ਸੱਤਾ, ਸ਼ਬਦ ਤੇ ਚੁੱਪ - ਸਵਰਾਜਬੀਰ
ਕੋਬਾਡ ਗਾਂਧੀ ਦੀ ਪੁਸਤਕ ‘ਤਿੜਕੀ ਹੋਈ ਆਜ਼ਾਦੀ : ਬੰਦੀਖ਼ਾਨੇ ਦੀਆਂ ਯਾਦਾਂ (Fractured Freedom : A Prison Memoir)’ ਉਸ ਦੇ ਜੇਲ੍ਹ ਵਿਚ ਬਿਤਾਏ ਇਕ ਦਹਾਕੇ (2009-19) ਦਾ ਜੀਵਨ-ਬਿਰਤਾਂਤ ਹੈ। ਕੋਬਾਡ ਗਾਂਧੀ ਕਮਿਊਨਿਸਟ ਪਾਰਟੀ (ਮਾਓਵਾਦੀ) ਦਾ ਮੈਂਬਰ ਸੀ। 2021 ਵਿਚ ਉਸ ਨੂੰ ਪਾਰਟੀ ’ਚੋਂ ਕੱਢ ਦਿੱਤਾ ਗਿਆ। ਉਸ ਦੇ ਇਸ ਜੀਵਨ-ਬਿਰਤਾਂਤ ਦਾ ਮਰਾਠੀ ਵਿਚ ਅਨੁਵਾਦ ਅਨਘਾ ਲੇਲੇ ਨੇ ਕੀਤਾ। ਮਹਾਰਾਸ਼ਟਰ ਦੇ ਭਾਸ਼ਾ ਵਿਭਾਗ ਨੇ ਅਨਘਾ ਲੇਲੇ ਨੂੰ ਵਧੀਆ ਅਨੁਵਾਦ ਲਈ 2021 ਦਾ ਯਸ਼ਵੰਤ ਰਾਓ ਚਵਾਨ ਪੁਰਸਕਾਰ ਦਿੱਤਾ। ਹੁਣ ਮਹਾਰਾਸ਼ਟਰ ਸਰਕਾਰ ਨੇ ਉਹ ਪੁਰਸਕਾਰ ਵਾਪਸ ਲੈਣ ਦਾ ਫ਼ੈਸਲਾ ਕੀਤਾ ਹੈ। ਇਸ ਦਾ ਵਿਰੋਧ ਕਰਦਿਆਂ ਉੱਘੇ ਮਰਾਠੀ ਲੇਖਕ ਸ਼ਰਦ ਬਾਵਿਸਕਾਰ ਅਤੇ ਕਈ ਹੋਰਨਾਂ ਨੇ ਆਪਣੇ ਪੁਰਸਕਾਰ ਵਾਪਸ ਕਰਨ ਦਾ ਐਲਾਨ ਕੀਤਾ ਹੈ। ਸਰਕਾਰ ਦੀ ਭਾਸ਼ਾ ਸਬੰਧੀ ਸਲਾਹਕਾਰ ਕਮੇਟੀ ਦੇ ਮੁਖੀ ਲਕਸ਼ਮੀ ਦੇਸ਼ਮੁਖ ਨੇ ਵੀ ਅਸਤੀਫ਼ਾ ਦੇ ਦਿੱਤਾ ਹੈ।
ਮਹਾਰਾਸ਼ਟਰ ਸਰਕਾਰ ਨੇ ਇਸ ਤਰ੍ਹਾਂ ਕਿਉਂ ਕੀਤਾ? ਸਰਕਾਰਾਂ ਆਪਣੇ ਨਾਲ ਸਹਿਮਤ ਨਾ ਹੋਣ ਵਾਲੇ ਲੋਕਾਂ ਨੂੰ ਚੁੱਪ ਕਰਵਾਉਣ ਲਈ ਹਰ ਹਰਬਾ ਵਰਤਦੀਆਂ ਹਨ। ਕਈ ਵਾਰ ਉਨ੍ਹਾਂ ਕੋਲ ਚੁੱਪ ਹੋ ਜਾਣ ਤੋਂ ਬਿਨਾਂ ਹੋਰ ਕੋਈ ਰਾਹ ਨਹੀਂ ਬਚਦਾ, ਉਹ ਚੁੱਪ ਹੋ ਜਾਂਦੇ ਹਨ ਪਰ ਉਹ ਚੁੱਪ ਹਾਕਮਾਂ ਦੇ ਬੋਲਾਂ ਅਤੇ ਹੁਕਮਾਂ ਨਾਲ ਸਹਿਮਤੀ ਨਹੀਂ ਹੁੰਦੀ। ਅਜਿਹੀ ਚੁੱਪ ਦੁਖਦਾਈ ਹੁੰਦੀ ਹੈ, ਚੁੱਭਦੀ ਹੈ ਪਰ ਇਸ ਵਿਚ ਅਜਿਹਾ ਕੰਡਾ ਬਣਨ ਦੀ ਤਾਕਤ ਹੁੰਦੀ ਹੈ ਜਿਸ ਨੇ ਇਕ ਨਾ ਇਕ ਦਿਨ ਸੱਤਾਧਾਰੀਆਂ ਦੇ ਗਲੇ ਵਿਚ ਅਟਕ ਜਾਣਾ ਹੁੰਦਾ ਹੈ। ਯਾਦ ਰੱਖਣ ਵਾਲੀ ਗੱਲ ਇਹ ਹੈ ਕਿ ਅਜਿਹਾ ਕਰਨ ਵਾਲੀ ਮਹਾਰਾਸ਼ਟਰ ਸਰਕਾਰ ਇਕੱਲੀ ਨਹੀਂ ਹੈ, ਸਾਰੀਆਂ ਸਰਕਾਰਾਂ ਅਸਹਿਮਤੀ ਰੱਖਣ ਵਾਲਿਆਂ ਨੂੰ ਚੁੱਪ ਕਰਵਾਉਣਾ ਲੋਚਦੀਆਂ ਹਨ।
ਬਹੁਤ ਵਾਰ ਸਿਆਸੀ ਵਿਰੋਧੀ ਤਿੱਖੇ ਜਵਾਬ ਦਿੰਦੇ ਹਨ ਪਰ ਅਜਿਹੀ ਤਿੱਖੀ ਤਕਰਾਰ ਪਿੱਛੇ ਸਹਿਮਤੀ ਛੁਪੀ ਹੁੰਦੀ ਹੈ। ਦੋਵੇਂ ਧਿਰਾਂ ਜਾਣਦੀਆਂ ਹੁੰਦੀਆਂ ਹਨ ਕਿ ਉਹ ਨੂਰਾ/ਨਕਲੀ ਕੁਸ਼ਤੀ ਲੜ ਰਹੀਆਂ ਹਨ। ਅਸਲੀ ਘੋਲ ਲਈ ਨੈਤਿਕ ਤੇ ਬੌਧਿਕ ਸਮਰੱਥਾ ਦੇ ਨਾਲ ਨਾਲ ਲੜਨ ਦੀ ਇੱਛਾ ਦੀ ਜ਼ਰੂਰਤ ਹੁੰਦੀ ਹੈ, ਅਜਿਹੀ ਇੱਛਾ ਬਾਹਰੀ ਤੌਰ ’ਤੇ ਹੁੰਦੀ ਤਕਰਾਰ ਅਤੇ ਅੰਦਰੂਨੀ ਸਹਿਮਤੀ ਦੇ ਸੰਗਮ ਵਿਚੋਂ ਨਹੀਂ ਜਨਮ ਸਕਦੀ।
ਸਾਰੇ ਸੱਤਾਧਾਰੀ ਇਹ ਦਾਅਵਾ ਕਰਦੇ ਹਨ ਕਿ ਉਹ ਦੂਸਰਿਆਂ ਤੋਂ ਵੱਖਰੇ ਹਨ, ਵੱਖਰਤਾ ਹੁੰਦੀ ਵੀ ਹੈ। ਇਹ ਵੱਖਰਤਾ ਇਸ ਗੱਲ ਵਿਚ ਨਿਹਿਤ ਹੁੰਦੀ ਹੈ ਕਿ ਸੱਤਾਧਾਰੀ ਆਪਣੇ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਕਿੰਨਾ ਤੇ ਕਿਵੇਂ ਦਬਾਉਣਾ ਤੇ ਕੁਚਲਣਾ ਚਾਹੁੰਦੇ ਹਨ। ਕਿਤੇ ਸਰਕਾਰ ਆਪਣੀ ਏਜੰਸੀਆਂ ਦੀ ਵਰਤੋਂ ਕਰਦੀ ਹੈ, ਕਿਤੇ ਉਸ ਦੇ ਹਮਾਇਤੀ ਕਾਰਪੋਰੇਟ ਅਦਾਰੇ ਨਿਊਜ਼ ਚੈਨਲਾਂ ਅਤੇ ਅਖ਼ਬਾਰਾਂ ’ਤੇ ਕਬਜ਼ੇ ਕਰਦੇ ਹਨ ਤੇ ਕਿਤੇ ਸਰਕਾਰ ਉਨ੍ਹਾਂ ਲਈ ਹੋਰ ਪਰੇਸ਼ਾਨੀਆਂ ਪੈਦਾ ਕਰਦੀ ਹੈ ਪਰ ਇਸ ਸਭ ਕੁਝ ਦਾ ਮੰਤਵ ਇਹੀ ਹੁੰਦਾ ਹੈ ਕਿ ਸੱਤਾ ਚੁੱਪ ਲੋਚਦੀ ਹੈ, ਉਹ ਆਪਣੇ ਬੋਲਾਂ ਦੀ ਗੂੰਜ ਸੁਣਨਾ ਚਾਹੁੰਦੀ ਹੈ ਜਿਸ ਨੂੰ ਸੁਣ ਕੇ ਸੱਤਾ ਮਸਤੀ ਵਿਚ ਆਉਂਦੀ ਹੈ, ਆਪਣੇ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਚੁੱਪ ਕਰਵਾ ਦੇਣ ਦੀ ਜਿੱਤ ਦਾ ਜਸ਼ਨ ਮਨਾਉਂਦੀ ਹੈ।
ਗੁਰੂ ਨਾਨਕ ਦੇਵ ਜੀ ਦਾ ਕਥਨ ਹੈ, ‘‘ਤ੍ਰਿਸਨਾ ਹੋਈ ਬਹੁਤੁ ਕਿਵੈ ਨ ਧੀਜਈ।।’’ ਤ੍ਰਿਸ਼ਨਾ ਵਧਦੀ ਜਾਂਦੀ ਹੈ, ਖ਼ਤਮ ਨਹੀਂ ਹੁੰਦੀ। ਸੱਤਾਧਾਰੀਆਂ ਦੀ ਤ੍ਰਿਸ਼ਨਾ ਤੇਜ਼ੀ ਨਾਲ ਵਧਦੀ ਹੈ। ਸੱਤਾਧਾਰੀ ਭੁੱਲ ਜਾਂਦੇ ਹਨ ਕਿ ਵਰਤਮਾਨ ਦੇ ਗਰਭ ਵਿਚ ਉਨ੍ਹਾਂ ਨਾਲ ਅਸਹਿਮਤੀ ਦੀ ਆਵਾਜ਼ ਚੁੱਪ ਵਿਚ ਪਨਪ ਰਹੀ ਹੁੰਦੀ ਹੈ, ਅਜਿਹੀ ਚੁੱਪ ਨੇ ਭਵਿੱਖ ਵਿਚ ਵਿਸਫੋਟਕ ਬਣਨਾ ਹੁੰਦਾ ਹੈ। ਇਹ ਜੰਗ ਚੱਲਦੀ ਰਹਿੰਦੀ ਹੈ ਜਿਵੇਂ ਕਿਊਬਾ ਦੇ ਕਵੀ ਹਰਬਰਤੋ ਪੈਦੀਆ (Herberto Padilla) ਨੇ ਲਿਖਿਆ ਹੈ, ‘‘ਜਰਨੈਲ ਸਾਹਿਬ, ਤੇਰੇ ਹੁਕਮਾਂ ਤੇ ਮੇਰੇ ਗੀਤਾਂ ਵਿਚਕਾਰ ਜੰਗ ਹੋ ਰਹੀ ਹੈ।’’
ਅਸਹਿਮਤੀ ਲੋਕਾਂ ਦੇ ਦਿਲਾਂ ਵਿਚ ਪਨਪਦੀ ਹੈ, ਕਦੇ ਇਹ ਡਰਦੀ ਹੈ ਤੇ ਕਦੇ ਸੱਤਾ ਨੂੰ ਲਲਕਾਰਦੀ ਹੈ, ਕਦੇ ਇਹ ਲੋਕ ਵਿਦਰੋਹ ਦਾ ਰੂਪ ਲੈਂਦੀ ਹੈ ਅਤੇ ਕਦੇ ਕਵਿਤਾ, ਕਹਾਣੀਆਂ, ਨਾਵਲਾਂ ਤੇ ਗੀਤਾਂ ਵਿਚ ਛੁਪ ਜਾਂਦੀ ਹੈ। ਹਰ ਵਾਰ ਅਜਿਹੀ ਲੜਾਈ ਦਾ ਨਤੀਜਾ ਚੁੱਪ ਵਿਚ ਨਹੀਂ ਨਿਕਲਦਾ। ਇਹ ਅਸਹਿਮਤੀ ਰੱਖਣ ਵਾਲਿਆਂ ਦੀ ਹਿੰਮਤ ਤੇ ਨਜ਼ਰੀਏ ’ਤੇ ਨਿਰਭਰ ਕਰਦਾ ਹੈ। ਕਈ ਵਾਰ ਅਸਹਿਮਤੀ ਰੱਖਣ ਵਾਲੇ ਸਿਰ ’ਤੇ ਖੱਫਣ ਬੰਨ੍ਹ ਲੈਂਦੇ ਨੇ। ਉਹ ਦੁਨੀਆਂਦਾਰੀ ਦੁਆਰਾ ਆਇਦ ਕੀਤੀਆਂ ਬੰਦਿਸ਼ਾਂ ਤੇ ਜਿਊਣ ਦੀਆਂ ਸ਼ਰਤਾਂ ਤੋਂ ਆਜ਼ਾਦ ਹੋ ਜਾਂਦੇ ਹਨ। ਫਰਾਂਸੀਸੀ ਇਨਕਲਾਬ ਬਾਰੇ ਅੰਨਜੇ ਵਾਏਦਾ (Andrzej Wajda) ਦੀ ਫਿਲਮ ‘ਡਾਂਟੋਂ (Danton)’ ਵਿਚ ਇਕ ਪਲ ਬਹੁਤ ਸ਼ਿੱਦਤ ਨਾਲ ਪੇਸ਼ ਕੀਤਾ ਗਿਆ ਹੈ, ਮੈਕਸੀਮਿਲੀਆਂ ਰੋਬੈਸਪੀਅਰ (Maximilien Robespierre) ਅਤੇ ਜਾਰਜ ਡਾਂਟੋਂ (George Danton) ਫਰਾਂਸੀਸੀ ਇਨਕਲਾਬ ਦੇ ਆਗੂ ਸਨ। ਡਾਂਟੋਂ ਨੇ ਰੋਬੈਸਪੀਅਰ ਦੇ ਦਮਨ ਦਾ ਵਿਰੋਧ ਕੀਤਾ। ਫਿਲਮ ਦੇ ਇਸ ਦ੍ਰਿਸ਼ ਵਿਚ ਡਾਂਟੋਂ ਰੋਬੈਸਪੀਅਰ ਦਾ ਹੱਥ ਫੜ ਕੇ ਆਪਣੇ ਗਲੇ ਉੱਤੇ ਰੱਖਦਿਆਂ ਕਹਿੰਦਾ ਹੈ, ‘‘ਇਹ ਗੱਲ ਗੱਲਾਂ ਤਕ ਸੀਮਤ ਨਹੀਂ ਰਹਿਣੀ, ਤੈਨੂੰ ਇਹ ਗਲਾ ਘੁੱਟਣਾ ਪੈਣਾ ਹੈ।’
ਅਮਰੀਕਨ ਵਿਦਵਾਨ ਕਰੇਗ ਆਰ ਸਮਿੱਥ ਤੇ ਉਸ ਦੇ ਸਾਥੀ ਵਿਦਵਾਨਾਂ ਨੇ ਆਪਣੀ ਕਿਤਾਬ ‘ਵਿਰੋਧੀਆਂ ਨੂੰ ਚੁੱਪ ਕਰਾਉਂਦਿਆਂ (Silencing the Opposition)’ ਵਿਚ ਉਨ੍ਹਾਂ ਤਰੀਕਿਆਂ, ਜਿਨ੍ਹਾਂ ਨੂੰ ਵਰਤ ਕੇ ਸਰਕਾਰਾਂ ਵਿਰੋਧੀਆਂ ਨੂੰ ਚੁੱਪ ਕਰਵਾਉਂਦੀਆਂ ਹਨ, ਦਾ ਵਿਸਥਾਰ ਸਹਿਤ ਜ਼ਿਕਰ ਕੀਤਾ ਹੈ। ਕਰੇਗ ਅਨੁਸਾਰ ਸਰਕਾਰ ਅਸਹਿਮਤੀ ਰੱਖਣ ਵਾਲਿਆਂ ਨੂੰ ਦੋ ਰਸਤਿਆਂ ਵਿਚੋਂ ਚੋਣ ਕਰਨ ਲਈ ਕਹਿੰਦੀ ਹੈ, ਇਹ ਰਸਤੇ ਹਨ : ਉਨ੍ਹਾਂ ਨਾਲ ਮਿਲ ਜਾਵੋ (Assimilation) ਜਾਂ ਖ਼ਤਮ ਹੋ ਜਾਵੋ (Elimination)। ਭਾਰਤ ਨੇ 1975-77 ਵਿਚ ਐਮਰਜੈਂਸੀ ਦਾ ਦੌਰ ਵੇਖਿਆ। ਸ਼ਾਸਕ ਚਲਾਕ ਹੁੰਦੇ ਹਨ, ਉਹ ਇਤਿਹਾਸ ਤੋਂ ਸਿੱਖਦੇ ਹਨ, ਉਹ ਜਾਣਦੇ ਹਨ ਕਿ ਐਮਰਜੈਂਸੀ ਲਗਾਉਣ ਤੋਂ ਬਿਨਾਂ ਵੀ ਕਿਵੇਂ ਐਮਰਜੈਂਸੀ ਵਰਗਾ ਮਾਹੌਲ ਬਣਾਇਆ ਜਾ ਸਕਦਾ ਹੈ, ਅਸਹਿਮਤੀ ਦਾ ਗਲਾ ਘੁੱਟਿਆ ਜਾ ਸਕਦਾ ਹੈ।
ਮਨੁੱਖਤਾ ਦੇ ਇਤਿਹਾਸ ਵਿਚ ਇਕ ਖੇਤਰ ਸ਼ਾਸਕਾਂ ਲਈ ਹਮੇਸ਼ਾਂ ਸਮੱਸਿਆਵਾਂ ਪੈਦਾ ਕਰਦਾ ਰਿਹਾ ਹੈ, ਉਹ ਹੈ ਕਾਗਜ਼ ਤੇ ਕਲਮ ਦਾ ਖੇਤਰ। ਇਹ ਨਹੀਂ ਕਿ ਸ਼ਾਸਕਾਂ ਨੇ ਇਸ ਖੇਤਰ ਨੂੰ ਆਪਣੀ ਤਾਕਤ ਵਧਾਉਣ ਲਈ ਨਹੀਂ ਵਰਤਿਆ ਪਰ ਅਸਹਿਮਤੀ ਰੱਖਣ ਵਾਲਿਆਂ ਨੇ ਵੀ ਇਸ ਖੇਤਰ ਰਾਹੀਂ ਹਾਕਮ ਜਮਾਤਾਂ ਵਿਰੁੱਧ ਵਿਰੋਧ ਪ੍ਰਗਟਾਇਆ ਹੈ। ਸ਼ਾਸਕਾਂ ਨੇ ਬੁੱਤਾਂ ਤੇ ਸਿੱਲ ਪੱਥਰਾਂ ’ਤੇ ਆਪਣੇ ਉਦੇਸ਼ ਉੱਕਰੇ, ਅਸਹਿਮਤੀ ਰੱਖਣ ਵਾਲਿਆਂ ਨੇ ਤਾੜ-ਪੱਤਰਾਂ ’ਤੇ ਆਪਣਾ ਵਿਦਰੋਹ ਦਰਜ ਕੀਤਾ, ਹਕੂਮਤਾਂ ਵਿਰੁੱਧ ਕਵਿਤਾ, ਨਾਟਕ ਤੇ ਇਤਿਹਾਸਕ ਬਿਰਤਾਂਤ ਲਿਖੇ ਗਏ। ਪ੍ਰਿੰਟਿੰਗ ਪ੍ਰੈੱਸ ਆਉਣ ’ਤੇ ਇਸ ਖੇਤਰ ਵਿਚ ਇਨਕਲਾਬ ਆਇਆ। ਕਿਤਾਬਾਂ ਛਪਣ ਦੇ ਨਾਲ ਨਾਲ ਅਖ਼ਬਾਰਾਂ ਨਿਕਲਣ ਲੱਗੀਆਂ। ਅਖ਼ਬਾਰਾਂ ਨੇ ਨਵੀਂ ਦੁਨੀਆ ਬਣਾਉਣ ਵਿਚ ਅਹਿਮ ਭੂਮਿਕਾ ਨਿਭਾਈ, ਅਖ਼ਬਾਰਾਂ ਰਾਹੀਂ ਵਿਚਾਰਾਂ ਦੇ ਪ੍ਰਗਟਾਵੇ ਭਾਵ ਪ੍ਰੈੱਸ/ਮੀਡੀਆ ਦੀ ਆਜ਼ਾਦੀ ਨੂੰ ਜਮਹੂਰੀਅਤ ਦਾ ਚੌਥਾ ਥੰਮ੍ਹ ਮੰਨਿਆ ਗਿਆ। ਜਦੋਂ ਜਦੋਂ ਸਰਕਾਰਾਂ ਜਮਹੂਰੀ ਰਾਹਾਂ ਤੋਂ ਗ਼ੈਰ-ਜਮਹੂਰੀ ਪੰਧਾਂ ਵੱਲ ਵਧਦੀਆਂ ਹਨ, ਉਦੋਂ ਹੀ ਲੇਖਕਾਂ ਤੇ ਪ੍ਰੈੱਸ/ਮੀਡੀਆ ਦਾ ਗਲਾ ਘੁੱਟਿਆ ਜਾਂਦਾ ਹੈ, ਇਹ ਐਮਰਜੈਂਸੀ ਵੇਲੇ ਹੋਇਆ ਸੀ, ਹੁਣ ਵੀ ਹੋ ਰਿਹਾ ਹੈ, ਇਸ ਦਹਾਕੇ ਵਿਚ ਇਹ ਰੁਝਾਨ ਤੇਜ਼ੀ ਨਾਲ ਵਧਿਆ ਹੈ, ਹਾਕਮ ਖ਼ੁਸ਼ ਹਨ।
ਇਤਿਹਾਸ ਗਵਾਹ ਹੈ ਕਿ ਇਤਿਹਾਸ ਵਿਚ ਆਉਂਦੀਆਂ ਤਬਦੀਲੀਆਂ ਨਵੀਆਂ ਸਥਾਪਤੀਆਂ ਬਣ ਜਾਂਦੀਆਂ ਹਨ, ਇਨਕਲਾਬ ਸਰਕਾਰਾਂ ਵਿਚ ਬਦਲ ਜਾਂਦੇ ਹਨ, ਸਰਕਾਰਾਂ ਪੁਰਾਣੇ ਰਾਹਾਂ ’ਤੇ ਤੁਰਨ ਲੱਗ ਪੈਂਦੀਆਂ ਹਨ, ਲੋਕਾਂ ਕੋਲ ਫਿਰ ਵਿਦਰੋਹ ਕਰਨ ਤੋਂ ਬਿਨਾਂ ਕੋਈ ਹੋਰ ਹੀਲਾ ਨਹੀਂ ਬਚਦਾ।
ਪ੍ਰਮੁੱਖ ਸਵਾਲ ਇਹ ਹੈ ਕਿ ਤਬਦੀਲੀਆਂ ਲਿਆਉਣ ਵਾਲੇ ਆਗੂ ਇਸ ਤਰ੍ਹਾਂ ਕਿਉਂ ਕਰਦੇ ਹਨ। ਇਸ ਦੇ ਕਈ ਕਾਰਨ ਹਨ : ਸੱਤਾ ਵਿਚ ਆਪਣੀ ਚਕਾਚੌਂਧ ਤੇ ਤਾਕਤ ਹੁੰਦੀ ਹੈ, ਇਹ ਤਾਕਤ ਤਬਦੀਲੀ ਲਿਆਉਣ ਵਾਲੇ ਆਗੂਆਂ ਨੂੰ ਸੱਤਾ ਦਾ ਕੇਂਦਰੀਕਰਨ ਕਰਨ ਤੇ ਅਸਹਿਮਤੀ ਨੂੰ ਦਬਾਉਣ ਲਈ ਉਕਸਾਉਂਦੀ ਹੈ, ਇਹ ਉਕਸਾਹਟ ਇੰਨੀ ਖਿੱਚਵੀਂ ਹੁੰਦੀ ਹੈ ਕਿ ਤਬਦੀਲੀਆਂ ਦੇ ਝੰਡਾਬਰਦਾਰ ਭੁੱਲ ਜਾਂਦੇ ਹਨ ਕਿ ਉਨ੍ਹਾਂ ਨੇ ਅਜਿਹੇ ਰੁਝਾਨਾਂ ਵਿਰੁੱਧ ਸੰਘਰਸ਼ ਕੀਤਾ ਸੀ। ਇਕ ਹੋਰ ਕਾਰਨ ਇਹ ਹੈ ਕਿ ਤਬਦੀਲੀ ਲਿਆਉਣ ਵਾਲੇ ਆਗੂ ਇਹ ਸਮਝ ਲੈਂਦੇ ਹਨ ਕਿ ਸਰਕਾਰ ਵਿਚ ਤਬਦੀਲੀ ਹੋਣ ਨਾਲ ਸਭ ਕੁਝ ਬਦਲ ਗਿਆ ਹੈ। ਰਿਆਸਤ ਵਿਚ ਮੁੱਖ ਅੰਗ ਉਸ ਦੀ ਅਫ਼ਸਰਸ਼ਾਹੀ ਹੁੰਦੀ ਹੈ, ਉਹ ਆਪਣੀ ਨੁਹਾਰ ਬਦਲਦੀ ਹੈ ਅਤੇ ਨਵੇਂ ਸ਼ਾਸਕਾਂ ਦੇ ਦਿਲੋ-ਦਿਮਾਗ਼ ਨੂੰ ਜਿੱਤ ਲੈਂਦੀ ਹੈ।
ਤਬਦੀਲੀ ਨੇ ਨਵੀਆਂ ਸਰਕਾਰਾਂ ਦੇ ਬਣਨ ਤੋਂ ਸ਼ੁਰੂ ਹੋਣਾ ਹੁੰਦਾ ਹੈ, ਤਬਦੀਲੀ ਤਾਂ ਸ਼ੁਰੂ ਹੋ ਸਕਦੀ ਹੈ ਜੇ ਤਬਦੀਲੀ ਲਿਆਉਣ ਵਾਲੇ ਆਗੂ ਦਮਨਕਾਰੀ ਰੁਝਾਨਾਂ ਤੋਂ ਮੂੰਹ ਮੋੜਨ ਤੇ ਆਪਣੇ ਲੋਕਾਂ ਪ੍ਰਤੀ ਪ੍ਰਤੀਬੱਧ ਹੋਣ। ਸੱਤਾ ਤੇ ਤਾਕਤ ਦਾ ਮੋਹ-ਜਾਲ ਏਨਾ ਤਕੜਾ ਹੁੰਦਾ ਹੈ ਕਿ ਇਸ ਤਰ੍ਹਾਂ ਕਰਨਾ ਬਹੁਤ ਵਾਰ ਮੁਸ਼ਕਲ ਹੁੰਦਾ ਹੈ। ਸੱਤਾ, ਤਾਕਤ, ਹਉਮੈ, ਵਧਦੀ ਹੋਈ ਤ੍ਰਿਸ਼ਨਾ ਤੇ ਗਰੂਰ ਹਾਕਮਾਂ ਲਈ ਅਜਿਹਾ ਸਰੂਰਮਈ ਰਸ ਬਣਾਉਂਦੀਆਂ ਹਨ ਜਿਸ ਨੂੰ ਪੀ ਕੇ ਉਹ ਆਪਣੀਆਂ ਜੜ੍ਹਾਂ ਤੋਂ ਟੁੱਟਣ ਲੱਗਦੇ ਹਨ, ਹਉਮੈ ਤੇ ਗਰੂਰ ਦੀ ਬੁਨਿਆਦ ’ਤੇ ਤਾਕਤ ਦਾ ਮਹਿਲ ਉੱਸਰਦਾ ਹੈ। ਹਾਕਮ ਭੁੱਲ ਜਾਂਦੇ ਹਨ ਕਿ ਗੁਰੂ ਨਾਨਕ ਦੇਵ ਜੀ ਨੇ ਕਿਹਾ ਹੈ, ‘‘ਇਸੁ ਤਨ ਧਨ ਕਾ ਕਹਹੁ ਗਰਬੁ ਕੈਸਾ।।’’ ਗਰਬੁ (ਹੰਕਾਰ) ਉਨ੍ਹਾਂ ਦੀ ਜੀਵਨ-ਕਹਾਣੀ ਬਣ ਜਾਂਦਾ ਹੈ।
ਅਸਹਿਮਤੀ ਜਮਹੂਰੀਅਤ ਦੀ ਰੂਹ ਹੈ। ਜਿੱਥੇ ਅਸਹਿਮਤੀ ਦਾ ਗਲਾ ਘੁੱਟਿਆ ਜਾਂਦਾ ਹੈ, ਉੱਥੇ ਜਮਹੂਰੀਅਤ ਦਾ ਪਤਨ ਸ਼ੁਰੂ ਹੋ ਜਾਂਦਾ ਹੈ। ਇਹ ਪਤਨ ਜਲਦੀ ਦਿਖਾਈ ਨਹੀਂ ਦਿੰਦਾ। ਸਾਡੇ ਦੇਸ਼ ਵਿਚ ਕਈ ਵਰ੍ਹਿਆਂ ਤੋਂ ਅਸਹਿਮਤੀ ਦਾ ਗਲਾ ਘੁੱਟਣ ਦਾ ਰੁਝਾਨ ਜਾਰੀ ਹੈ। ਸੱਤਾਧਾਰੀ ਸਮਝਦੇ ਹਨ ਕਿ ਉਹ ਸਾਰਿਆਂ ਨੂੰ ਝੁਕਾ ਸਕਦੇ ਹਨ, ਹਾਲਾਤ ਨੇ ਹਕੀਕੀ ਤੌਰ ’ਤੇ ਕਦੇ ਨਹੀਂ ਬਦਲਣਾ। ਉਹ ਗ਼ਲਤ ਸਮਝਦੇ ਹਨ, ਲੋਕ-ਸ਼ਕਤੀ ਆਪਣੇ ਸਾਹਮਣੇ ਪਈਆਂ ਚੁਣੌਤੀਆਂ ਨੂੰ ਸਮਝਦੀ ਹੈ। ਉਹ ਕੁਝ ਦੇਰ ਲਈ ਚੁੱਪ ਹੋ ਸਕਦੀ ਹੈ, ਕੁਝ ਦੇਰ ਲਈ ਉਸ ਨੂੰ ਚੁੱਪ ਕਰਾਇਆ ਵੀ ਜਾ ਸਕਦਾ ਹੈ ਪਰ ਅਸਹਿਮਤੀ ਨੂੰ ਹਮੇਸ਼ਾਂ ਲਈ ਚੁੱਪ ਵਿਚ ਨਹੀਂ ਬਦਲਿਆ ਜਾ ਸਕਦਾ। ਅਮਰੀਕੀ ਸ਼ਾਇਰ ਲੈਂਗਸਟਨ ਹਿਊਜ਼ ਦਾ ਕਥਨ ਹੈ, ‘‘ਉਹ ਕੰਧਾਂ, ਜੋ ਦਮਨ ਉਸਾਰਦੀਆਂ ਹਨ, ਨੇ ਟੁੱਟ ਜਾਣਾ ਹੈ।’’ ਮਨੁੱਖਤਾ ਆਸ ’ਤੇ ਜਿਊਂਦੀ ਹੈ। ਅਸਹਿਮਤੀ ਆਸ ਨੂੰ ਧੜਕਦਿਆਂ ਰੱਖਦੀ ਹੈ।