ਸ਼ਿਵ ਨਾਥ ਦਾ ਫੋਲਿਆ ਇਤਿਹਾਸ ਦਾ ਵਰਕਾ ਇੰਦਰ ਸਿੰਘ ਮੁਰਾਰੀ - ਗੁਰਬਚਨ ਸਿੰਘ ਭੁੱਲਰ
ਇੰਦਰ ਸਿੰਘ ਮੁਰਾਰੀ ਦਾ ਨਾਂ ਮੈਂ ਪਹਿਲੀ ਵਾਰ ਵਿਦਿਆਰਥੀ ਹੁੰਦਿਆਂ ਤੇਜਾ ਸਿੰਘ ਸੁਤੰਤਰ ਦੇ ਨਾਂ ਨਾਲ ਜੁੜਿਆ ਹੋਇਆ ਸੁਣਿਆ ਸੀ। ਸਾਥੀ ਸੁਤੰਤਰ ਓਦੋਂ ਰੂਪੋਸ਼ ਸਨ ਅਤੇ ਉਹਨਾਂ ਦੀ ਗ੍ਰਿਫ਼ਤਾਰੀ ਲਈ ਇਕ ਲੱਖ ਰੁਪਏ ਦਾ ਇਨਾਮ ਸੀ। ਉਹ ਸਾਡੇ ਰਿਆਸਤੀ ਇਲਾਕੇ ਵਿਚ ਹਰ ਜਾਗਰਿਤ ਘਰ ਦਾ ਜ਼ਿਕਰ ਬਣੇ ਹੋਏ ਸਨ ਅਤੇ ਰੂਪੋਸ਼ੀ ਦੇ ਬਾਵਜੂਦ ਜਗੀਰਦਾਰਾਂ ਵਿਰੁੱਧ ਮੁਜਾਰਿਆਂ ਦੇ ਸੰਗਰਾਮ ਦੀ ਸਿੱਧੀ ਅਗਵਾਈ ਕਰ ਰਹੇ ਸਨ। ਇੰਦਰ ਸਿੰਘ ਮੁਰਾਰੀ ਉਹਨਾਂ ਦੇ ਸਭ ਤੋਂ ਇਤਬਾਰੀ ਬੰਦਿਆਂ ਵਿਚ ਗਿਣਿਆ ਜਾਂਦਾ ਸੀ।
ਮੁਰਾਰੀ ਦੀ ਪ੍ਰਸਿੱਧੀ ਤੇ ਬੱਲੇ-ਬੱਲੇ ਇਸ ਕਰਕੇ ਵੀ ਸੀ ਕਿ ਉਹਨੇ ਗ਼ਦਰੀਆਂ ਦਾ ਗ਼ਦਾਰ ਬੇਲਾ ਸਿੰਘ ਸੋਧਿਆ ਸੀ। ਇਕ ਦਿਨ ਬਾਬਾ ਜਵਾਲਾ ਸਿੰਘ ਨੇ ਸੁਨੇਹਾ ਭੇਜ ਕੇ ਉਹਨੂੰ ਬੁਲਾਇਆ ਤੇ ਆਖਿਆ, “ਸਾਡਾ ਇਕ ਕੰਮ ਐ ਤੇਰੇ ਗੋਚਰਾ। ਵੈਨਕੂਵਰ ਦੇ ਗੁਰਦੁਆਰੇ ਵਿਚ ਜਿਸ ਗ਼ਦਾਰ ਬੇਲਾ ਸਿੰਘ ਨੇ ਭਾਈ ਬਦਨ ਸਿੰਘ ਤੇ ਭਾਈ ਭਾਗ ਸਿੰਘ ਨੂੰ ਗੋਲ਼ੀਆਂ ਨਾਲ ਸ਼ਹੀਦ ਕੀਤਾ ਸੀ, ਉਹ ਅਜੇ ਵੀ ਜਿਉਂਦਾ ਐ। ਸਰਕਾਰ ਨੇ ਉਹਨੂੰ ਇਨਾਮ ਵਜੋਂ ਜਾਗੀਰ ਲਾ ਦਿੱਤੀ ਐ ਤੇ ਪੁਲਸੀਏ ਰਖਵਾਲੇ ਦੇ ਦਿੱਤੇ ਨੇ। ਉਹ ਛਾਤੀ ਕੱਢ ਕੇ ਤੁਰਿਆ ਫਿਰਦਾ ਐ। ਇਹ ਕਲੰਕ ਐ ਸਾਡੀ ਕੌਮ ਦੇ ਮੱਥੇ ਉੱਤੇ, ਜੋ ਅਸੀਂ ਹਰ ਹਾਲ ਵਿਚ ਮਿਟਾਉਣਾ ਚਾਹੁੰਦੇ ਹਾਂ।”
ਮੌਕੇ ਦੀ ਤਲਾਸ਼ ਵਿਚ ਰਹਿੰਦੇ ਇੰਦਰ ਸਿੰਘ ਨੂੰ ਆਖ਼ਰ ਇਕ ਦਿਨ ਬੇਲਾ ਸਿੰਘ ਇਕੱਲਾ ਮਿਲ ਹੀ ਗਿਆ। ਇਹਦੇ ਇਕ ਸਾਥੀ ਨੇ ਉਹਨੂੰ ਗੱਲੀਂ ਲਾਇਆ, ਦੂਜੇ ਨੇ ਪਿੱਛੋਂ ਜੱਫਾ ਮਾਰ ਕੇ ਮੂੰਹ ਬੰਦ ਕਰ ਦਿੱਤਾ ਤੇ ਇਹ ਦਸਦਾ ਹੈ, “ਹੁਣ ਬਾਕੀ ਕੰਮ ਮੈਂ ਕਰਨਾ ਸੀ। ਮੈਂ ਆਪਣੀ ਕਿਰਚ ਕੱਢੀ ਤੇ ਉਹਦੇ ਕੁੜਤੇ ਦਾ ਪੱਲਾ ਫੜ ਕੇ ਖੱਬੀ ਵੱਖੀ ਤੋਂ ਲੈ ਕੇ ਸੱਜੇ ਪੱਟ ਤੱਕ ਦਾ ਵਿਚਕਾਰਲਾ ਹਿੱਸਾ ਕਿਸੇ ਪੱਕੇ ਹੋਏ ਤਰਬੂਜ਼ ਵਾਂਗੂੰ ਪਾੜ ਕੇ ਰੱਖ ਦਿੱਤਾ।”
ਇੰਦਰ ਸਿੰਘ ਦੇ ਨਾਂ ਨਾਲ ਮੁਰਾਰੀ ਵੀ ਇਸੇ ਕਾਰਨਾਮੇ ਸਦਕਾ ਜੁੜਿਆ। ਜਦੋਂ ਉਹਨਾਂ ਦਾ ਦੱਸਿਆ ਕੰਮ ਸਿਰੇ ਚਾੜ੍ਹ ਕੇ ਇਹ ਬਾਬਾ ਜਵਾਲਾ ਸਿੰਘ ਕੋਲ ਗਿਆ, ਉਹ ਪਿਆਰ ਨਾਲ ਕਹਿੰਦੇ, “ਆ ਓਏ ਤੇਰੀ ਆਰਤੀ ਉਤਾਰਾਂ!” ਫੇਰ ਉਹ ਅੰਦਰੋਂ ਹਿੰਦੀ ਦੀ ਇਕ ਪੁਸਤਕ ਚੁੱਕ ਲਿਆਏ ਤੇ ਉਸ ਵਿਚੋਂ ਇਹ ਤੁਕ ਸੁਣਾਈ, “ਮੁਰਦੈਂਤ ਮਾਰ ਕੇ ਮੁਰਾਰ ਨਾਮ ਭਇਓ ਹੈ।” ਇਹ ਤੁਕ ਸੁਣਾ ਕੇ ਉਹਨਾਂ ਨੇ ਆਖਿਆ, “ਬੇਲਾ ਸਿੰਘ ਵੀ ਕੋਈ ਮੁਰਦੈਂਤ ਨਾਲੋਂ ਘੱਟ ਨਹੀਂ ਸੀ ਤੇ ਤੂੰ ਉਹਦਾ ਬੱਧ ਕੀਤਾ ਐ, ਇਸ ਲਈ ਮੈਂ ਤੈਨੂੰ ਮੁਰਾਰੀ ਨਾਂ ਦਿੰਦਾ ਹਾਂ!” ਇੰਦਰ ਸਿੰਘ ਦਾ ਕਹਿਣਾ ਸੀ, “ਇਹ ਨਾਂ ਮੈਂ ਬਾਅਦ ਵਿਚ ਆਪਣੇ ਰੂਪੋਸ਼ੀ ਦੇ ਸਮੇਂ ਵਰਤਿਆ ਜਿਸ ਕਾਰਨ ਮੈਨੂੰ ‘ਮੁਰਾਰੀ’ ਦੇ ਨਾਂ ਨਾਲ ਹੀ ਬੁਲਾਇਆ ਜਾਣ ਲੱਗਿਆ।”
ਉਹਦਾ ਇਕ ਹੋਰ ਕਾਰਨਾਮਾ ਪੁਲਿਸ ਦੇ ਹੱਥ ਆ ਜਾਣ ਮਗਰੋਂ ਗੋਬਿੰਦਗੜ੍ਹ ਕਿਲ੍ਹੇ ਵਿਚੋਂ ਭੱਜਣਾ ਸੀ। ਸਾਰੀ ਦੇਖ-ਦਿਖਾਈ ਕਰ ਲੈਣ ਪਿਛੋਂ ਉਹਨੇ ਇਕ ਦਿਨ ਕਿਲ੍ਹੇ ਦੇ ਬਾਹਰ ਲਟਕ ਕੇ ਅੱਖਾਂ ਬੰਦ ਕਰਦਿਆਂ ਹੱਥ ਢਿੱਲੇ ਛੱਡ ਦਿੱਤੇ। ਕਿਲ੍ਹੇ ਦੀ ਕੰਧ ਨਾਲ ਘਿਸੜਦਿਆਂ ਧਰਤੀ ਉੱਤੇ ਡਿੱਗਣ ਤੱਕ ਉਹਦੇ ਪੇਟ, ਛਾਤੀ ਤੇ ਹੱਥ-ਪੈਰ ਬੁਰੀ ਤਰ੍ਹਾਂ ਛਿੱਲੇ ਗਏ। ਪਰ ਅਸ਼ਕੇ ਉਹਦੇ, ਉਹ ਕਸੀਸ ਵੱਟ ਕੇ ਇਸੇ ਲਹੂ-ਲੁਹਾਨ ਹਾਲਤ ਵਿਚ ਆਪਣੇ ਇਕ ਗੁਪਤ ਅੱਡੇ ਤੱਕ ਪਹੁੰਚਣ ਵਿਚ ਸਫਲ ਹੋ ਗਿਆ!
ਹਿੰਦੁਸਤਾਨ ਦੀ ਆਜ਼ਾਦੀ ਦੀ ਲੜਾਈ ਵਿਚ ਅਨੇਕ ਧਾਰਾਵਾਂ ਸਮਾਨੰਤਰ ਵਗ ਰਹੀਆਂ ਸਨ। ਭਾਵੇਂ ਆਜ਼ਾਦੀ ਲੈਣ ਦਾ ਸਿਹਰਾ ਕਾਂਗਰਸ ਨੇ ਬੜੀ ਚੁਸਤੀ ਨਾਲ ਆਪਣੇ ਸਿਰ ਬੰਨ੍ਹ ਲਿਆ ਤੇ ਬਹੁਤ ਸਾਰੇ ਲੋਕ ਇਸ ਪੱਖੋਂ ਉਹਦੀ ਹਾਂ ਵਿਚ ਹਾਂ ਮਿਲਾਉਣ ਵਾਲੇ ਵੀ ਮਿਲ ਗਏ, ਪਰ ਇਹ ਧਾਰਨਾ ਪੂਰੀ ਤਰ੍ਹਾਂ ਤੱਥ-ਸੱਚ ਉੱਤੇ ਆਧਾਰਿਤ ਨਹੀਂ ਸੀ। ਆਜ਼ਾਦੀ ਮਗਰੋਂ ਕਾਂਗਰਸ ਦੇ ਗੱਦੀ-ਨਸ਼ੀਨ ਹੋਣ ਨੇ ਵੀ ਇਹ ਪ੍ਰਭਾਵ ਪੱਕਾ ਕਰਨ ਵਿਚ ਵੱਡੀ ਭੂਮਿਕਾ ਨਿਭਾਈ। ਕਾਂਗਰਸ ਬਿਨਾਂ-ਸ਼ੱਕ ਵਿਸ਼ਾਲ ਧਾਰਾ ਸੀ, ਪਰ ਇਕੋ-ਇਕ ਧਾਰਾ ਨਹੀਂ ਸੀ। ਹੋਰ ਧਾਰਾਵਾਂ ਵਿਚੋਂ ਕਿਸੇ ਨੂੰ ਵੀ ਅੱਖੋਂ ਓਹਲੇ ਕਰਨਾ ਜਾਂ ਉਹਦੀ ਮਹੱਤਤਾ ਤੇ ਦੇਣ ਨੂੰ ਘਟਾ ਕੇ ਅੰਗਣਾ ਉਸ ਧਾਰਾ ਨਾਲ ਹੀ ਨਹੀਂ, ਆਜ਼ਾਦੀ-ਸੰਗਰਾਮ ਦੇ ਸਮੁੱਚੇ ਇਤਿਹਾਸ ਨਾਲ ਅਨਿਆਂ ਹੋਵੇਗਾ। ਜੇ ਇਕੱਲੇ ਪੰਜਾਬ ਦੀ ਗੱਲ ਲਈਏ, ਇਥੇ ਅਜਿਹੀਆਂ ਅਨੇਕ ਲਹਿਰਾਂ ਅੰਗਰੇਜ਼-ਵਿਰੋਧੀ ਰਣ-ਖੇਤਰ ਵਿਚ ਉੱਤਰੀਆਂ ਜਿਨ੍ਹਾਂ ਦਾ ਐਲਾਨੀਆ ਟੀਚਾ, ਕਾਂਗਰਸ ਦੇ ਉਲਟ, ਅੰਗਰੇਜ਼ ਨਾਲ ਸਿੱਧੇ-ਮੱਥੇ ਦੀ ਟੱਕਰ ਰਾਹੀਂ ਆਜ਼ਾਦੀ ਹਾਸਲ ਕਰਨਾ ਸੀ। ਸੰਗਰਾਮ ਦੇ ਢੰਗ-ਤਰੀਕਿਆਂ ਦੇ ਇਸ ਵਖਰੇਵੇਂ ਦਾ ਇਕ ਨਤੀਜਾ ਇਹ ਹੋਇਆ ਕਿ ਜਿਥੇ ਕਾਂਗਰਸ ਨੂੰ ਬਹੁਤ ਘੱਟ ਤੇ ਨਰਮ ਜਿਹੀਆਂ ਮੁਸ਼ਕਲਾਂ-ਮੁਸ਼ੱਕਤਾਂ ਦਾ ਸਾਹਮਣਾ ਕਰਨਾ ਪਿਆ, ਇਹਨਾਂ ਲਹਿਰਾਂ ਵਿਚ ਸ਼ਾਮਲ ਯੋਧਿਆਂ ਦੀ ਹੋਣੀ ਘਰ-ਪਰਿਵਾਰ ਦੇ ਉਜਾੜੇ, ਕੁਰਕੀਆਂ, ਕੈਦਾਂ, ਮੁਸ਼ੱਕਤਾਂ, ਅੰਨ੍ਹੇ ਸਰੀਰਕ ਜਬਰ-ਜ਼ੁਲਮ, ਕਾਲ਼ੇ ਪਾਣੀ, ਉਮਰ ਕੈਦਾਂ, ਫਾਂਸੀਆਂ, ਆਦਿ ਦੇ ਰੂਪ ਵਿਚ ਯਕੀਨੀ ਹੁੰਦੀ ਸੀ। ਉਹ ਆਪਣੀ ਇਸ ਹੋਣੀ ਦਾ ਸਾਫ਼ ਪਤਾ ਹੁੰਦਿਆਂ ਵੀ ਸਾਬਤ-ਕਦਮੀ ਨਾਲ ਅਡੋਲ-ਅਡਿੱਗ ਆਪਣੇ ਚੁਣੇ ਰਾਹ ਉੱਤੇ ਨਿਰਭੈ ਹੋ ਕੇ ਤੁਰਦੇ ਸਨ।
ਅੰਗਰੇਜ਼ ਵਿਰੁੱਧ ਪਹਿਲੀਆਂ ਕਈ ਲੜਾਈਆਂ ਰਾਜਿਆਂ-ਨਵਾਬਾਂ ਨੇ ਲੜੀਆਂ, ਪਰ ਉਹ ਕਿਸੇ ਦੇਸਭਗਤਕ ਜਜ਼ਬੇ ਅਧੀਨ ਨਹੀਂ ਸਨ ਲੜੀਆਂ ਗਈਆਂ। ਉਹਨਾਂ ਦਾ ਮੰਤਵ ਅੰਗਰੇਜ਼ ਨੂੰ ਹਿੰਦੁਸਤਾਨ ਵਿਚੋਂ ਕੱਢਣ ਦੀ ਥਾਂ ਆਪਣੀਆਂ ਖੁੱਸੀਆਂ ਹੋਈਆਂ ਰਿਆਸਤਾਂ ਵਾਪਸ ਲੈਣ ਤੱਕ ਸੀਮਤ ਸੀ। ਉਸ ਦੌਰ ਵਿਚ ਜਿਨ੍ਹਾਂ ਕੁਛ ਨਿਰਸੁਆਰਥ ਲੋਕਾਂ ਨੇ ਬਗ਼ਾਵਤ ਦਾ ਝੰਡਾ ਚੁੱਕਿਆ ਵੀ, ਉਹਨਾਂ ਦੀਆਂ ਕੁਰਬਾਨੀਆਂ ਦੇ ਵੱਡੀਆਂ ਹੋਣ ਵਿਚ ਤਾਂ ਕੋਈ ਸ਼ੱਕ ਨਹੀਂ ਪਰ ਉਹਨਾਂ ਦੇ ਪਿੱਛੇ ਕੋਈ ਜਨਤਕ ਜਥੇਬੰਦੀ ਨਾ ਹੋਣ ਕਾਰਨ ਉਹ ਕੁਰਬਾਨੀਆਂ ਇੱਛਤ ਨਤੀਜੇ ਨਾ ਦੇ ਸਕੀਆਂ।
ਇਹ ਪੰਜਾਬ ਸੀ ਜਿਥੇ ਉਸ ਸਮੇਂ ਪਹਿਲੀ ਅੰਗਰੇਜ਼-ਵਿਰੋਧੀ ਦੇਸਭਗਤਕ ਲਹਿਰ ਦਾ ਜਨਮ ਹੋਇਆ ਜਦੋਂ ਬਾਬਾ ਰਾਮ ਸਿੰਘ ਨੇ ਕਿਸੇ ਵੀ ਨਿੱਜੀ ਹਿਤ ਤੋਂ ਬਿਨਾਂ, ਨਿਰੋਲ ‘ਬਿੱਲਿਆਂ’ ਨੂੰ ਦੇਸ ਵਿਚੋਂ ਕੱਢਣ ਦੇ ਟੀਚੇ ਨਾਲ 12 ਅਪਰੈਲ 1857 ਨੂੰ ਨਾਮਧਾਰੀ ਪੰਥ ਦੀ ਨੀਂਹ ਰੱਖੀ ਅਤੇ ਧਰਮ ਦੇ ਸਹਾਰੇ ਵੱਡੀ ਗਿਣਤੀ ਵਿਚ ਆਮ ਲੋਕਾਂ ਨੂੰ ਆਪਣੇ ਰਾਜਨੀਤਕ ਉਦੇਸ਼ ਨਾਲ ਜੋੜਨ ਵਿਚ ਕਾਮਯਾਬੀ ਹਾਸਲ ਕੀਤੀ। ਉਸ ਪਿੱਛੋਂ ਅਜੀਤ ਸਿੰਘ ਤੇ ਉਹਦੇ ਸਾਥੀਆਂ ਦੀ ਕਿਸਾਨੀ ਲਹਿਰ, ਕੌਮਾਂਤਰੀ ਪਸਾਰੇ ਵਾਲੀ ਮਹਾਨ ਗ਼ਦਰ ਲਹਿਰ, ਅਕਾਲੀ ਲਹਿਰ, ਬਬਰ ਅਕਾਲੀ ਲਹਿਰ, ਕਿਰਤੀ ਲਹਿਰ, ਭਗਤ ਸਿੰਘ ਤੇ ਉਹਦੇ ਸਾਥੀਆਂ ਦੀ ਲਹਿਰ, ਰਿਆਸਤੀ ਪਰਜਾ ਮੰਡਲ, ਕਮਿਊਨਿਸਟ ਲਹਿਰ, ਆਦਿ ਸਭ ਦਾ ਅਮਰ ਇਤਿਹਾਸ ਬੇਹੱਦ ਕੁਰਬਾਨੀਆਂ ਦਾ ਇਤਿਹਾਸ ਹੈ। ਇਹਨਾਂ ਲਹਿਰਾਂ ਵਿਚ ਸ਼ਾਮਲ ਅਜਿਹੇ ਨਿਰਸੁਆਰਥ ਸੰਗਰਾਮੀਆਂ ਦੀ ਕੋਈ ਗਿਣਤੀ ਨਹੀਂ ਜਿਨ੍ਹਾਂ ਨੇ ਕਿਸੇ ਵੀ ਨਿੱਜੀ ਹਿਤ ਤੋਂ ਬਿਨਾਂ ਤਨ, ਮਨ, ਧਨ ਸਭ ਕੁਛ ਦੇਸ-ਹਿਤ ਦੇ ਲੇਖੇ ਲਾ ਦਿੱਤਾ ਅਤੇ ਬਦਲੇ ਵਿਚ ਉਹਨਾਂ ਦੀਆਂ ਹੀ ਕੁਰਬਾਨੀਆਂ ਸਦਕਾ ਆਜ਼ਾਦ ਹੋਏ ਦੇਸ ਤੋਂ ਵੀ ਉਹਨਾਂ ਨੇ ਕੁਛ ਨਾ ਚਾਹਿਆ। ਇਹ ਪੁਸਤਕ ਇਕ ਅਜਿਹੇ ਹੀ ਯੋਧੇ, ਇੰਦਰ ਸਿੰਘ ਮੁਰਾਰੀ ਦੇ ਨਿਰੰਤਰ ਸੰਗਰਾਮੀ ਜੀਵਨ ਦੀ ਇਕ ਝਲਕ ਹੈ।
ਕਾਂਗਰਸ ਤੇ ਇਹਨਾਂ ਜੁਝਾਰੂ ਲਹਿਰਾਂ ਦੀ ਸੋਚ ਦਾ ਇਕ ਵੱਡਾ ਫ਼ਰਕ ਧਿਆਨ ਮੰਗਦਾ ਹੈ। ਅਨੇਕ ਕਾਂਗਰਸੀ ਆਗੂਆਂ ਨੇ ਆਪਣੇ ਬਾਰੇ ਤੇ ਆਪਣੀ ਪਾਰਟੀ ਬਾਰੇ ਬੜਾ ਕੁਛ ਲੇਖਾਂ ਅਤੇ ਪੁਸਤਕਾਂ ਦੇ ਰੂਪ ਵਿਚ ਲਿਖ ਕੇ ਇਤਿਹਾਸ ਦੀ ਝੋਲ਼ੀ ਵਿਚ ਪਾਇਆ। ਇਹਦੇ ਨਾਲ ਹੀ ਇਤਿਹਾਸਕਾਰਾਂ, ਪੱਤਰਕਾਰਾਂ ਤੇ ਲੇਖਕਾਂ ਨੇ ਵੀ ਕਾਂਗਰਸ ਬਾਰੇ ਅਣਗਿਣਤ ਰਚਨਾਵਾਂ ਕੀਤੀਆਂ। ਇਹਦੇ ਉਲਟ, ਇਨਕਲਾਬੀ ਲਹਿਰਾਂ ਦੇ ਅਨੇਕ ਸਿਰਲੱਥ ਯੋਧੇ ਇਸ ਕੰਮ ਨੂੰ ਸਵੈ-ਪ੍ਰਸੰਸਾ ਮੰਨਦੇ ਤੇ ਇਸ ਤੋਂ ਬਚਦੇ-ਟਲ਼ਦੇ ਸਨ। ਉਹਨਾਂ ਨੇ ਆਪ ਤਾਂ ਆਪਣੇ ਬਾਰੇ ਕੀ ਲਿਖਣਾ ਸੀ, ਜੇ ਕੋਈ ਹੋਰ ਲਿਖਣ ਦਾ ਜਤਨ ਕਰਦਾ, ਉਹ ਆਪਣੇ ਬਾਰੇ ਜਾਣਕਾਰੀ ਦੇਣ ਤੋਂ ਇਨਕਾਰੀ ਹੋ ਜਾਂਦੇ ਸਨ। ਮੈਨੂੰ ਕਈ ਆਪਾ-ਵਾਰੂ ਸੂਰਬੀਰਾਂ ਬਾਰੇ ਨਿੱਜੀ ਜਾਣਕਾਰੀ ਹੈ ਜਿਨ੍ਹਾਂ ਨੇ ਵਾਰ-ਵਾਰ ਦੇ ਜਤਨਾਂ ਦੇ ਬਾਵਜੂਦ ਮੂੰਹ ਖੋਲ੍ਹਣ ਤੋਂ ਨਾਂਹ ਕੀਤੀ। ਉਹ ਆਖਦੇ, ਇਤਿਹਾਸ ਲਹਿਰ ਦਾ ਲਿਖੋ, ਅਸੀਂ ਜੋ ਕੁਛ ਕੀਤਾ, ਲਹਿਰ ਦਾ ਅੰਗ ਹੋਣ ਸਦਕਾ ਤੇ ਲਹਿਰ ਦੇ ਹੁਕਮ ਅਨੁਸਾਰ ਕੀਤਾ ਜਿਸ ਕਰਕੇ ਸਭ ਮਾਣ ਲਹਿਰ ਨੂੰ ਜਾਂਦਾ ਹੈ, ਸਾਨੂੰ ਨਹੀਂ। ਮੈਂ ਮਿਸਾਲ ਵਜੋਂ ਬਾਬਾ ਗੁਰਮੁਖ ਸਿੰਘ ਦੀ ਗੱਲ ਦੱਸ ਸਕਦਾ ਹਾਂ। ਉਹ ਮੇਰੇ ਮਿੱਤਰ ਤੇ ਸਹਿਕਰਮੀ ਡਾਕਟਰ ਪਰੇਮ ਸਿੰਘ ਦੇ ਸਹੁਰਾ ਸਨ। ਉਹਨਾਂ ਦਾ ਜੀਵਨ ਬਹੁਤ ਵੱਡੀਆਂ ਘਟਨਾਵਾਂ ਨਾਲ ਭਰਪੂਰ ਸੀ। ਮੈਂ ਜਦੋਂ ਵੀ ਪਰੇਮ ਸਿੰਘ ਨੂੰ ਇਸ ਸੰਬੰਧ ਵਿਚ ਜ਼ੋਰ ਦੇਣਾ, ਉਹਨਾਂ ਦਾ ਹਮੇਸ਼ਾ ਇਹੋ ਜਵਾਬ ਹੁੰਦਾ, “ਬਹੁਤ ਵਾਰ ਆਖ ਚੁੱਕੇ ਹਾਂ, ਇਤਿਹਾਸਕ ਅਹਿਮੀਅਤ ਦੱਸ ਚੁੱਕੇ ਹਾਂ, ਉਹ ਕਿਸੇ ਸੂਰਤ ਕੁਛ ਦੱਸਣ ਲਈ ਤਿਆਰ ਨਹੀਂ ਹੁੰਦੇ।”
ਇੰਦਰ ਸਿੰਘ ਮੁਰਾਰੀ ਵੀ ਉਹਨਾਂ ਵਿਚੋਂ ਹੀ ਸੀ। ਇਹ ਕਵੀ, ਕਹਾਣੀਕਾਰ ਤੇ ਵਾਰਤਕਕਾਰ ਸ਼ਿਵ ਨਾਥ ਦੀ ਹਿੰਮਤ ਹੀ ਸਮਝਣੀ ਚਾਹੀਦੀ ਹੈ ਕਿ ਉਹ ਪਹਿਲਾਂ ਉਹਨੂੰ ਗੱਲੀਂ ਲਾਉਣ ਵਿਚ, ਫੇਰ ਸਵਾਲ ਕਰਨ ਤੇ ਉਹਤੋਂ ਜਵਾਬ ਲੈਣ ਵਿਚ ਕਾਮਯਾਬ ਹੋ ਗਿਆ। ਪਰ ਇਹਦੀ ਅਸਲ ਕਾਮਯਾਬੀ ਓਦੋਂ ਹੋਈ ਜਦੋਂ ਇਹਨੇ ਮੁਰਾਰੀ ਨੂੰ ਉਹਦਾ ਬੋਲਿਆ ਕਾਪੀ ਉੱਤੇ ਲਿਖ ਲੈਣ ਲਈ ਸਹਿਮਤ ਕਰ ਲਿਆ। ਇਉਂ ਲਗਭਗ ਸਾਰੀ ਪੁਸਤਕ ਵਿਚ ਬੋਲ ਇੰਦਰ ਸਿੰਘ ਮੁਰਾਰੀ ਦੇ ਹਨ ਅਤੇ ਅੱਖਰ ਸ਼ਿਵ ਨਾਥ ਦੇ ਹਨ।
ਪੁਸਤਕ ‘ਅਣ-ਫੋਲਿਆ ਵਰਕਾ’ ਦੇ ਨਾਂ ਨਾਲ 1979 ਵਿਚ ਛਪੀ ਸੀ। ਉਹ ਛਾਪ ਛੇਤੀ ਹੀ ਮੁੱਕ ਗਈ ਤੇ ਸਮਾਂ ਲੰਘਣ ਨਾਲ ਵਿੱਸਰ ਵੀ ਗਈ। ਹੁਣ ਇਸ ਮਹੱਤਵਪੂਰਨ ਪੁਸਤਕ ਦਾ ‘ਅਣ-ਫੋਲਿਆ ਵਰਕਾ : ਇੰਦਰ ਸਿੰਘ ਮੁਰਾਰੀ’ ਦੇ ਨਾਂ ਨਾਲ ਦੁਬਾਰਾ ਛਪਣਾ ਬਿਨਾਂ-ਸ਼ੱਕ ਸਵਾਗਤਜੋਗ ਹੈ। ਇਹਦਾ ਮਹੱਤਵ ਏਨਾ ਹੀ ਨਹੀਂ ਕਿ ਅਸੀਂ ‘ਮੌਤ ਨੂੰ ਮਖ਼ੌਲਾਂ ਕਰਨ’ ਵਾਲੇ ਇੰਦਰ ਸਿੰਘ ਮੁਰਾਰੀ ਦੇ ਕਾਰਨਾਮਿਆਂ ਤੋਂ ਜਾਣੂ ਹੁੰਦੇ ਹਾਂ, ਸਗੋਂ ਸਾਨੂੰ ਉਹਦੇ ਵਿਚੋਂ ਦੀ ਇਸ ਪੁਸਤਕ ਦਾ ਅੰਗ ਬਣੇ ਅਨੇਕ ਹੋਰ ਸੂਰਬੀਰਾਂ ਦੀਆਂ ਕੁਰਬਾਨੀਆਂ ਦੀ ਵੀ ਜਾਣਕਾਰੀ ਮਿਲ ਜਾਂਦੀ ਹੈ। ਅਸਲ ਵਿਚ ਤਾਂ ਇਹ ਮੰਨਣਾ ਵਧੇਰੇ ਸਹੀ ਹੋਵੇਗਾ ਕਿ ਮੁਰਾਰੀ ਦੀ ਕਹਾਣੀ ਹਰ ਇਨਕਲਾਬੀ ਲਹਿਰ ਦੇ ਹਰ ਸੰਗਰਾਮੀਏ ਦੀ ਕਹਾਣੀ ਦਾ ਹੀ ਨਮੂਨਾ ਹੈ। (ਪੁਸਤਕ ਪੀਪਲਜ਼ ਫ਼ੋਰਮ ਬਰਗਾੜੀ ਨੇ ਪ੍ਰਕਾਸ਼ਿਤ ਕੀਤੀ ਹੈ।)
ਸੰਪਰਕ : 80763-63058