ਸਲੋਕ ਮਰਦਾਨਾ 1 ਜਾਂ ਸਲੋਕ ਮਹਲਾ 1 ਮਰਦਾਨਾ(ਪੰਨਾ 553) - ਗੁਰਚਰਨ ਸਿੰਘ ਜਿਉਣਵਾਲਾ
ਡਾ. ਮੁਹਿੰਦਰ ਕੌਰ ਗਿੱਲ, ਪ੍ਰਿੰ. ਮਾਤਾ ਸੁੰਦਰੀ ਕੌਲਿਜ ਨਵੀਂ ਦਿੱਲੀ ਇੱਕੀਵੀਂ ਸਦੀ ਦੇ ਸ਼ੁਰੂ ਵਿਚ ਹੀ ਕੈਨੇਡਾ ਆਏ ਹੋਏ ਸਨ। ਉਨ੍ਹਾਂ ਦੀਆਂ ਲਿਖਤਾਂ ਦੀ ਰੇਡੀਓ ਅਤੇ ਅਖਬਾਰਾਂ ਵਿਚ ਕਾਫੀ ਚਰਚਾ ਹੋ ਰਹੀ ਸੀ। ਇਸ ਕਰਕੇ ਮੇਰਾ ਮਨ ਵੀ ਕੀਤਾ ਕਿ ਪ੍ਰਿੰ. ਮੁਹਿੰਦਰ ਕੌਰ ਗਿੱਲ ਜੀ ਨਾਲ ਬੈਠ ਕੇ ਵਿਚਾਰ ਵਟਾਂਦਰਾ ਕੀਤਾ ਜਾਵੇ। ਹੋ ਸਕਦਾ ਹੈ ਕਿ ਬਗੈਰ ਪੜ੍ਹਨ ਦੇ ਕਿਸੇ ਸੂਝਵਾਨ ਪੀ.ਐਚ.ਡੀ ਵਿਅਕਤੀ ਤੋਂ ਕੁੱਝ ਸਿੱਖਣ ਨੂੰ ਮਿਲੇ। ਇਸ ਕਰਕੇ ਮੈਂ ਉਨ੍ਹਾਂ ਦਾ ਪੀ.ਐਚ.ਡੀ. ਦਾ ਥੀਸਿਜ਼ ਲਾਇਬਰੇਰੀ ਵਿਚੋਂ ਲੈ ਕੇ ਪੜ੍ਹਨਾ ਸੁਰੂ ਕੀਤਾ ਤਾਂ ਕਿ ਆਪਣੇ ਮਨ ਦੇ ਖਦਸ਼ਿਆਂ ਨੂੰ ਦੂਰ ਕੀਤਾ ਜਾ ਸਕੇ ਅਤੇ ਸ਼ੰਕਿਆਂ ਦੀ ਨਵਿਰਤੀ ਲਈ ਨਾਲ ਦੀ ਨਾਲ ਕੁੱਝ ਸਵਾਲ ਵੀ ਨੋਟ ਕਰ ਲਏ। ਸਾਰੀ ਗੱਲ-ਬਾਤ ਤਾਂ ਕਾਫੀ ਲੰਬੀ ਹੋਈ ਅਤੇ ਉਸ ਵਕਤ (ਇਹ 2001-2 ਦੀ ਗੱਲ ਹੈ) ਕਈ ਸਾਰੇ ਲੇਖ ਲਿਖੇ ਗਏ। ਪਰ ਇਸ ਸਮੇਂ ਸਿਰਫ ਇਕ ਨੁਕਤੇ ਤੇ ਹੀ ਤੁਹਾਡੇ ਨਾਲ ਵਿਚਾਰ ਵਟਾਂਦਰੇ ਦੀ ਸਾਂਝ ਕੀਤੀ ਜਾ ਰਹੀ ਹੈ।
ਸਵਾਲ: ਡਾ. ਮੁਹਿੰਦਰ ਕੌਰ ਗਿੱਲ ਜੀਓ! ਤੁਸੀਂ ਮੁਕੰਮਲ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੀ ਖੋਜ ਕਰਕੇ ਆਪਣੇ ਪੀ.ਐਚ.ਡੀ. ਦੇ ਥੀਸਿਜ਼ ਵਿਚ ਬਾਣੀਕਾਰਾਂ ਦੇ ਨਾਮ ਲਿਖਦੇ ਸਮੇਂ ਭਾਈ ਮਰਦਾਨੇ ਨੂੰ ਵੀ ਬਾਣੀਕਾਰਾਂ ਵਿਚ ਸ਼ਾਮਲ ਕਰਦੇ ਹੋ। ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਦੋ ਸਲੋਕ ਭਾਈ ਮਰਦਾਨੇ ਦੇ ਸਿਰਲੇਖ ਹੇਠ ਲਿਖੇ ਹੋਏ ਹਨ ਜਿਨ੍ਹਾਂ ਦੇ ਸਿਰਲੇਖ ਇਸ ਤਰ੍ਹਾਂ ਚੱਲਦੇ ਹਨ, “ਸਲੋਕ ਮਰਦਾਨਾ 1 ਅਤੇ ਮਰਦਾਨਾ 1”। ਪ੍ਰਿਸੀਪਲ ਸਤਬੀਰ ਸਿੰਘ ਜੀ ਵੀ ਆਪਣੀ ਪੁਸਤਕ “ਸੌ ਸਵਾਲ” ਵਿਚ ਇਹੀ ਮੰਨਦੇ ਹਨ ਕਿ ਮਰਦਾਨਾ ਬਾਣੀਕਾਰ ਹੈ ਪਰ ਦਲੀਲ ਕੋਈ ਨਹੀਂ ਦਿੰਦੇ ਕਿ ਉਹ ਭਾਈ ਮਰਦਾਨੇ ਨੂੰ ਬਾਣੀਕਾਰ ਕਿਉਂ ਮੰਨਦੇ ਹਨ। ਸਲੋਕ ਦੇ ਅਖੀਰ ਵਿਚ ਜਿੱਥੇ ਕਵੀ ਆਪਣਾ ਨਾਮ ਲਿਖਦਾ ਹੈ ਉੱਥੇ ਇਨ੍ਹਾਂ ਦੋਹਾਂ ਹੀ ਸਲੋਕਾਂ ਵਿਚ ਗੁਰੂ ਨਾਨਕ ਸਾਹਿਬ ਆਪਣਾ ਨਾਮ ਲਿਖਦੇ ਹਨ। ਜੇਕਰ ਇਹ ਬਾਣੀ ਭਾਈ ਮਰਦਾਨੇ ਦੀ ਹੈ ਤਾਂ ਗੁਰੂ ਨਾਨਕ ਸਾਹਿਬ ਸ਼ਾਇਰ ਦੇ ਰੂਪ ਵਿਚ ਆਪਣਾ ਨਾਮ ਕਦੀ ਨਹੀ ਲਿਖਣਗੇ। ਤੁਸੀਂ ਇਹ ਕਿਵੇਂ ਸਿੱਧ ਕਰੋਗੇ ਕਿ ਇਹ ਦੋਨੋਂ ਸਲੋਕ ਭਾਈ ਮਰਦਾਨੇ ਜੀ ਦੇ ਹੀ ਹਨ?
ਉੱਤਰ: ਜਿਥੋਂ ਤੁਸੀਂ ਇਹ ਗੱਲ ਪੜ੍ਹ ਰਹੇ ਹੋ ਨਾ, ਇਥੇ ਕੁੱਝ ਸਿੱਧਾਂ ਦੀ ਬਾਣੀ ਵੀ ਹੋਵੇਗੀ। ਜਦੋਂ ਗੁਰੂ ਨਾਨਕ ਸਾਹਿਬ ਭਾਈ ਮਰਦਾਨੇ ਦੀ ਬਾਣੀ ਦਾ ਖਿਆਲ, ਖਿਆਲ ਭਾਈ ਮਰਦਾਨੇ ਦਾ ਹੈ ਲਿਖਤ ਗੁਰੂ ਨਾਨਕ ਸਾਹਿਬ ਦੀ ਹੈ। ਕਿਉਂਕਿ ਗੁਰੂ ਨਾਨਕ ਸਾਹਿਬ ਇਹ ਸਿੱਧ ਕਰਨਾ ਚਾਹੁੰਦੇ ਹਨ ਕਿ ਭਾਈ ਮਰਦਾਨਾ ਵੀ ਬਾਣੀਕਾਰਾਂ ਦੀ ਜਮਾਤ ਵਿਚ ਆ ਸਕਦਾ ਹੈ। ਲੇਕਿਨ ਉਹ ਬਾਣੀ ਕਿਵੇਂ ਉਚਾਰ ਰਿਹਾ ਹੈ ਗੁਰੂ ਸਾਹਿਬ ਉਸ ਵਿਚ ਕਿਸੇ ਤਰ੍ਹਾਂ ਦਾ ਸੰਦੇਹ ਨਹੀ ਰਹਿਣ ਦੇਣਾ ਚਾਹੁੰਦੇ ਇਸ ਕਰਕੇ ਇਹ ਖਿਆਲ ਭਾਈ ਮਰਦਾਨੇ ਦਾ ਹੈ ਤੇ ਲਿਖਤ ਗੁਰੂ ਸਾਹਿਬ ਦੀ ਆਪਣੀ ਹੈ। ਇਸੇ ਤਰ੍ਹਾਂ ਦੀ ਗੱਲ ਗੁਰੂ ਅਮਰਦਾਸ ਜੀ ਨੇ ਕੀਤੀ ਹੈ ਬਾਬਾ ਫਰੀਦ ਦੇ ਸਲੋਕਾਂ ਵਿਚ:
ਫਰੀਦਾ ਰਤੀ ਰਤੁ ਨ ਨਿਕਲੈ ਜੇ ਤਨੁ ਚੀਰੈ ਕੋਇ॥ ਜੋ ਤਨ ਰਤੇ ਰਬ ਸਿਉ ਤਿਨ ਤਨਿ ਲੋਭੁ ਰਤੁ ਨ ਹੋਇ ॥51॥
ਮ:3॥ ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ॥ ਜੋ ਸਹ ਰਤੇ ਆਪਣੇ ਤਿਤੁ ਤਨਿ ਲੋਭੁ ਰਤੁ ਨ ਹੋਇ॥ ਭੈ ਪਇਐ ਤਨਿ ਖੀਣੁ ਹੋਇ ਲੋਭੁ ਰਤੁ ਵਿਚਹੁ ਜਾਇ॥ ਜਿਉ ਬੈਸੰਤਰਿ ਧਾਤੁ ਸੁਧੁ ਹੋਇ ਲੋਭੁ ਰਤੁ ਵਿਚਹੁ ਜਾਇ॥
ਜਿਥੇ ਸ਼ੰਕਾ ਆ ਸਕਦਾ ਹੈ ਉਥੇ ਗੁਰੂ ਸਾਹਿਬਾਨ ਨੇ ਇਸ ਤਰ੍ਹਾਂ ਦੀ ਗਲ ਕੀਤੀ ਹੈ।
ਸਵਾਲ: ਵਿਚੋਂ ਹੀ ਟੋਕ ਕੇ ਮੈਨੂੰ ਡਾ: ਮਹਿੰਦਰ ਕੌਰ ਗਿੱਲ ਨੂੰ ਆਪਣਾ ਸਵਾਲ ਫਿਰ ਤੋਂ ਦੁਹਰਾਉਣਾ ਪਿਆ, ਕਿਉਂਕਿ ਭਾਈ ਮਰਦਾਨੇ ਦੇ ਸਲੋਕਾਂ ਵਾਲੀ ਉਦਾਹਰਣ ਤੇ ਬਾਬਾ ਫਰੀਦ ਜੀ ਦੇ ਸਲੋਕਾਂ ਵਾਲੀ ਸਥਿਤੀ ਬਿਲਕੁਲ ਵੱਖਰੀ ਵੱਖਰੀ ਹੈ।ਜਿਥੇ ਤੀਸਰੀ ਪਾਤਸ਼ਾਹੀ ਨੇ ਬਾਬੇ ਫਰੀਦ ਜੀ ਦੇ ਸਲੋਕਾਂ ਦੇ ਨਾਲ ਆਪਣਾ ਸਲੋਕ ਲਿਖਿਆ ਹੈ ਉਥੇ ਤੀਸਰੀ ਪਾਤਸ਼ਾਹੀ ਨੇ ਮਹਲਾ ਤੀਜਾ ਲਿਖਿਆ ਹੋਇਆ ਹੈ। ਤੀਸਰੇ ਪਾਤਸ਼ਾਹ ਨੂੰ ਬਾਬਾ ਫਰੀਦ ਜੀ ਦੇ ਉਪਰ ਵਰਨਣ ਕੀਤੇ ਸਲੋਕ ਦੇ ਨਾਲ ਆਪਣਾ ਸਲੋਕ ਕਿਉਂ ਲਾਉਣ ਦੀ ਜ਼ਰੂਰਤ ਪਈ? ਕਿਉਂਕਿ ਕਈ ਪਾਠਕਾਂ ਨੂੰ ਭੁਲੇਖਾ ਪੈ ਸਕਦਾ ਸੀ ਕਿ ਲਹੂ/ ‘ਰਤੁ’ ਤੋਂ ਬਗੈਰ ਤਾਂ ਸ਼ਰੀਰ ਹੋ ਹੀ ਨਹੀਂ ਸਕਦਾ। ਸੋ ਤੀਸਰੇ ਪਾਤਸ਼ਾਹ ਜੀ ਬਾਬਾ ਫਰੀਦ ਜੀ ਦੇ ਸਲੋਕ ਨੂੰ ਆਪਣੇ ਲਫਜ਼ਾਂ ਵਿਚ ਖੋਲ੍ਹ ਕੇ ਬਿਆਨ ਕਰ ਰਹੇ ਹਨ ਕਿ ਲੋਭ ਵਾਲੀ ਰਤ/ਲਹੂ ਨਹੀਂ ਹੈ ਅਤੇ ਬਾਣੀਕਾਰ ਨੇ ਆਪਣਾ ਨਾਮ ਮ: ਤੀਜਾ ਲਿਖ ਕੇ ਦੱਸ ਵੀ ਦਿੱਤਾ ਕਿ ਇਹ ਬਾਣੀ ਕਿਸ ਦੀ ਹੈ। ਇਕ ਹੋਰ ਵੀ ਉਦਾਹਰਣ ਗੁਰੂ ਗ੍ਰੰਥ ਸਾਹਿਬ ਵਿਚੋਂ ਮਿਲਦੀ ਹੈ ਕਿ ਜੇ ਕਿਸੇ ਗੁਰੂ ਸਾਹਿਬ ਨੇ ਕਿਸੇ ਹੋਰ ਭਗਤ ਦੀ ਬਾਣੀ ਨਾਲ ਅਪਣੇ ਦੋ ਚਾਰ ਅੱਖਰ ਉਸਦੇ ਸਲੋਕ ਦੇ ਵਿਚ ਹੀ ਲਿਖੇ ਹਨ ਤਾਂ ਸਿਰਲੇਖ ਇੰਝ ਲਿਖਿਆ ਮਿਲਦਾ ਹੈ:
ਗਉੜੀ ਕਬੀਰ ਜੀ ਕੀ ਨਾਲਿ ਰਲਾਇ ਲਿਖਿਆ ਮਹਲਾ 5॥ ਪੰਨਾ 326॥ ਤੇ ਇਸ ਤਰ੍ਹਾਂ ਦੀਆਂ ਹੋਰ ਵੀ ਉਦਾਹਰਣਾਂ ਗੁਰੂ ਗ੍ਰੰਥ ਸਾਹਿਬ ਵਿਚ ਮੌਜੂਦ ਹਨ॥
ਪੀ.ਐਚ.ਡੀ. ਪ੍ਰਿੰ. ਮਾਤਾ ਸੁੰਦਰੀ ਕੌਲਿਜ ਨੂੰ ਹੋਰ ਵੀ ਕੀ ਸਾਰੇ ਸੁਆਲ ਕੀਤੇ ਗਏ ਜਿਵੇ; ਮਰਦਾਨਾ 1 ਦਾ ਮਤਲਬ ਤਾਂ ਇਹ ਬਣਦਾ ਹੈ ਕਿ ਭਾਈ ਮਰਦਾਨੇ ਕਈ ਸਾਰੇ ਹਨ। ਪਰ ਇਤਹਾਸ ਮੁਤਾਬਕ ਤਾਂ ਮਰਦਾਨਾ ਸਿਰਫ ਇਕ ਹੀ ਹੈ। ਜਿਵੇਂ ਬਾਬਾ ਫਰੀਦ, ਭਗਤ ਕਬੀਰ ਜੀਓ, ਭਗਤ ਰਵੀਦਾਸ, ਭਗਤ ਪੀਪਾ ਜੀ, ਭਗਤ ਸਧਨਾ ਆਦਿ। ਫਿਰ ਗੁਰੂ ਸਾਹਿਬਾਨ ਨੇ ਇਨ੍ਹਾਂ ਨਾਵਾਂ ਨਾਲ ਏਕਾ ਕਿਉਂ ਨਹੀਂ ਲਾਇਆ? ਪ੍ਰਿ. ਮੁਹਿੰਦਰ ਕੌਰ ਗਿੱਲ ਜੀ ਕੋਲ ਮੇਰੇ ਇਸ ਤਰ੍ਹਾਂ ਦੇ ਸਵਾਲਾਂ ਦਾ ਵੀ ਕੋਈ ਜਵਾਬ ਨਹੀਂ ਸੀ। ਪਾਠ-ਭੇਦਾਂ ਦੀ ਸੂਚੀ ਜੋ ਭਾਈ ਰਣਧੀਰ ਸਿੰਘ ਰੀਸਰਚ ਸਕਾਲਰ ਸ਼੍ਰੋ. ਗੁ. ਪ੍ਰ. ਕਮੇਟੀ ਅੰਮ੍ਰਿਤਸਰ, ਗਿਆਨੀ ਕੁੰਦਨ ਸਿੰਘ ਅਤੇ ਗਿਆਨ ਸਿੰਘ ਨਿਹੰਗ ਹੋਰਾਂ ਨੇ ਤਿਆਰ ਕੀਤੀ, ਜੋ 1977 ਵਿਚ ਅੰਮ੍ਰਿਤਸਰ ਕਮੇਟੀ ਵਲੋਂ ਆਪ ਹੀ ਛਾਪੀ ਗਈ ਸੀ, ਦੇ ਪੰਨਾ 166 ਤੇ ਗੁਰੂ ਗ੍ਰੰਥ ਸਾਹਿਬ ਦੇ ਪੰਨਾ 553 ਤੇ ਦਰਜ ਸਲੋਕ ਦੇ ਸਿਰਲੇਖ ਬਾਰੇ ਜਿਵੇਂ ਅੰਕਿਤ ਹੈ ਉਹ ਇੱਥੇ ਲਿਖ ਵੀ ਰਿਹਾ ਹਾਂ ਅਤੇ ਨਾਲ ਦੀ ਨਾਲ ਇਸ ਦੀ ਫੋਟੋ ਵੀ ਲਾ ਕੇ ਭੇਜਾਂਗਾ ਤਾਂ ਕਿ ਪੜ੍ਹਨ ਵਾਲੇ ਸੱਜਣਾਂ ਦਾ ਭੁਲੇਖਾ ਦੂਰ ਹੋ ਸਕੇ ਕਿ ਸਹੀ ਪਾਠ ਕੀ ਹੈ। ਪੰਨਾ 553, ਸਤਰ 7, ਅਸ਼ੁੱਧ ਪਾਠ ਸਲੋਕ ਮਰਦਾਨਾ 1॥ ਕਾਇਆ ਲਾਹਣਿ ਆਪੁ ਮਦੁ, ਸ਼ੁੱਧ ਪਾਠ ਮ:1, ਸਲੋਕ ਮ:1 ਮਰਦਾਨਾ, ਮ:1॥ਮਰਦਾਨਾ॥ਅਤੇ ਸਲੋਕ ਮਰਦਾਨਾ ਮ:1॥ ਰਾਗ ਬਿਹਾਗੜਾ ਵਿਚ ਚੌਥੇ ਪਾਤਸ਼ਾਹ ਦੀ ਵਾਰ ਜੋ 548 ਪੰਨੇ ਤੋਂ ਸ਼ੁਰੂ ਹੁੰਦੀ ਹੈ ਉਸ ਵਿਚ ਪਉੜੀਆਂ ਦੇ ਨਾਲ ਜੋ ਸਲੋਕ ਲਾਏ ਗਏ ਹਨ ਉਹ ਮ:3, ਮ:4, ਫਿਰ ਮ:3, ਮ:4, ਫਿਰ ਮ:1, ਮ: 3, ਮ:5 ਅਤੇ ਪੰਨਾ 556 ਤੇ ਸਲੋਕ ਮ:1॥ ਕਲੀ ਅੰਦਰਿ ਨਾਨਕਾ ਜਿੰਨਾਂ ਦਾ ਅੳਤਾਰੁ॥ ਸਾਰੇ ਗੁਰੂ ਗ੍ਰੰਥ ਸਾਹਿਬ ਜੀ ਵਿਚ ਕਿਧਰੇ ਵੀ ਗੁਰੂ ਸਾਹਿਬਾਨ ਦੀ ਬਾਣੀ ਦੇ ਵਿਚਕਾਰ ਕਿਸੇ ਭਗਤ ਸਹਿਬਾਨ ਦੀ ਬਾਣੀ ਨਹੀਂ ਦਰਜ ਕੀਤੀ ਗਈ। ਇਸ ਕਰਕੇ ਹੀ ਮੇਰੇ ਮਨ ਵਿਚ ਸ਼ੰਕਾ ਪੈਦਾ ਹੋਇਆ ਸੀ ਕਿ ਪੰਨਾ 553 ਤੇ ਸਿਰਲੇਖ “ਸਲੋਕ ਮਰਦਾਨਾ 1”॥ ਉਤਾਰਾਕਾਰਾਂ ਨੇ ਗਲਤ ਲਿਖ ਛੱਡਿਆ ਹੈ। ਪਰ ਸਬੂਤਾਂ ਦੀ ਘਾਟ ਹੋਣ ਕਰਕੇ ਮੈਂ ਇਸ ਵਿਸ਼ੇ ਨੂੰ ਲੇਖ ਦੇ ਰੂਪ ਵਿਚ ਪਾਠਕਾਂ ਦੇ ਹਿਤ ਲਈ ਪੇਸ਼ ਕਰਨ ਤੋਂ ਰੁਕਿਆ ਹੋਇਆ ਸਾਂ। ਇਹ ਸਿਰਲੇਖ ਬਿਲਕੁੱਲ ਅੱਗੇ ਦਿੱਤੀਆਂ ਉਦਾਰਹਣਾਂ ਦੀ ਤਰ੍ਹਾਂ ਹੈ ਜਿਵੇਂ: ਸੂਹੀ ਮਹਲਾ 1 ਸੁਚਜੀ॥ ਪੰਨਾ 762, ਰਾਗੁ ਸੂਹੀ ਮਹਲਾ 1 ਕੁਚਜੀ॥ ਪੰਨਾ 762॥
ਅਸਲ ਵਿਚ ਜਦੋਂ ਉਤਾਰਾਕਾਰਾਂ ਨੇ ਉਤਾਰੇ ਕੀਤੇ ਉਦੋਂ ਪਤਾ ਨਹੀਂ ਕਿਨ੍ਹੀਆਂ ਕੁ ਗਲਤੀਆਂ ਉਨ੍ਹਾਂ ਨੇ ਕੀਤੀਆਂ ਅਤੇ ਸਾਡੇ ਧਾਰਮਿਕ ਸਲਾਹਕਾਰਾਂ ਨੇ ਇਨ੍ਹਾਂ ਉਤਾਰਾਕਾਰਾਂ ਦੀਆਂ ਗਲਤੀਆਂ ਬਾਰੇ ਕਦੀ ਵੀ ਸੋਚਿਆ ਨਹੀ। ਗੁਰਚਰਨ ਸਿੰਘ ਟੌਹੜੇ ਵਰਗੇ ਕਈ ਆਏ ਤੇ ਕਈ ਗਏ। ਆਪਣਾ ਆਪਣਾ ਢੋਲ ਵਜ੍ਹਾ ਗਏ, ਪਰ ਸਿੱਖ ਧਰਮ ਦੀ ਸਹੀ ਅਗਵਾਈ ਕਰਨ ਦੀ ਲੋੜ ਕਿਸੇ ਨੇ ਵੀ ਮਹਿਸੂਸ ਨਹੀਂ ਕੀਤੀ।
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ ਜਿਉਣਵਾਲਾ # +1 647 966 3132