ਕੀ ਪ੍ਰਵਾਸੀ ਪੰਜਾਬੀਆਂ ਪ੍ਰਤੀ ਪਿਆਰ-ਵਿਖਾਵਾ ਤਾਂ ਨਹੀਂ ਕਰ ਰਹੀ ਸਰਕਾਰ? - ਗੁਰਮੀਤ ਸਿੰਘ ਪਲਾਹੀ

ਪ੍ਰਵਾਸੀ ਪੰਜਾਬੀ ਦੀਆਂ ਦਿੱਕਤਾਂ, ਔਖਿਆਈਆਂ, ਸਮੱਸਿਆਵਾਂ ਦੇ ਹੱਲ ਉਹਨਾ ਨੂੰ ਦਿੱਤੇ ਜਾਣ ਵਾਲੇ ਮਾਣ-ਸਨਮਾਨ ਅਤੇ ਪ੍ਰਵਾਸੀ ਪੰਜਾਬੀਆਂ ਵਲੋਂ ਪੰਜਾਬ 'ਚ ਨਿਵੇਸ਼ ਵਧਾਉਣ ਲਈ ਪਿਛਲੀਆਂ ਅਕਾਲੀ-ਭਾਜਪਾ, ਕਾਂਗਰਸ ਸਰਕਾਰਾਂ ਨੇ ਕਈ ਦਹਾਕੇ ਤੱਕ ਯਤਨ ਕੀਤੇ। ਮੌਜੂਦਾ ਸਰਕਾਰ ਨੇ ਵੀ ਪੰਜਾਬੀ ਐਨ.ਆਰ.ਆਈਜ਼. ਨਾਲ ਮਿਲਣੀਆਂ ਕਰਕੇ ਦਸੰਬਰ 2022 'ਚ ਉਹਨਾ ਦੀਆਂ ਸ਼ਕਾਇਤਾਂ ਦੇ ਨਿਵਾਰਣ ਲਈ ਪਹਿਲਕਦਮੀ ਕਰਨ ਦਾ ਬੀੜਾ ਚੁੱਕਿਆ ਹੈ। ਕੀ ਪੰਜਾਬ ਦੀਆਂ ਸਮੇਂ-ਸਮੇਂ ਬਣੀਆਂ ਸਰਕਾਰਾਂ ਅਤੇ ਮੌਜੂਦਾ ਸਰਕਾਰ, ਸਚਮੁੱਚ ਪ੍ਰਵਾਸੀ ਪੰਜਾਬੀਆਂ ਪ੍ਰਤੀ ਜਾਂ ਉਹਨਾ ਦੀਆਂ ਸਮੱਸਿਆਵਾਂ ਪ੍ਰਤੀ ਸੰਜੀਦਾ ਹੈ? ਜਾਂ ਫਿਰ ਧਨਾਢ ਪ੍ਰਵਾਸੀ ਪੰਜਾਬੀਆਂ ਤੋਂ ਪੰਜਾਬ 'ਚ ਨਿਵੇਸ਼ ਕਰਵਾਉਣ ਲਈ ਜਾਂ ਆਮ ਪ੍ਰਵਾਸੀ ਪੰਜਾਬੀਆਂ ਨੂੰ ਖੁਸ਼ ਕਰਕੇ ਉਹਨਾ ਰਾਹੀਂ ਵੋਟਾਂ ਹਥਿਆਉਣ ਲਈ ਹੀ ਉਹਨਾ ਪ੍ਰਤੀ ਹੇਜ, ਪਿਆਰ ਵਿਖਾ ਰਹੀ ਹੈ?

 ਵੱਡੀ ਗਿਣਤੀ ਪੰਜਾਬੀ ਪ੍ਰਵਾਸੀ ਦੁਨੀਆਂ ਦੇ ਵੱਖੋ-ਵੱਖਰੇ ਕੋਨਿਆਂ 'ਚ ਵਸੇ ਰੁਜ਼ਗਾਰ ਕਰ ਰਹੇ ਹਨ, ਪੈਸਾ ਕਮਾ ਰਹੇ ਹਨ, ਸੁੱਖ ਸ਼ਾਂਤੀ ਨਾਲ ਰਹਿ ਰਹੇ ਹਨ, ਵੱਡਾ ਨਾਮਣਾ ਵੀ ਕਮਾ ਰਹੇ ਹਨ, ਔਖਿਆਈਆਂ ਝਾਂਗਕੇ ਵੀ ਆਪਣੀ ਜਨਮ ਭੂਮੀ ਪੰਜਾਬ  ਨਾਲ ਪਿਆਰ ਪਾਲਦਿਆਂ, ਇਸ ਦੇ ਵਿਕਾਸ, ਸੁੱਖ ਦੀ ਕਾਮਨਾ ਕਰਦੇ ਹਨ। ਵਿਦੇਸ਼ਾਂ 'ਚ ਵਸਦਿਆਂ ਵਰ੍ਰੇ, ਛਿਮਾਹੀ ਜਾਂ ਕਦੇ ਵਰ੍ਹਿਆਂ ਬਾਅਦ ਜਦੋਂ ਉਹ ਆਪਣੇ ਵਤਨ, ਪਿਆਰੇ ਦੇਸ਼ ਪੰਜਾਬ  ਦੀ ਧਰਤੀ ਵੱਲ ਫੇਰਾ ਪਾਉਂਦੇ ਹਨ ਤਾਂ ਉਹਨਾ ਨੂੰ ਪੰਜਾਬ ਓਪਰਾ-ਓਪਰਾ ਕਿਉਂ ਲਗਣ ਲੱਗ  ਪਿਆ ਹੈ? ਕਿਉਂ ਉਹ ਪੰਜਾਬ 'ਚ ਆ ਕੇ ਉਹ ਨਿੱਘ ਮਹਿਸੂਸ ਨਹੀਂ ਕਰਦੇ, ਜਿਸਦੀ ਤਵੱਕੋ ਉਹ ਆਪਣੇ ਦੋਸਤਾਂ, ਮਿੱਤਰਾਂ, ਰਿਸ਼ਤੇਦਾਰਾਂ, ਪੇਂਡੂਆਂ,ਸਨੇਹੀਆਂ ਪੁਰਾਣੇ ਗਵਾਂਢੀਆਂ, ਸਰਕਾਰਾਂ, ਸਿਆਸਤਦਾਨਾਂ ਤੋਂ ਕਰਦੇ ਰਹੇ ਹਨ।

ਅਸਲ 'ਚ ਉਹਨਾ ਦੇ ਨਾਲ ਉਹਨਾ ਦੀ ਆਪਣੀ ਧਰਤੀ ਉਤੇ ਕੀਤਾ ਜਾਣ ਵਾਲਾ ਵਰਤਾਰਾ, ਉਹਨਾ ਨੂੰ ਤੰਗ ਪ੍ਰੇਸ਼ਾਨ ਕਰਦਾ ਹੈ, ੳਦੋਂ ਜਦੋਂ ਪੰਜਾਬ ਵਸਦੇ ਪੰਜਾਬੀ ਪਿਆਰੇ ਉਹਨਾ ਨੂੰ "ਧੰਨ ਦੀ ਤੱਕੜੀ" 'ਚ ਤੋਲਦੇ ਹਨ, ਮਨ ਦੀ ਤੱਕੜੀ 'ਤੇ ਤਾਂ ਉਹ ਠੂੰਗਾ ਹੀ ਮਾਰਨ ਲਗ ਪਏ ਹਨ।

ਸਮੱਸਿਆ ਹੈ ਕਿ ਜਦੋਂ ੳਹ ਪੰਜਾਬ ਛੱਡ ਗਏ, ਵਿਦੇਸ਼ ਵਸ ਗਏ, ਪਿਛੇ ਰਹਿ ਗਏ ਉਹਨਾ ਦੇ ਘਰਾਂ, ਜ਼ਮੀਨਾਂ, ਜ਼ਾਇਦਾਦਾਂ ਦੀ ਰਾਖੀ ਕਰਨ ਵਾਲੇ ਜਦੋਂ ਉਹਨਾ ਦੀਆਂ ਜ਼ਾਇਦਾਦਾਂ ਨੂੰ ਹਥਿਆਉਣ ਦੇ ਰਾਹ ਤੁਰ ਪਏ, ਤਾਂ ਰਿਸ਼ਤੇ, ਤਿੜਕੇ, ਰਿਸ਼ਤਿਆਂ 'ਚ ਖਟਾਸ ਵਧੀ, ਦੁਸ਼ਮਣੀਆਂ ਪਈਆਂ, ਅਦਾਲਤਾਂ, ਥਾਣਿਆਂ 'ਚ ਕੇਸ ਚਲੇ 'ਤੇ ਪ੍ਰਵਾਸ ਹੰਢਾ ਰਹੇ ਇਹ ਪੰਜਾਬੀ ਨਿੱਤ ਦਿਹਾੜੇ ਆਪਣਿਆਂ ਹੱਥੋਂ ਲੁੱਟ ਦਾ ਦਰਦ ਹੰਢਾਉਂਦਿਆਂ  ਲਾਲ, ਪੀਲੇ ਹੁੰਦੇ ਰਹੇ, ਪਰ ਬੇਵਸੀ ਦੇ ਆਲਮ 'ਚ ਕੁਝ ਨਾ ਕਰ ਸਕਣ ਦੀ ਸਥਿਤੀ 'ਚ ਆ ਗਏ, ਕਿਉਂਕਿ ਸਮੇਂ ਦੀਆਂ ਉਪਰਲੀਆਂ, ਹੇਠਲੀਆਂ, ਸਰਕਾਰਾਂ, ਸਿਆਸਤਦਾਨਾਂ ਉਹਨਾ ਦੀ ਬਾਂਹ ਨਾ ਫੜੀ, ਸਰਕਾਰਾਂ ਐਨ.ਆਰ.ਆਈ. ਥਾਣੇ ਬਣਾਏ, ਐਨ.ਆਰ.ਆਈ. ਅਦਾਲਤਾਂ ਬਣਾਈਆਂ, ਪਰ ਉਹਨਾ ਦੀ ਲੰਮੀ ਪ੍ਰਕਿਆ ਤੋਂ ਹੰਭ ਕੇ ਉਹ ਨਿਰਾਸ਼, ਉਦਾਸ, ਹਤਾਸ਼ ਹੋ ਕੇ ਚੁੱਪ ਹੋਣ ਵਾਲੀ ਹਾਲਤ ਦੇ ਵਿਹੜੇ ਜਾ ਵੜੇ। ਕੀ ਮੌਜੂਦਾ ਸਰਕਾਰ ਉਹਨਾ ਦੀਆਂ ਸਮੱਸਿਆਵਾਂ ਹੱਲ ਕਰ ਸਕੇਗੀ? ਕੀ ਮੌਜੂਦਾ ਸਰਕਾਰ ਪ੍ਰਵਾਸੀ ਪੰਜਾਬੀਆਂ ਪ੍ਰਤੀ ਬਣਾਈ ਜਾ ਰਹੀ ਨਵੀਂ  ਪਾਲਿਸੀ ਨੂੰ ਦ੍ਰਿੜਤਾ ਨਾਲ ਲਾਗੂ ਕਰ ਸਕੇਗੀ ਤਾਂ ਕਿ ਪ੍ਰਵਾਸੀ ਪੰਜਾਬੀ ਕੁਝ ਤਾਂ ਰਾਹਤ ਮਹਿਸੂਸ ਕਰ ਸਕਣ। ਮੁੱਖ ਤੌਰ 'ਤੇ ਪ੍ਰਵਾਸੀ ਪੰਜਾਬੀਆਂ ਦੇ ਜਾਇਦਾਦ, ਵਿਆਹਾਂ ਸੰਬੰਧੀ ਮਸਲੇ ਲੰਮੇ ਸਮੇਂ ਤੋਂ ਲਟਕੇ ਹੋਏ ਹਨ, ਅਦਾਲਤਾਂ ਅਤੇ ਥਾਣਿਆਂ 'ਚ ਅਤੇ ਭੂਮੀ ਮਾਫੀਆ ਅਤੇ ਗੈਂਗ ਪ੍ਰਵਾਸੀ ਪੰਜਾਬੀਆਂ ਦੇ ਇਹਨਾ ਕੇਸਾਂ ਨੂੰ ਲਗਾਤਾਰ ਪ੍ਰਭਾਵਤ ਕਰਦਾ ਹੈ। ਕੀ ਮੌਜੂਦਾ ਸਰਕਾਰ ਐਨ.ਆਰ. ਆਈ ਲੋਕ ਅਦਾਲਤਾਂ ਰਾਹੀਂ ਆਪਸੀ  ਰਜਾਮੰਦੀ ਨਾਲ ਇਹ ਵਰ੍ਹਿਆਂ ਪੁਰਾਣੇ ਕੇਸ ਹੱਲ ਕਰੇਗੀ?

ਪ੍ਰਵਾਸੀ ਸੰਬੰਧੀ ਬਣਾਏ ਪ੍ਰਾਜੈਕਟ ਫੇਲ੍ਹ

 ਕਈ ਦਹਾਕੇ ਪਹਿਲਾਂ ਪੰਜਾਬ ਸਰਕਾਰ ਵਲੋਂ ਐਨ.ਆਰ.ਆਈ. ਸਭਾ ਜਲੰਧਰ ਦਾ ਗਠਨ ਕੀਤਾ ਗਿਆ ਸੀ। ਇਸ ਸਭਾ ਦਾ  ਉਦੇਸ਼ ਪ੍ਰਵਾਸੀ ਪੰਜਾਬੀਆਂ ਦੇ ਹਿੱਤਾਂ ਦੀ ਰਾਖੀ ਲਈ ਕੰਮ ਕਰਨਾ ਸੀ। ਪਰ ਕੁਝ ਵਰ੍ਹਿਆਂ 'ਚ ਹੀ ਇਹ ਸਭਾ ਸਿਆਸਤ ਦਾ ਅਖਾੜਾ ਬਣ ਗਈ। ਮੌਜੂਦਾ ਸਮੇਂ 'ਚ ਤਾਂ ਅਖੋਤੀ ਚੋਣ ਹੋਣ ਦੇ ਬਾਵਜੂਦ ਵੀ ਇਸਦੀ ਹੋਂਦ ਵਿਖਾਈ ਹੀ ਨਹੀਂ ਦਿੰਦੀ। ਇਸ ਸੰਸਥਾ ਨੇ ਹਜ਼ਾਰਾਂ ਪ੍ਰਵਾਸੀਆਂ ਪੰਜਾਬੀਆਂ ਤੋਂ ਮੈਂਬਰਸ਼ਿਪ ਦੇ ਨਾਮ ਤੇ ਚੰਦੇ ਉਗਰਾਹੇ, ਕਰੋੜਾਂ ਦੀ ਲਾਗਤ ਨਾਲ ਜਲੰਧਰ 'ਚ ਦਫ਼ਤਰ ਬਣਾਇਆ, ਪਰ ਹੁਣ ਇਸਦੀ ਹਾਲਤ ਸਿਰਫ਼ ਚਾਰਾ ਖਾਣਾ ਵਾਲੇ ਹਾਥੀ ਵਰਗੀ ਹੈ, ਜੋ ਕਿਸੇ ਦਾ ਕੁਝ ਵੀ ਨਹੀਂ  ਸੁਆਰਦਾ । ਇਹ ਸੰਸਥਾ ਜੋ ਸੁਸਾਇਟੀਜ਼ ਰਜਿਸਟ੍ਰੇਸ਼ਨ ਐਕਟ-1860 ਅਧੀਨ ਰਜਿਸਟਰਡ ਹੈ, ਸਿਰਫ਼ ਅਫ਼ਸਰਾਂ ਦੇ ਗਲਬੇ ਹੇਠ ਹੈ।

ਅਕਾਲੀ-ਭਾਜਪਾ ਨੇ ਪੰਜਾਬੀ ਪ੍ਰਵਾਸੀਆਂ ਨਾਲ ਸਾਂਝ ਪਕੇਰੀ ਕਰਨ ਲਈ ਹਰ ਵਰ੍ਹੇ ਕਈ  ਸਾਲ ਪ੍ਰਵਾਸੀ ਪੰਜਾਬੀ ਸੰਮੇਲਨ ਕਰਵਾਏ। ਰੰਗ-ਬਰੰਗੇ ਸੁਪਨੇ ਉਹਨਾ ਦੇ ਮਨਾਂ 'ਚ ਸੰਜੋਏ। ਅਰਬਾਂ ਰੁਪਏ ਇਹਨਾ ਸੰਮੇਲਨਾਂ 'ਤੇ ਸਰਕਾਰ ਨੇ ਖ਼ਰਚੇ ਅਤੇ ਅਰਬਾਂ ਰੁਪਏ ਪ੍ਰਵਾਸੀ ਪੰਜਾਬੀਆਂ ਦੀਆਂ ਜੇਬੋਂ ਵੀ ਗਏ ਪਰ ਕਿਸ ਅਰਥ ਆਏ, ਸਿਵਾਏ ਢੁੱਠਾਂ ਵਾਲੇ ਪ੍ਰਵਾਸੀਆਂ ਨੂੰ ਸੈਰਾਂ ਕਰਵਾਉਣ ਦੇ ਜਾਂ ਸਿਆਸਤਦਾਨਾਂ ਵਲੋਂ ਆਪਣੀ ਨੇਤਾਗਿਰੀ ਚਮਕਾਉਣ ਦੇ।

ਕਨੂੰਨ, ਥਾਣੇ, ਕਮਿਸ਼ਨ

ਪ੍ਰਵਾਸੀਆਂ ਦੇ ਮਸਲਿਆਂ ਦੇ ਹੱਲ ਲਈ ਪੰਜਾਬ ਸਰਕਾਰ ਵਲੋਂ ਕਨੂੰਨ ਬਣਾਏ ਗਏ, ਤਾਂ ਕਿ ਪ੍ਰਵਾਸੀਆਂ ਨੂੰ ਤੁਰੰਤ ਇਨਸਾਫ ਮਿਲ ਸਕੇ। ਪਰ ਦਿੱਕਤਾਂ ਦਾ ਪਰਨਾਲਾ ਅਧੂਰੇ ਕਾਨੂੰਨਾਂ ਕਾਰਨ ਉਵੇਂ ਦਾ ਉਵੇਂ ਰਿਹਾ। ਪ੍ਰਵਾਸੀ ਪੁਲਿਸ ਥਾਣੇ ਉਹਨਾ ਲਈ ਸਹਾਈ ਨਾ ਹੋ ਸਕੇ। ਕਾਂਗਰਸੀ ਸਰਕਾਰ ਵਲੋਂ ਬਣਾਇਆ ਪ੍ਰਵਾਸੀ ਕਮਿਸ਼ਨ ਕਿਸੇ ਪ੍ਰਵਾਸੀ ਲਈ ਕੁਝ ਨਾ ਕਰ ਸਕਿਆ।  ਕੁਝ ਪ੍ਰਵਾਸੀਆਂ  ਨੂੰ ਇਸ ਦੇ ਮੈਂਬਰ ਨਿਯੁਕਤ ਕਰ ਦਿੱਤਾ ਗਿਆ। ਪਰ ਇਹ ਕਮਿਸ਼ਨ ਵੀ ਪ੍ਰਵਾਸੀਆਂ ਪੱਲੇ ਕੁਝ ਨਾ ਪਾ ਸਕਿਆ। ਸਰਕਾਰਾਂ ਨੇ ਪ੍ਰਵਾਸੀਆਂ ਦੀ ਜ਼ਾਇਦਾਦ ਕਬਜ਼ਾਧਾਰੀਆਂ ਤੋਂ ਛਡਾਉਣ ਲਈ ਸਬਜ਼ਬਾਗ ਵਿਖਾਏ, ਪਰ ਪੰਜਾਬ ਵਿਚਲੀ ਕੁਝ ਬੇਈਮਾਨ ਸਿਆਸਦਾਨਾਂ, ਕੁਝ ਸਵਾਰਥੀ ਪੁਲਿਸ/ਪ੍ਰਸਾਸ਼ਕੀ ਅਫ਼ਸਰਾਂ 'ਤੇ ਭੂ-ਮਾਫੀਆ ਦੀ ਤਿੱਕੜੀ ਨੇ ਸਭੋ ਕੁਝ ਆਪਣੇ ਹੱਥ ਵੱਸ ਕਰਕੇ, ਉਲਟਾ ਪ੍ਰਵਾਸੀ ਪੰਜਾਬੀਆਂ ਦੀ ਮੁਸ਼ਕਲਾਂ 'ਚ ਵਾਧਾ ਹੀ ਕੀਤਾ। ਗਲਤ ਐਫੀਡੇਵਿਟਾਂ ਰਾਹੀਂ ਰਿਸ਼ਤੇਦਾਰਾਂ ਨੂੰ ਆਪਣੇ ਪ੍ਰਵਾਸੀ ਵੀਰਾਂ ਦੀ ਜ਼ਮੀਨਾਂ ਹੱੜਪੀਆਂ। ਉਹਨਾ ਦੇ ਰਿਸ਼ਤੇਦਾਰ ਉਹਨਾ ਵਿਰੁੱਧ ਕੇਸ ਦਰਜ਼ ਕਰਵਾਏ ਗਏ। ਜਿਸ ਕਾਰਨ ਉਹ ਪ੍ਰੇਸ਼ਾਨੀ ਦੀ ਅਵਸਥਾ 'ਚ ਦਿਨ ਗੁਜ਼ਾਰ ਰਹੇ ਹਨ।

ਕਈ ਪ੍ਰਵਾਸੀ ਪੰਜਾਬੀਆਂ ਵਿਰੁੱਧ ਰਿਸ਼ਤੇਦਾਰਾਂ, ਜ਼ਮੀਨਾਂ ਦੇ ਦਲਾਲਾਂ ਨੇ ਝੂਠੇ ਕੇਸ ਦਰਜ਼ ਕਰਵਾਏ ਗਏ, ਜੋ ਪੰਝਾਬ ਦੀਆਂ ਅਦਾਲਤਾਂ 'ਚ ਹਾਜ਼ਰੀ ਨਾ ਭਰੇ ਜਾਣ ਕਾਰਨ, ਭਗੌੜੇ ਕਰਾਰ ਦਿੱਤੇ ਗਏ। ਭਗੌੜੇ ਕਰਾਰ ਦਿੱਤੇ ਜਾਣ ਕਾਰਨ ਉਹ ਪੰਜਾਬ ਪਰਤ ਹੀ ਨਹੀਂ ਸਕਦੇ

ਇਹ ਚੰਗੀ ਗੱਲ ਹੈ ਕਿ ਸਰਕਾਰ ਵਲੋਂ ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਅਤੇ ਬਜ਼ੁਰਗ ਪ੍ਰਵਾਸੀ  ਪੰਜਾਬੀਆਂ ਲਈ ਪੰਜਾਬ ਫੇਰੀਆਂ ਦਾ ਪ੍ਰਬੰਧ ਕਰਨ ਦਾ ਨਿਰਣਾ ਲਿਆ ਗਿਆ ਹੈ। ਪਰ ਜੇਕਰ ਸਰਕਾਰ ਪੰਜਾਬੀ ਪ੍ਰਵਾਸੀਆਂ ਦੇ ਮਸਲੇ ਹੱਲ ਕਰਨ ਲਈ ਸਚਮੁੱਚ ਸੰਜੀਦਾ ਹੈ ਤਾਂ :-

(1) ਪ੍ਰਵਾਸੀ ਪੰਜਾਬੀਆਂ ਲਈ ਬਣਾਏ ਅਦਾਰਿਆਂ ਸਮੇਤ ਐਨ.ਆਰ.ਆਈ. ਸਭਾ, ਐਨ.ਆਰ.ਆਈ. ਕਮਿਸ਼ਨ, ਐਨ.ਆਰ.ਆਈ. ਪੁਲਿਸ ਵਿਭਾਗ ਅਤੇ ਥਾਣੇ, ਐਨ.ਆਰ.ਆਈ. ਅਦਾਲਤਾਂ ’ਚ ਪ੍ਰਵਾਸੀਆਂ ਲਈ ਇਨਸਾਫ਼ ਮਿਤੀਬੱਧ ਕਰੇ।

(2) ਪੰਜਾਬੀ ਪ੍ਰਵਾਸੀਆਂ ਦੀ ਜ਼ਮੀਨ, ਜਾਇਦਾਦ ਦੀ ਰਾਖੀ ਕਰੇ।

( 3) ਪੰਜਾਬੀ ਪ੍ਰਵਾਸੀਆਂ ਦੀ ਪੰਜਾਬ ’ਚ ਠਹਿਰ ਦੌਰਾਨ ਉਹਨਾਂ ਦੇ ਜਾਨ ਮਾਲ ਨੂੰ ਕੋਈ ਵੀ ਨੁਕਸਾਨ ਨਾ ਹੋਣ ਦਾ ਭਰੋਸਾ ਦੇਵੇ।

(4) ਪੰਜਾਬੀ ਪ੍ਰਵਾਸੀਆਂ ਵਿਰੁੱਧ ਅਦਾਲਤਾਂ ’ਚ ਉਹਨਾਂ ਨੂੰ ਭਗੌੜੇ ਹੋਣ ਦੇ ਜੋ ਕੇਸ ਦਰਜ ਹਨ, ਉਹ ਵਾਪਿਸ ਲਵੇ।

(5) ਪਰਵਾਸੀ ਪੰਜਾਬੀ ਲਈ ਏਅਰਪੋਰਟਾਂ ਉੱਤੇ ਵਿਸ਼ੇਸ਼ ਸੈਲ ਪੰਜਾਬ ਸਰਕਾਰ ਸਥਾਪਿਤ ਕਰੇ ਅਤੇ ਉਹਨਾਂ ਦੀ ਪ੍ਰਾਹੁਣਾਚਾਰੀ ਦਾ ਪੂਰਾ ਧਿਆਨ ਰੱਖਿਆ ਜਾਵੇ।

(6) ਪ੍ਰਵਾਸੀ ਪੰਜਾਬੀਆਂ ਨੂੰ ਸ਼ਨਾਖਤੀ ਐਨ.ਆਰ.ਆਈ. ਕਾਰਡ ਮੁੜ ਜਾਰੀ ਕੀਤੇ ਜਾਣ, ਜਿਸਦੀ ਸ਼ੁਰੂਆਤ ਕੁਝ ਸਮਾਂ ਪਹਿਲਾਂ  ਅਕਾਲੀ-ਭਾਜਪਾ ਸਰਕਾਰ ਵਲੋਂ ਕੀਤੀ ਗਈ ਸੀ।

(7) ਪ੍ਰਵਾਸੀ ਪੰਜਾਬੀਆਂ ਦੇ ਬੱਚਿਆਂ ਨੂੰ ਪੰਜਾਬ ਸੱਦ ਕੇ ਇਥੋਂ ਦੇ ਸੱਭਿਆਚਾਰ, ਇਤਹਾਸਿਕ ਪਿਛੋਕੜ ਦੀ ਭਰਪੂਰ ਜਾਣਕਾਰੀ ਮੁਹੱਈਆ ਕਰਵਾਈ ਜਾਵੇ।

(8) ਜਿਹਨਾ ਪ੍ਰਵਾਸੀਆਂ ਪੰਜਾਬੀਆਂ ਨੇ ਖੇਤੀ, ਵਿਗਿਆਨ, ਡਾਕਟਰੀ, ਕਾਰੋਬਾਰ, ਪੱਤਰਕਾਰੀ, ਲੇਖਕ 'ਚ ਵੱਡੀਆਂ ਪ੍ਰਾਪਤੀਆਂ ਕੀਤੀਆਂ  ਹਨ, ਉਹਨਾ ਦੀ ਸੇਵਾਵਾਂ ਨੂੰ ਮਾਨਤਾ ਦੇ ਕੇ ਉਹਨਾ ਨੂੰ ਸਨਮਾਨਿਤ ਕੀਤਾ ਜਾਵੇ।

(9) ਆਪੋ-ਆਪਣੇ ਖੇਤਰਾਂ 'ਚ ਮਾਹਰ ਪ੍ਰਵਾਸੀ ਪੰਜਾਬੀਆਂ ਦੀਆਂ ਵਿਸ਼ੇਸ਼ ਸੇਵਾਵਾਂ ਪੰਜਾਬ ਦੇ ਮਹਿਕਮਿਆਂ ਵਿੱਚ ਆਨਰੇਰੀ ਨਿਯੁੱਕਤੀ ਦੇ ਕੇ ਲਈਆਂ ਜਾਣ।

(10) ਪ੍ਰਵਾਸੀ ਪੰਜਾਬੀ ਸਨੱਅਤਕਾਰਾਂ, ਕਾਰੋਬਾਰੀਆਂ ਦੇ ਕਾਰੋਬਾਰ ਖੁਲਵਾਉਣ ਤੇ ਨਿਵੇਸ਼ ਲਈ ਸਿੰਗਲ ਵਿੰਡੋ ਸਿਸਟਮ ਬਣਾਇਆ ਜਾਵੇ।

ਤਦੇ ਪ੍ਰਵਾਸੀ ਪੰਜਾਬੀਆਂ ਦਾ ਪੰਜਾਬ ਸਰਕਾਰ ਤੇ ਪੰਜਾਬ ਦੇ ਲੋਕਾਂ ’ਚ ਭਰੋਸਾ ਬਣੇਗਾ ਅਤੇ ਉਹ ਪੰਜਾਬ ਦੀ ਆਰਥਿਕਤਾ ਨੂੰ ਬਚਾਉਣ ਲਈ ਨਿਵੇਸ਼ ਦਾ ਰਸਤਾ ਫੜਨਗੇ।

ਹੁਣ ਤਾਂ ਉਹ ਵਿਦੇਸ਼ੋਂ ਪਿੰਡ ਲਈ ਤੁਰਦੇ ਇਹੋ ਮਹਿਸੂਸ ਕਰਦੇ ਹਨ ਕਿ ਪੰਜਾਬ ਦੀ ਸਰਕਾਰ, ਰਿਸ਼ਤੇਦਾਰ ਤੇ ਦੋਸਤ ਮਿੱਤਰ ਤਾਂ ਉਹਨਾਂ ਦੀਆਂ ਜੇਬਾਂ ਹੀ ਟਟੋਲਦੇ ਹਨ।

-ਗੁਰਮੀਤ ਸਿੰਘ ਪਲਾਹੀ

-9815802070