ਦੁੱਖ ਦੇ ਰਿਸ਼ਤੇ - (ਕਹਾਣੀ) - ਗੁਰਬਾਜ ਸਿੰਘ ਤਰਨ ਤਾਰਨ।
ਨਵੰਬਰ ਦਾ ਮਹੀਨਾ ਤੇ ਨਿੱਕੇ ਦਿਨ ਹੋਣ ਕਾਰਨ ਸੱਤ ਵਜੇ ਹੀ ਕਾਲਾ ਘੁੱਪ ਹਨੇਰਾ ਪਸਰਨਾ ਸ਼ੁਰੂ ਹੋ ਗਿਆ ਸੀ। ਚੰਡੀਗੜੋਂ ਦਫਤਰ ਦਾ ਕੰਮ ਨਿਬੇੜ ਮੈਂ ਦੁਪਹਿਰ ਦੀ ਬੱਸ ਫੜ ਤੁਰ ਪਿਆ ਸੀ ਸਵਾ ਕੁ ਸੱਤ ਦਾ ਸਮਾਂ ਸੀ ਜਦੋਂ ਮੈਂ ਅੰਮ੍ਰਿਤਸਰ ਬੱਸ ਅੱਡੇ ਤੇ ਉਤਰਿਆ। ਬੱਸਾਂ ਟਾਵੀਆਂ-ਟਾਵੀਆਂ ਖੜੀਆਂ ਸਨ। ਬੱਸ ਅੱਡਾ ਵੀਰਾਨ ਜਿਹਾ ਹੋਣ ਸੁਰੂ ਹੋ ਗਿਆ ਸੀ। ਸੱਤ ਵਜੇ ਤੋਂ ਬਾਦ ਕਸਬੇ ਝਬਾਲ ਵੱਲ ਨੂੰ ਕੋਈ ਬੱਸ ਨਹੀ ਜਾਂਦੀ ਸੀ। ਮੈਂ ਇੱਧਰ-ਉੱਧਰ ਵੇਖਿਆ, ਕਈ ਥ੍ਰੀਵੀਲਰ ਕਾਹਲੀ-ਕਾਹਲੀ ਗੇੜੀਆਂ ਲਾ ਰਹੇ ਸਨ, ਹਨੇਰੇ ਕਾਰਨ ਉਹ ਵੀ ਸਵਾਰੀਆਂ ਨੂੰ ਥਾਓਂ-ਥਾਈਂ ਪਹੁੰਚਾ ਘਰਾਂ ਨੂੰ ਪਰਤਣਾ ਚਾਹੁੰਦੇ ਸਨ ਪਰ ਮੇਰੇ ਪਿੰਡ ਨੂੰ ਜਾਣ ਦਾ ਪੁੱਛ ਕੇ ਸਭ ਪਰੇ ਭੱਜ ਜਾਂਦੇ ਸਨ। ਤਿੰਨ-ਚਾਰ ਮੇਰਾ ਪਿੰਡ ਸ਼ਹਿਰੋਂ ਦੂਰ ਹੋਣ ਕਾਰਨ ਪੁੱਛ ਕੇ ਮੁੜ ਗਏ। ਅਸਲ ਵਿੱਚ ਰਾਤ ਨੂੰ ਇਹ ਸ਼ਹਿਰ ਦੀਆਂ ਲੋਕਲ ਸਵਾਰੀਆਂ ਨੂੰ ਹੀ ਚੁੱਕ ਰਹੇ ਸਨ, ਹਨੇਰਾ ਹੋਣ ਕਾਰਨ ਸ਼ਹਿਰ ਤੋਂ ਬਾਹਰ ਨਹੀਂ ਜਾਂਦੇ ਸਨ। ਇਕ ਥ੍ਰੀਵੀਲਰ ਰੁਕਿਆ, ਮੈਂ ਪਿੰਡ ਦੱਸਿਆ ਤਾਂ ਉਹ ਵੀ ਅੱਗੋਂ ਝਬਾਲ ਕਸਬੇ ਨੂੰ ਜਾਣ ਵਾਲਾ ਹੀ ਨਿਕਲਿਆ ਇਹ ਉਸ ਅਲੂਏਂ ਜਿਹੇ ਮੁੰਡੇ ਦਾ ਆਖਰੀ ਫੇਰਾ ਸੀ, ਮੇਰਾ ਪਿੰਡ ਸ਼ਹਿਰ ਤੋਂ ਦਸ-ਗਿਆਰਾਂ ਕਿਲੋਮੀਟਰ ਦੂਰ ਤੇ ਝਬਾਲ ਤੋਂ ਸੱਤ –ਅੱਠ ਕਿਲੋਮੀਟਰ ਦੂਰ ਸੀ ਜਾਂ ਇੰਝ ਕਹਿ ਲਵੋ ਕਿ ਮੈਂ ਦੋਵਾਂ ਦੇ ਵਿਚਕਾਰ ਸੀ। ਥ੍ਰੀਵੀਲਰ ਵਾਲਾ ਝਬਾਲ ਤੱਕ ਦੇ ਰਸਤੇ ਦੇ ਪਿੰਡਾਂ ਦੀਆਂ ਸਵਾਰੀਆਂ ਨੂੰ ਉਡੀਕਣ ਵਾਸਤੇ ਰੁਕ ਗਿਆ। ਕੁਝ ਦੇਰ ਮੈਂ ਵੀ ਸਹਿਮਤੀ ਦੇ ਕੇ ਚੁੱਪ ਰਿਹਾ, ਫੇਰ ਮੈਂ ਕਿਹਾ, “ ਛੋਟੇ ਵੀਰ, ਏਦਾਂ ਕਰ ਹਨੇਰਾ ਬਹੁਤ ਹੋ ਰਿਹਾ ਹੈ, ਉਤੋਂ ਰਾਹ ਵੀ ਵੀਰਾਨ ਨੇ ਅੱਗੇ, ਤੂੰ ਮੈਨੂੰ ਸਾਲਮ ਹੀ ਲੈ ਚੱਲ, ਪੈਸੇ ਦੱਸ ਕਿੰਨੇ ਲਵੇਂਗਾ। “ ਓਸ ਜੁਆਬ ਦਿੱਤਾ ਬਾਊ ਜੀ, ਤੁਹਾਡੇ ਵਾਂਗ ਹੋਰ ਵੀ ਕਈ ਕੰਮ ਕਾਰ ਵਾਲੇ ਰਾਹ ਦੇ ਪਿੰਡਾਂ ਦੇ ਮਿਲ ਜਾਂਦੇ ਨੇ, ਬਸ ਦੋ-ਚਾਰ ਸਵਾਰੀਆਂ ਡੀਕ ਲਈਏ, ਫੇਰ ਚਲਦੇ ਆਂ, ਜੀ। “
ਫੇਰ ਪਤਾ ਨਹੀਂ ਉਸ ਦੇ ਮਨ ਵਿੱਚ ਕੀ ਆਇਆ ਉਹ ਥ੍ਰੀ ਵੀਲਰ ਵਾਲਾ ਚੱਲਣ ਲਈ ਤਿਆਰ ਹੋ ਗਿਆ।
“ ਠੀਕ ਐ, ਬਾਉ ਜੀ, ਤੁਸੀਂ ਮੈਨੂੰ ਸੱਠ ਰੁਪਈਏ ਦੇ ਦਿਓ, ਮੈਂ ਤੁਹਾਨੂੰ ਲੈ ਚੱਲਦਾ ਆਂ ਜੀ।”
“ ਸੱਠ ? ਓ ਕਾਕਾ ? ਏਹ ਕੀ ? ਇਹ ਤਾਂ ਬਹੁਤ ਜਿਆਦਾ ਨੇ, ਵੀਹ ਮੇਰੇ ਪਿੰਡ ਦਾ ਕਿਰਾਇਆ ਹੈ, ਤੂੰ ਵੱਡੀ ਗੱਲ ਤੀਹ ਨਹੀ ਚਾਲੀ ਲੈ ਲਾ, ਸੱਠ ਤਾਂ ਬੜੇ ਜਿਆਦਾ ਨੇ।”
ਫੇਰ ਉਹ ਸਫਾਈਆਂ ਦੇਣ ਲੱਗਾ, “ ਵੇਖੋ ਬਾਊ ਜੀ, ਜੇ ਝਬਾਲ ਜਾਂਵਾਂ, ਸਵਾਰੀਆਂ ਉਡੀਕ ਕੇ ਭਰਾਂ ਤਾਂ ਮੈਨੂੰ ਡੇਢ ਦੋ ਸੌ ਦੀ ਕਮਾਈ ਹੋ ਜਾਣੀ ਸੀ, ਤੁਸੀ ਸਾਲਮ ਸਵਾਰੀ ਓ, ਹੋਰ ਕਿਸੇ ਨੂੰ ਬਿਠਾ ਵੀ ਨਹੀ ਸਕਦਾ। ”
“ ਓ ਭਰਾਵਾ, ਚਾਲੀ ਦੇ ਤੈਨੂੰ ਪੰਜਾਹ ਮਿਲ ਜਾਣਗੇ, ਹੁਣ ਤੂੰ ਚੱਲਣ ਵਾਲਾ ਬਣ ” , ਮੈਂ ਕਿਹਾ।
ਉਹ ਮੰਨਦਾ ਹੋਇਆ ਇੱਕ ਹੋਰ ਬੇਨਤੀ ਮੰਨਵਾ ਬੈਠਾ, “ ਬਾਊਜੀ, ਜੇ ਤੁਸੀ ਗੁੱਸਾ ਨਾ ਕਰੋ ਤਾਂ ਮੈਂ ਰਸਤੇ ਵਿੱਚੋਂ ਮਿਲਣ ਵਾਲੀ ਕੋਈ ਸਵਾਰੀ ਵੀ ਬਿਠਾ ਲਵਾਂ। ”
ਮੈਨੂੰ ਤਰਸ ਵੀ ਆਇਆ ਤੇ ਗੁੱਸਾ ਵੀ, ਤਰਸ ਏਸ ਕਰਕੇ ਕਿ ਗਰੀਬ ਮੁੰਡਾ ਮੇਹਨਤਕਸ਼ ਹੈ ਚਲੋ ਕੋਈ ਨਾ ਹੋਰ ਸਵਾਰੀਆਂ ਬਿਠਾ ਕਮਾਈ ਕਰਲੂ ਪਰ ਗੁੱਸਾ ਏਸ ਕਰਕੇ ਕਿ ਮੇਰੇ ਕੋਲੋਂ ਪੈਸੇ ਵੀ ਵੱਧ ਲੈਣੇ ਮਿੱਥ ਲਏ ਤੇ ਸਾਲਮ ਹੋਣ ਦੇ ਬਾਵਜੂਦ ਹੋਰ ਸਵਾਰੀਆਂ ਬਿਠਾਉਣ ਦਾ ਵੀ ਲਾਲਚ ਜਗਾ ਲਿਆ ਸੀ। ਫੇਰ ਥ੍ਰੀਵਿਲਰ ਚੱਲ ਪਿਆ।
ਉਹ ਮੁੰਡਾ ਥ੍ਰੀਵੀਲਰ ਦੌੜਾਉਂਦਾ ਤੇਜ ਨਜਰਾਂ ਨਾਲ ਹਰ ਚੌਕ-ਚੁਰਾਹਾ ਚੈੱਕ ਕਰਦਾ ਖਲੋਤੀਆਂ ਸਵਾਰੀਆਂ ਨੂੰ ਕਾਹਲੀ-ਕਾਹਲੀ ਅਵਾਜ ਦੇ ਕੇ ਝਬਾਲ ਦਾ ਪੁੱਛ ਪੁੱਛ ਕੇ ਅੱਗੇ ਵਧਦਾ ਜਾ ਰਿਹਾ ਸੀ। ਸ਼ਹਿਰ ਦਾ ਆਖਰੀ ਚੌਕ ਖਜਾਨਾ ਗੇਟ ਪਹੁੰਚੇ। ਚੌਂਕ ਵਿੱਚ ਇੱਕ ਸਵਾਰੀ ਦਿਖੀ। ਹਨੇਰੇ ਵਿੱਚ ਕੋਈ ਲੰਬਾ ਜਿਹਾ ਬੰਦਾ ਦਿਖਿਆਂ, ਥ੍ਰੀਵਿਲਰ ਨੇੜੇ ਹੋਇਆ ਤਾਂ ਵੇਖਿਆ ਤੇ ਉਹ ਬੰਦਾ ਹੱਥ ਕੱਪੜਿਆਂ ਦੀ ਗੁੱਥਲੀ ਜਿਹੀ ਫੜੀ ਖੜਾ ਸੀ, ਉਸਦੇ ਸਿਰ ਪੁਰਾਣਾ ਮੈਲਾ ਕੁਚੈਲਾ, ਟੁੱਟਾ-ਭੱਜਾ ਪਰਨਾ ਸੀ ਜਿਸਦੇ ਬੇਤਰਤੀਬੇ ਵਲ ਮਾਰੇ ਸੀ, ਪੈਰੀ ਪੁਰਾਣੀ ਮਿੱਟੀ ਨਾਲ ਭਰੀ, ਮਿੱਧੀ-ਫਿੱਸੀ ਮੋਕਲੀ ਜਿਹੀ ਲੱਕੀ ਜੁੱਤੀ ਪਾਈ ਹੋਈ ਸੀ, ਦਾੜੀ ਉਸਦੀ ਬਿਨਾਂ ਵਾਹੀ ਸਵਾਰੀ ਖਿਲਰੀ-ਪੁਲਰੀ ਜਿਹੀ ਸੀ, ਲੋਈ ਦੀ ਬੁੱਕਲ ਵੀ ਪੁੱਠੇ ਦਾਅ ਦੀ ਮਾਰੀ ਹੋਈ ਸੀ, ਪੂਰਾ ਸ਼ਰਾਬੀ-ਕਬਾਬੀ ਲੱਗ ਰਿਹਾ ਸੀ।
ਥ੍ਰੀਵੀਲਰ ਵਾਲਾ ਕਹਿੰਦਾ ਬਾਉ ਜੀ, ਇਸ ਨੇ ਕੁਝ ਨੀ ਦੇਣਾ, ਸ਼ਰਾਬੀ ਲੱਗਦੈ। ਆਪਾ ਚੱਲੀਏ, ਮੈਂ ਕਿਹਾ, “ ਨਹੀ, ਪੁੱਛ ਲਾ ਕੋਈ ਮੁਸ਼ਕਿਲ ਦਾ ਮਾਰਿਆ ਲੋੜਵੰਦ ਵੀ ਹੋ ਸਕਦੈ।“
ਪੁੱਛਣ ਤੇ ਪਤਾ ਲੱਗਾ ਕਿ ਉਹ ਹਸਪਤਾਲ ਤੋਂ ਆਇਆ ਸੀ ਤੇ ਹੁਣ ਪਿੰਡ ਨੂੰ ਜਾ ਰਿਹਾ ਸੀ, ਉਸਦਾ ਪਿੰਡ ਮੇਰੇ ਤੋਂ ਦੋ ਪਿੰਡ ਪਹਿਲਾਂ ਪੈਂਦਾ ਸੀ।
ਮੁੰਡੇ ਨੇ ਥ੍ਰੀਵੀਲਰ ਤੋਰ ਲਿਆ ਅਸੀ ਤਿੰਨੋ ਸ਼ਹਿਰੋਂ ਬਾਹਰ ਆ ਗਏ, ਉਸ ਥ੍ਰੀਵੀਲਰ ਵਾਲੇ ਮੁੰਡੇ ਨੇ ਗੱਲਬਾਤ ਦਾ ਦੌਰ ਸ਼ੁਰੂ ਕੀਤਾ। ਮੈਂ ਮਨ ਨਾ ਹੁੰਦਿਆਂ ਵੀ ਹੰਗਾਰਾ ਦੇਣਾ ਸ਼ੁਰੂ ਕੀਤਾ ਕਿ ਚਲੋ ਗੱਲਬਾਤ ਨਾਲ ਹਨੇਰੇ ਦੇ ਦੌਰ ਤੇ ਰਸਤੇ ਦੀ ਵਿਰਾਨਗੀ ਦਾ ਸਫਰ ਛੇਤੀ ਗੁਜਰ ਜਾਵੇਗਾ। ਇਹ ਗੱਲਾਂ ਮੇਰੀ ਨੌਕਰੀ, ਅਜੋਕੇ ਹਾਲਾਤਾਂ, ਉਸਦੇ ਕੰਮ ਕਾਰ ਤੇ ਹੋਰ ਕਈ ਵਿਸ਼ਿਆਂ ਦੀਆਂ ਗੱਲਾਂ ਸਨ, ਪਰ ਸਾਡੀ ਗੱਲਬਾਤ ਦਾ ਉਸ ਬੰਦੇ ਤੇ ਕੋਈ ਅਸਰ ਨਹੀ ਹੋ ਰਿਹਾ ਸੀ। ਉਹ ਸ਼ਾਂਤ ਚਿੱਤ, ਕਿਸੇ ਗਹਿਰੀ ਸੋਚ ਚ ਡੁੱਬਾ ਗੁੰਮ-ਸੁੰਮ ਬੈਠਾ ਸੀ, ਜਿਵੇ ਕੋਈ ਸਾਧੂ ਮੌਨ ਸਾਧਨਾ ਵਿੱਚ ਮਸਤ ਹੋਵੇ।
ਫੇਰ ਮੁੰਡੇ ਨੇ ਮੇਲੇ ਦੀ ਗੱਲ ਸ਼ੁਰੂ ਕਰ ਲਈ, “ ਬਾਉ ਜੀ, ਸੱਚ.. ਕੱਲ ਤੋਂ ਤਾਂ ਬੀੜ ਬਾਬਾ ਬੁੱਢਾ ਸਾਹਿਬ ਜੀ ਦਾ ਮੇਲੇ ਵੀ ਸ਼ੁਰੂ ਹੋਣਾ ਹੈ, ਤੁਹਾਨੂੰ ਤਾਂ ਸਰਕਾਰੀ ਛੁੱਟੀ ਹੋਵੇਗੀ ।“ ਮੈਂ ਹਾਂ ਵਿੱਚ ਜੁਆਬ ਦੇ ਕੇ ਚੁੱਪ ਕਰ ਗਿਆ।
ਫੇਰ ਅਚਾਨਕ ਮੈਂ ਨੋਟ ਕੀਤਾ, ਉਸ ਆਦਮੀ ਦੀਆਂ ਵਿੱਚੋਂ ਹੰਝੂਆਂ ਦੀਆਂ ਘਰਮਾਲਾਂ ਬੇਰੋਕ ਸ਼ੁਰੂ ਹੋ ਗਈਆਂ, ਉਸ ਆਪਣੇ ਵੱਡੇ-ਵੱਡੇ ਹੱਥਾਂ ਨਾਲ ਅੱਖਾਂ ਪੂੰਝੀਆਂ, ਲੋਈ ਨਾ ਗੱਲਾਂ ਵੀ ਪੂੰਝੀਆਂ ਪਰ ਹੰਝੂ ਵਹਿਣੋਂ ਨਾ ਰੁਕੇ, ਉਸ ਦੀਆਂ ਗਲੇਡੂ ਭਰੀਆਂ ਅੱਖਾਂ ਵਿਚਲੀ ਪੀੜ ਤੇ ਦੁੱਖ ਦਾ ਸਾਗਰ ਸਾਫ ਦਿਖ ਰਿਹਾ ਸੀ। ਥ੍ਰੀਵੀਲਰ ਵਾਲਾ ਮੁੰਡਾ ਵੀ ਸਿਰ ਉਪਰਲੇ ਸਾਹਮਣੇ ਸ਼ੀਸੇ ਵਿਚੋਂ ਇਹ ਸਭ ਦੇਖ ਰਿਹਾ ਸੀ ਤੇ ਮੈਂ ਵੀ। ਪਰ ਪੁੱਛ ਕੋਈ ਨਾ ਰਿਹਾ ਸੀ।
ਏਨੇ ਨੂੰ ਉਸਦਾ ਪਿੰਡ ਆ ਗਿਆ, ਓਹ ਡੁੱਸਕਦੀ ਅਵਾਜ ਚ ਬੋਲਿਆ, “ ਛੋਟੇ ਵਵ..ਵੀਰ, ਮੈਨੂੰ ਏਸੇ ਪਿੰਡ ਲਾਹ ਦੇ। ”
ਮੈਂ ਹਿੰਮਤ ਕੀਤੀ, “ ਬਾਈ ਜੀ, ਕੀ ਗੱਲ ਹੈ, ਰੋ ਕਿਉਂ ਰਹੇ ਹੋ”, “ ਮੇਰਾ ਪੁੱਤ,,,ਮੇਰਾ ਪੁੱਤ ??” ਉਹ ਭੁੱਬੀ ਮਾਰ ਰੋ ਪਿਆ। ਮੈਂ ਉਸਦਾ ਮੋਢਾ ਘੁੱਟਦੇ ਹਿੰਮਤ ਦਿੱਤੀ, “ ਤੁਸੀ ਗੱਲ ਦੱਸੋ, ਬਾਈ ਕੀ ਹੋਇਆ ਤੁਹਾਡੇ ਪੁੱਤ ਨੂੰ ? “
ਥ੍ਰੀਵੀਲਰ ਤੋਂ ਉਤਰਦਿਆਂ ਹੀ ਉਸ ਇਕੇ ਸਾਹੀ ਸਭ ਰੋਂਦਿਆਂ ਦੱਸਿਆ, “ ਮੇਰਾ ਛੋਟਾ ਜਿਹਾ ਇੱਕੋ-ਇੱਕ ਪੁੱਤ ਵਾ, ਉਹ ਸ਼ਹਿਰ, ਸਰਕਾਰੀ ਹਸਪਤਾਲ ਦਾਖਲ ਆ, ਮੇਰੇ ਪੁੱਤ ਕੱਲ ਦਾ ਨੀਮ ਬੇਹੋਸ਼ੀ ਵਿੱਚ ਹੈ, ਡਕਟਰ ਕਹਿੰਦੈ ਟੈਸਟਾਂ ਵਿੱਚ ਇੰਨਫੈਕਸ਼ਨ ਬਹੁਤ ਆਈ ਹੈ, ਕਹਿੰਦੇ ਰਿਪੋਰਟ ਖਤਰੇ ਵਾਲੀ ਹੈ, ਅਸੀ ਪੂਰੀ ਕੋਸ਼ਿਸ਼ ਕਰਾਂਗੇ ਤੁਸੀਂ ਵੀ ਅਰਦਾਸ ਕਰੋ ਰੱਬ ਅੱਗੇ,, ਨਾ ਸੁਧਾਰ ਹੋਇਆ ਤਾਂ ਚੰਡੀਗੜ ਭੇਜਣਾ ਪੈਣਾ। “ ਤੇ ਫੇਰ ਉਸਦਾ ਗੱਚ ਭਰ ਆਇਆ ਤੇ ਓਹ ਉਚੀ ਉਚੀ ਰੋਣ ਲੱਗ ਪਿਆ।
ਮੈਂ ਉਸਨੂੰ ਧਰਵਾਸ ਦਿੰਦਿਆਂ ਕਿਹਾ ਕਿ ਪਰਮਾਤਮਾ ਬੜਾ ਬਲਵਾਨ ਹੈ, ਤੁਸੀਂ ਚਿੰਤਾ ਨਾ ਕਰੋ, ਬਾਬਾ ਬੁੱਢਾ ਸਾਹਿਬ ਜੀ ਉਸ ਨੂੰ ਤੰਦਰੁਸਤੀ ਬਖਸ਼ਣਗੇ। ਥ੍ਰੀਵੀਲਰ ਵਾਲੇ ਨੇ ਵੀ ਬਾਹਰ ਨਿਕਲ ਕੇ ਉਸ ਨੂੰ ਗਲ ਵਿਚ ਲੈ ਕੇ ਹਿੰਮਤ ਦਿੱਤੀ ਮੈਂ ਵੀ ਉਸਦਾ ਮੋਢਾ ਘੁੱਟ ਕੇ ਹੌਸਲਾ ਦਿੱਤਾ।
ਉਸ ਬੰਦੇ ਨੇ ਕਿਰਾਏ ਵਜੋਂ ਦਸ ਰੁਪਏ ਦਾ ਨੋਟ ਅਗੇ ਵਧਾਇਆ ਪਰ ਥ੍ਰੀਵੀਲਰ ਵਾਲੇ ਮੁੰਡੇ ਨੇ ਕਿਹਾ, “ ਨਈਂ ਵੱਡੇ ਬਾਈ, ਤੁਸੀਂ ਦੁੱਖੀ ਵਿਚ ਹੋ, ਤੁਹਾਡਾ ਪੁੱਤ ਬਿਮਾਰ ਆ, ਇਨਸਾਨ ਹੀ ਇਨਸਾਨ ਦੇ ਕੰਮ ਆਉਂਦਾ ਹੈ, ਤੁਸੀ ਪੈਸੇ ਕੋਲ ਰੱਖੋ ਸਾਨੂੰ ਦੱਸੋ ਕੋਈ ਮੱਦਦ ਕਰੀਏ ਅਸੀਂ ਤੁਹਾਡੀ, ਮੈਂ ਕੱਲ ਬਾਬਾ ਬੁੱਢਾ ਸਾਹਿਬ ਜੀ ਦੇ ਮੇਲੇ ਤੇ ਜਾਣਾ ਹੈ, ਮੈਂ ਤੁਹਾਡੇ ਪੁੱਤ ਦੀ ਸੇਹਤਯਾਬੀ ਦੀ ਅਰਦਾਸ ਕਰਾਗਾਂ, ਉਹ ਜਲਦੀ ਹੋ ਠੀਕ ਹੋ ਜਾਵੇਗਾ, ਰੋਵੋ ਨਾ, ਤੁਸੀਂ ਹੌਸਲਾ ਰੱਖੋ, ਬਾਬਾ ਜੀ ਸਭ ਠੀਕ ਕਰਨਗੇ। ”
ਮੈਨੂੰ ਉਹ ਥ੍ਰੀਵੀਲਰ ਵਾਲਾ ਮੁੰਡੇ ਦੀ ਇਨਸਾਨੀਅਤ ਤੇ ਭਲੇ ਵਤੀਰੇ ਤੇ ਮਾਣ ਮਹਿਸੂਸ ਹੋਇਆ। ਮੈਨੂੰ ਲੱਗਾ ਜਿਵੇਂ ਕੁਦਰਤ ਨੇ ਸ਼ਾਇਦ ਸਾਨੂੰ ਦੋਹਾਂ ਨੂੰ ਅੱਜ ਉਸ ਦੁਖੀ ਇਨਸਾਨ ਦੀ ਮਦਦ ਕਰਨ ਲਈ ਹੀ ਮਿਲਾਇਆ ਹੈ, ਓਸ ਨਾਲ।
ਫੇਰ ਉਸ ਬੰਦੇ ਨੇ ਕਿਹਾ, “ ਛੋਟੇ ਵੀਰ, ਤੁਹਾਡਾ ਬਹੁਤ- ਬਹੁਤ ਧੰਨਵਾਦ, ਤੁਸੀਂ ਬੱਸ ਇਹ ਪੈਸੇ ਰੱਖ ਲਵੋਂ ਕਿਰਾਇਆ ਨਾ ਸਹੀ, ਪਰ ਮੇਰੇ ਪੁੱਤ ਵਲੋਂ ਗੁਰੂ ਮਹਾਰਾਜ ਦੇ ਮੱਥਾ ਟੇਕ ਦੇਣਾ ਤੇ ਅਰਦਾਸ ਕਰਨਾ ਕਿ ਉਹ ਜਲੀਦ ਤੰਦਰੁਸਤ ਹੋ ਜਾਵੇ।”
ਮੈਂ ਵੀ ਉਸ ਦੀ ਮਦਦ ਲਈ ਪਿਛਲੀ ਜੇਬ ਵਿੱਚੋਂ ਅਜੇ ਪਰਸ ਕੱਢਿਆ ਹੀ ਸੀ ਕਿ ਉਹ ਮਨਾ ਕਰਦਿਆਂ ਬੋਲਿਆ, “ ਬਾਊ ਜੀ, ਨਾ,ਨਾ ਇੰਝ ਨਾ ਕਰੋ, ਤੁਸੀ ਬਸ ਮੇਰੇ ਛੋਟੇ ਜਿਹੇ ਪੁੱਤ ਲਈ ਅਰਦਾਸ ਕਰਿਓ, ਤੁਹਾਡੀਆਂ ਦੁਆਵਾਂ ਚਾਹੀਦੀਆਂ ਨੇ, ਤੁਹਾਡੇ ਵਲੋਂ ਏਹੋ ਮੇਰੀ ਮਦਦ ਹੋਵੇਗੀ ਜੀ । ”
ਫੇਰ ਉਹ ਆਪਣੇ ਪਿੰਡ ਦੀ ਗਲੀ ਫੜ ਹਨੇਰੇ ਵਿੱਚ ਪਤਾ ਨਹੀਂ ਕਿਧਰੇ ਗੁੰਮ ਹੋ ਗਿਆ। ਥ੍ਰੀਵੀਲਰ ਵਾਲਾ ਮੁੰਡਾ ਤੇ ਮੈਂ ਕਿੰਨੀ ਦੇਰ ਉਸ ਬੰਦੇ ਦੇ ਦੁੱਖ ਬਾਰੇ ਸੋਚਦੇ, ਗੁੰਮ-ਸੁੰਮ ਰਹੇ। ਫੇਰ ਮੇਰਾ ਪਿੰਡ ਆ ਗਿਆ ਤੇ ਮੈਂ ਉਤਰ ਗਿਆ। ਮੁੰਡੇ ਨੇ ਮੈਨੂੰ ਫਤਹਿ ਬੁਲਾਈ ਤੇ ਪੈਸੇ ਲੈ ਅੱਗੇ ਚਲਾ ਗਿਆ।
ਘਰ ਪੁੱਜਣ ਤੇ ਅਮਨ (ਮੇਰੀ ਪਤਨੀ)ਨੇ ਬੂਹਾ ਖੋਲਿਆ, “ ਆ ਗਏ ਤੁਸੀਂ, ਕੀ ਗੱਲ ਤੁਸੀਂ ਬੜੇ ਉਦਾਸ ਹੋ ? ਚੰਡੀਗੜ ਵਾਲਾ ਕੰਮ ਨਿਬੜਿਆ ਜਾਂ ਨਹੀਂ, ਥੱਕੇ ਤਾਂ ਨੀ ਜਿਆਦਾ। ”
“ ਨਹੀ, ਨਹੀ, ਬਸ ਉਦਾਸ ਹਾਂ ਜਿੰਦਗੀ ਦੇ ਬੜੇ ਰੰਗ ਨੇ. ਮਾੜੇ ਵੀ ਤੇ ਚੰਗੇ ਵੀ, ਬੰਦੇ ਦੀ ਜਿੰਦਗੀ ਵਿੱਚ ਸੁੱਖ ਦੇ ਦਿਨ ਵੀ ਆਉਂਦੇ ਰਹਿੰਦੇ ਨੇ ਤੇ ਦੁੱਖ ਦੇ ਵੀ। ”
“ ਬੁਝਾਰਤਾਂ ਨਾ ਪਾਓ, ਆ ਲਓ ਪਾਣੀ ਪੀਓ ਤੇ ਹੁਣ ਦੱਸੋ ਕਿ ਹੋਇਆ ? ”
ਸੋਫੇ ਤੇ ਬੈਠਦਿਆਂ ਲੰਮਾ ਸਾਹ ਲਿਆ ਤੇ ਦੱਸਿਆ, “ ਇੱਕ ਬੰਦਾ ਮਿਲਿਆ ਸੀ ਬੜਾ ਗਰੀਬ, ਦੁਖੀ ਤੇ ਪੀੜਾਂ ਨਾਲ ਵਿੰਨਿਆ ਹੋਇਆ, ਉਸਦਾ ਇਕਲੌਤਾ ਛੋਟਾ ਜਿਆ ਪੁੱਤਰ ਹਸਪਤਾਲ ਚ ਇੰਨਫੈਕਸ਼ਨ ਨਾਲ ਜੂਝ ਰਿਹਾ ਹੈ, ਓਹ ਵਿਚਾਰਾ ਬੜਾ ਰੋ ਰਿਹਾ ਸੀ, ਮੇਰੀਆਂ ਅੱਖਾਂ ਸਾਹਵੇਂ ਆਪਣੇ ਅੰਬਰ ਦਾ ਚੇਹਰਾ ਆ ਗਿਆ ਸੀ, ਬੜਾ ਮਨ ਦੁਖੀ ਹੋਇਆ ਮੇਰਾ, ਦਿਲ ਕਰਦਾ ਉਸਦੀ ਕੋਈ ਮਦਦ ਕਰਾਂ। ”
ਅਮਨ ਬੋਲੀ, “ ਜਰੂਰ ਜੀ, ਜਰੂਰ ਕਰਨੀ ਚਾਹੀਦੀ ਹੈ ਮਦਦ, ਗਰੀਬ-ਗੁਰਬੇ ਦੇ, ਔਲਾਦ ਤਾਂ ਸਭ ਨੂੰ ਪਿਆਰੀ ਹੁੰਦੀ ਹੈ ਤੇ ਬੱਚੇ ਰੱਬ ਦਾ ਰੂਪ ਹੁੰਦੇ ਨੇ, ਆਪਣੇ ਅੰਬਰ ਨੂੰ ਜੁਕਾਮ ਵੀ ਲੱਗ ਜਾਵੇ ਤਾਂ ਤੁਸੀਂ ਪਰੇਸ਼ਾਨ ਹੋ ਜਾਂਨੈ ਹੋ, ਸੋਚੋ ਉਸ ਗਰੀਬ ਤੇ ਕੀ ਬੀਤਦੀ ਹੋਊ, ਨਾਲੇ ਇਨਸਾਨ ਹੀ ਇਨਸਾਨ ਦੀ ਮਦਦ ਕਰਦਾ ਹੈ, ਗਰੀਬਾਂ ਦੀ ਦੁਆਵਾਂ ਤੇ ਅਸੀਸਾਂ ਧੁਰ ਦਰਗਾਹੇ ਸੁਣੀਆਂ ਜਾਂਦੀਆਂ ਨਾ, ਤੁਸੀਂ ਜਰੂਰ ਮਦਦ ਕਰੋ ਉਸ ਗਰੀਬ ਦੀ, ਨਾਲੇ ਕੱਲ ਤੁਹਾਨੂੰ ਛੁੱਟੀ ਹੀ ਤਾਂ ਹੈ, ਤੁਸੀਂ ਫਰੀ ਵੀ ਹੋ। ”
ਪਰ ਮੈਂ ਉਨੂੰ ਲੱਭਾਂਗਾ ਕਿਵੇ ? ਅਮਨ ਬੋਲੀ, “ ਤੁਸੀ ਹਸਪਤਾਲ ਪਹੁੰਚੋ ਤੇ ਜਿਸ ਪਿੰਡ ਉਹ ਉਤਰਿਆ ਸੀ ਉਸ ਪਿੰਡ ਦਾ ਨਾਮ ਦੱਸ ਕੇ ਮਰੀਜ ਬਾਰੇ ਰਿਸ਼ੈਪਸ਼ਨ ਤੋ ਪੁੱਛੋ, ਫੇਰ ਬੱਚਿਆਂ ਵਾਲੇ ਵਾਰਡ ਵਿੱਚ ਚੈੱਕ ਕਰੋ, ਸਮਝੋ ਮੁਸ਼ਕਲ ਹੱਲ। ਅਮਨ ਦਾ ਤਰੀਕਾ ਮੈਨੂੰ ਸਹੀ ਲੱਗਾ।
ਮੈਂ ਸਵੇਰੇ ਨਹਾ ਕੇ ਤਿਆਰ ਹੋ ਗਿਆ ਪਹਿਲਾਂ ਬਾਬਾ ਬੁੱਢਾ ਸਾਹਿਬ ਜੀ ਗੁਰਦੁਆਰੇ ਸਾਹਿਬ ਵਿਖੇ ਮੱਥਾ ਟੇਕਿਆ, ਉਸ ਗਰੀਬ ਬੰਦੇ ਦੇ ਪੁੱਤ ਦੀ ਤੰਦਰੁਸਤੀ ਲਈ ਅਰਦਾਸ ਬੰਦਨਾ ਕੀਤੀ ਤੇ ਫਿਰ ਤਿਆਰ ਹੋ ਕਾਰ ਲੈ ਸ਼ਹਿਰ ਨੂੰ ਤੁਰ ਪਿਆ। ਸ਼ਹਿਰੋਂ ਬੱਚੇ ਲਈ ਫਲ ਲਏ ਤੇ ਹਸਪਤਾਲ ਪਹੁੰਚ ਮੈਂ ਰਿਸੈਪਸ਼ਨ ਤੋਂ ਪਿੰਡ ਦਾ ਨਾਮ ਤੇ ਬੱਚੇ ਦੇ ਮਰੀਜ ਦੇ ਦਾਖਲ ਹੋਣ ਬਾਰੇ ਅਜੇ ਪੁੱਛ-ਗਿੱਛ ਕਰ ਹੀ ਰਿਹਾ ਸੀ ਕਿ ਉਹੀ ਬੰਦਾ ਨੇੜਲੇ ਬੱਚਾ ਵਾਰਡ ਵਿੱਚੋਂ ਬਾਹਰ ਨੂੰ ਰਿਹਾ ਸੀ। ਮੈਂ ਉਸ ਨੂੰ ਵੇਖਦੇ ਹੀ ਪਛਾਣ ਲਿਆ ਕਿਉਕਿ ਉਸ ਨੇ ਕੱਲ ਵਾਲੇ ਹੀ ਕਪੜੇ ਪਾਏ ਹੋਏ ਸਨ। ਮੈਨੂੰ ਵੇਖ ਉਸ ਭਲੇਮਾਣਸ ਦੇ ਚੇਹਰੇ ਤੇ ਹੈਰਾਨੀ ਤੇ ਖੁਸ਼ੀ ਜਿਹੇ ਭਾਵਾਂ ਨਾਲ ਭਰੀ ਇਕ ਚਮਕ ਜਿਹੀ ਉਮੜ ਆਈ। ਸ਼ਾਇਦ ਉਸ ਨੇ ਸੋਚਿਆ ਵੀ ਨਹੀ ਹੋਣਾ ਕਿ ਮੈਂ ਆਵਾਂਗਾ। ਮੈਂ ਫਤਿਹ ਦੀ ਸ਼ਾਂਝ ਪਾਈ ਤੇ ਉਸ ਨਾਲ ਮਰੀਜ ਵਾਲੇ ਕਮਰੇ ਵਿੱਚ ਆ ਗਿਆ। ਉਸਦੀ ਪਤਨੀ ਨੇ ਫਤਿਹ ਬੁਲਾਈ ਜੋ ਬੈੱਡ ਤੇ ਛੇ-ਸੱਤ ਸਾਲ ਦੇ ਮਾੜੂਏ ਜਿਹੇ ਲੜਕੇ ਨੂੰ ਗੋਦ ਵਿੱਚ ਸੁਆਂ ਰਹੀ ਸੀ। ਬੱਚਾ ਹੋਸ਼ ਵਿੱਚ ਲੱਗ ਰਿਹਾ ਸੀ ਪਰ ਸੁਸਤ ਜਿਹਾ ਸੀ।
ਉਸ ਨੇ ਬੱਚੇ ਬਾਰੇ ਦੱਸਿਆ, “ ਬਾਊ ਜੀ, ਏਹ ਮੇਰਾ ਪੁੱਤ ਸਤਨਾਮ ਆ ਜੀ, ਤੁਹਾਡੇ ਪੈਰਾ ਪਿੱਛੇ ਹੀ ਮਾਲਕ ਦੀ ਕਿਰਪਾ ਹੋਈ ਹੈ ਕੱਲ ਦਾ ਹੋਸ਼ ਵਿਚ ਹੈ, ਹੱਸਦਾ ਹੈ, ਗੱਲਾਂ ਕਰਦਾ ਹੈ, ਪਰ ਪਹਿਲਾਂ ਬੜੀ ਮੰਦੀ ਹਾਲਤ ਸੀ ਏਦੀ ਜੀ, ਡਾਕਟਰ ਕਹਿੰਦਾ ਕੱਲ ਰਾਤ ਦੇ ਟੈਸਟ ਵਿੱਚ ਇੰਨਫੈਕਸ਼ਨ ਘੱਟ ਆਈ ਹੈ, ਅੱਜ ਫੇਰ ਟੈਸਟ ਹੋਣੇ ਨੇ, ਬਾਊ ਜੀ ਤੁਸੀਂ ਬੈਠੋ, ਮੈਂ ਹੁਣੇ ਤੁਹਾਡੇ ਲਈ ਚਾਹ ਲੈ ਕੇ ਆਉਣੈ, ਤੁਸੀਂ ਆਏ ਮੈਨੂੰ ਬੜੀ ਖੁਸ਼ੀ ਹੋਈ।” ਉਸਦਾ ਬਾਊ ਜੀ ਕਹਿਣਾ ਮੈਨੂੰ ਬੜਾ ਵਧੀਆ ਲੱਗਦਾ ਸੀ, ਸ਼ਾਇਦ ਮੇਰੀ ਡਰੈੱਸ, ਸੂਟ-ਬੂਟ ਤੇ ਦਿੱਖ ਨੇ ਉਸ ਨੂੰ ਮੇਰੀ ਚੰਗੀ ਪਹਿਚਾਣ ਕਰਾ ਦਿੱਤੀ ਹੋਵੇਗੀ।
ਮੈਂ ਫਲਾਂ ਵਾਲਾ ਲਿਫਾਫਾ ਦੇ ਕੇ ਚਾਹ ਤੋਂ ਰੋਕਦਿਆਂ ਕਿਹਾ, “ ਨਹੀ, ਨਹੀ, ਚਾਹ ਦੀ ਕੋਈ ਜਰੂਰਤ ਨਹੀ ਜੀ, ਮੈਂ ਘਰ ਤੋਂ ਚਾਹ-ਪ੍ਰਸ਼ਾਦੇ ਸ਼ਕ ਕੇ ਤੁਰਿਆ ਸੀ। ਬਾਕੀ, ਬੱਚਾ ਠੀਕ ਹੋ ਰਿਹਾ ਹੈ, ਬਸ ਏਹੀ ਸਭ ਤੋਂ ਖੁਸ਼ੀ ਦੀ ਗੱਲ ਹੈ, ਮੈ ਬੈਂਚ ਤੇ ਪਈ ਰਿਪੋਰਟ ਤੇ ਝਾਤ ਮਾਰੀ ਟੈਸਟ ਰਿਪੋਰਟ ਵਾਕਿਆ ਹੀ ਗੰਭੀਰਤਾ ਵਾਲੀ ਸੀ ਪਰ ਬੱਚੇ ਵਿਚ ਸੁਧਾਰ ਵੀ ਨਜਰ ਆ ਰਿਹਾ ਸੀ, ਚਲੋ ਅੱਗੇ ਹੋਣ ਵਾਲੇ ਟੈਸਟਾਂ ਵਿੱਚ ਹੋਰ ਸੁਧਾਰ ਆ ਜਾਵੇਗਾ। ”
“ ਤੁਸੀਂ ਕੀ ਕੰਮ ਕਰਦੇ ਹੋਂ ?” ਫੇਰ ਮੈਂ ਸੁਆਲ ਕੀਤਾ।
ਉਹ ਬੋਲਿਆ, “ ਬਾਊ ਜੀ,ਗਰੀਬ ਬੰਦੇ ਆਂ ਜੀ, ਲੱਕੜਾਂ ਵਾਲਿਆਂ ਨਾਲ ਦਿਹਾੜੀ ਜਾਨਾਂ ਆਂ ਜੀ, ਜੇ ਲੱਗ ਗਈ ਤਾਂ ਠੀਕ ਨਹੀ ਤਾਂ ਮਿਸਤਰੀਂਆਂ ਮਗਰ ਚਲੇ ਜਾਈਦੈ, ਇਕ ਡੰਗਰ ਹੈ ਪੱਥਾ-ਡੱਥਾ ਪਾ ਕੇ ਗੁਜਾਰਾ ਕਰ ਲਈਦਾ ਹੈ। ”
“ਏਥੇ ਕਿੰਨੇ ਦਿਨ ਹੋ ਗਏ ਨੇ ? ”
“ਹਫਤਾ ਕੁ ਹੋ ਗਿਆ ਹੈ, ਏਹ ਆਪਣੀ ਮਾਂ ਬਿਨਾਂ ਨੀ ਰਹਿਦਾ, ਜਦੋਂ ਕਦੇ ਲੋੜ ਪੈਂਦੀ ਆ, ਮੈਂ ਘਰੋਂ ਜਰੂਰਤ ਦੀਆਂ ਚੀਜਾਂ ਲੈ ਆਉਣੈ ਜਾ ਕੇ, ਪੁੱਤ ਦੀ ਬਿਮਾਰੀ ਨੇ ਕੰਮ ਵੀ ਛੁਡਾ ਦਿੱਤਾ, ਜਾਊਗਾਂ ਵੀ ਤਾਂ ਕੰਮ ਚ ਮਨ ਕਿੱਥੇ ਲੱਗਣੈ। ”
ਉਸਦਾ ਮੇਰੇ ਨਾਲ ਬੜੀਆਂ ਗੱਲਾਂ ਸਾਂਝੀਆਂ ਕਰਨ ਨੂੰ ਬੜਾ ਜੀ ਕਰ ਰਿਹਾ ਸੀ, ਮੈਂ ਇਕ ਗੱਲ ਪੁਛਦਾ ਸੀ, ਉਹ ਕਿੰਨੀਆਂ ਦੁੱਖ-ਸੁੱਖ ਦੀਆਂ ਸਾਂਝੀਆ ਕਰੀ ਜਾਂਦਾ ਸੀ। ਮੇਰੇ ਹੋਰ ਗੱਲ ਪੁੱਛਣ ਤੋਂ ਪਹਿਲਾਂ ਉਹ ਆਪ ਹੀ ਦੱਸਣ ਲੱਗ ਜਾਂਦਾ, ਅੱਜ ਉਸਨੂੰ ਸਾਰਾ ਦੁੱਖ ਵੀ ਸਾਂਝਾ ਕਰਨ ਲਈ ਕੋਈ ਜਾਣਨ ਵਾਲਾ ਮਿਲਿਆ ਸੀ, ਆਪਣੇ ਮਨ ਦਾ ਬੋਝ ਹਲਕਾ ਕਰਨ ਵਾਲਾ, ਸ਼ਾਇਦ।
“ ਕੋਈ ਭੈਣ-ਭਾਈ, ਸਾਕ ਸਬੰਧੀ ?? ”
“ ਨਈਂ ਬਾਊ ਜੀ, ਕੋਈ ਨੀਂ, ਜੇ ਹੁੰਦੈ ਤਾਂ ਵੀ ਕਿਸੇ ਕਿਹੜਾ......??। ”
ਹੁਣ ਉਸਦੀ ਅਵਾਜ ਜਰਾ ਕੁ ਬੈਠਵੀਂ ਤੇ ਗੰਭੀਰ ਜਿਹੀ ਹੋ ਗਈ।
“ ਬਾਊ ਜੀ, ਜਦੋਂ ਅਸੀਂ ਏਨੂੰ ਨੂੰ ਲੈ ਕੇ ਹਸਪਤਾਲ ਆਏ ਸੀ, ਮਨ ਬੜਾ ਦੁਖੀ ਤੇ ਪਰੇਸ਼ਾਨ ਸੀ, ਸਮਝ ਨਾ ਆਵੇ ਕੀ ਕਰਾਂ ਕਿੱਧਰ ਜਾਵਾਂ, ਪਿੰਡ ਦਾ ਡਕਟਰ ਕੈਂਦਾ, ਬੱਚੇ ਨੂੰ ਹੁਣੇ ਹਸਪਤਾਲ ਲੈਜੋ-ਜਿਆਦਾ ਢਿੱਲਾ ਹੋ ਰਿਹੈ, ਜੇਬ ਵਿੱਚ ਕੋਈ ਪੈਸਾ ਨਈ ਸੀ, ਮੇਰੇ ਨਾਲਦਿਆਂ ਨੇ ਕਿਸੇ ਨੇ ਪੰਜਾਹ, ਕਿਸੇ ਨੇ ਸੌ ਰੁਪਏ, ਜੋ ਸਰਿਆ ਬਣਿਆ, ਮੇਰੇ ਹੱਥ ਤੇ ਲਿਆ ਧਰੇ, ਠੇਕੇਦਾਰ ਨੂੰ ਪਤਾ ਲੱਗਾ ਉਸਨੇ ਵੀ ਦੌ ਸੌ ਰੁਪਹੈ ਘੱਲੇ, ਰੱਬ ਸਭ ਦੀ ਭਲੀਂ ਕਰੇ, ਜਿਊਂਦੇ ਵਸਦੇ ਰਹਿਣ ਸਾਰੇ, ਰੱਬ ਜਿਆਦਾ ਦਵੈ ਸ਼ਬ ਨੂੰ (ਉਪਰ ਰੱਬ ਵੱਲ ਕੇ ਹੱਥ ਜੋੜ ਸ਼ੁਕਰ ਗੁਜਾਰ ਕਰਦਾ ਹੈ)। ”
ਸਾਫ ਦਿਖਣ ਲੱਗਾ, ਹੁਣ ਉਸਦੀਆਂ ਅੱਖਾਂ ਵਿੱਚ ਗਲੇਡੂ ਭਰ ਆਏ ਸਨ। ਮੈਂ ਉਸਦਾ ਮੋਢਾ ਘੁੱਟ, ਹੌਂਸਲਾ ਦਿੱਤਾ, ਫਿਕਰ ਨਾ ਕਰੋ, ਹੁਣ ਪਰਮਾਤਮਾ ਨੇ ਸਭ ਠੀਕ ਕਰ ਦੇਣੈ।
ਉਸਦੇ ਚੇਹਰੇ ਤੇ ਅੱਜ ਇੱਕ ਅਲੱਗ ਹੀ ਬੇਫਿਕਰੀ ਦੇ ਭਾਵ ਸਨ। ਜਾਂ ਤਾਂ ਇਹ ਮੇਰੇ ਆਉਣ ਕਰਕੇ ਸੀ ਕਿ ਕੋਈ ਉਸ ਗਰੀਬ ਦਾ ਪਤਾ ਲੈਣ ਆਇਆ ਸੀ, ਉਸਨੂੰ ਮੇਰੇ ਨਾਲ ਬੜਾ ਅਪਣਾਪਣ ਜਿਹਾ ਮਹਿਸੂਸ ਹੋ ਰਿਹਾ ਸੀ ਜਿਵੇਂ ਕੋਈ ਉਸਦਾ ਆਪਣਾ ਵੀ ਸੀ ਇਸ ਸਮਾਜ ਵਿੱਚ, ਇਸ ਔਖੀ ਘੜੀ ਵਿੱਚ।
ਉਹ ਅਨਪੜ, ਭਲਾਮਾਣਸ ਬੰਦਾ ਸਾਦਾ ਰਹਿਣੀ ਵਾਲਾ ਦਿਹਾੜੀਦਾਰ, ਮਜਦੂਰ ਬੰਦਾ ਸੀ। ਉਹ ਵਿੱਚ ਅੰਤਾਂ ਦੀ ਨਿਮਰਤਾ ਸੀ ਤੇ ਹਰ ਗੱਲ ਹੱਥ ਜੋੜ-ਜੋੜ ਕਰਦਾ ਸੀ। ਮੈਂ ਵੇਖ ਰਿਹਾ ਸੀ, ਉਸਦੇ ਸਿਰ ਦੇ ਪਰਨੇ ਦੇ ਵਿੰਗੇ-ਟੇਢੇ ਵੱਲ ਵੀ ਉਸਦੀ ਜਿੰਦਗੀ ਵਿੱਚ ਪਈਆਂ ਤੰਗੀਆਂ, ਫਿਕਰਾਂ ਜਿਹੇ ਲੱਗ ਰਹੇ ਸਨ, ਜੋ ਉਸਦੇ ਵਾਰ-ਵਾਰ ਸਿੱਧੇ ਕਰਨ ਤੇ ਵੀ ਸਿੱਧੇ ਨਹੀ ਹੋ ਰਹੇ ਸਨ ਸ਼ਾਇਦ ਇਹ ਵੀ ਉਸਦੇ ਬੇਪਰਵਾਹੀ, ਹਿੰਮਤ, ਨਿਮਰਤਾ ਤੇ ਰੂਹੀ ਰੱਜ ਜਿਹੇ ਗੁਣਾਂ ਮੂਹਰੇ ਰੋਜ ਹੀ ਹਾਰਦੇ ਹੋਣ । ਪਰ ਔਲਾਦ ਦੇ ਦੁੱਖ ਨੇ ਉਸਨੂੰ ਬੇਵੱਸ ਵੀ ਬੜਾ ਕਰ ਛੱਡਿਆ ਸੀ।
ਉਹ ਮੇਰੇ ਨਾਲੋਂ ਕੋਈ ਚਾਰ-ਪੁੰਜ ਕੁ ਸਾਲ ਵੱਡਾ ਹੀ ਸੀ, ਕੱਦ ਕਾਠੀ ਵੀ ਮੇਰੇ ਨਾਲੋਂ ਉੱਚੀ ਸੀ ਪਰ ਮਜਦੂਰੀ, ਫਿਕਰਾਂ ਤੇ ਗੁਰਬਤ ਦੇ ਬੋਝ ਨੇ ਉਸਨੂੰ ਕਮਜੋਰ ਤੇ ਕੁੱਬਾ ਕਰਨਾ ਸ਼ੁਰੂ ਕਰ ਦਿੱਤਾ ਸੀ ਉੱਤੋਂ ਧੋਲਿਆਂ ਨੇ ਵੀ ਸਮੇਂ ਤੋਂ ਪਹਿਲਾਂ ਦਸਤਕ ਦੇਣੀ ਸ਼ੁਰੂ ਕਰ ਦਿੱਤੀ ਸੀ ਜੋ ਉਸਦੀ ਕਦੇ ਨਾ ਸਵਾਰੀ-ਵਾਹੀ ਕਰੜੀ-ਬਰੜੀ ਦਾਹੜੀ ਵਿੱਚੋਂ ਸਾਫ ਝਲਕ ਰਹੀ ਸੀ।
ਕਿੰਨੀ ਹੀ ਦੇਰ ਅਸੀ ਗੱਲਾਂ ਕਰਦੇ ਰਹੇ ਕਿ ਪਤਾ ਹੀ ਨਾ ਲੱਗਾ ਕਿ ਸਮਾਂ ਕਿੰਨੀ ਛੇਤੀ ਵੱਡੀਆਂ ਲਾਂਘਾਂ ਪੁੱਟ ਗਿਆ, ਫੇਰ ਮੈਂ ਉੱਠਿਆ ਤੇ ਉਹ ਵੀ ਮੇਰੇ ਨਾਲ ਹੀ ਗੱਲਾਂ ਕਰਦਾ ਕਮਰੇ ਤੋਂ ਬਾਹਰ ਆ ਗਿਆ।
ਹੁਣ ਮੈਂ ਵਿਦਾ ਲੈਣ ਤੋਂ ਪਹਿਲਾਂ ਉਸਦੇ ਦੋਵੇਂ ਹੱਥਾਂ ਚ ਹਜਾਰ ਰੁਪਇਆ ਥਮਾ ਕੇ ਘੁੱਟਿਆ ਤਾਂ ਕਿ ਉਹ ਨਾਂਹ ਨਾ ਕਰ ਸਕੇ।
(ਇਕਦਮ ਹੈਰਾਨ ਹੋ ਕੇ) “ ਏਹ ਕੀ ਬਾਊ ਜੀ ?? ”.. “ ਨਾ, ਬਾਊ, ਜੀ ਨਾ “ ਮੇਰੇ ਨਾ ਛੱਡਣ ਕਰਕੇ, ਉਹ ਡੁਸਕਣ ਲੱਗਾ, ਉਸ ਬੜੀ ਨਾਂਹ ਕੀਤੀ, ਪੈਸੇ ਲੈਣ ਤੋਂ, ਫੇਰ ਉਸਨੇ ਮੇਰੇ ਘੁੱਟੇ ਹੋਏ ਹੱਥ ਆਪਣੇ ਮੱਥੇ ਨੂੰ ਜੋੜ ਲਏ ਤੇ ਇੰਨਕਾਰ ਦੀਆਂ ਮਿੰਨਤਾਂ-ਵਾਸਤੇ ਪਾਉਣ ਲੱਗਾ, ”ਨਾ ਬਾਊ ਜੀ, ਨਾ, ਏਦਾਂ ਨਾ ਕਰੋ, ਤੁਸੀਂ ਮੇਰੇ ਗਰੀਬ, ਮਾਤੜ ਬੰਦੇ ਦਾ ਪਤਾ ਲਿਆ, ਮੈਨੂੰ ਤਾਂ ਏਨੇ ਨਾਲ ਹੀ ਅੰਤਾਂ ਦੀ ਖੁਸੀ, ਹੌਸਲਾ ਹੋਇਆ ਹੈ, ਕੋਈ ਮੇਰਾ ਵੀ ਹੈ, ਮੇਰਾ ਵੀ ਫਿਕਰ ਕਰਨ ਵਾਲਾ, ਮੇਰੀ ਮੁਸ਼ਕਿਲ ਚ ਮਦਦ ਕਰਨ ਵਾਲਾ, ਮੇਰੇ ਨਾਲ ਮੋਹ ਕਰਨ ਵਾਲਾ, ਬਾਊ ਜੀ, ਏਦਾਂ ਨਾ ਕਰੋ, ਮੇਰੇ ਸਿਰ ਭਾਰ ਚੜੂਗਾ, ਤੁਸੀਂ ਪੈਸੇ ਨਾ ਦਿਓ, ਏਨੇ ਪੈਸੇ ਮੈਂ ਕਿਵੇਂ ਮੋੜੂਗਾ, ਮੈਂ..ਮੈਂ.. ਥੋਡਾ ਹਸਾਨ ਕਿਵੇ ਲਾਊਗਾਂ ਜੀ।” ।ਪਰ ਮੈਂ ਬਧੋ-ਬਦੀ ਉਸ ਦੇ ਦੋਨਾਂ ਹੱਥਾਂ ਵਿੱਚ ਪੈਸੇ ਥਮਾ ਛੱਡੇ ਤੇ ਕਿਹਾ, “ਓ ਵੱਡੇ ਬਾਈ, ਕੋਈ ਹਸਾਨ-ਸੂਨ ਨੀ ਤੇ ਮੋੜਨ ਦੀ ਵੀ ਲੋੜ ਨੀ ਕੋਈ, ਤੂੰ ਮੇਰੇ ਭਰਾਵਾਂ ਵਰਗਾ ਏ, ਇਨਸਾਨ ਹੀ ਇਨਸਾਨ ਦੇ ਕੰਮ ਆਊਦਾਂ ਹੈ, ਤੇਰੇ ਪੁੱਤਰ ਵੀ ਤਾਂ ਮੇਰੇ ਪੁੱਤਰ ਵਰਗਾ ਹੀ ਹੈ, ਰੱਖ ਲਾ, ਰੱਖ ਲਾ ਬਾਈ,”
ਓਹ ਫੇਰ ਬੋਲਿਆ, “ ਤੁਸੀਂ ਤਾਂ ਰੱਬ ਬਣ ਬਹੁੜੇ ਓ, ਮੇਰੇ ਗਰੀਬ ਲਈ, ਸੱਚੀਂ ਕੋਈ ਫਰਿਸ਼ਤਾ ਓ ਬਾਊ ਜੀ, ਪਰ ਮੈਂ ਤੁਹਾਡੇ ਨਾਲ ਵਾਦਾ ਕਰਦਾ ਹਾਂ, ਮੈ ਤੁਹਾਡਾ ਪੈਸੇ ਜਰੂਰ ਮੋੜੂ, ਜਦ ਮੇਰਾ ਪੁੱਤ ਰਾਜੀ ਹੋਜੂ। ”
“ ਨਹੀ, ਨਹੀ, ਬਾਈ ਮੈਂ ਰੱਬ ਫਰਿਸ਼ਤਾ ਨੀ ਕੋਈ, ਮੈਂ ਤਾਂ ਇਨਸਾਨ ਹਾਂ ਤੇ ਇਨਸਾਨੀਅਤ ਹੀ ਸਹੀ ਮਾਅਨੇ ਚ ਰੱਬ ਹੁੰਦੀ ਐ, ਤੇ ਨਾਲੇ ਕੁਝ ਵੀ ਮੋੜਨ ਦੀ ਲੋੜ ਨਹੀ, ਏਹ ਮੇਰਾ ਵੀ ਪੁੱਤ ਐ, ਮੇਰੇ ਅੰਬਰ ਵਰਗਾ, ਸਮਝੀਂ ਮੈਂ ਆਪਣੇ ਪੱਤ ਨੂੰ ਦਿੱਤੇ ਨੇ।”
ਏਹ ਸੁਣ ਹੁਣ ਓਹ ਮੇਰੇ ਚੇਹਰੇ ਵੱਲ ਟਿਕ ਟਿਕੀ ਲਗਾ ਭਰੀਆਂ ਅੱਖਾਂ ਨਾਲ ਭਲਗਾਤਾਰ ਦੇਖੀ ਜਾ ਰਿਹਾ ਸੀ ਮੰਨੋ ਕੋਈ ਚਿਰੋਕਣੀ ਪਛਾਣ ਕੱਢ ਰਿਹਾ ਹੋਵੇ।
ਫੇਰ ਅਚਾਨਕ ਧੰਨਵਾਦ ਵਿੱਚ ਉਹ ਝੁਕ ਮੇਰੇ ਗੋਡੇ ਹੱਥ ਲਾਉਣ ਲੱਗਾ ਪਰ ਮੈਂ ਪਹਿਲਾਂ ਹੀ ਰੋਕ ਕੇ ਗੱਲ ਲਾ ਲਿਆ।
“ ਨਾ, ਭਰਾਵਾ ਨਾ, ਮੈਂ ਤੇਰੇ ਨਾਲੋ ਕਿੰਨਾ ਈ ਛੋਟਾ ਹਾਂ, ਨਾਲੇ ਵੱਡੇ ਬਾਈ ਪੈਂਰੀ ਨੀ ਪੈਂਦੇ ਗੱਲ ਲੱਗਦੇ ਨੇ”
ਵਿਚਾਰਾ ਮੇਰੇ ਗੱਲ ਲੱਗ ਛੋਟਾ ਭਰਾਵਾਂ ਵਾਂਗਰਾਂ ਉੱਚੀ-ਉੱਚੀ ਰੋਣ ਲੱਗਾ। ਉਸਦੇ ਹੰਝੂ ਮੇਰੇ ਮੋਢਿਆਂ ਤੇ ਉਸਦੀ ਦਾਹੜੀ ਨੂੰ ਭਿਓਂ ਰਹੇ ਸਨ। ਉਸਦੇ ਕਲਾਵੇ ਦੀ ਕੱਸ ਨੇ ਮੈਨੂੰ ਲੱਕੜਾਂ ਦੀਆਂ ਗੇਲੀਆਂ ਜਿਹੀ ਮਜਬੂਤੀ ਮਹਿਸੂਸ ਕਰਾਈ। ਉਸਨੂੰ ਵੇਖ ਮੈਨੂੰ ਇੰਝ ਲੱਗ ਰਿਹਾ ਸੀ ਜਿਵੇਂ ਕੋਈ ਬਹੁਤ ਵੱਡਾ ਪਰਬਤ ਅੱਜ ਸਮੇਂ ਦੇ ਕਰੂਰ ਤੂਫਾਨ ਨੇ ਤੋੜ ਕੇ ਚੂਰ-ਚੂਰ ਕਰ ਛੱਡਿਆ ਸੀ। ਇਸ ਦੁੱਖ ਦੀ ਘੜੀ ਵਿੱਚ ਆਪਣੀ ਘਰਵਾਲੀ ਤੇ ਪੁੱਤਰ ਨੂੰ ਦਿਲਾਸੇ ਤੇ ਹੌਸਲੇ ਬੰਨਾਉਣ ਵਾਲੇ ਦਾ ਸਬਰ ਦਾ ਬੰਨ ਬੁਰੀ ਤਰਾਂ ਟੁੱਟ ਚੁੱਕਾ ਸੀ ਤੇ ਸ਼ਾਇਦ ਉਸਦੀ ਪੀੜ ਤੇ ਹੁੰਝੂ ਦੱਸ ਰਹੇ ਸੀ ਕਿ ਦੁੱਖ ਦੀ ਘੜੀ ਵਿੱਚ ਉਹ ਇਕੱਲਾ ਸੀ ਬਿਨਾ ਕਿਸੇ ਭੈਣ-ਭਾਈ ਤੋਂ, ਤੇ ਏਹੋ ਅਪਣਤ ਉਸਨੂੰ ਮੇਰੇ ਵਿੱਚੋਂ ਲੱਭੀ ਸੀ। ਕੁਝ ਦੇਰ ਹੋਰ ਮੈਨੂੰ ਕਲਾਵੇ ਚ ਬੰਨੀ ਰੱਖਦਾ ਤਾਂ ਮੈਂ ਵੀ ਸ਼ਾਇਦ ਰੋ ਹੀ ਪੈਣਾ ਸੀ।
ਉਸਨੂੰ ਪਤਾ ਨਾ ਲੱਗੇ ਮੈਂ ਧਿਆਨ ਪਾਸੇ ਕਰਕੇ ਆਪਣੀਆਂ ਅੱਖਾਂ ਦੀ ਦਹਿਲੀਜ ਤੇ ਆਏ ਹੰਝੂ ਪੂੰਝੇ।
ਮੇਰਾ ਦਿਲ ਕਹਿ ਰਿਹਾ ਸੀ ਕਿ ਦੁੱਖ ਦੀ ਘੜੀ ਵਿੱਚ ਪਾਈ ਸਾਂਝ ਦੇ ਰਿਸ਼ਤੇ ਤੇ ਮੋਹ ਖੂਨ ਦੇ ਰਿਸ਼ਤਿਆਂ ਤੋਂ ਵੀ ਵੱਧ ਗਾੜੇ ਤੇ ਪਿਆਰੇ ਹੋ ਨਿੱਬੜਦੇ ਨੇ ਜੋ ਸਦਾ ਜਿੰਦਗੀ ਤੇ ਮਨੁੱਖਤਾ ਦੀ ਰਹਿਤਲ ਨੂੰ ਮੁਹੱਬਤਾਂ ਤੇ ਅਸੀਸਾਂ ਨਾਲ ਭਿਓਂਈ ਰੱਖਦੇ ਨੇ ਤਾਂ ਜੋ ਇਸ ਵਿੱਚੋ ਇੱਕ ਨਵੀਂ-ਨਰੋਈ ਪੀੜੀ ਦਾ ਜਨਮ ਹੋ ਸਕੇ ਜੋ ਸਦਾਥਿਰ ਸੰਸਕਾਰਾਂ, ਸਦਭਾਵਨਾ ਤੇ ਭਾਈਚਾਰਕ ਸਾਂਝਾਂ ਨਾ ਲਬਰੇਜ ਰਹੇ।
ਜੇਕਰ ਸਭ ਲੋਕ ਏਦਾਂ ਦੀਆਂ ਭਾਵਨਾਵਾਂ ਰੱਖਣ ਤਾਂ ਸਾਡੇ ਸਮਾਜ, ਦੇਸ਼ ਦਾ ਕੋਈ ਵੀ ਬਾਸ਼ਿੰਦਾ ਇਕੱਲਾ, ਦੁੱਖੀ ਤੇ ਸੰਤਾਪਿਆ ਨਾ ਮਹਿਸੂਸੇ, ਸਭੇ ਪਾਸੇ ਮੁਹੱਬਤ, ਇਨਸਾਨੀਅਤ ਤੇ ਭਾਈਚਾਰਾ ਵਧੇ-ਫੁੱਲੇ।
ਮੇਰਾ ਦਿਲ ਵੀ ਉਸ ਕੋਲ ਬੈਠਣ ਨੂੰ ਕਰ ਰਿਹਾ ਸੀ ਪਰ ਜਿੰਦਗੀ ਨੂੰ ਚਲਾਏਮਾਨ ਰੱਖਣ ਲਈ ਇਸ ਨਾਲ ਜੁੜੇ ਕਈ ਕੰਮ ਵੀ ਬਾਹਰੀ ਦੁਨੀਆਂ ਵਿੱਚ ਮੈਨੂੰ ਉਡੀਕ ਰਹੇ ਸਨ। ਅਗਲੇ ਦਿਨ ਆਪਣੀ ਪਤਨੀ ਨਾਲ ਫੇਰ ਆਉਣ ਦਾ ਵਾਦਾ ਕਰ ਮੈਂ ਉਸ ਕੋਲੋਂ ਵਿਦਾ ਲਈ।
ਹਸਪਤਾਲ ਦੇ ਬਾਹਰੀ ਗੇਟ ਵੱਲ ਨੂੰ ਜਾਂਦਿਆਂ ਮੈਂ ਪਿੱਛੇ ਮੁੜ ਕੇ ਦੇਖਿਆ ਤਾਂ ਅਜੇ ਵੀ ਹਸਪਤਾਲ ਦੇ ਵੇਹੜੇ ਵਿੱਚ ਖੜਾ ਉਹ ਬੁੱਤ ਬਣ ਮੇਰੇ ਵੱਲ ਹੀ ਵੇਖੀ ਜਾ ਰਿਹਾ ਸੀ। ਉਸਦੀਆਂ ਹੰਝੂ ਵਹਾਉਂਦੀਆਂ ਅੱਖਾਂ ਮੈਨੂੰ ਅਜੇ ਵੀ ਮਣਾਂ-ਮੂੰਹੀਂ ਅਸੀਸਾਂ ਦਿੰਦੀਆਂ ਧੰਨਵਾਦ ਕਰ ਰਹੀਆਂ ਸਨ ਤੇ ਮੇਰੇ ਸਰੀਰ ਨੂੰ ਅਜੇ ਵੀ ਉਸਦੇ ਗਲੇ ਮਿਲਣੀ ਦਾ ਨਿੱਘ ਮਹਿਸੂਸ ਹੋ ਰਿਹਾ ਸੀ।
--ਗੁਰਬਾਜ ਸਿੰਘ ਤਰਨ ਤਾਰਨ।
09872334944