ਦੇਸ਼ ਦੇ ਹਾਲਾਤ ਜੋ ਵੀ ਹੋਣ, ਵਿਸ਼ਵ-ਗੁਰੂ ਬਣਨ ਤੁਰੇ ਭਾਰਤ ਦੇ ਲੋਕਾਂ ਨੂੰ ਨਵਾਂ ਸਾਲ ਮੁਬਾਰਕ - ਜਤਿੰਦਰ ਪਨੂੰ
ਇੱਕੀਵੀਂ ਸਦੀ ਦਾ ਤੇਈਵਾਂ ਸਾਲ ਸਾਡੀ ਬਾਂਹ ਫੜ ਕੇ ਤੁਰ ਪਿਆ ਹੈ। ਬਹੁਤ ਸਾਰੇ ਲੋਕ ਕਈ ਦਿਨ ਪਹਿਲਾਂ ਤੋਂ ਇਸ ਦੀ ਉਡੀਕ ਅਤੇ ਇਸ ਦੇ ਸਵਾਗਤ ਲਈ ਪੱਬਾਂ ਭਾਰ ਹੋਏ ਸਨ। ਉਨ੍ਹਾਂ ਵਰਗਿਆਂ ਦੀ ਇਹ ਤੀਬਰਤਾ ਪਹਿਲਾਂ ਕਈ ਵਾਰੀ ਵੇਖੀ ਹੋਈ ਹੈ ਅਤੇ ਜਦੋਂ ਤੱਕ ਜਿੰਦਾ ਰਹੇ, ਏਸੇ ਤਰ੍ਹਾਂ ਵੇਖਦੇ ਰਹਾਂਗੇ। ਸਾਨੂੰ ਇਸ ਤੀਬਰਤਾ ਬਾਰੇ ਇੱਕ ਪੁਰਾਣੀ ਘਟਨਾ ਯਾਦ ਆਉਂਦੀ ਹੈ। ਓਦੋਂ ਰਾਜੀਵ ਗਾਂਧੀ ਭਾਰਤ ਦਾ ਪ੍ਰਧਾਨ ਮੰਤਰੀ ਹੁੰਦਾ ਸੀ ਤੇ ਉਹ ਰਾਤ-ਦਿਨ ਇੱਕੋ ਰੱਟ ਲਾ ਰੱਖਦਾ ਸੀ ਕਿ ਇੱਕੀਵੀਂ ਸਦੀ ਆਉਣ ਵਾਲੀ ਹੈ। ਅਸੀਂ ਓਦੋਂ ਲਿਖਿਆ ਸੀ ਕਿ ਰਾਜੀਵ ਗਾਂਧੀ ਆਖੇ ਜਾਂ ਨਾ ਆਖੇ, ਕੋਈ ਫਰਕ ਨਹੀਂ ਪੈਣਾ, ਇੱਕੀਵੀਂ ਸਦੀ ਨੇ ਤਾਂ ਕੈਲੰਡਰ ਦੇ ਹਿਸਾਬ ਨਾਲ ਹੀ ਆਉਣਾ ਹੈ। ਜਦੋਂ ਇੱਕੀਵੀਂ ਸਦੀ ਆਈ, ਓਦੋਂ ਤੱਕ ਰਾਜੀਵ ਗਾਂਧੀ ਨੂੰ ਸੰਸਾਰ ਵਿੱਚੋਂ ਗਿਆਂ ਸਾਢੇ ਨੌਂ ਸਾਲ ਹੋ ਚੁੱਕੇ ਸਨ। ਇਹ ਦੱਸ ਸਕਣ ਦੇ ਸਮਰੱਥ ਕੋਈ ਵਿਅਕਤੀ ਸਾਨੂੰ ਨਹੀਂ ਲੱਭਦਾ ਕਿ ਭਲਕ ਨੂੰ ਜਾਂ ਹੋਰ ਕੁਝ ਘੰਟਿਆਂ ਜਾਂ ਪਲਾਂ ਨੂੰ ਕੀ ਵਾਪਰ ਸਕਦਾ ਹੈ, ਇਸ ਦੇ ਬਾਵਜੂਦ ਬਹੁਤ ਕਾਹਲੇ ਲੋਕ ਏਦਾਂ ਦੇ ਅੰਦਾਜ਼ੇ ਲਾਉਣ ਤੇ ਹੋਰ ਲੋਕਾਂ ਨੂੰ ਦੱਸਣ ਲੱਗੇ ਰਹਿੰਦੇ ਹਨ। ਫਿਰ ਵੀ ਆਸ ਨਾਲ ਜਹਾਨ ਕਾਇਮ ਦੇ ਪੁਰਾਣੇ ਮੁਹਾਵਰੇ ਵਾਂਗ ਜਦ ਤੱਕ ਜਿੰਦਾ ਰਹਿਣਾ ਹੈ, ਆਸ ਵੀ ਰਹਿਣੀ ਹੈ ਤੇ ਕਿਆਫੇ ਵੀ ਲੱਗਦੇ ਰਹਿਣਗੇ।
ਪਿਛਲਿਆਂ ਸਾਲਾਂ ਵਿੱਚ ਜੋ ਕੁਝ ਵਾਪਰਦਾ ਰਿਹਾ ਹੈ, ਬਾਅਦ ਵਿੱਚ ਭਾਵੇਂ ਬਹੁਤ ਸਾਰੇ ਸੱਜਣ ਇਹ ਕਹਿਣ ਵਾਲੇ ਮਿਲ ਜਾਂਦੇ ਰਹੇ ਸਨ ਕਿ ਸਾਨੂੰ ਪਤਾ ਸੀ ਕਿ ਇਹੋ ਹੋਵੇਗਾ, ਪਰ ਕੁਝ ਖਾਸ ਮੌਕੇ ਹੀ ਹੁੰਦੇ ਹਨ, ਜਦੋਂ ਏਦਾਂ ਦੀ ਸੰਭਾਵਨਾ ਹੁੰਦੀ ਹੈ ਕਿ ਅੰਦਾਜ਼ਾ ਸਹੀ ਨਿਕਲੇ, ਬਹੁਤੀ ਵਾਰੀ ਅੰਦਾਜ਼ੇ ਤੇ ਸੁਫਨੇ ਸਹੀ ਨਹੀਂ ਨਿਕਲਦੇ ਹੁੰਦੇ। ਰਾਜਸੀ ਆਗੂ ਆਪਣੇ ਪੈਰੋਕਾਰਾਂ ਨੂੰ ਸੁਫਨੇ ਵਿਖਾਉਂਦੇ ਹਨ ਅਤੇ ਪੈਰੋਕਾਰ ਅੱਗੇ ਪ੍ਰਚਾਰਦੇ ਹਨ ਅਤੇ ਕਈ ਵਾਰੀ ਇਹੋ ਜਿਹੇ ਸੁਫਨੇ ਪ੍ਰਚਾਰਦੇ ਹਨ, ਜਿਹੜੇ ਅਸਮਾਨ ਵਿੱਚੋਂ ਚੰਦ-ਤਾਰੇ ਤੋੜ ਲਿਆਉਣ ਵਰਗੇ ਹੁੰਦੇ ਹਨ। ਕਿਸੇ ਇੱਕ ਪਾਰਟੀ ਜਾਂ ਧਿਰ ਦੀ ਗੱਲ ਨਹੀਂ ਕਰਨੀ ਚਾਹੀਦੀ, ਏਥੇ ਸਾਰੀਆਂ ਰਾਜ ਕਰਦੀਆਂ, ਰਾਜ ਕਰ ਚੁੱਕੀਆਂ ਜਾਂ ਰਾਜ ਕਰਨ ਲਈ ਤਾਂਘਦੀਆਂ ਧਿਰਾਂ ਦਾ ਇੱਕੋ ਹਾਲ ਹੈ ਕਿ ਸੁਫਨੇ ਵਿਖਾਈ ਜਾਉ, ਅਮਲ ਵਿੱਚ ਕੁਝ ਕਰਨ ਦੀ ਚਿੰਤਾ ਹੀ ਨਾ ਕਰੋ। ਇਸ ਦੀ ਚਰਚਾ ਚੱਲਦੀ ਹੈ ਤਾਂ ਜੋ ਸੁਣਨ ਨੂੰ ਮਿਲਦਾ ਹੈ, ਉਹ ਅਸੀਂ ਪਿਛਲੇ ਦਿਨੀਂ ਇੱਕ ਮੀਡੀਆ ਚੈਨਲ ਦੀ ਬਹਿਸ ਵਿੱਚ ਵੇਖਿਆ ਹੈ। ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਦੇ ਇੱਕ ਆਗੂ ਨੇ ਪੰਜਾਬ ਵਿੱਚ ਰਾਜ ਕਰਦੀ ਆਮ ਆਦਮੀ ਪਾਰਟੀ ਦੇ ਆਗੂ ਨੂੰ ਵੰਗਾਰ ਕੇ ਕਿਹਾ ਕਿ ਤੁਹਾਡੀ ਪਾਰਟੀ ਨੇ ਹਰ ਘਰੇਲੂ ਔਰਤ ਨੂੰ ਇੱਕ-ਇੱਕ ਹਜ਼ਾਰ ਰੁਪਏ ਮਹੀਨਾ ਭੇਜਣ ਦੀ ਗੱਲ ਕਹੀ ਸੀ ਤੇ ਉਹ ਅੱਜ ਤੱਕ ਭੇਜੇ ਨਹੀਂ ਗਏ, ਇਸ ਦਾ ਤੁਹਾਡੇ ਕੋਲ ਕੋਈ ਜਵਾਬ ਨਹੀਂ ਹੈ। ਅਗਲੇ ਨੇ ਹੱਸ ਕੇ ਕਿਹਾ, ਕੌਣ ਕਹਿੰਦਾ ਹੈ ਕਿ ਜਵਾਬ ਕੋਈ ਨਹੀਂ, ਅੱਠ ਸਾਲ ਪਹਿਲਾਂ ਤੁਹਾਡੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਰ ਪਰਵਾਰ ਨੂੰ ਪੰਦਰਾਂ ਲੱਖ ਰੁਪਏ ਭੇਜਣ ਦਾ ਵਾਅਦਾ ਕੀਤਾ ਸੀ, ਅਸੀਂ ਉਨ੍ਹਾਂ ਦਾ ਰਸਤਾ ਨਹੀਂ ਕੱਟਣਾ ਚਾਹੁੰਦੇ, ਪਹਿਲਾਂ ਲੋਕਾਂ ਕੋਲ ਉਹ ਪੰਦਰਾਂ-ਪੰਦਰਾਂ ਲੱਖ ਚਲੇ ਜਾਣ ਦਿਉ, ਫਿਰ ਅਸੀਂ ਵੀ ਇੱਕ-ਇੱਕ ਹਜ਼ਾਰ ਭੇਜ ਦਿਆਂਗੇ। ਭਾਜਪਾ ਆਗੂ ਵਾਲਾ ਸਵਾਲ ਵੀ ਠੀਕ ਸੀ, ਆਮ ਆਦਮੀ ਪਾਰਟੀ ਦੇ ਆਗੂ ਦਾ ਜਵਾਬ ਵੀ ਉਸ ਤੋਂ ਊਣਾ ਨਹੀਂ ਸੀ, ਪਰ ਆਮ ਲੋਕ ਦੋਵਾਂ ਦੇ ਸਵਾਲ-ਜਵਾਬ ਨਹੀਂ ਸੁਣਨਾ ਚਾਹੁੰਦੇ, ਉਹ ਤਾਂ ਕੀਤੇ ਗਏ ਵਾਅਦਿਆਂ ਉੱਤੇ ਅਮਲ ਹੁੰਦਾ ਵੇਖਣਾ ਚਾਹੁੰਦੇ ਹਨ।
ਸਰਕਾਰ ਇੱਕ ਪਾਰਟੀ ਦੀ ਬਣ ਜਾਵੇ ਜਾਂ ਦੂਸਰੀ ਦੀ, ਵਾਅਦਿਆਂ ਦਾ ਪਰਾਗਾ ਸਾਰਿਆਂ ਨੇ ਚੋਖੀ ਖੁੱਲ੍ਹਦਿਲੀ ਨਾਲ ਲੋਕਾਂ ਦੀ ਝੋਲੀ ਪਾਇਆ ਹੈ, ਅਮਲ ਵਿੱਚ ਦੱਸੇ ਗਏ ਕੰਮ ਕਦੀ ਵੀ ਬਹੁਤੇ ਨਹੀਂ ਹੋਏ। ਇੰਦਰਾ ਗਾਂਧੀ ਨੇ ਜਦੋਂ ਗਰੀਬੀ ਹਟਾਉ ਦਾ ਨਾਅਰਾ ਲਾਇਆ ਸੀ, ਲੋਕ ਉਸ ਨਾਅਰੇ ਪਿੱਛੇ ਵੀ ਕਤਾਰਾਂ ਬੰਨ੍ਹ ਖੜੋਤੇ ਸਨ, ਪਰ ਚੋਣਾਂ ਜਿੱਤ ਜਾਣ ਮਗਰੋਂ ਗਰੀਬੀ ਹਟਾਉਣ ਦੀ ਥਾਂ ਐਮਰਜੈਂਸੀ ਠੋਸ ਕੇ ਰਾਜਧਾਨੀ ਦਿੱਲੀ ਵਿੱਚ ਗਰੀਬਾਂ ਨੂੰ ਹਟਾਉਣ ਦਾ ਕੰਮ ਛੋਹ ਦਿੱਤਾ ਗਿਆ ਸੀ। ਉਹ ਦਿਨ ਅਤੇ ਆਹ ਦਿਨ, ਹਰ ਸਰਕਾਰ ਨੂੰ ਇਹੋ ਕੁਝ ਕਰਦੇ ਵੇਖਦੇ ਰਹੇ ਹਾਂ। ਪ੍ਰਧਾਨ ਮੰਤਰੀ ਬਣਨ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਵੀਹ ਸੌ ਬਾਈ ਦਾ ਸਾਲ ਆਉਣ ਤੱਕ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਦਾ ਐਲਾਨ ਕੀਤਾ ਸੀ, ਪਿਛਲੇ ਸਾਲ ਇਸ ਬਾਰੇ ਇੱਕ ਸੂਚਨਾ ਅਧਿਕਾਰ ਵਰਕਰ ਨੇ ਫੀਸ ਦੇ ਕੇ ਪੁੱਛ ਲਿਆ ਕਿ ਕਿੰਨਾ ਕੁ ਕੰਮ ਹੋ ਗਿਆ ਹੈ ਤਾਂ ਅੱਗੋਂ ਜਵਾਬ ਮਿਲਿਆ ਕਿ ਪ੍ਰਧਾਨ ਮੰਤਰੀ ਦਫਤਰ ਵਿੱਚ ਏਦਾਂ ਦੀ ਕੋਈ ਸਕੀਮ ਹੀ ਵਿਚਾਰ ਅਧੀਨ ਨਹੀਂ ਹੈ।
ਜਿਹੜਾ ਭਾਰਤ ਕਦੇ ਸੋਨੇ ਦੀ ਚਿੜੀ ਅਖਵਾਉਂਦਾ ਸੀ, ਉਹ ਅੱਜ ਵੀ ਸੋਨੇ ਦੀ ਚਿੜੀ ਬਣ ਸਕਦਾ ਹੈ, ਪਰ ਇਸ ਦੇ ਖੰਭ ਕੁਤਰਨ ਵਾਲੇ ਹਰ ਸਰਕਾਰ ਦੇ ਵਕਤ ਬਾਜ਼ ਵਾਲਾ ਝਪੱਟਾ ਮਾਰਦੇ ਹਨ ਅਤੇ ਹਰ ਰੰਗ ਦੀ ਸਰਕਾਰ ਉਸ ਵਕਤ ਕੁਝ ਕਰਨ ਦੀ ਥਾਂ ਬਾਅਦ ਵਿੱਚ ਕਾਰਵਾਈ ਕਰਨ ਦਾ ਭਰਮ ਪਾ ਕੇ ਲੋਕਾਂ ਦਾ ਦਿਲ ਪਰਚਾ ਦੇਂਦੀ ਹੈ। ਨਰਸਿਮਹਾ ਰਾਉ ਦੀ ਸਰਕਾਰ ਦੇ ਵਕਤ ਹਰਸ਼ਦ ਮਹਿਤਾ ਵਰਗਿਆਂ ਵੱਲੋਂ ਭਾਰਤ ਦੀ ਆਰਥਿਕਤਾ ਨੂੰ ਝੰਜੋੜ ਦੇਣ ਦੀ ਘਟਨਾ ਵੀ ਵਾਪਰੀ ਸੀ, ਸਰਕਾਰ ਨੇ ਬਹੁਤ ਕੁਝ ਕਰਨ ਦੇ ਦਾਅਵੇ ਕੀਤੇ ਸਨ, ਪਰ ਪਿੱਛੋਂ ਕੁਝ ਖਾਸ ਨਹੀਂ ਸੀ ਹੋਇਆ। ਰਿਜ਼ਰਵ ਬੈਂਕ ਦੇ ਹੁਕਮ ਉੱਤੇ ਭਾਰਤ ਦੇ ਕਰੰਸੀ ਨੋਟ ਛਾਪਣ ਵਾਲੀਆਂ ਮਸ਼ੀਨਾਂ ਕੰਡਮ ਹੋਣ ਪਿੱਛੋਂ ਬਾਜ਼ਾਰ ਵਿੱਚ ਵੇਚਣ ਦੀ ਪਾਬੰਦੀ ਹੋਣ ਦੇ ਬਾਵਜੂਦ ਅਬਦੁਲ ਕਰੀਮ ਤੇਲਗੀ ਦੀ ਟੋਲੀ ਨੇ ਉਹ ਮਸ਼ੀਨਾਂ ਖਰੀਦ ਕੇ ਨੋਟ ਅਤੇ ਅਸ਼ਟਾਮ (ਸਟੈਂਪ ਪੇਪਰ) ਛਾਪਣੇ ਆਰੰਭ ਕਰ ਦਿੱਤੇ। ਸਰਕਾਰੀ ਪ੍ਰੈੱਸ ਵਿੱਚ ਇਹ ਕੰਮ ਕਰਨ ਵਾਲੇ ਕਾਰਿੰਦੇ ਨੌਕਰੀ ਕਰਦਿਆਂ ਜਾਂ ਰਿਟਾਇਰ ਹੋਣ ਪਿੱਛੋਂ ਵੀ ਕਿਸੇ ਥਾਂ ਛਪਾਈ ਦੇ ਕੰਮ ਵਿੱਚ ਸ਼ਾਮਲ ਨਹੀਂ ਹੋ ਸਕਦੇ, ਇਸ ਕਾਨੂੰਨ ਦੀ ਉਲੰਘਣਾ ਕਰ ਕੇ ਉਹੀ ਕਾਰਿੰਦੇ ਉਨ੍ਹਾਂ ਹੀ ਮਸ਼ੀਨਾਂ ਉੱਤੇ ਅਬਦੁਲ ਕਰੀਮ ਤੇਲਗੀ ਲਈ ਨੋਟ ਛਾਪਦੇ ਰਹੇ, ਕਿਸੇ ਤੋਂ ਰੋਕਿਆ ਨਹੀਂ ਸੀ ਗਿਆ। ਅਟਲ ਬਿਹਾਰੀ ਵਾਜਪਾਈ ਦੀ ਸਰਕਾਰ ਵੇਲੇ ਖਜ਼ਾਨਾ ਮੰਤਰੀ ਨੇ ਪਾਰਲੀਮੈਂਟ ਵਿੱਚ ਮੰਨਿਆ ਕਿ ਤੇਲਗੀ ਦੀ ਲਾਈ ਜਾਅਲੀ ਪ੍ਰੈੱਸ ਵਿੱਚ ਛਾਪੇ ਗਏ ਬੱਤੀ ਹਜ਼ਾਰ ਕਰੋੜ ਰੁਪਏ ਕੀਮਤ ਦੇ ਅਸ਼ਟਾਮ ਪੇਪਰ ਅੱਗੋਂ ਸਰਕਾਰੀ ਵਿਭਾਗਾਂ ਤੇ ਕਚਹਿਰੀ ਵਿੱਚ ਆਉਂਦੇ ਆਮ ਲੋਕਾਂ ਨੂੰ ਵੀ ਵੇਚੇ ਜਾ ਚੁੱਕੇ ਹਨ ਅਤੇ ਇਹ ਪੇਪਰ ਸਰਕਾਰੀ ਕੰਮਾਂ ਵਿੱਚ ਵੀ ਵਰਤੇ ਗਏ ਹਨ। ਅਗਲੀ ਗੱਲ ਉਨ੍ਹਾ ਇਹ ਕਹਿ ਦਿੱਤੀ ਕਿ ਪਤਾ ਹੋਣ ਦੇ ਬਾਵਜੂਦ ਅਸੀਂ ਕੁਝ ਨਹੀਂ ਕਰ ਸਕਦੇ, ਜਿੰਨੇ ਜਾਅਲੀ ਕਾਗਜ਼ਾਂ ਦੀ ਵਰਤੋਂ ਹੋ ਚੁੱਕੀ ਹੈ, ਉਹ ਸਾਰੇ ਵਿਭਾਗਾਂ ਨੂੰ ਜਾਇਜ਼ ਮੰਨਣ ਲਈ ਕਹਿ ਦਿੱਤਾ ਗਿਆ ਹੈ। ਬੜੀ ਕਮਾਲ ਦੀ ਗੱਲ ਸੀ ਕਿ ਕਾਂਗਰਸ ਦੇ ਰਾਜ ਵਿੱਚ ਘਪਲਾ ਸ਼ੁਰੂ ਹੋਇਆ ਅਤੇ ਭਾਜਪਾ ਰਾਜ ਵਿੱਚ ਉਸ ਉੱਤੇ ਟੋਕਰਾ ਮੂਧਾ ਮਾਰ ਕੇ ਗੱਲ ਮੁਕਾ ਦਿੱਤੀ ਗਈ।
ਨਰਿੰਦਰ ਮੋਦੀ ਸਾਹਿਬ ਦੇ ਆਉਣ ਤੋਂ ਪਹਿਲਾਂ ਦੁਨੀਆ ਭਰ ਵਿੱਚ ਅਕਲ ਅਤੇ ਈਮਾਨਦਾਰੀ ਲਈ ਪ੍ਰਸਿੱਧ ਆਗੂ ਡਾਕਟਰ ਮਨਮੋਹਨ ਸਿੰਘ ਦੀ ਕਮਾਂਡ ਹੇਠ ਭਾਰਤ ਦੀ ਓਦੋਂ ਤੱਕ ਦੀ ਸਭ ਤੋਂ ਵੱਧ ਭ੍ਰਿਸ਼ਟ ਸਰਕਾਰ ਹੁੰਦੀ ਸੀ। ਉਹ ਖੁਦ ਕੁਝ ਨਹੀਂ ਸੀ ਖਾਂਦਾ, ਪਰ ਬਾਕੀਆਂ ਨੂੰ ਖਾਣ ਤੋਂ ਨਹੀਂ ਸੀ ਰੋਕਦਾ। ਨਰਿੰਦਰ ਮੋਦੀ ਨੇ ਕਿਹਾ ਸੀ ਕਿ ਉਹ ਪ੍ਰਧਾਨ ਮੰਤਰੀ ਬਣ ਗਿਆ ਤਾਂ ਏਦਾਂ ਘਪਲੇ ਨਹੀਂ ਹੋਣ ਦੇਵੇਗਾ, ਪਰ ਉਸ ਦੇ ਰਾਜ ਵਿੱਚ ਘਪਲਿਆਂ ਦੀ ਲੜੀ ਟੁੱਟਣ ਦਾ ਨਾਂਅ ਨਹੀਂ ਲੈ ਰਹੀ। ਵਿਜੇ ਮਾਲਿਆ, ਨੀਰਵ ਮੋਦੀ, ਲਲਿਤ ਮੋਦੀ ਅਤੇ ਉਸ ਪਿੱਛੋਂ ਚੰਦਾ ਕੋਚਰ ਦਾ ਕਿੱਸਾ ਨਿਕਲ ਪਿਆ ਹੈ। ਸਹਾਰਾ ਗਰੁੱਪ ਵਾਲੇ ਸੁਬਰਤੋ ਰਾਏ ਦਾ ਕੀ ਬਣਿਆ, ਜਿਹੜਾ ਬੱਤੀ ਹਜ਼ਾਰ ਕਰੋੜ ਦੀ ਠੱਗੀ ਭਾਰਤ ਦੇ ਲੋਕਾਂ ਨਾਲ ਕਰ ਗਿਆ ਸੀ, ਪਰਲਜ਼ ਗਰੀਨ ਵਾਲੇ ਨਿਰਮਲ ਸਿੰਘ ਭੰਗੂ ਦਾ ਕੀ ਬਣਿਆ, ਜਿਸ ਨੇ ਆਮ ਲੋਕਾਂ ਦਾ ਚਾਲੀ ਹਜ਼ਾਰ ਕਰੋੜ ਤੋਂ ਵੱਧ ਡਕਾਰ ਲਿਆ ਸੀ, ਕੋਈ ਪੁੱਛਣ ਵਾਲਾ ਨਹੀਂ ਲੱਭਦਾ। ਏਨੇ ਘਪਲਿਆਂ ਵਾਲੇ ਦੇਸ਼ ਦਾ ਪ੍ਰਧਾਨ ਮੰਤਰੀ ਜਦੋਂ ਇਹ ਕਹਿੰਦਾ ਹੈ ਕਿ ਭਾਰਤ ਵਿਸ਼ਵ-ਗੁਰੂ ਬਣਨ ਵਾਲੇ ਰਾਹ ਉੱਤੇ ਚੱਲ ਰਿਹਾ ਹੈ ਤਾਂ ਉਸ ਦੇ ਦਾਅਵੇ ਸੁਣ ਕੇ ਆਮ ਬੰਦਾ ਹੱਸਣ ਅਤੇ ਰੋਣ ਵਿੱਚੋਂ ਇੱਕ ਦੀ ਚੋਣ ਕਰਨ ਵਿੱਚ ਔਖ ਸਮਝਦਾ ਹੈ। ਇਹ ਹਾਲਤ ਕੇਂਦਰ ਸਰਕਾਰ ਜਾਂ ਪ੍ਰਧਾਨ ਮੰਤਰੀ ਦੇ ਮਾਮਲੇ ਵਿੱਚ ਹੀ ਨਹੀਂ, ਭਾਰਤ ਵਿੱਚ ਕੋਈ ਰਾਜ ਕਿਸੇ ਵੀ ਪਾਰਟੀ ਦੀ ਸਰਕਾਰ ਚਲਾਉਂਦੀ ਪਈ ਹੋਵੇ, ਸਾਰੇ ਥਾਂਈਂ ਇਹੋ ਕਿੱਸੇ ਸੁਣਨ ਨੂੰ ਮਿਲਦੇ ਹਨ। ਏਨੇ ਘਪਲਿਆਂ ਵਿੱਚ ਫਸਿਆ ਹੋਇਆ ਭਾਰਤ ਆਪਣੀ ਆਜ਼ਾਦ ਹੋਂਦ ਦੀ ਪੰਝੱਤਰਵੀਂ ਵਰ੍ਹੇਗੰਢ ਮਨਾ ਰਿਹਾ ਹੈ, ਜਿਸ ਨੂੰ 'ਅੰਮ੍ਰਿਤ-ਮਹਾਉਤਸਵ' ਕਿਹਾ ਜਾਂਦਾ ਹੈ ਅਤੇ ਏਦਾਂ ਦੇ ਮੌਕੇ ਦੇਸ਼ ਦਾ ਧਿਆਨ ਕਿਸੇ ਹੋਰ ਪਾਸੇ ਨਹੀਂ ਜਾਣਾ ਚਾਹੀਦਾ, ਇਸ ਕਰ ਕੇ ਹਾਲਾਤ ਜੋ ਵੀ ਹੋਣ, ਨਵੇਂ ਸਾਲ ਦਾ ਸਵਾਗਤ ਕਰਨਾ ਹੀ ਠੀਕ ਰਹੇਗਾ।