ਘੜੀ - ਪ੍ਰਵੀਨ ਸ਼ਰਮਾ

"ਘੜੀ"....  ਬੰਦ  ਵੇਖ  ਕੇ  ਬਚਨੇ  ਦੇ ਅੱਜ ,
ਉਸੇ ਘੜੀ ਇੱਕ ਮਨ ਚ' ਖਿਆਲ ਆਇਆ ।


ਇੱਕ ਦਿਨ ਉਹ ਵੀ ਘੜੀ - ਟਾਈਮ ਆਊਗਾ ,
ਮੁੱਕ ਜਾਣੈ , ਮੇਰੇ ਵਿੱਚ ਜਿਹੜਾ ਸੈਲ ਪਾਇਆ ।


ਬੰਦ ਟਿਕ-ਟਿਕ  ਹੋ ਜੂ ਜਦੋਂ  ਰੁਕ ਗਈ ਨਬਜ਼ ,
ਫੇਰ ਕੁੱਝ ਘੜੀ ਰੱਖ ਮੇਰੀ ਫੂਕ ਦੇਣੀਂ ਕਾਇਆ ।


ਓਸ ਘੜੀ ਖੈਰ ਬਾਬਾ ਡਰਿਆ ਤੇ ਸਹਿਮਿਆ ਸੀ ,
ਪਰ  ਅਗਲੇ ਹੀ  ਪਲ ਮਨ-ਮਨ  ਮੁਸਕਾਇਆ ।


ਯਾਦ ਕਰੇ ਬੀਤੇ ਵੇਲੇ ਬਾਲਪਨ ਤੇ ਜਵਾਨੀ ਬਾਬਾ ,
ਉਹ ਕੱਲੀ-ਕੱਲੀ ਘੜੀ ਕਿਵੇਂ ਜੀਵਨ ਹਢਾਇਆ ।


ਘੜੀ ਹੱਥ  ਵਿੱਚ ਫੜੀ  ਇਹ  ਸੌਹਰਿਆ ਨੇ ਪਾਈ ,
ਚੇਤੇ ਕਰੇ ਬਾਬਾ ਬੇਬੇ ਜਿਹਦੇ ਸੰਗ ਸੀ ਵਿਆਹਿਆ ।


ਅਗਲੀ ਹੀ ਘੜੀ ਬਾਬਾ ਡੂੰਘੀ ਸੋਚ ਡੁੱਬ ਗਿਆ ,
ਕੀਤੀ ਹੱਡ ਤੋੜ ਮੇਹਨਤ ਤੇ ਕਿੰਨਾ ਸੀ ਕਮਾਇਆ ।


ਕਦੇ ਸੋਚਿਆ ਨਹੀਂ ਸੀ ਘੜੀ ਐਸੀ ਇੱਕ ਆਉਣੀ ,
ਕੰਮ  ਕਰੇ ਨਾ  ਸ਼ਰੀਰ ਤੇ  ਬੁਢਾਪੇ ਨੇ  ਥਕਾਇਆ ।


ਇੱਕ ਘੜੀ  ਬਹਿ ਕੇ ਵੀ  ਨਾ ਰਾਮ ਨਾਮ ਜਪਿਆ ,
ਹਰ ਘੜੀ ਮੈਂ ਇਕੱਠੀ ਬਸ ਕਰੀ ਗਿਆ ਮਾਇਆ ।


ਲੰਘ ਗਈ  ਜੋ ਘੜੀ  ਫੇਰ  ਵਾਪਿਸ ਨਾ ਆਉਂਦੀ ,
ਵੇਖ ਆਪਣੀ ਘੜੀ ਨੂੰ ਬਾਬਾ ਬੜਾ ਪਛਤਾਇਆ ।


ਪਿਛੋਂ ਪ੍ਰਵੀਨ ਵਾਜ ਮਾਰੀ ਕਹਿੰਦਾ ਛੱਡ ਘੜੀ ਬਾਪੂ ,
ਘਰੇ ਆਕੇ ਰੋਟੀ ਖਾ ਲੈ ਤੈਨੂੰ ਮੰਮੀ ਨੇ ਬੁਲਾਇਆ ।


ਉਠ ਝਾੜ,  ਕੁੜਤੇ ਨੂੰ ਜਾਂਦੇ ਸੋਟੀ ਦੇ ਸਹਾਰੇ ਨਾਲ ,
ਬਚਨੇ ਨੇ  ਓਸ  ਘੜੀ  ਇੱਕ ਵਾਕ  ਫਰਮਾਇਆ ।


ਕਹਿੰਦਾ- ਵਾਹਿਗੁਰੂ ਹੱਥ ਭਾਈ ਚਾਬੀ ਸਾਹਾਂ ਵਾਲੀ ,
ਸਾਡੀ ਘੜੀ ਹੋ ਜੇ ਬੰਦ ਜੇ ਨਾਂ ਚਾਬੀ ਨੂੰ ਘੁਮਾਇਆ ।


ਹਰ "ਘੜੀ" ਨਾਮ  ਤੂੰ  ਸਿਮਰ "ਵਾਹਿਗੁਰੂ" ਮਨਾਂ ,
ਉਹਦਾ ਜਨਮ ਸੁਹੇਲਾ ਜਿਨ੍ਹੇ ਰਾਮ ਨੂੰ ਧਿਆਇਆ ।


ਉਹਦਾ ਜਨਮ ਸੁਹੇਲਾ ਜਿਨ੍ਹੇ ਰਾਮ ਨੂੰ ਧਿਆਇਆ ।


ਪ੍ਰਵੀਨ ਸ਼ਰਮਾ   (ਰਾਉਕੇ ਕਲਾਂ)
ਏਲਨਾਬਾਦ, ਜਿਲਾ -- ਸਿਰਸਾ
ਮੋਬਾ.. -- 94161-68044