ਬਰਗਾੜੀ ਦੀ ਲਾਮਬੰਦੀ ਚੋਂ ਹੋ ਸਕਦੈ ਨਵੀਂ ਪੰਥਕ ਪਾਰਟੀ ਦਾ ਜਨਮ - ਮਨਜਿੰਦਰ ਸਿੰਘ ਸਰੌਦ

ਬਠਿੰਡਾ ਬਣਿਆ ਧਾਰਮਿਕ ਸਰਗਰਮੀਆਂ ਦੀ ਰਾਜਧਾਨੀ
ਬਾਦਲ ਅਕਾਲੀ ਦੱਲ ਪਹੁੰਚਿਆ ਹਾਸ਼ੀਏ ਤੇ

ਸੱਤ ਅਕਤੂਬਰ ਦੇ ਬਰਗਾੜੀ ਰੋਸ ਮਾਰਚ ਨੇ ਸਮੁੱਚੇ ਸਿੱਖ ਜਗਤ ਅਤੇ ਪੰਜਾਬ ਅੰਦਰ ਇੱਕ ਨਵੀਂ ਲਾਮਬੰਦੀ ਦਾ ਮੁੱਢ ਬੰਨ ਦਿੱਤੈ ਭਾਵੇਂ ਇਸ ਸਾਰੇ ਬਾਨਣੂੰ ਨੂੰ ਬੰਨ੍ਹਣ ਵਿੱਚ ਬਿਨਾਂ ਸ਼ੱਕ ਪੰਥਕ ਧਿਰਾਂ ਜੋ ਲੰਮੇ ਸਮੇਂ ਤੋਂ ਇਨਸਾਫ ਲਈ ਬਰਗਾੜੀ ਵਿਖੇ ਬੈਠੀਆਂ ਹਨ ਦਾ ਅਹਿਮ ਰੋਲ ਅਤੇ ਆਪ ਦੇ ਬਾਗੀ ਧੜੇ ਖਹਿਰਾ ਗਰੁੱਪ ਤੇ ਬੈਂਸ ਭਰਾਵਾਂ ਦੇ ਵੱਡੇ ਯੋਗਦਾਨ ਨੂੰ ਵੀ ਅੱਖੋਂ ਪਰੋਖੇ ਨਹੀਂ ਕੀਤਾ ਜਾ ਸਕਦਾ। ਆਉਂਦੇ ਦਿਨ ਪੰਜਾਬ ਦੀ ਰਾਜਨੀਤੀ ਲਈ ਕਾਫ਼ੀ ਅਹਿਮ ਹੋਣਗੇ। ਚਿਰਾਂ ਤੋਂ ਛੋਟੇ ਛੋਟੇ ਗਰੁੱਪਾਂ ਵਿੱਚ ਵੰਡੀ ਪੰਥਕ ਸ਼ਕਤੀ ਨੂੰ ਹੁਣ ਇੱਕ ਅਹਿਸਾਸ ਹੋ ਚੁੱਕਿਐ ਕਿ ਜੇਕਰ ਹੁਣ ਵੀ ਮੌਕਾ ਸੰਭਾਲਿਆ ਨਾ ਗਿਆ ਤਾਂ ਸ਼ਾਇਦ ਫੇਰ ਕਦੇ ਅਜਿਹਾ ਮੌਕਾ ਨਾ ਹੀ ਆਵੇ । ਕਿਉਂਕਿ ਗੁਰੂ ਗ੍ਰੰਥ ਸਾਹਿਬ ਦੀ ਹੋਈ ਬੇਹੁਰਮਤੀ ਅਤੇ ਬਾਦਲ ਅਕਾਲੀ ਦਲ ਵੱਲੋਂ ਕੀਤੇ ਗਲਤ ਫੈਸਲਿਆਂ ਨੂੰ ਲੈ ਕੇ ਸਮੁੱਚੇ ਸਿੱਖ ਜਗਤ ਤੇ ਪੰਜਾਬ ਅੰਦਰ ਭਾਰੀ ਰੋਸ ਦੀ ਲਹਿਰ ਅੱਜ ਵੀ ਬਰਕਰਾਰ ਹੈ ।

ਸ਼ੁਰੂ ਵਿੱਚ ਇਹ ਮਹਿਸੂਸ ਕੀਤਾ ਜਾ ਰਿਹਾ ਸੀ ਕਿ ਸ਼ਾਇਦ ਪੰਥਕ ਧਿਰਾਂ ਨੂੰ ਪਹਿਲਾਂ ਵਾਂਗ ਲੋਕ ਵੱਡਾ ਸਹਿਯੋਗ ਨਾ ਦੇਣ ਪਰ ਹੋਇਆ ਬਿਲਕੁਲ ਉਲਟ । ਅਕਾਲੀ ਦਲ ਦੇ ਪ੍ਰਧਾਨ ਦੀ ਜ਼ਿੱਦ ਨੇ ਪਾਰਟੀ ਨੂੰ ਹਾਸ਼ੀਏ ਤੇ ਧੱਕਣ ਵਿੱਚ ਕੋਈ ਕਸਰ ਬਾਕੀ ਨਹੀਂ ਛੱਡੀ ਗਲਤੀ ਤੋਂ ਬਾਅਦ ਗਲਤੀ ਕਰ ਹੁਣ ਅਕਾਲੀ ਦਲ ਨੂੰ ਮੁੜ ਤੋਂ ਉੱਠਣਾ ਮੁਸ਼ਕਿਲ ਹੋ ਗਿਐ । ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਲੱਗਦੈ ਇਸ ਸੋਚ ਦੇ ਧਾਰਨੀ ਹੋ ਚੁੱਕੇ ਨੇ ਕਿ ਜਿਸ ਨੇ ਜਾਣਾ ਜਾਓ ਮੈਨੂੰ ਕੋਈ ਪ੍ਰਵਾਹ ਨਹੀਂ ਪਰ ਮੈਨੂੰ ਨਸੀਹਤਾਂ ਨਾ ਦਿਓ । ਟਕਸਾਲੀ ਅਕਾਲੀ ਆਗੂਆਂ ਦਾ ਗਰੁੱਪ ਵੀ ਹੁਣ ਆਰ ਪਾਰ ਦੀ ਲੜਾਈ ਦੇ ਰਉਂ ਵਿੱਚ ਆ ਗਿਆ ਹੈ । ਸਿੱਖਾਂ  ਦੀ ਲਹੂ ਡੋਲਵੇਂ ਸੰਘਰਸ਼ ਦੀ ਪੈਦਾਇਸ਼  ਸ਼੍ਰੋਮਣੀ  ਅਕਾਲੀ ਦਲ ਦਾ ਲਗਾਤਾਰ ਨਿਵਾਣਾ ਵੱਲ ਜਾਣਾ ਬਿਨਾਂ ਸ਼ੱਕ ਕੌਮ ਲਈ ਘਾਤਕ ਸਿੱਧ ਹੋ ਰਿਹਾ ਹੈ । ਚਿਰਾਂ ਤੋਂ ਅੱਕੀਆਂ ਬੈਠੀਆਂ ਪੰਥਕ ਧਿਰਾਂ ਕੋਲ ਇਕੱਠੇ ਹੋ ਕੇ ਵੱਖਰੀ ਜ਼ਮੀਨ ਤਲਾਸ਼ਣ ਤੋਂ ਸਿਵਾਏ ਕੋਈ ਹੋਰ ਚਾਰਾ ਨਹੀਂ ਬਚਿਆ ਸੀ । ਕਿਉਂਕਿ ਉਨ੍ਹਾਂ ਨੇ ਪੰਥਕ ਸਰਕਾਰ ਸਮੇਂ ਲੰਬਾ ਸਮਾਂ ਜੇਲ੍ਹਾ ਵਿੱਚ ਹੀ ਗੁਜ਼ਾਰਿਆ ਹੈ । ਖਹਿਰਾ, ਬੈਂਸ ਭਰਾ, ਵੀਰਦਵਿੰਦਰ ਸਿੰਘ, ਸਿਮਰਜੀਤ ਸਿੰਘ ਮਾਨ, ਬਸਪਾ ਸਮੇਤ ਹੋਰ ਕਈ ਸਿੱਖ ਜਥੇਬੰਦੀਆਂ ਦਾ ਰੋਸ ਮਾਰਚ ਮੌਕੇ ਬਰਗਾੜੀ ਪਹੁੰਚਣਾ ਇਹ ਦਰਸਾਉਂਦਾ ਹੈ ਕਿ ਅਗਲੇ ਸਮੇਂ ਨੂੰ ਇੱਕ ਬਹੁਤ ਵੱਡੀ ਪੰਥਕ ਜਮਾਤ ਦਾ ਗਠਨ ਹੋ ਸਕਦਾ ਹੈ ।

ਇਸ ਤੋਂ ਵੀ ਇਨਕਾਰ ਨਹੀਂ ਕੀਤਾ ਜਾ ਸਕਦਾ ਕਿ ਬਾਦਲ ਅਕਾਲੀ ਦਲ ਦੇ ਵਿਰੋਧ ਤੋਂ  ਬਾਅਦ ਕਾਂਗਰਸ ਵਿਰੋਧੀ ਆਗੂ ਵੀ ਇਸ ਸਾਂਝੇ ਮੁਹਾਜ ਦਾ ਹਿੱਸਾ ਬਣ ਜਾਣ ਜਿਹੜੇ ਕਾਂਗਰਸ ਦਾ ਵਿਰੋਧ ਤਾਂ ਕਰਦੇ ਨੇ ਪਰ ਖੁੱਲ੍ਹ ਕੇ ਕਿਸੇ ਪਾਸੇ ਨਹੀਂ ਤੁਰਦੇ ਉਨ੍ਹਾਂ ਦੀ ਪੈੜ ਚਾਲ ਦੀ ਵੱਖਰੀ ਸੁਣਾਈ ਦੇਣ  ਲੱਗੀ ਹੈ । ਇੱਕ ਵੱਖਰੀ ਸਿਆਸੀ ਤੇ ਧਾਰਮਿਕ ਜਮਾਤ ਦੀ ਰੂਪ ਰੇਖਾ ਕੀ ਹੋਵੇਗੀ ਇਸ ਦਾ ਖੁਲਾਸਾ ਅਗਲੇ ਕੁਝ ਦਿਨ ਤੈਅ ਕਰਨਗੇ । ਜਥੇਦਾਰ ਬਲਜੀਤ ਸਿੰਘ ਦਾਦੂਵਾਲ ਤੇ ਭਾਈ ਧਿਆਨ ਸਿੰਘ ਮੰਡ ਦੇ ਲੰਬੇ ਸੰਘਰਸ਼ ਤੋਂ ਬਾਅਦ ਪੈਦਾ ਹੋਈ ਸਥਿਤੀ ਨੇ ਸਾਰੀਆਂ ਸਿਆਸੀ ਪਾਰਟੀਆਂ ਨੂੰ ਮੂੰਹ ਵਿਚ ਉਂਗਲਾਂ ਪਾ ਕੇ ਸੋਚਣ ਲਈ ਮਜਬੂਰ ਕਰ ਦਿੱਤਾ ਹੈ । ਨਾਮੀ ਵੱਡੇ ਆਗੂਆਂ ਵੱਲੋਂ ਅੱਧੀ ਦਰਜਨ ਦੇ ਕਰੀਬ ਬਾਗੀ ਟਕਸਾਲੀ ਅਕਾਲੀ ਨੇਤਾਵਾਂ ਤੱਕ ਕੀਤੀ ਪਹੁੰਚ ਇਸੇ ਕੜੀ ਦਾ ਹਿੱਸਾ ਹੈ । ਕਾਂਗਰਸ ਦੀ ਭਾਵੇਂ ਸਰਕਾਰ ਹੈ ਪਰ ਸੋਚ ਦੀ ਸੂਈ ਉਨ੍ਹਾਂ ਵੀ ਉੱਥੇ ਹੀ ਟਿਕਾ ਰੱਖੀ ਹੈ ਕਿ ਆਉਣ ਵਾਲੇ ਦਿਨਾਂ ਨੂੰ ਕਿਸ ਸਾਧ ਦੀ ਭੂਰੀ ਤੇ ਇਕੱਠ ਹੋਵੇਗਾ ।

ਜੇਕਰ ਸਰਕਾਰ ਵੱਲੋਂ ਬੇਅਦਬੀ ਵਿੱਚ ਸ਼ਾਮਲ ਸਾਰੇ ਦੋਸ਼ੀਆਂ ਨੂੰ ਕਾਨੂੰਨ ਦੇ ਕਟਹਿਰੇ ਵਿੱਚ ਖੜ੍ਹਾ ਨਹੀਂ ਕੀਤਾ ਜਾਂਦਾ ਤਾਂ ਸਿੱਖਾਂ ਵਿੱਚ ਰੋਸ ਵਧਣਾ ਸੁਭਾਵਕ ਹੈ ਜਿਸ ਦਾ ਨੁਕਸਾਨ ਕਾਂਗਰਸ ਤੇ ਅਕਾਲੀ ਦਲ ਨੂੰ ਪਤਾ ਨਹੀਂ ਕਿਸ ਦਿਸ਼ਾ ਵਿਚ ਖੜ੍ਹਾ ਕਰ ਦੇਵੇ । ਇਸ ਸਾਰੇ ਸਿਆਸੀ ਤੇ ਧਾਰਮਿਕ ਘਟਨਾਕਰਮ ਤੇ ਡੂੰਘੀ ਝਾਤ ਮਾਰਦਿਆਂ ਇਹ ਸਮਝ ਜ਼ਰੂਰ ਪੈਂਦਾ ਹੈ ਕਿ ਇਸ ਸਮੇਂ ਬਠਿੰਡਾ ਪੰਥਕ ਸਰਗਰਮੀਆਂ ਦੀ ਰਾਜਧਾਨੀ ਬਣ ਚੁੱਕਿਆ ਨਜ਼ਰ ਆਉਂਦਾ ਹੈ । ਸਿੱਖ ਭਾਈਚਾਰੇ ਦੇ ਵਲੂੰਧਰੇ ਹਿਰਦਿਆਂ ਤੇ ਮੱਲਮ ਲਾਉਣ, ਤਹਿਸ ਨਹਿਸ਼ ਹੋ ਚੁੱਕੇ ਸਿਆਸੀ ਤਾਣੇ ਬਾਣੇ ਨੂੰ ਸੁਲਝਾਉਣ ਅਤੇ ਸਮੂਹ ਨਾਨਕ ਨਾਮ ਲੇਵਾ ਪੰਥਕ ਕੇਡਰ ਨੂੰ ਲੀਹ ਤੇ ਲਿਆਉਣ ਲਈ ਇੱਕ ਵੱਡਾ ਪਲੇਟ ਫਾਰਮ ਬਠਿੰਡਾ ਦੀ ਧਰਤੀ ਤੇ ਕਾਇਮ ਕੀਤਾ ਗਿਆ ਹੈ ਜਿਸ ਦੀ ਰੂਪ ਰੇਖਾ ਇੱਕ ਸਾਬਕਾ ਕਾਨੂੰਨਦਾਨ ਤੇ ਪੰਥਕ ਸਰਕਾਰ ਮੌਕੇ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਕਿਸੇ ਸਮੇਂ  ਸੱਜੀ ਬਾਂਹ ਮੰਨੇ ਜਾਂਦੇ ਇਮਾਨਦਾਰ ਤੇ ਲਿਆਕਤੀ ਸੂਝ ਬੂਝ ਦੇ ਨਾਲ ਨਾਲ ਸਿਆਸੀ ਅਲਜਬਰੇ ਤੋਂ ਜਾਣੂ ਹਸਤੀ ਵੱਲੋਂ ਤਿਆਰ ਕੀਤੀ ਜਾ ਰਹੀ ਹੈ । ਜੇਕਰ ਇਹ  ਸਿਆਸੀ ਤੇ ਧਾਰਮਿਕ ਜੋੜ ਤੋੜ ਆਪਣੇ ਮੁਕਾਮ ਤੇ ਪਹੁੰਚਦੇ ਹਨ ਤਾਂ ਪੰਜਾਬੀਆਂ ਨੂੰ ਜਿਸ ਵੱਖਰੀ ਤੇ ਨਿਆਰੀ ਧਿਰ ਦੀ ਜ਼ਰੂਰਤ ਸੀ ਉਸ ਦੇ ਦਰਸ਼ਨ ਜ਼ਰੂਰ ਕਰਨ ਨੂੰ ਮਿਲ ਸਕਦੇ ਨੇ।

ਇਹ ਵੀ ਸੱਚ ਹੈ ਜੇਕਰ ਹੁਣ ਸਾਰੀਆਂ ਸਿਆਸੀ ਤੇ ਧਾਰਮਿਕ ਧਿਰਾਂ ਟੁੱਟੀ ਹੋਈ ਮਾਲਾ ਦੇ ਮੋਤੀਆਂ ਵਾਂਗ ਆਪਣਾ ਰਾਗ ਅਲਾਪ ਦੀਆਂ ਰਹੀਆਂ ਜੋ ਉਹ ਪਿਛਲੇ ਸਮੇਂ ਵਿੱਚ ਕਰਦੀਆਂ ਰਹੀਆਂ ਹਨ ਤਾਂ ਉਹ ਭੁੱਲ ਜਾਵਣ ਕੇ ਜਿਹੜਾ ਬੀੜਾ ਉਨ੍ਹਾਂ ਨੇ ਅਕਾਲੀ ਦਲ ਤੇ ਧਾਰਮਿਕ ਖੇਤਰ ਵਿਚ ਆਏ ਨਿਘਾਰ ਨੂੰ ਦੂਰ ਕਰਨ ਅਤੇ ਇੱਕ ਪਰਿਵਾਰ ਦੇ ਕਬਜ਼ੇ ਨੂੰ ਮੁੱਢੋਂ ਖ਼ਤਮ ਕਰਨ ਲਈ ਚੁੱਕਿਐ ਉਹ ਉਸ ਵਿੱਚ ਕਾਮਯਾਬ ਹੋਣਗੀਆਂ । ਕਿਉਂਕਿ ਇਤਿਹਾਸ ਕਹਿੰਦਾ ਹੈ ਕੁਝ ਕਰਨ ਤੇ ਪਾਉਣ ਦੇ ਲਈ ਕੁਝ ਖੋਣਾ ਵੀ ਪੈਂਦਾ ਹੈ ਇਸ ਲਈ ਸਾਰਿਆਂ ਨੂੰ ਤਿਆਗ ਦੀ ਆਦਤ ਨੂੰ ਪਹਿਲਾ ਤੋਂ ਆਪਣੇ ਤੇ ਲਾਗੂ ਕਰਨਾ ਪਵੇਗਾ ਫਿਰ ਅੱਗੇ ਜਾ ਕੇ ਧਰਮ ਤੇ ਸਿਆਸਤ ਦੇ ਖੇਤਰ ਵਿਚ ਉੱਠੇ ਨਵੇਂ ਸਮੀਕਰਨ ਆਪਣਾ ਰਸਤਾ ਤੈਅ ਕਰ ਸਕਦੇ  ਹਨ ।

ਮਨਜਿੰਦਰ ਸਿੰਘ ਸਰੌਦ
ਮੁੱਖ ਪ੍ਰਚਾਰ ਸਕੱਤਰ
ਵਿਸ਼ਵ ਪੰਜਾਬੀ ਲੇਖਕ ਮੰਚ
9463463136

11 Oct. 2018