ਜੰਗੀ ਸਾਜ਼ੋ-ਸਾਮਾਨ ਬਣਾਉਣ ਵਾਲੀ ਸਨਅਤ ’ਚ ਤੇਜ਼ੀ - ਟੀਐੱਨ ਨੈਨਾਨ
ਭਾਰਤ ਦੀਆਂ ਰੱਖਿਆ ਸੈਨਾਵਾਂ ਲਈ ਜੰਗੀ ਸਾਜ਼ੋ-ਸਾਮਾਨ ਬਣਾਉਣ ਵਾਲੀ ਸਨਅਤ ਬਾਰੇ ਜ਼ਿਆਦਾਤਰ ਲੋਕ ਇਹ ਜਾਣਦੇ ਹਨ ਕਿ ਦੇਸ਼ ਦੀਆਂ ਸਰਕਾਰਾਂ ਕਈ ਦਹਾਕਿਆਂ ਤੋਂ (ਜ਼ਿਆਦਾਤਰ ਸਰਕਾਰੀ ਕੰਪਨੀਆਂ ਰਾਹੀਂ) ਹਥਿਆਰਾਂ ਦੇ ਵਿਕਾਸ ਅਤੇ ਉਤਪਾਦਨ ਪੱਖੋਂ ਸਵੈ-ਨਿਰਭਰ ਹੋਣ ਦੀ ਕੋਸ਼ਿਸ਼ ਕਰ ਰਹੀਆਂ ਹਨ ਜਦੋਂਕਿ ਅਸਲੀਅਤ ਇਹ ਹੈ ਕਿ ਭਾਰਤ ਜੰਗੀ ਸਾਜ਼ੋ-ਸਾਮਾਨ ਦਾ ਦੁਨੀਆਂ ਵਿੱਚ ਦੂਜਾ ਸਭ ਤੋਂ ਵੱਡਾ ਦਰਾਮਦਕਾਰ ਹੈ। ਇੱਛਾ ਦੇ ਉਲਟ ਇਹ ਨਤੀਜੇ ਇਸ ਕਰਕੇ ਨਹੀਂ ਮਿਲੇ ਕਿ ਇਸ ਦਿਸ਼ਾ ਵਿੱਚ ਕੋਸ਼ਿਸ਼ ਨਹੀਂ ਕੀਤੀ ਗਈ, ਸਗੋਂ ਅਸਲ ਵਿੱਚ ਸਹੀ ਤਰੀਕੇ ਨਾਲ ਯਤਨ ਨਹੀਂ ਕੀਤੇ ਗਏ।
ਬਹੁਤ ਘੱਟ ਲੋਕ ਇਹ ਜਾਣਦੇ ਹਨ ਕਿ ਰੱਖਿਆ ਖੇਤਰ (ਪੁਲਾੜ ਅਤੇ ਪਰਮਾਣੂ ਊਰਜਾ ਨੂੰ ਰੱਖਿਆ ਖੇਤਰ ਦਾ ਹਿੱਸਾ ਮੰਨਦਿਆਂ) ਵਿੱਚ ਖੋਜ ਅਤੇ ਵਿਕਾਸ ਲਈ ਭਾਰਤ ਦਾ ਰੱਖਿਆ ਬਜਟ ਦੁਨੀਆਂ ਦਾ ਤੀਜਾ ਜਾਂ ਚੌਥਾ ਸਭ ਤੋਂ ਵੱਡਾ ਬਜਟ ਹੈ। ਇਸ ਉੱਤੇ ਖਰਚ ਕੀਤੀ ਜਾਂਦੀ ਰਕਮ ਅਮਰੀਕਾ ਜਾਂ ਚੀਨ ਦੇ ਮੁਕਾਬਲਤਨ ਬਹੁਤ ਘੱਟ ਹੁੰਦੀ ਹੈ, ਪਰ ਇਹ ਯੂ.ਕੇ., ਜਰਮਨੀ ਅਤੇ ਫਰਾਂਸ ਦੇ ਰੱਖਿਆ ਬਜਟ ਨਾਲੋਂ ਵੱਧ ਹੁੰਦੀ ਹੈ ਜਦੋਂਕਿ ਇਹ ਸਾਰੇ ਮੁਲਕ ਭਾਰਤ ਦੇ ਮੁਕਾਬਲੇ ਬਹੁਤ ਵਧੀਆ ਜੰਗੀ ਸਾਜ਼ੋ-ਸਾਮਾਨ ਬਣਾਉਂਦੇ ਹਨ। ਰੱਖਿਆ ਖੇਤਰ ਲਈ ਸਾਜ਼ੋ-ਸਾਮਾਨ ਬਣਾਉਣ ਵਾਲੀਆਂ ਪੁਲਾੜ ਅਤੇ ਇਲੈਕਟ੍ਰੌਨਿਕਸ ਦੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਲਈ ਖੋਜ ਅਤੇ ਵਿਕਾਸ ਉੱਤੇ ਕੌਮਾਂਤਰੀ ਔਸਤ ਨਾਲੋਂ ਵੱਧ ਖ਼ਰਚ ਕੀਤਾ ਜਾਂਦਾ ਹੈ।
ਵਿਰੋਧਾਭਾਸ ਇੱਥੇ ਹੀ ਨਹੀਂ ਮੁੱਕਦੇ। ਇੱਕ ਪਾਸੇ ਇਹ ਪ੍ਰਤੱਖ ਹੈ ਕਿ ਸਵਦੇਸ਼ੀ ਜੰਗੀ ਸਾਜ਼ੋ-ਸਾਮਾਨ ਦੇ ਮਾਮਲੇ ਵਿੱਚ ਮੁਲਕ ਪੈਰਾਂ ਸਿਰ ਹੋ ਰਿਹਾ ਹੈ। ਹਲਕਾ ਲੜਾਕੂ ਹਵਾਈ ਜਹਾਜ਼ ਤੇਜਸ ਅਤੇ ਬ੍ਰਹਮੋਸ ਮਿਜ਼ਾਈਲਾਂ, ਹੋਰ ਕਈ ਮਿਜ਼ਾਈਲਾਂ ਅਤੇ ਵੱਡੇ ਸਮੁੰਦਰੀ ਬੇੜਿਆਂ ਦੇ ਨਿਰਮਾਣ ਦੀ ਪ੍ਰਭਾਵਸ਼ਾਲੀ ਸਮਰੱਥਾ ਇਸ ਦੀਆਂ ਮਿਸਾਲਾਂ ਹਨ। ਦੂਜੇ ਪਾਸੇ, ਇਸ ਖੇਤਰ ਨਾਲ ਵਾਬਸਤਾ ਰਹੇ ਅਧਿਕਾਰੀ ਦੇਸ਼ ਵਿੱਚ ਬਣਾਏ ਰੱਖਿਆ ਸਾਜ਼ੋ-ਸਾਮਾਨ ਦੀ ਵਿਕਰੀ ਤੇਜ਼ੀ ਨਾਲ ਵਧਣ, ਜਨਤਕ ਖੇਤਰ ਦੇ ਇਸ ਵਿੱਚ ਵੱਡੇ ਹਿੱਸੇ ਅਤੇ ਦਰਾਮਦ ਕੀਤੇ ਸਾਜ਼ੋ-ਸਾਮਾਨ ’ਤੇ ਨਿਰਭਰਤਾ ਘਟਣ ਦੀ ਗੱਲ ਕਰਦੇ ਹਨ ਜਦੋਂਕਿ ਮੌਜੂਦ ਅੰਕੜੇ ਦੱਸਦੇ ਹਨ ਕਿ ਡਾਲਰ ਦੇ ਹਿਸਾਬ ਨਾਲ ਦੇਖੀਏ ਤਾਂ ਰੱਖਿਆ ਸਾਜ਼ੋ-ਸਾਮਾਨ ਦਾ ਉਤਪਾਦਨ ਕੋਈ ਖ਼ਾਸ ਵਧਿਆ ਨਹੀਂ ਕਿ ਇਸ ਨੂੰ ਬਰਾਮਦ ਕੀਤਾ ਜਾ ਸਕੇ।
ਇਹ ਖ਼ਬਰ ਚੰਗੀ ਹੈ ਜਾਂ ਮਾੜੀ? ਸ਼ਾਇਦ ਚੰਗੀ ਵੀ ਹੈ ਤੇ ਮਾੜੀ ਵੀ। ਇਸ ਖੇਤਰ ਵਿੱਚ ਰਹੇ ਵਿਅਕਤੀਆਂ ਨਾਲ ਹੋਈ ਹਾਲੀਆ ਗੱਲਬਾਤ ਤੋਂ ਇਹ ਸਪਸ਼ਟ ਹੈ ਕਿ ਹਵਾ ਦਾ ਰੁਖ਼ ਹੁਣ ਬਦਲ ਰਿਹਾ ਹੈ। ਸਰਕਾਰ ਨੇ ਦ੍ਰਿੜ੍ਹ ਇਰਾਦੇ ਨਾਲ ਹੁਣ ਇਹ ਖੇਤਰ ਨਿੱਜੀ ਉਤਪਾਦਕਾਂ ਲਈ ਖੋਲ੍ਹ ਦਿੱਤਾ ਹੈ ਅਤੇ ਕੇਂਦਰ ਵਿੱਤ ਮੰਤਰੀ ਨਿਰਮਲਾ ਸੀਤਾਰਾਮਨ ਨੇ ਆਪਣੇ ਪਿਛਲੇ ਬਜਟ ਭਾਸ਼ਣ ਦੌਰਾਨ ਕਿਹਾ ਸੀ ਕਿ ਸਰਕਾਰ ਵੱਲੋਂ ਰੱਖਿਆ ਖੋਜ ਅਤੇ ਵਿਕਾਸ ਲਈ ਦਿੱਤੇ ਜਾਂਦੇ ਫੰਡਾਂ ਦਾ ਚੌਥਾ ਹਿੱਸਾ ਨਿੱਜੀ ਸਨਅਤਾਂ ਅਤੇ ਗ਼ੈਰ-ਸਰਕਾਰੀ ਸੰਸਥਾਵਾਂ ਨੂੰ ਮੁਹੱਈਆ ਕੀਤਾ ਜਾਵੇਗਾ। ਹੁਣ ਤੱਕ ਇਹ ਗੰਭੀਰਤਾ ਨਾਲ ਦਿੱਤਾ ਗਿਆ ਬਿਆਨ ਜਾਪਦਾ ਹੈ, ਪਰ ਸੀ-295 ਟਰਾਂਸਪੋਰਟ ਏਅਰਕਰਾਫਟ ਟਾਟਾ ਅਤੇ ਏਅਰਬਸ ਦਾ ਸਾਂਝਾ ਉੱਦਮ ਹੋਵੇਗਾ ਅਤੇ ਲੰਮੀ ਦੂਰੀ ਤੱਕ ਮਾਰ ਕਰਨ ਵਾਲੀਆਂ ਹੌਵਿਟਜ਼ਰ ਤੋਪਾਂ ਲਾਰਸਨ ਐਂਡ ਟਰਬੋ ਅਤੇ ਭਾਰਤ ਫੋਰਜ ਵੱਲੋਂ ਬਣਾਈਆਂ ਜਾ ਰਹੀਆਂ ਹਨ। ਅਜਿਹੀ ਵੱਡੀਆਂ ਕੰਪਨੀਆਂ ਹੁਣ ਇਸ ਖੇਤਰ ਵਿੱਚ ਪਹਿਲਾਂ ਤੋਂ ਮੌਜੂਦ 10,000 ਛੋਟੀਆਂ-ਵੱਡੀਆਂ ਕੰਪਨੀਆਂ ਨਾਲ ਮਿਲ ਕੇ ਕੰਮ ਕਰਨਗੀਆਂ।
ਖੋਜ ਤੇ ਵਿਕਾਸ ਦੇ ਮੁਹਾਜ਼ ’ਤੇ ਵੀ ਸਰਕਾਰ ਨੇ ਚਾਰ ਸਾਲ ਪਹਿਲਾਂ ਡਿਫੈਂਸ ਇਨੋਵੇਸ਼ਨ ਆਰਗੇਨਾਈਜ਼ੇਸ਼ਨ ਬਣਾਈ ਜਿਸ ਦੀ ਸ਼ਾਖਾ ਆਈਡੈਕਸ (ਇਨੋਵੇਸ਼ਨ ਫੌਰ ਡਿਫੈਂਸ ਐਕਸੀਲੈਂਸ) ਨੇ ਡਰੋਨਾਂ, ਰੋਬੋਟਿਕਸ, ਮਸਨੂਈ ਸਿਆਣਪ ਅਤੇ ਅਤਿ-ਆਧੁਨਿਕ ਸਾਜ਼ੋ-ਸਾਮਾਨ ਆਦਿ ਦੇ ਖੋਜ ਤੇ ਵਿਕਾਸ ਲਈ ਸੌ ਤੋਂ ਵਧੇਰੇ ਪ੍ਰੋਜੈਕਟਾਂ ਖਾਤਰ ਫੰਡ ਦਿੱਤੇ ਹਨ। ਇਸ ਤੋਂ ਇਲਾਵਾ, ਕੁਝ ਉੱਦਮ ਇਮੇਜ ਰਿਕਗਨੀਸ਼ਨ, ਪਹਿਨਣਯੋਗ ਤਕਨੀਕੀ ਯੰਤਰਾਂ ਅਤੇ ਅਜਿਹੀਆਂ ਹੋਰ ਸ਼ੈਆਂ ਦਾ ਉਤਪਾਦਨ ਕਰਦੇ ਹਨ। ਇਸ ਖੇਤਰ ਨਾਲ ਸਬੰਧਿਤ ਲੋਕ ਇਸ ਬਾਰੇ ਫੈਲਦੀ ਚੇਤਨਾ ਦੀ ਗੱਲ ਕਰਦੇ ਹਨ ਕਿ ਆਖ਼ਰ ਬਦਲਾਅ ਆ ਰਿਹਾ ਹੈ।
ਇਹ ਵੀ ਕਿਹਾ ਨਹੀਂ ਜਾ ਸਕਦਾ ਕਿ ਮੁਸ਼ਕਿਲਾਂ ਹਨ ਹੀ ਨਹੀਂ। ਰੱਖਿਆ ਸਾਜ਼ੋ-ਸਾਮਾਨ ਖ਼ਰੀਦ ਪ੍ਰਣਾਲੀ ਕਈਆਂ ਦੇ ਰਾਹ ਵਿੱਚ ਹਾਲੇ ਵੀ ਵੱਡਾ ਰੋੜਾ ਹੈ। ਘਰੇਲੂ ਖੋਜ ਤੇ ਵਿਕਾਸ ’ਤੇ ਆਧਾਰਿਤ ਵਸਤਾਂ ਨੂੰ ਮਨਜ਼ੂਰ ਕਰਨ ਵਿੱਚ ਹਥਿਆਰਬੰਦ ਸੈਨਾਵਾਂ ਬਹੁਤ ਜ਼ਿਆਦਾ ਸਮਾਂ ਲੈਂਦੀਆਂ ਹਨ ਅਤੇ ਘੱਟ ਤੋਂ ਘੱਟ ਬੋਲੀ ’ਤੇ ਸਾਜ਼ੋ-ਸਾਮਾਨ ਖ਼ਰੀਦਣ ਦਾ ਦਸਤੂਰ ਸਰਕਾਰੀ ਫੰਡਾਂ ਦੀ ਮਦਦ ਨਾਲ ਤਕਨੀਕ ਵਿਕਸਿਤ ਕਰਨ ਵਾਲੇ ਵਿਕਰੇਤਾਵਾਂ ਨੂੰ ਉਤਸ਼ਾਹਿਤ ਨਹੀਂ ਕਰਦਾ। ਆਈਡੈਕਸ ਫੰਡਿੰਗ ਨੇ ਡਰੋਨ ਤਕਨੀਕ ਵਿਕਸਿਤ ਕਰਨ ਵਿੱਚ ਕਾਫ਼ੀ ਯੋਗਦਾਨ ਪਾਇਆ ਹੈ, ਪਰ, ਜੇ ਅਸਲ ਵਿੱਚ ਆਰਡਰ ਮਿਲ ਵੀ ਰਹੇ ਹਨ ਤਾਂ ਉਹ ਬਹੁਤ ਘੱਟ ਹਨ। ਡਰੋਨਾਂ ਅਤੇ ਇਨ੍ਹਾਂ ਦੇ ਕਲ-ਪੁਰਜ਼ਿਆਂ ਦੇ ਉਤਪਾਦਕਾਂ ਲਈ ਐਲਾਨੀ ਉਤਪਾਦਨ ਦੇ ਹਿਸਾਬ ਨਾਲ ਰਿਆਇਤਾਂ/ਵਿੱਤੀ ਲਾਭਾਂ ਆਧਾਰਿਤ ਯੋਜਨਾ ਨਾਲ ਸ਼ਾਇਦ ਸਥਿਤੀ ਵਿੱਚ ਥੋੜ੍ਹਾ ਬਦਲਾਅ ਆਵੇ।
ਬਰਾਮਦਾਂ ਵੀ ਵਧ ਸਕਦੀਆਂ ਹਨ। ਮਿਸਾਲ ਵਜੋਂ, ਭਾਰਤ ਵਿੱਚ ਵਿਕਸਿਤ ਕੀਤੀ ਗਈ ਬੈਟਰੀਆਂ ਛੇਤੀ ਚਾਰਜ ਕਰਨ ਦੀ ਤਕਨੀਕ ਵਿੱਚ ਟੈਸਲਾ ਵੱਲੋਂ ਦਿਲਚਸਪੀ ਦਿਖਾਉਣ ਦੀ ਗੱਲ ਵੀ ਆਖੀ ਜਾ ਰਹੀ ਹੈ। ਦੋ ਕੰਪਨੀਆਂ ਨੇ ਪਿਨਾਕਾ ਰਾਕੇਟ ਫਾਇਰਿੰਗ ਸਿਸਟਮ ਲਈ ਬਰਾਮਦ ਦੇ ਆਰਡਰ ਹਾਸਲ ਕੀਤੇ ਹਨ। ਇਸ ਸਾਲ ਦੀ ਸ਼ੁਰੂਆਤ ਵਿੱਚ ਮਲੇਸ਼ੀਆ ਨੇ ਤੇਜਸ ਲੜਾਕੂ ਹਵਾਈ ਜਹਾਜ਼ਾਂ ਲਈ ਹਿੰਦੋਸਤਾਨ ਏਅਰੋਨੌਟਿਕਸ ਲਿਮਟਡ (ਐੱਚ.ਏ.ਐਲ.) ਨਾਲ ਸਮਝੌਤਾ ਪੱਤਰ ’ਤੇ ਹਸਤਾਖ਼ਰ ਕੀਤੇ ਸਨ; ਪਰ ਇਸ ਸਬੰਧੀ ਠੇਕਾ ਚੀਨ ਨੂੰ ਮਿਲਣ ਦੀ ਸੰਭਾਵਨਾ ਹੈ।
ਇਕੱਲੇ ਇਕਹਿਰੇ ਰੱਖਿਆ ਸੌਦਿਆਂ ਅਤੇ ਘਰੇਲੂ ਖੋਜ ਤੇ ਵਿਕਾਸ ਪ੍ਰੋਜੈਕਟਾਂ ਵੱਲੋਂ ਭਾਰਤ ਦੀ ਇਸ ਖੇਤਰ ਵਿੱਚ ਸਮਰੱਥਾ ਦਾ ਵੱਡੇ ਪੱਧਰ ’ਤੇ ਅਹਿਸਾਸ ਕਰਵਾਉਣ ਦੀ ਗੱਲ ਕਹਿਣਾ ਹਾਲੇ ਜਲਦਬਾਜ਼ੀ ਹੋਵੇਗੀ। ਇਸ ਖ਼ਾਤਰ ਲਾਹੇਵੰਦ ਰਹੇ ਕੁਝ ਕਦਮਾਂ ਵਿੱਚੋਂ ਇੱਕ ਇਹ ਹੈ ਕਿ ਸਰਕਾਰ ਹੁਣ ਸਰਕਾਰੀ ਫੰਡਾਂ ਨਾਲ ਹੋਈ ਖੋਜ ਸਦਕਾ ਉਤਪੰਨ ਹੋਈ ਤਕਨੀਕ ’ਤੇ ਮਾਲਕੀ ਨਹੀਂ ਜਤਾਉਂਦੀ। ਇਸ ਤਰ੍ਹਾਂ ਕੰਪਨੀਆਂ ਉਤਪਾਦਨ ਦੇ ਪੜਾਅ ਵੱਲ ਵਧਣ ਲਈ ਪੂੰਜੀ ਜੁਟਾਉਣ ਦੇ ਮਾਮਲੇ ਵਿੱਚ ਬਿਹਤਰ ਹਾਲਤ ’ਚ ਹਨ। ਇਉਂ ਰੱਖਿਆ ਖੇਤਰ ਵਿਚਲੀ ਖੋਜ ਅਤੇ ਉਤਪਾਦਨ ਸਹੀ ਅਰਥਾਂ ਵਿੱਚ ਸਾਡੇ ਲਈ ਖੁਸ਼ਖ਼ਬਰੀ ਬਣ ਸਕਦਾ ਹੈ।