ਨਵੇਂ ਸਾਲ ਨੂੰ - ਮਹਿੰਦਰ ਸਿੰਘ ਮਾਨ
ਐ ਨਵੇਂ ਸਾਲ,
ਮੈਂ ਤੇਰੇ ਕੋਲੋਂ
ਕੁੱਝ ਵੀ ਨਹੀਂ ਮੰਗਦਾ
ਕਿਉਂਕਿ ਤੂੰ ਮੈਨੂੰ
ਕੁੱਝ ਵੀ ਦੇਣ ਜੋਗਾ ਨਹੀਂ।
ਮੈਂ ਤਾਂ ਉਹਨਾਂ ਲੋਕਾਂ ਦਾ ਸਾਥ
ਮੰਗਦਾ ਹਾਂ,
ਜਿਹੜੇ ਕਹਿਰ ਦੀ ਗਰਮੀ 'ਚ ਵੀ
ਪੈਰਾਂ ਤੋਂ ਨੰਗੇ ਰਹਿੰਦੇ ਨੇ
ਤੇ ਕਹਿਰ ਦੀ ਸਰਦੀ 'ਚ ਵੀ
ਪੈਰਾਂ ਤੋਂ ਨੰਗੇ ਰਹਿੰਦੇ ਨੇ।
ਮੈਂ ਤਾਂ ਉਹਨਾਂ ਲੋਕਾਂ ਦਾ ਸਾਥ
ਮੰਗਦਾ ਹਾਂ,
ਜਿਹੜੇ ਕਾਨਿਆਂ ਦੀਆਂ ਝੁੱਗੀਆਂ 'ਚ
ਰਹਿੰਦੇ ਨੇ,
ਜਿਨ੍ਹਾਂ ਚੋਂ ਠੰਢੀ ਹਵਾ
ਤੇ ਮੀਂਹ ਦਾ ਪਾਣੀ
ਬੇ ਰੋਕ ਟੋਕ ਲੰਘ ਜਾਂਦਾ ਹੈ।
ਮੈਂ ਇਨ੍ਹਾਂ ਲੋਕਾਂ ਦਾ ਸਾਥ
ਇਸ ਲਈ ਮੰਗਦਾ ਹਾਂ
ਕਿਉਂਕਿ ਇਨ੍ਹਾਂ ਦੇ ਸਾਥ ਤੋਂ ਬਿਨਾਂ
ਇਕ ਐਸਾ ਸਮਾਜ
ਸਿਰਜਿਆ ਨਹੀਂ ਸਕਦਾ
ਜਿਸ ਵਿੱਚ
ਨਾ ਕੋਈ ਊਚ ਨੀਚ ਹੋਵੇ,
ਨਾ ਕੋਈ ਭੇਦ ਭਾਵ ਹੋਵੇ,
ਨਾ ਕੋਈ ਉਦਾਸ ਹੋਵੇ,
ਨਾ ਕਿਸੇ ਦੀਆਂ ਅੱਖਾਂ 'ਚ ਹੰਝੂ ਵਗਣ।
ਐ ਸਾਲ,
ਮੈਂ ਤੇਰੇ ਕੋਲੋਂ ਕੁੱਝ ਨਹੀਂ ਮੰਗਦਾ
ਕਿਉਂਕਿ ਤੂੰ ਮੈਨੂੰ
ਕੁੱਝ ਵੀ ਦੇਣ ਜੋਗਾ ਨਹੀਂ।
ਮਹਿੰਦਰ ਸਿੰਘ ਮਾਨ
ਸਲੋਹ ਰੋਡ
ਨਵਾਂ ਸ਼ਹਿਰ -9915803554