ਆਓ, ਸਮਾਜ ਨੂੰ ਵਾਪਸ ਦੇਣ ਦਾ ਸੰਕਲਪ ਲਈਏ - ਡਾ. ਗੁਰਤੇਜ ਸਿੰਘ
ਆਓ, ਸਮਾਜ ਨੂੰ ਵਾਪਸ ਦੇਣ ਦਾ ਸੰਕਲਪ ਲਈਏ - ਡਾ. ਗੁਰਤੇਜ ਸਿੰਘਆਓ, ਸਮਾਜ ਨੂੰ ਵਾਪਸ ਦੇਣ ਦਾ ਸੰਕਲਪ ਲਈਏ - ਡਾ. ਗੁਰਤੇਜ ਸਿੰਘਨਵੇਂ ਵਰ੍ਹੇ ਨੇ ਸਾਡੀਆਂ ਬਰੂਹਾਂ ’ਤੇ ਦਸਤਕ ਦੇ ਦਿੱਤੀ ਹੈ ਤੇ ਆਏ ਮਹਿਮਾਨ ਦਾ ਸਵਾਗਤ ਕਰਨਾ ਸਾਡੀ ਸੰਸਕ੍ਰਿਤੀ ਹੈ। ਇਸ ਨਵੇਂ ਮਹਿਮਾਨ ਦੀ ਆਮਦ ਬਹੁਤ ਕੁਝ ਨਵਾਂ ਲੈ ਕੇ ਆਉਂਦੀ ਹੈ ਜਿਸ ਨੂੰ ਅਸੀਂ ਕਬੂਲਣਾ ਹੈ। ਨਵੀਂ ਚੀਜ਼ ਜੇਕਰ ਆਈ ਹੈ ਤਾਂ ਉਸ ਨੂੰ ਰੱਖਣ ਲਈ ਜਗ੍ਹਾ ਦੀ ਜ਼ਰੂਰਤ ਤਾਂ ਪੈਂਦੀ ਹੀ ਹੈ ਸੋ ਜਗ੍ਹਾ ਪ੍ਰਬੰਧ ਕਾਰਨ ਪੁਰਾਣੇ ਅਤੇ ਫਾਲਤੂ ਸਾਮਾਨ ਦੀ ਵਿਦਾਇਗੀ ਲਾਜ਼ਮੀ ਹੋ ਜਾਂਦੀ ਹੈ। ਨਵੀਆਂ ਉਮੰਗਾਂ ਤਰੰਗਾਂ ਰੂਪੀ ਮਹਿਮਾਨ ਨੇ ਬੜਾ ਕੁਝ ਨਵਾਂ ਦੇਣਾ ਹੈ, ਇਸ ਲਈ ਇਹ ਸੰਕਲਪ ਲਾਜ਼ਮੀ ਹੈ ਕਿ ਪੁਰਾਣੇ ਤੇ ਘਟੀਆ ਵਿਚਾਰਾਂ ਦਾ ਤਿਆਗ ਕੀਤਾ ਜਾਵੇ। ਨਵੀਨ ਅਤੇ ਵਿਗਿਆਨਕ ਸੋਚ ਨੂੰ ਅਪਣਾਇਆ ਜਾਵੇ।
ਨਵੇਂ ਵਰ੍ਹੇ ’ਤੇ ‘ਪੇਅਬੈਕ ਟੂ ਦਿ ਸੁਸਾਇਟੀ’ ਯਾਨੀ ਸਮਾਜ ਨੂੰ ਬਦਲੇ ਵਿੱਚ ਕੁਝ ਦੇਣ ਦਾ ਸੰਕਲਪ ਲਿਆ ਜਾਣਾ ਚਾਹੀਦਾ ਹੈ। ਇਸ ਦੇ ਸਬੰਧ ਵਿੱਚ ਸਾਲ ਵਿੱਚ ਕੀਤੇ ਜਾਣ ਵਾਲੇ ਕੰਮਾਂ ਦੀ ਸਹੀ ਰੂਪਰੇਖਾ ਉਲੀਕੀ ਜਾਵੇ ਤੇ ਉਨ੍ਹਾਂ ਨੂੰ ਪੂਰਾ ਕਰਨ ਲਈ ਦ੍ਰਿੜ ਸੰਕਲਪ ਲਿਆ ਜਾਵੇ। ਉਦੇਸ਼ ਤੋਂ ਬਿਨਾਂ ਜ਼ਿੰਦਗੀ ਖੜ੍ਹੇ ਪਾਣੀ ਵਾਂਗ ਹੁੰਦੀ ਹੈ ਜਿਸ ਵਿੱਚੋਂ ਬੋਅ ਮਾਰਨੀ ਸੁਭਾਵਿਕ ਹੈ। ਨਵੇਂ ਵਰ੍ਹੇ ’ਤੇ ਜ਼ਿੰਦਗੀ ਦਾ ਉਦੇਸ਼ ਮਿੱਥਿਆ ਜਾਵੇ ਤੇ ਆਪਣੀ ਪ੍ਰਤਿਭਾ ਨੂੰ ਪਛਾਣ ਕੇ ਉਦੇਸ਼ ਪ੍ਰਾਪਤੀ ਹਿਤ ਸਖ਼ਤ ਮਿਹਨਤ ਦਾ ਪੱਲਾ ਫੜਿਆ ਜਾਵੇ। ਨਿਸ਼ਾਨੇ ਮਿੱਥੇ ਬਿਨਾਂ ਮੰਜ਼ਿਲਾਂ ਸਰ ਨਹੀਂ ਹੁੰਦੀਆਂ ਅਤੇ ਮੰਜ਼ਿਲਾਂ ਸਰ ਕਰਨ ਲਈ ਦ੍ਰਿੜ ਹੌਸਲੇ ਦੀ ਜ਼ਰੂਰਤ ਹੁੰਦੀ ਹੈ। ਦ੍ਰਿੜ ਹੌਸਲਾ ਜ਼ਿੰਮੇਵਾਰੀਆਂ ’ਚੋਂ ਉਪਜਦਾ ਹੈ। ਜਿੰਨਾ ਕੋਈ ਇਨਸਾਨ ਜ਼ਿੰਮੇਵਾਰ ਹੋਵੇਗਾ, ਓਨਾ ਹੀ ਉਸ ਦਾ ਹੌਸਲਾ ਦ੍ਰਿੜ ਹੋਵੇਗਾ ਅਤੇ ਫ਼ੈਸਲਾ ਲੈਣ ਦੇ ਯੋਗ ਹੋਵੇਗਾ। ਹੁਣ ਉਹ ਸਮਾਂ ਆ ਹੀ ਗਿਆ ਹੈ ਜਦੋਂ ਅਸੀਂ ਆਪਣੇ ਸਮਾਜਿਕ ਫਰਜ਼ ਨੂੰ ਨੈਤਿਕ ਜ਼ਿੰਮੇਵਾਰੀ ਸਮਝਦੇ ਹੋਏ ਸਮਾਜ ਸੇਵਾ ਵੱਲ ਹੋ ਤੁਰੀਏ।
ਅਭਿਨੇਤਰੀ ਪ੍ਰਿਯੰਕਾ ਚੋਪੜਾ ਨੇ 2017 ਵਿੱਚ ਇੱਕ ਸਮਾਰੋਹ ਨੂੰ ਸੰਬੋਧਨ ਕਰਦਿਆਂ ਲੋਕਾਈ ਨੂੰ ਦਿਆਲੂ ਬਣਨ ਲਈ ਪ੍ਰੇਰਿਆ ਸੀ। ਉਸ ਨੇ ਕਿਹਾ ਸੀ ਕਿ ਸਾਨੂੰ ਉੱਚ ਅਹੁਦਿਆਂ ’ਤੇ ਪਹੁੰਚ ਕੇ ਦੌਲਤ-ਸ਼ੁਹਰਤ ਨਾਲ ਲਬਰੇਜ਼ ਹੋ ਕੇ ਨਿਮਰਤਾ, ਦਿਆਲਤਾ ਦਾ ਪੱਲਾ ਕਦੇ ਵੀ ਛੱਡਣਾ ਨਹੀਂ ਚਾਹੀਦਾ। ਇਹ ਦੋਵੇਂ ਗੁਣ ਮਨੁੱਖ ਨੂੰ ਇਨਸਾਨ ਬਣਾਉਂਦੇ ਹਨ ਤੇ ਇਨਸਾਨੀਅਤ ਦੇ ਰਾਹ ’ਤੇ ਤੋਰਦੇ ਹਨ। ਉਸ ਨੇ ਦੂਜੀ ਗੱਲ ‘ਸਮਾਜ ਨੂੰ ਆਪਣੇ ਵੱਲੋਂ ਕੁਝ ਵਾਪਸ ਮੋੜਨ’ ਦੀ ਆਖੀ ਸੀ ਕਿ ਸਾਡੇ ਸਮਾਜ ਵਿੱਚ ਸਾਡੇ ਤੋਂ ਵੀ ਬੇਹੱਦ ਨੀਵੇਂ ਪੱਧਰ ’ਤੇ ਵੀ ਲੋਕ ਤੰਗੀਆਂ ਤੁਰਸ਼ੀਆਂ ਵਿੱਚ ਜੀਵਨ ਹੰਢਾਉਂਦੇ ਹਨ। ਉਨ੍ਹਾਂ ਦੇ ਦੁੱਖ ਦਰਦ ਨੂੰ ਘੱਟ ਕਰਨ ਲਈ ਉਨ੍ਹਾਂ ਵੱਲ ਮਦਦ ਦਾ ਹੱਥ ਵਧਾ ਕੇ ਅਸੀਂ ਸਮਾਜ ਨੂੰ ਕੁਝ ਵਾਪਸ ਕਰ ਸਕਦੇ ਹਾਂ ਤੇ ਸਾਨੂੰ ਸਭਨਾਂ ਨੂੰ ਇਹ ਲਾਜ਼ਮੀ ਆਪਣੇ ਪੱਧਰ ’ਤੇ ਕਰਨਾ ਚਾਹੀਦਾ ਹੈ। ਤੀਜੀ ਗੱਲ ਉਸ ਨੇ ਇਹ ਕਹੀ ਸੀ ਕਿ ਕਦੇ ਵੀ ਆਪਣੀਆਂ ਜੜ੍ਹਾਂ ਭਾਵ ਆਪਣੇ ਅਤੀਤ ਨੂੰ ਨਾ ਭੁੱਲੋ ਭਾਵ ਆਪਣੀ ਮਿਹਨਤ ਦੇ ਬਲਬੂਤੇ ’ਤੇ ਤਰੱਕੀਯਾਫ਼ਤਾ ਹੋ ਕੇ ਵੀ ਆਪਣੇ ਸਮਾਜ, ਭਾਈਚਾਰੇ ਨਾਲ ਜੁੜੇ ਰਹੋ, ਉਨ੍ਹਾਂ ਦੇ ਦੁੱਖ-ਸੁੱਖ ਦੇ ਸਾਥੀ ਬਣੋ।
ਸਾਡੇ ਗੁਰੂ ਸਾਹਿਬਾਨ ਨੇ ਸਮੁੱਚੀ ਮਨੁੱਖਤਾ ਨੂੰ ਕਿਰਤ ਕਰਨ ਅਤੇ ਵੰਡ ਛਕਣ ਦੇ ਪਵਿੱਤਰ ਸੰਦੇਸ਼ ਦੇ ਨਾਲ ਦਸਵੰਧ ਕੱਢਣ ਦੀ ਅਨੋਖੀ ਪਰੰਪਰਾ ਦੀ ਸ਼ੁਰੂਆਤ ਵੀ ਸਮਾਜ ਨੂੰ ਵਾਪਸ ਕੁਝ ਦੇਣ ਵਜੋਂ ਕੀਤੀ ਸੀ। ਇਸ ਪਾਵਨ ਪ੍ਰਥਾ ਨੂੰ ਸ਼ੁਰੂ ਕਰਨ ਪਿੱਛੇ ਸਮਾਜ ਦੇ ਤੰਗੀਆਂ ਤੁਰਸ਼ੀਆਂ ਵਾਲੇ ਲੋਕਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ਦੀ ਉਨ੍ਹਾਂ ਦੀ ਦੂਰਅੰਦੇਸ਼ੀ ਸੋਚ ਹੀ ਸੀ ਜਿਸ ਨੇ ਸਰਬੱਤ ਦਾ ਭਲਾ ਮੰਗਣ ਦੇ ਉਸ ਦੌਰ ਵਿੱਚ ਸਿੱਧੇ-ਅਸਿੱਧੇ ਤੌਰ ’ਤੇ ‘ਪੇਅਬੈਕ ਟੂ ਦਿ ਸੁਸਾਇਟੀ’ ਦੀ ਵਡਮੁੱਲੀ ਧਾਰਨਾ ਦਾ ਮੁੱਢ ਬੰਨ੍ਹਿਆ ਸੀ।
ਜਦੋਂ ਸਮਾਜ ਸੇਵਾ ਦੀ ਗੱਲ ਤੁਰਦੀ ਹੈ ਤਾਂ ਤਨ, ਮਨ ਅਤੇ ਧਨ ਆਦਿ ਸੇਵਾ ਦੇ ਪ੍ਰਮੁੱਖ ਸਾਧਨ ਵਜੋਂ ਸਾਡੇ ਸਾਹਮਣੇ ਪ੍ਰਤੱਖ ਰੂਪ ਵਿੱਚ ਨਜ਼ਰ ਆਉਂਦੇ ਹਨ। ਇਨ੍ਹਾਂ ਤਿੰਨਾਂ ’ਚੋਂ ਇੱਕ ਦੀ ਗੈਰਹਾਜ਼ਰੀ ਵੀ ਸੇਵਾ ਦੇ ਮਿਸ਼ਨ ਨੂੰ ਅਧੂਰੇਪਣ ਦੇ ਖਲਾਅ ਵਿੱਚ ਧੱਕ ਸੁੱਟਦੀ ਹੈ। ਸਾਡੇ ਸਮਾਜ ਅੰਦਰ ਜਦੋਂ ਪੱਛੜਿਆਂ ਨੂੰ ਉੱਚਾ ਚੁੱਕਣ ਅਤੇ ਸਮਾਜਿਕ ਬਦਲਾਅ ਦੀ ਗੱਲ ਤੁਰਦੀ ਹੈ ਤਾਂ ਸਿਰਫ਼ ਸਰੀਰਕ ਜਾਂ ਮਾਨਸਿਕ ਯੋਗਦਾਨ ਨਾਲ ਕੁਝ ਵੀ ਵਰਣਨਯੋਗ ਨਹੀਂ ਵਾਪਰੇਗਾ। ਇਨ੍ਹਾਂ ਨੂੰ ਅਮਲੀ ਜਾਮਾ ਪਹਿਨਾਉਣ ਲਈ ਧਨ ਦੀ ਜ਼ਰੂਰਤ ਹਮੇਸ਼ਾਂ ਸੀ, ਹੈ ਤੇ ਰਹੇਗੀ। ਜਦੋਂ ਤੱਕ ਅਸੀਂ ਆਰਥਿਕ ਪੱਖੋਂ ਖੁਸ਼ਹਾਲ ਨਹੀਂ ਹੋਵਾਂਗੇ, ਉਦੋਂ ਤੱਕ ਸਮਾਜਿਕ, ਰਾਜਨੀਤਕ ਅਤੇ ਕਾਫ਼ੀ ਹੱਦ ਤੱਕ ਧਾਰਮਿਕ ਪੱਧਰ ’ਤੇ ਵੀ ਸਨਮਾਨਯੋਗ ਨਹੀਂ ਬਣ ਸਕਾਂਗੇ। ਆਪਣੇ ਲਈ ਪੈਸਾ ਕਮਾਉਣਾ ਚੰਗੀ ਗੱਲ ਹੈ, ਜੇਕਰ ਉਸ ਪੈਸੇ ਨਾਲ ਕਿਸੇ ਦਾ ਭਲਾ ਕਰ ਸਕੋ ਤਾਂ ਹੋਰ ਵੀ ਚੰਗੀ ਗੱਲ ਹੈ।
ਮਾਲਵਾ ਖੇਤਰ ਦੇ ਹਾਲਾਤ ਕਿਸੇ ਤੋਂ ਲੁਕੇ ਨਹੀਂ ਹਨ। ਜਗੀਰਦਾਰੀ ਸੋਚ ਨੇ ਅਜੇ ਵੀ ਦਲਿਤ ਭਾਈਚਾਰੇ ਨੂੰ ਉੱਚਾ ਉੱਠਣ ਨਹੀਂ ਦਿੱਤਾ। ਜਿਸ ਨੇ ਵੀ ਉੱਦਮ ਕੀਤਾ ਹੈ ਉਸ ਦੇ ਅਣਥੱਕ ਯਤਨਾਂ ਨੂੰ ਦਬਾਉਣ ਲਈ ਕਿਸੇ ਵੀ ਹੱਦ ਤੱਕ ਇਹ ਅਖੌਤੀ ਉੱਚ ਜਾਤੀ ਦੇ ਲੋਕ ਡਿੱਗ ਸਕਦੇ ਹਨ। ਉਸ ਦੀਆਂ ਅਣਗਿਣਤ ਦਰਦਨਾਕ ਕਹਾਣੀਆਂ ਹਨ। ਅਜਿਹੀਆਂ ਤੰਗੀਆਂ ਤੁਰਸ਼ੀਆਂ ਵਾਲੇ ਸਮਾਜ ਦਾ ਅਸੀਂ ਵੀ ਹਿੱਸਾ ਹਾਂ ਤੇ ਰਹਾਂਗੇ। ਸਾਡਾ ਵਜੂਦ ਆਪਣੇ ਭਾਈਚਾਰੇ ਨਾਲ ਹੀ ਹੈ।
ਮੁੱਕਦੀ ਗੱਲ ਅਸੀਂ ਸਾਰੇ ਨਵੇਂ ਸਾਲ ਦੀ ਆਮਦ ’ਤੇ ਆਪਣੀ ਸੋਚ ਨੂੰ ਨਵੇਂ ਆਯਾਮ ਦੇਈਏ ਕਿਉਂਕਿ ਸੋਚ ਬਦਲਣ ਨਾਲ ਹੀ ਜਹਾਨ ਬਦਲਦਾ ਹੈ। ਆਪਣੀ ਖੁੰਢੀ ਸੋਚ ਨੂੰ ਸਮਾਜ ਭਲਾਈ ਹਿਤ ਤਿੱਖੀ ਕਰੀਏ। ਹਰ ਪਾਸੇ ਫੈਲੀਆਂ ਬੁਰਾਈਆਂ ਦਾ ਅੰਤ ਸਾਡੀ ਸੋਚ ਕਰ ਸਕਦੀ ਹੈ। ਗੰਦੀ ਰਾਜਨੀਤੀ, ਔਰਤਾਂ ’ਤੇ ਹੁੰਦੇ ਅੱਤਿਆਚਾਰ, ਧਾਰਮਿਕ ਕੱਟੜਤਾ ਅਤੇ ਨਾਬਰਾਬਰਤਾ ਜਿਹੇ ਵਰਤਾਰੇ ਉਦੋਂ ਤੱਕ ਜਾਰੀ ਰਹਿਣਗੇ ਜਦੋਂ ਤੱਕ ਸਮਾਜ ਆਪਣਾ ਨਜ਼ਰੀਆ ਨਹੀਂ ਬਦਲਦਾ। ਜਦੋਂ ਨਵੇਂ ਵਰ੍ਹੇ ਨੂੰ ਗਲ਼ ਲਗਾਉਣ ਲਈ ਅਸੀਂ ਇੰਨੇ ਉਤਾਵਲੇ ਹਾਂ ਤਾਂ ਲਾਜ਼ਮੀ ਹੀ ਸਾਨੂੰ ਪੁਰਾਣੇ ਭੇਦਭਾਵ, ਗਿਲੇ ਸ਼ਿਕਵੇ ਤੇ ਬੁਰਾਈਆਂ ਨੂੰ ਤਿਆਗਣਾ ਚਾਹੀਦਾ ਹੈ। ਨਵੇਂ ਸਿਰਿਉਂ ਜ਼ਿੰਦਗੀ ਦੀ ਸ਼ੁਰੂਆਤ ਕਰਨੀ ਚਾਹੀਦੀ ਹੈ ਜੋ ਮਨੁੱਖਤਾ ਲਈ ਹਿਤਕਾਰੀ ਹੋਵੇਗੀ।
ਸੰਪਰਕ : 95173-96001