ਜਾਂਦਾ ਸਾਲ ਬਹੁਤੀ ਸੁੱਖ ਨਹੀਂ ਦੇ ਕੇ ਗਿਆ, ਅਗਲੇ ਸਾਲ ਤੋਂ ਉਮੀਦਾਂ ਫਿਰ ਵੀ ਰੱਖਣੀਆਂ ਪੈਣਗੀਆਂ - ਜਤਿੰਦਰ ਪਨੂੰ
ਚਲੰਤ ਸਾਲ ਦੀ ਇਸ ਆਖਰੀ ਲਿਖਤ ਨੂੰ ਲਿਖਣ ਵੇਲੇ ਮਨ ਵਿੱਚ ਇਹ ਸਵਾਲ ਉੱਠਿਆ ਕਿ ਹਰ ਵਾਰੀ ਦੁਨੀਆ ਭਰ ਦੇ ਲੋਕ ਨਵੇਂ ਸਾਲ ਵਿੱਚ ਨੇਕੀ ਦੀ ਕਾਮਨਾ ਕਰਦੇ ਹਨ, ਬੀਤੇ ਸਾਲ ਵਿੱਚ ਹਾਲ ਕਿੱਦਾਂ ਦਾ ਰਿਹਾ ਹੈ! ਬਹੁਤ ਕੋਸ਼ਿਸ਼ ਕਰ ਕੇ ਮੈਂ ਜਿਹੜੀਆਂ ਘਟਨਾਵਾਂ ਨੂੰ ਜ਼ਿਕਰ ਯੋਗ ਸਮਝਿਆ, ਉਹ ਚੰਗੀਆਂ ਕਹੀਆਂ ਜਾ ਸਕਦੀਆਂ ਹੋਣ ਜਾਂ ਨਾਂ, ਮੰਨਣ ਜਾਂ ਨਾ ਮੰਨਣ ਦਾ ਹੱਕ ਹਰ ਪਾਠਕ ਲਈ ਰਾਖਵਾਂ ਛੱਡਿਆ ਜਾ ਸਕਦਾ ਹੈ। ਮੈਨੂੰ ਉਨ੍ਹਾਂ ਘਟਨਾਵਾਂ ਵਿੱਚੋਂ ਪੰਜਾਬ ਦੇ ਲੋਕਾਂ ਦਾ ਚੋਣ ਫਤਵਾ ਸਾਡੇ ਲਈ ਇਸ ਸਾਲ ਦੀ ਸਭ ਤੋਂ ਵੱਡੀ ਖਬਰ ਲੱਗਾ ਹੈ, ਜਿਸ ਵਿੱਚ ਰਿਵਾਇਤੀ ਧਿਰਾਂ ਨੂੰ ਖੂੰਜੇ ਧੱਕ ਕੇ ਰਾਜਸੀ ਦ੍ਰਿਸ਼ ਮੁੱਢੋਂ ਬਦਲਣ ਵਾਂਗ ਆਮ ਆਦਮੀ ਪਾਰਟੀ ਨੇ ਏਨੀਆਂ ਵਿਧਾਨ ਸਭਾ ਸੀਟਾਂ ਜਿੱਤ ਲਈਆਂ, ਜਿੰਨੀਆਂ ਅਜੋਕੇ ਪੰਜਾਬ ਵਿੱਚ ਕਦੇ ਵੀ ਕਿਸੇ ਪਾਰਟੀ ਨੂੰ ਨਹੀਂ ਮਿਲੀਆਂ। ਲੋਕਾਂ ਨੇ ਇੱਕ ਆਸ ਨਾਲ ਇਹ ਫਤਵਾ ਦਿੱਤਾ ਸੀ, ਪਰ ਜਿਹੜੇ ਹਾਲਾਤ ਦਾ ਸਾਹਮਣਾ ਇਸ ਸਰਕਾਰ ਨੂੰ ਕਰਨਾ ਪਿਆ ਅਤੇ ਪੈ ਰਿਹਾ ਹੈ, ਉਹ ਨਾ ਇਸ ਪਾਰਟੀ ਦੇ ਆਗੂਆਂ ਨੇ ਕਦੇ ਚਿਤਵਿਆ ਸੀ ਅਤੇ ਨਾ ਆਮ ਲੋਕਾਂ ਨੇ ਕਿਆਸ ਕੀਤਾ ਸੀ। ਅਸੀਂ ਵੀਹ-ਬਾਈ ਸਾਲ ਪਹਿਲਾਂ ਇਹ ਲਿਖਿਆ ਸੀ ਕਿ ਪੰਜਾਬ ਦੇ ਰਾਜਸੀ ਆਗੂਆਂ ਦੀ ਕੋਸ਼ਿਸ਼ ਹੈ ਕਿ ਭ੍ਰਿਸ਼ਟਾਚਾਰ ਨੂੰ ਇਸ ਤਰ੍ਹਾਂ ਘਰ-ਘਰ ਪੁਚਾ ਦਿੱਤਾ ਜਾਵੇ ਕਿ ਲੋਕ ਇਹ ਸੋਚ ਲੈਣ ਕਿ ਬਚਿਆ ਹੀ ਕੋਈ ਨਹੀਂ, ਇਸ ਲਈ ਭ੍ਰਿਸ਼ਟਾਚਾਰ ਦੇ ਖਾਤਮੇ ਬਾਰੇ ਸੋਚਣਾ ਛੱਡ ਦੇਣ। ਭ੍ਰਿਸ਼ਟਾਚਾਰ ਜਦੋਂ ਹਰ ਘਰ ਤੱਕ ਪਹੁੰਚ ਜਾਂਦਾ ਹੈ, ਬਿਜਲੀ ਦੀ ਦੋ-ਚਾਰ ਸੌ ਰੁਪਏ ਦੀ ਚੋਰੀ ਕਰਨ ਵਾਲਾ ਵੀ ਆਵਾਜ਼ ਨਹੀਂ ਉਠਾ ਸਕਦਾ, ਉਸ ਨੂੰ ਆਪਣੀ ਦੋ-ਚਾਰ ਸੌ ਰੁਪਏ ਦੀ ਚੋਰੀ ਦਾ ਮਿਹਣਾ ਵੱਜਣ ਦਾ ਖਦਸ਼ਾ ਰਾਜ ਕਰਨ ਵਾਲਿਆਂ ਦੀ ਦੋ-ਚਾਰ ਹਜ਼ਾਰ ਕਰੋੜ ਦੀ ਚੋਰੀ ਬਾਰੇ ਚੁੱਪ ਵੱਟ ਜਾਣ ਲਈ ਮਜਬੂਰ ਕਰ ਦਿੰਦਾ ਹੈ। ਆਖਰ ਨੂੰ ਹੋਇਆ ਵੀ ਇਹੋ ਹੈ।
ਪੰਜਾਬ ਦੀ ਇਸ ਸਾਲ ਬਣੀ ਆਮ ਆਦਮੀ ਪਾਰਟੀ ਦੀ ਸਰਕਾਰ ਲੱਖ ਦਾਅਵੇ ਕਰਦੀ ਰਹੇ ਕਿ ਉਹ ਭ੍ਰਿਸ਼ਟਾਚਾਰ ਨੂੰ ਜੜ੍ਹੋਂ ਖਤਮ ਕਰ ਦੇਵੇਗੀ, ਇਹ ਕੰਮ ਕਦੇ ਨਹੀਂ ਹੋਣਾ। ਬਿਜਲੀ ਮੁਫਤ ਸਣੇ ਬਹੁਤ ਸਾਰੇ ਮਾਮਲਿਆਂ ਵਿੱਚ ਲੋਕਾਂ ਨੂੰ ਛੋਟਾਂ ਤੇ ਸਹੂਲਤਾਂ ਦੇ ਵਾਅਦੇ ਨਾਲ ਸਰਕਾਰ ਬਣੀ ਹੈ, ਅੱਜ ਉਹ ਕੀਤੇ ਗਏ ਵਾਅਦੇ ਪੂਰੇ ਵੀ ਕਰ ਲਵੇ ਤਾਂ ਜਿਸ ਕਿਸੇ ਮਾਮਲੇ ਵਿੱਚ ਭ੍ਰਿਸ਼ਟਾਚਾਰ ਦਾ ਵਹਿਣ ਬੰਦ ਕੀਤਾ, ਗਲਤ ਲਾਭ ਲੈਣ ਵਾਲੇ ਇਸ ਦੇ ਖਿਲਾਫ ਏਨੀ ਵੱਡੀ ਗਿਣਤੀ ਵਿੱਚ ਹੋ ਜਾਣਗੇ ਅਤੇ ਹੋ ਰਹੇ ਹਨ ਕਿ ਸਰਕਾਰ ਨੂੰ ਸੰਭਲਣਾ ਔਖਾ ਹੋ ਜਾਂਦਾ ਹੈ। ਇੱਕ ਅੰਦਾਜ਼ੇ ਮੁਤਾਬਕ ਜਾਅਲੀ ਪੈਨਸ਼ਨਾਂ ਪੰਜਾਬ ਵਿੱਚ ਪੰਜਾਹ ਹਜ਼ਾਰ ਤੋਂ ਵੱਧ ਹਨ, ਜਦੋਂ ਇਨ੍ਹਾਂ ਨੂੰ ਬੰਦ ਕੀਤਾ ਤਾਂ ਇਨ੍ਹਾਂ ਪੰਜਾਹ ਹਜ਼ਾਰ ਦੇ ਨਾਲ ਪਰਵਾਰਾਂ ਦੇ ਲੋਕ ਜੋੜ ਕੇ ਦੋ ਲੱਖ ਤੋਂ ਵੱਧ ਲੋਕ ਨਾਰਾਜ਼ ਹੋ ਜਾਣਗੇ। ਕੇਂਦਰ ਸਰਕਾਰ ਦੇ ਅੰਦਾਜ਼ੇ ਮੁਤਾਬਕ ਪੰਜਾਬ ਵਿੱਚ ਸੱਤ ਲੱਖ ਪੀਲੇ ਅਤੇ ਨੀਲੇ ਜਾਅਲੀ ਕਾਰਡ ਬਣਾ ਕੇ ਗਰੀਬਾਂ ਵਾਲਾ ਸਸਤਾ ਅਨਾਜ ਲਿਆ ਜਾਂਦਾ ਹੈ, ਲਗਜ਼ਰੀ ਕਾਰਾਂ ਉੱਤੇ ਸਸਤਾ ਰਾਸ਼ਣ ਲੈਣ ਵਾਲੇ ਆਉਂਦੇ ਵੇਖੇ ਜਾ ਚੁੱਕੇ ਹਨ, ਜਿਸ ਦਿਨ ਸਰਕਾਰ ਨੂੰ ਇਹ ਬੰਦ ਕਰਨੇ ਪਏ, ਬਿਜਲੀ ਖਪਤ ਦੇ ਤਿੰਨ ਸੌ ਯੂਨਿਟ ਮੁਆਫ ਕੀਤੇ ਕਿਸੇ ਨੂੰ ਯਾਦ ਨਹੀਂ ਆਉਣੇ, ਗਲਤ ਪੀਲੇ-ਨੀਲੇ ਕਾਰਡਾਂ ਨਾਲ ਮਿਲਦਾ ਅਨਾਜ ਬੰਦ ਹੋਣ ਦੀ ਪੀੜ ਨੇ ਤੀਹ ਲੱਖ ਦੇ ਕਰੀਬ ਲੋਕ ਦੁਖੀ ਕਰ ਦੇਣੇ ਹਨ। ਇਸ ਤਰ੍ਹਾਂ ਦੀਆਂ ਝੂਠੇ ਤੰਦ ਨਾਲ ਬੱਝੀਆਂ ਹੋਰ ਵੀ ਕਈ ਮੱਦਾਂ ਗਿਣਾਈਆਂ ਜਾ ਸਕਦੀਆਂ ਹਨ, ਜਿਨ੍ਹਾਂ ਦੇ ਖਿਲਾਫ ਕਾਰਵਾਈ ਸਰਕਾਰ ਨੂੰ ਮਹਿੰਗੀ ਪੈ ਸਕਦੀ ਹੈ। ਮੈਂ ਜਲੰਧਰ ਦਾ ਇੱਕ ਬਾਜ਼ਾਰ ਇਹੋ ਜਿਹਾ ਨਿੱਤ ਦਿਨ ਵੇਖਦਾ ਹਾਂ, ਜਿਸ ਦੀ ਚੌੜਾਈ ਪੰਜਾਬ ਫੁੱਟ ਹੈ, ਅਮਲ ਵਿੱਚ ਓਥੇ ਦਸ ਫੁੱਟ ਤੋਂ ਵੱਧ ਹੀ ਨਹੀਂ ਜਾਪਦੀ। ਦੋਵੇਂ ਪਾਸੇ ਪੰਜ-ਪੰਜ ਫੁੱਟ ਜਿਹੜੇ ਫੁੱਟਪਾਥ ਲਈ ਛੱਡੇ ਹੋਏ ਹਨ, ਉਨ੍ਹਾਂ ਉੱਤੇ ਨੇੜਲੇ ਦੁਕਾਨਦਾਰਾਂ ਨੇ ਇੱਕ-ਇੱਕ ਮੇਜ਼ ਰੱਖ ਕੇ ਸਾਮਾਨ ਰੱਖਿਆ ਹੈ, ਬਾਕੀ ਪੰਜਾਹ ਫੁੱਟ ਵਿੱਚੋਂ ਦਸ-ਦਸ ਫੁੱਟ ਅੱਗੇ ਵਧਵਾਂ ਡੰਡਾ ਲਾ ਕੇ ਉਸ ਨਾਲ ਸਾਮਾਨ ਲਮਕਾਇਆ ਤੇ ਉਸ ਦੇ ਬਾਅਦ ਆਪੋ-ਆਪਣੀ ਗੱਡੀ ਖੜੀ ਕੀਤੀ ਹੋਈ ਹੈ। ਜਿੰਨਾ ਥਾਂ ਬਾਕੀ ਬਚਦਾ ਹੈ, ਇੱਕ ਗ੍ਰਾਹਕ ਗੱਡੀ ਲੈ ਆਵੇ ਤਾਂ ਦੋਵੇਂ ਪਾਸੇ ਜਾਮ ਲੱਗ ਜਾਂਦਾ ਹੈ, ਪਰ ਦੁਕਾਨਦਾਰਾਂ ਨੂੰ ਕੋਈ ਇਹ ਨਹੀਂ ਕਹਿ ਸਕਦਾ ਕਿ ਦੁਕਾਨਾਂ ਦੇ ਅੱਗੇ ਪੰਦਰਾਂ-ਸੋਲਾਂ ਫੁੱਟ ਜਗ੍ਹਾ ਰੋਕ ਕੇ ਤੁਸੀਂ ਨਾਜਾਇਜ਼ ਕਬਜ਼ਾ ਨਾ ਕਰੋ। ਜਿਸ ਦਿਨ ਇਹ ਗੱਲ ਕੋਈ ਕਹੇਗਾ, ਸਾਰੇ ਦੁਕਾਨਦਾਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਨੂੰ ਆਪਣੇ ਖਿਲਾਫ ਕਰ ਲਵੇਗਾ। ਅਗਲੀ ਵਾਰੀ ਉਸ ਪਾਰਟੀ ਦੇ ਜਿਸ ਵੀ ਉਮੀਦਵਾਰ ਨੂੰ ਓਥੋਂ ਟਿਕਟ ਮਿਲਣੀ ਹੋਈ, ਉਹ ਕਾਰਵਾਈ ਨਹੀਂ ਹੋਣ ਦੇਵੇਗਾ। ਕਈ ਲੋਕ ਇਹ ਗੱਲ ਕਹਿੰਦੇ ਸੁਣੇ ਜਾਣ ਲੱਗ ਪਏ ਹਨ ਕਿ ਪੰਜਾਬ ਦੀ ਮੌਜੂਦਾ ਸਰਕਾਰ ਚੱਲ ਨਹੀਂ ਸਕਣੀ, ਉਹ ਠੀਕ ਕਹਿੰਦੇ ਹਨ ਜਾਂ ਗਲਤ, ਸਮਾਂ ਇਸ ਦਾ ਨਿਰਣਾ ਕਰੇਗਾ, ਪਰ ਇੱਕ ਗੱਲ ਸਾਫ ਹੈ ਕਿ ਪੰਜਾਬ ਦੇ ਲੋਕਾਂ ਨੇ ਫਤਵਾ ਧਰਤੀ ਹਲੂਣਵਾਂ ਦਿੱਤਾ ਸੀ।
ਜਦੋਂ ਅਸੀਂ ਪੰਜਾਬੋਂ ਬਾਹਰ ਵੇਖਦੇ ਹਾਂ ਤਾਂ ਇਸ ਸਾਲ ਹੋਈਆਂ ਚੋਣਾਂ ਵਿੱਚ ਹੋਰਨਾਂ ਰਾਜਾਂ ਵਿੱਚ ਆਮ ਤੌਰ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਹੇਠ ਭਾਜਪਾ ਦੀ ਜੇਤੂ ਮੁਹਿੰਮ ਜਾਰੀ ਰਹੀ ਜਾਪਦੀ ਹੈ, ਪਰ ਇਹ ਹਕੀਕਤ ਨਹੀਂ, ਅਸਲ ਵਿੱਚ ਭਾਜਪਾ ਨੂੰ ਇਸ ਸਾਲ ਧੱਕਾ ਲੱਗਾ ਹੈ। ਮਨੀਪੁਰ ਵਰਗੇ ਛੋਟੇ ਜਿਹੇ ਰਾਜ ਵਿੱਚ ਉਸ ਨੇ ਇੱਕ ਪਾਰਟੀ ਦਾ ਮੁੱਖ ਮੰਤਰੀ ਆਪਣੇ ਵਿੱਚ ਮਿਲਾ ਕੇ ਓਸੇ ਨੂੰ ਮੁੱਖ ਮੰਤਰੀ ਬਣਾ ਕੇ ਭਾਜਪਾ ਦੀ ਇੱਕ ਹੋਰ ਸਰਕਾਰ ਬਣਾਉਣ ਵਾਲਾ ਪ੍ਰਭਾਵ ਬਣਾਇਆ ਸੀ, ਗੁਜਰਾਤ ਵਿੱਚ ਉਹ ਅੱਗੇ ਨਾਲੋਂ ਮਜ਼ਬੂਤ ਹੋਈ ਹੈ, ਪਰ ਹਿਮਾਚਲ ਪ੍ਰਦੇਸ਼ ਵਿੱਚ ਉਸ ਦੀ ਬਹੁਤ ਬੁਰੀ ਹਾਰ ਵੀ ਇਸੇ ਸਾਲ ਵਿੱਚ ਹੋਈ ਹੈ। ਦਿੱਲੀ ਦੀਆਂ ਤਿੰਨ ਮਿਉਂਸਪਲ ਕਾਰਪੋਰੇਸ਼ਨਾਂ ਤੋੜ ਕੇ ਸਾਰੀ ਦਿੱਲੀ ਦੀ ਇੱਕ ਕਾਰਪੋਰੇਸ਼ਨ ਇਹ ਸੋਚ ਕੇ ਬਣਾਈ ਸੀ ਕਿ ਉਸ ਦਾ ਮੇਅਰ ਬਣਾਇਆ ਕੋਈ ਭਾਜਪਾ ਆਗੂ ਦਿੱਲੀ ਦੇ ਮੁੱਖ ਮੰਤਰੀ ਦੀ ਸਿਆਸੀ ਸੌਂਕਣ ਵਰਗਾ ਹੋਵੇਗਾ, ਪਰ ਦਾਅ ਉਲਟਾ ਪਿਆ ਹੈ। ਭਾਜਪਾ ਪੰਦਰਾਂ ਸਾਲਾਂ ਦਾ ਕਬਜ਼ਾ ਓਥੇ ਕਾਇਮ ਨਹੀਂ ਰੱਖ ਸਕੀ ਅਤੇ ਬੁਰੀ ਤਰ੍ਹਾਂ ਹਾਰ ਗਈ ਹੈ। ਹਿਮਾਚਲ ਪ੍ਰਦੇਸ਼ ਵਾਲੀ ਹਾਰ ਉਸ ਲਈ ਇਸ ਲਈ ਵੀ ਮਾਰੂ ਹੈ ਕਿ ਫੌਜੀਆਂ ਦੀ ਬਹੁਤ ਵੱਡੀ ਗਿਣਤੀ ਉਸ ਰਾਜ ਵਿੱਚ ਮੰਨੀ ਜਾਂਦੀ ਹੈ ਅਤੇ ਡਾਕ ਵਿੱਚ ਆਏ ਬੈੱਲਟ ਪੇਪਰਾਂ ਵਿੱਚ ਤੇਰਾਂ ਸਾਲ ਪਿੱਛੋਂ ਇਹ ਪਾਰਟੀ ਬੁਰੀ ਤਰ੍ਹਾਂ ਪਛੜ ਜਾਣ ਨਾਲ ਨਵੀਂ ਜਾਰੀ ਕੀਤੀ ਅਗਨੀਵੀਰ ਵਾਲੀ ਸਕੀਮ ਦੀ ਹਾਰ ਜਾਪਦੀ ਹੈ। ਭਾਜਪਾ ਦੇ ਆਪਣੇ ਕਈ ਲੀਡਰ ਮੰਨਦੇ ਹਨ ਕਿ ਇਸ ਸਕੀਮ ਦਾ ਮਾੜਾ ਅਸਰ ਪਿਆ ਹੈ, ਪਰ ਲੀਡਰਸ਼ਿਪ ਨਹੀਂ ਮੰਨਦੀ।
ਕਾਂਗਰਸ ਆਗੂ ਦਾਅਵਾ ਕਰ ਸਕਦੇ ਹਨ ਕਿ ਇਸ ਸਾਲ ਵਿੱਚ ਉਨ੍ਹਾਂ ਨੇ ਪੰਜਾਬ ਗੁਆਇਆ ਤਾਂ ਉਸ ਦੇ ਬਦਲੇ ਹਿਮਾਚਲ ਪ੍ਰਦੇਸ਼ ਜਿੱਤ ਕੇ ਕਸਰ ਕੱਢ ਲਈ ਹੈ, ਗੁਜਰਾਤ ਅਤੇ ਦਿੱਲੀ ਵਿੱਚ ਜਿਸ ਤਰ੍ਹਾਂ ਇਸ ਪਾਰਟੀ ਨੂੰ ਸੱਟਾਂ ਪਈਆਂ ਹਨ, ਉਨ੍ਹਾਂ ਦੇ ਕਾਰਨ ਇਨ੍ਹਾਂ ਆਗੂਆਂ ਨੂੰ ਮੁੜ ਕੇ ਆਪਣੇ ਦਾਅ-ਪੇਚਾਂ ਦੀ ਪੁਣਛਾਣ ਕਰਨ ਦੀ ਲੋੜ ਹੈ। ਅਗਲੇਰੇ ਸਾਲ ਲੋਕ ਸਭਾ ਚੋਣਾਂ ਹੋਣ ਵਾਲੀਆਂ ਹਨ ਅਤੇ ਇਹ ਪਾਰਟੀ ਉਨ੍ਹਾਂ ਚੋਣਾਂ ਦਾ ਸਾਹਮਣਾ ਕਰਨ ਲਈ ਸਿਰਫ ਰਾਹੁਲ ਗਾਂਧੀ ਦੀ ਪਦ-ਯਾਤਰਾ ਉੱਤੇ ਟੇਕ ਲਾਈ ਬੈਠੀ ਜਾਪਦੀ ਹੈ। ਰਾਹੁਲ ਕਿਸੇ ਕਾਂਗਰਸੀ ਸਰਕਾਰ ਵਾਲੇ ਰਾਜ ਵਿੱਚ ਜਾਂਦਾ ਹੈ ਤਾਂ ਭੀੜਾਂ ਜੁੜਦੀਆਂ ਵੇਖ ਕੇ ਕਾਂਗਰਸੀ ਖੁਸ਼ ਹੋ ਜਾਂਦੇ ਹਨ, ਪਰ ਜਦੋਂ ਹੋਰਨਾਂ ਪਾਰਟੀਆਂ ਦੀਆਂ ਸਰਕਾਰਾਂ ਦੇ ਰਾਜ ਵਿੱਚ ਜਾਂਦੇ ਹਨ ਤਾਂ ਭੀੜ ਖਾਸ ਨਹੀਂ ਹੁੰਦੀ। ਇਸ ਤੋਂ ਸਾਫ ਪਤਾ ਲੱਗਦਾ ਹੈ ਕਿ ਇਹ ਯਾਤਰਾ ਬਹੁਤਾ ਫਾਇਦਾ ਕਰਨ ਵਾਲੀ ਨਹੀਂ ਬਣ ਸਕੀ। ਉਨ੍ਹਾਂ ਦੀ ਪਾਰਲੀਮੈਂਟ ਵਿੱਚ ਕਾਰਕਰਦਗੀ ਵੀ ਬਹੁਤੀ ਚੰਗੀ ਨਹੀਂ। ਬਹਿਸ ਦੌਰਾਨ ਇਸ ਪਾਰਟੀ ਦੇ ਨੇਤਾ ਆਪਸ ਵਿੱਚ ਕਦੇ ਤਾਲਮੇਲ ਵੀ ਪੂਰਾ ਨਹੀਂ ਕਰ ਸਕੇ, ਅਗਵਾਈ ਉਸ ਬੰਗਾਲੀ ਆਗੂ ਕੋਲ ਹੈ, ਜਿਸ ਦੀ ਹਿੰਦੀ ਕਮਜ਼ੋਰ ਹੋਣ ਕਾਰਨ ਆਏ ਦਿਨ ਆਪਣੇ ਕਹੇ ਸ਼ਬਦਾਂ ਨਾਲ ਫਸਿਆ ਰਹਿੰਦਾ ਹੈ। ਕਾਂਗਰਸ ਦਾ ਪਾਰਲੀਮੈਂਟ ਵਿੱਚ ਨੱਕ-ਨਮੂਜ ਬਚਦਾ ਨਜ਼ਰ ਆਉਂਦਾ ਹੈ ਤਾਂ ਪੰਜਾਬ ਦੇ ਕਾਂਗਰਸੀ ਐੱਮ ਪੀ ਵਿੱਚੋਂ ਕੁਝ ਬੁਲਾਰਿਆਂ ਕਰ ਕੇ ਬਚਿਆ ਪਿਆ ਹੈ, ਵਰਨਾ ਪਾਰਟੀ ਦਾ ਨਵਾਂ ਪ੍ਰਧਾਨ ਮਲਿਕਾਰਜੁਨ ਖੜਗੇ ਵੀ ਓਥੇ ਇਸ ਵਾਰ ਕੋਈ ਖਾਸ ਅਸਰ ਨਹੀਂ ਪਾ ਸਕਿਆ।
ਜਿਹੜੀ ਗੱਲ ਇਸ ਸਾਲ ਵਿੱਚ ਬੜੀ ਉੱਭਰ ਕੇ ਆਈ ਤੇ ਹਰ ਕਿਸੇ ਲਈ ਚਿੰਤਾ ਵਾਲੀ ਹੋਣੀ ਚਾਹੀਦੀ ਹੈ, ਉਹ ਧਰਮ ਦੇ ਨਾਂਅ ਉੱਤੇ ਜਨੂੰਨ ਦਾ ਤੇਜ਼ ਹੋਣਾ ਹੈ। ਬਹੁਤ ਸਾਰੇ ਦੇਸ਼ਾਂ ਵਿੱਚ ਇਸ ਸਾਲ ਏਦਾਂ ਦੀਆਂ ਹਰਕਤਾਂ ਹੋਈਆਂ ਹਨ, ਪਰ ਈਰਾਨ ਵਿੱਚ ਹਿਜਾਬ ਦੇ ਮਾਮੂਲੀ ਜਿਹਾ ਸਰਕ ਜਾਣ ਕਾਰਨ ਓਥੇ ਪੁਲਸ ਵੱਲੋਂ ਮਾਹਿਸਾ ਅਮੀਨੀ ਨਾਂਅ ਦੀ ਕੁੜੀ ਨੂੰ ਥਾਣੇ ਲਿਜਾ ਕੇ ਕੁੱਟ-ਕੁੱਟ ਕੇ ਮਾਰ ਦੇਣ ਦੀ ਘਟਨਾ ਨੇ ਸਾਰੇ ਸੰਸਾਰ ਨੂੰ ਝੰਜੋੜ ਦਿੱਤਾ ਹੈ। ਈਰਾਨ ਸਰਕਾਰ ਨੇ ਇਸ ਦੇ ਬਾਅਦ ਕੋਈ ਲਚਕ ਵਿਖਾਉਣ ਦੀ ਥਾਂ ਇਸ ਦਾ ਰੋਸ ਕਰਦੇ ਲੋਕਾਂ ਉੱਤੇ ਤਸ਼ੱਦਦ ਕੀਤਾ ਤਾਂ ਸੰਸਾਰ ਵਿੱਚ ਉਸ ਦੇਸ਼ ਦੀ ਹੋਰ ਬਦਨਾਮੀ ਹੋਈ ਹੈ। ਅਫਗਾਨਿਸਤਾਨ ਵਿੱਚ ਜਿਹੜਾ ਜਨੂੰਨ ਭੜਕਾਉਣ ਦੇ ਲਈ ਪਾਕਿਸਤਾਨ ਸਰਕਾਰ ਹਰ ਕਿਸਮ ਦੀ ਮਦਦ ਤਾਲਿਬਾਨ ਨੂੰ ਦੇਂਦੀ ਰਹੀ ਸੀ, ਉਹੀ ਜਨੂੰਨ ਅੱਜ ਪਾਕਿਸਤਾਨ ਵਿੱਚ ਭੜਕਦਾ ਪਿਆ ਹੈ ਤੇ ਰਾਜਨੀਤਕ ਆਗੂ ਆਪਸੀ ਭੇੜ ਵਿੱਚ ਜਨੂੰਨੀਆਂ ਦੀ ਇੱਕ ਜਾਂ ਦੂਸਰੀ ਧਿਰ ਦੀ ਮਦਦ ਮੰਗਣ ਲਈ ਉਨ੍ਹਾਂ ਦੀ ਪਸੰਦ ਦੇ ਪੈਂਤੜੇ ਲੈਣ ਲੱਗ ਪਏ ਹਨ। ਸ਼ਾਇਦ ਇਹ ਗੱਲਾਂ ਉਸ ਦੇਸ਼ ਨੂੰ ਹੌਲੀ-ਹੌਲੀ ਇੱਕ ਵਾਰੀ ਫਿਰ ਫੌਜੀ ਰਾਜ ਵੱਲ ਲਿਜਾ ਰਹੀਆਂ ਹਨ, ਓਥੋਂ ਦੇ ਆਗੂ ਇਸ ਨੂੰ ਜਾਣ ਕੇ ਵੀ ਵਹਿਣ ਵਿੱਚ ਵਗਦੇ ਜਾ ਰਹੇ ਹਨ। ਓਧਰ ਸਾਡੇ ਆਪਣੇ ਭਾਰਤ ਦੇਸ਼ ਵਿੱਚ ਵੀ ਹਰ ਧਰਮ ਨਾਲ ਜੁੜੀਆਂ ਕੱਟੜਪੰਥੀ ਤਾਕਤਾਂ ਪਹਿਲਾਂ ਨਾਲੋਂ ਵੱਧ ਜ਼ੋਰ ਨਾਲ ਹਾਲਾਤ ਦੀ ਕਮਾਨ ਸਾਂਭਣ ਲਈ ਸਰਗਰਮ ਹਨ ਅਤੇ ਲੋਕਾਂ ਵੱਲੋਂ ਚੁਣੇ ਹੋਏ ਸਿਆਸੀ ਆਗੂ ਇਕੱਲੇ ਨਹੀਂ, ਧਾਰਮਿਕ ਆਗੂ ਵੀ ਆਪਣੀ ਇੱਜ਼ਤ ਨੂੰ ਹੱਥ ਪੈਣ ਦੇ ਡਰ ਕਾਰਨ ਉਨ੍ਹਾਂ ਜਨੂੰਨੀਆਂ ਦੇ ਮੂਹਰੇ ਝੁਕਦੇ ਤੇ ਉਨ੍ਹਾਂ ਦੀ ਹਰ ਗੱਲ ਮੰਨਦੇ ਦਿਖਾਈ ਦੇਂਦੇ ਹਨ। ਇਸ ਹਾਲ ਵਿੱਚ ਨਵੇਂ ਸਾਲ ਵਿੱਚ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਵੀ ਫਿਰਕੂ ਖਤਰੇ ਉੱਭਰਨ ਦੀ ਸੰਭਾਵਨਾ ਵਧਣ ਦਾ ਡਰ ਹੈ।
ਬੀਤਿਆ ਸਾਲ ਰੂਸ ਦੀ ਯੂਕਰੇਨ ਨਾਲ ਜੰਗ ਵੀ ਲੋਕਾਂ ਸਾਹਮਣੇ ਪਰੋਸਣ ਵਾਲਾ ਸਾਬਤ ਹੋਇਆ ਹੈ। ਇਹ ਜੰਗ ਹੋਣੀ ਨਹੀਂ ਸੀ ਚਾਹੀਦੀ, ਇਸ ਦਾ ਕੋਈ ਸ਼ਾਂਤਮਈ ਹੱਲ ਕੱਢਿਆ ਜਾਣਾ ਚਾਹੀਦਾ ਸੀ, ਪਰ ਨਿਕਲ ਨਹੀਂ ਸਕਿਆ। ਇਸ ਦਾ ਪ੍ਰਮੁੱਖ ਕਾਰਨ ਅਮਰੀਕਾ ਅਤੇ ਉਸ ਦੇ ਨਾਟੋ ਗਰੁੱਪ ਵਾਲੇ ਸਾਥੀਆਂ ਵੱਲੋਂ ਯੂਕਰੇਨ ਨੂੰ ਰੂਸ ਦੇ ਮੂਹਰੇ ਖੜਾ ਕਰਨ ਤੇ ਜੰਗ ਵਿੱਚ ਆਪ ਪਿੱਛੇ ਰਹਿ ਕੇ ਉਸ ਨੂੰ ਹਰ ਤਰ੍ਹਾਂ ਦਾ ਜੰਗੀ ਸਾਮਾਨ ਦੇ ਕੇ ਰੂਸ ਨੂੰ ਫਸਾਈ ਰੱਖਣ ਦੀ ਨੀਤੀ ਹੈ। ਸੰਸਾਰ ਦੇ ਲੋਕਾਂ ਨੂੰ ਇਸ ਜੰਗ ਤੋਂ ਤੀਸਰੀ ਵੱਡੀ ਜੰਗ ਲੱਗਣ ਦਾ ਖਤਰਾ ਭਾਸਦਾ ਹੈ ਤੇ ਇਸ ਸਾਲ ਵਿੱਚ ਕਈ ਵਾਰ ਇਹ ਗੱਲ ਕਹੀ ਗਈ ਹੈ ਕਿ ਜੰਗ ਐਟਮੀ ਹਥਿਆਰਾਂ ਤੱਕ ਪਹੁੰਚ ਸਕਦੀ ਹੈ। ਦੂਸਰੀ ਸੰਸਾਰ ਜੰਗ ਤੋਂ ਬਾਅਦ ਬਣੀ ਸਾਰੇ ਸੰਸਾਰ ਦੀ ਸਾਂਝੀ ਸੱਥ ਯੂ ਐੱਨ ਓ ਮਤੇ ਪਾਸ ਕਰਨ ਤੋਂ ਅੱਗੇ ਵਧਣ ਜੋਗੀ ਨਹੀਂ ਤੇ ਉਹ ਬਹੁਤਾ ਕਰ ਕੇ ਅਮਰੀਕੀ ਧਿਰ ਨਾਲ ਜੁੜੇ ਹੋਏ ਦੇਸ਼ਾਂ ਦੇ ਦਬਾਅ ਹੇਠ ਫੈਸਲੇ ਕਰੀ ਜਾਂਦੀ ਹੈ। ਅਸਲੀ ਵੱਡਾ ਖਤਰਾ ਅਣਗੌਲਿਆ ਕੀਤਾ ਜਾ ਰਿਹਾ ਹੈ।
ਕੁੱਲ ਮਿਲਾ ਕੇ ਕਹੀਏ ਤਾਂ ਜਾਣ ਵਾਲਾ ਸਾਲ ਕੋਈ ਸੁੱਖ-ਸਾਂਦ ਦੀ ਵੱਡੀ ਝਲਕ ਦੇ ਕੇ ਨਹੀਂ ਸੀ ਗਿਆ, ਪਰ ਹਰ ਵਾਰੀ ਵਾਂਗ ਇਸ ਵਾਰੀ ਅਗਲੇ ਸਾਲ ਤੋਂ ਲੋਕ ਸੁੱਖ ਦੀ ਆਸ ਵਿੱਚ ਅੱਖਾਂ ਵਿਛਾ ਰਹੇ ਹਨ, ਜਿਸ ਦੇ ਅਗੇਤੇ ਲੱਛਣ ਚੰਗੇ ਨਹੀਂ ਜਾਪਦੇ। ਫਿਰ ਵੀ ਕਿਉਂਕਿ ਬਾਬੇ ਕਹਿੰਦੇ ਹੁੰਦੇ ਸਨ ਕਿ ਆਸ ਨਾਲ ਜਹਾਨ ਕਾਇਮ ਹੁੰਦਾ ਹੈ, ਇਸ ਲਈ ਅਗਲੇ ਸਾਲ ਤੋਂ ਇਹ ਆਸ ਕਰਨ ਤੋਂ ਸਿਵਾ ਕੋਈ ਚਾਰਾ ਨਹੀਂ ਕਿ ਪਿੱਛੇ ਜੋ ਵੀ ਹੋਇਆ, ਭਵਿੱਖ ਹੀ ਚੰਗਾ ਨਿਕਲ ਆਵੇ।