ’ਤੇ ਅਕਾਲ ਛੂਤ ਦੀਆਂ ਬਿਮਾਰੀਆਂ ਦੀਆਂ ਵੱਡੀਆਂ ਮਹਾਮਾਰੀਆਂ ਨੂੰ ਜਨਮ ਦੇਵੇਗਾ। ਪਲੇਗ ਵਰਗੀਆਂ ਬਿਮਾਰੀਆਂ ਸਿਹਤ ਲਈ ਦੁਬਾਰਾ ਵੱਡੇ ਖਤਰੇ ਬਣ ਸਕਦੀਆਂ ਹਨ।
ਅਧਿਐਨ ਦੇ ਅਨੁਮਾਨਾਂ ਅਨੁਸਾਰ ਭੋਜਨ ਸੰਕਟ ਕਾਰਨ ਅੰਦਰੂਨੀ ਅਤੇ ਬਾਹਰੀ ਟਕਰਾਅ ਸ਼ੁਰੂ ਹੋਣ ਦੇ ਖ਼ਦਸ਼ੇ ਵੀ ਹਨ। ਅਜਿਹੇ ਹਾਲਾਤ ਵਿਚ ਦੋ ਪਰਮਾਣੂ ਮਹਾਂ ਸ਼ਕਤੀਆਂ- ਅਮਰੀਕਾ ਤੇ ਰੂਸ ਦਰਮਿਆਨ ਪਰਮਾਣੂ ਹਥਿਆਰਾਂ ਦੀ ਵਰਤੋਂ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਵੇਂ ਦੇਸ਼ਾਂ ਦੇ ਵੱਡੇ ਹਿੱਸੇ ਰੇਡੀਓਐਕਟਿਵ ਫਾਲੋਆਊਟ ਦੁਆਰਾ ਖਾਲੀ ਹੋ ਜਾਣਗੇ ਅਤੇ ਉਨ੍ਹਾਂ ਦੇ ਉਦਯੋਗਕ, ਆਵਾਜਾਈ ਅਤੇ ਸੰਚਾਰ ਬੁਨਿਆਦੀ ਢਾਂਚੇ ਤਬਾਹ ਹੋ ਜਾਣਗੇ। ਜ਼ਿਆਦਾਤਰ ਅਮਰੀਕੀ ਅਤੇ ਰੂਸੀ ਆਉਣ ਵਾਲੇ ਮਹੀਨਿਆਂ ਵਿਚ ਰੇਡੀਏਸ਼ਨ ਬਿਮਾਰੀ ਅਤੇ ਭੁੱਖਮਰੀ ਤੋਂ ਮਰ ਜਾਣਗੇ। ਪਰਮਾਣੂ ਯੁੱਧ ਦੀ ਰੋਕਥਾਮ ਲਈ ਡਾਕਟਰਾਂ ਦੀ ਕੌਮਾਂਤਰੀ ਜੱਥੇਬੰਦੀ ਆਈਪੀਪੀਐੱਨਡਬਲਿਊ ਅਤੇ ਪਰਮਾਣੂ ਹਥਿਆਰ ਖਤਮ ਕਰਨ ਲਈ ਕੌਮਾਂਤਰੀ ਮੁਹਿੰਮ (International Campaign to Abolish Nuclear Weapons - ICAN) ਨੇ ਇਹ ਮੁੱਦਾ ਉਜਾਗਰ ਕੀਤਾ ਹੈ।
ਸੰਯੁਕਤ ਰਾਸ਼ਟਰ ਦੀ ਮਹਾਂ ਸਭਾ ਵੱਲੋਂ ਪਰਮਾਣੂ ਹਥਿਆਰ ਰੋਕਣ ਵਾਲੀ ਸੰਧੀ (Treaty on the Prohibition of Nuclear Weapons - TPNW) ਪਾਸ ਕਰਨ ਦੇ ਬਾਵਜੂਦ, ਪਰਮਾਣੂ ਹਥਿਆਰਾਂ ’ਤੇ ਖਰਚੇ ਵਿਚ ਲਗਾਤਾਰ ਵਾਧਾ ਖਤਰੇ ਦੀ ਘੰਟੀ ਹੈ। ਪਰਮਾਣੂ ਹਥਿਆਰਾਂ ’ਤੇ ਭਾਰੀ ਖਰਚਾ ਸਾਡੇ ਲੋਕਾਂ ਦੀਆਂ ਕਈ ਭਲਾਈ ਲੋੜਾਂ ਪੂਰੀਆਂ ਕਰ ਸਕਦਾ ਹੈ। ਬਦਕਿਸਮਤੀ ਦੀ ਗੱਲ ਹੈ ਕਿ ਸਾਡੇ ਦੇਸ਼ ਸਮੇਤ ਇਸ ਦੇ ਬਿਰਤਾਂਤ ਨੂੰ ਬਣਦਾ ਮਹੱਤਵ ਨਹੀਂ ਦਿੱਤਾ ਜਾ ਰਿਹਾ। ਇਹ ਬਹਿਸ ਦੇ ਮੁੱਖ ਬਿੰਦੂਆਂ ਵਿਚੋਂ ਇੱਕ ਹੋਣਾ ਚਾਹੀਦਾ ਸੀ ਪਰ ਮਿਸਰ ਵਿਚ ਵੀ ਇੰਝ ਨਹੀਂ ਹੋਇਆ। ਆਵਾਜ਼ ਬੁਲੰਦ ਕਰਨਾ ਸਾਰੇ ਅਮਨ ਪਸੰਦ ਨਾਗਰਿਕਾਂ ਦਾ ਫਰਜ਼ ਹੈ। ਆਉਣ ਵਾਲੇ ਸਾਲ 2023 ਵਿਚ ਕੋਪ-28 ਵਿਚ ਭਾਗ ਲੈਣ ਵਾਲੀਆਂ ਧਿਰਾਂ ਨੂੰ ਇਸ ਮੁੱਦੇ ਨੂੰ ਤਰਜੀਹੀ ਆਧਾਰ ’ਤੇ ਗੰਭੀਰਤਾ ਨਾਲ ਬਹਿਸ ਕਰਨੀ ਚਾਹੀਦੀ ਹੈ।
ਸੰਪਰਕ : 94170-00360