ਵਾਤਾਵਰਨ ਬਚਾਉਣ ਲਈ ਲੋਕ ਲਹਿਰ ਬਣਾਉਣ ਦੀ ਲੋੜ - ਸਤਨਾਮ ਸਿੰਘ ਮੱਟੂ
ਮਨੁੱਖ ਲਈ ਸ਼ੁੱਧ ਹਵਾ ਅਤੇ ਬਿਮਾਰੀਆਂ ਦੇ ਬਚਾਅ ਲਈ ਦਰੱਖਤਾਂ ਨੂੰ ਪਹਿਲ ਦੇ ਆਧਾਰ ਤੇ ਸਾਂਭਣ ਦੀ ਜਰੂਰਤ ਹੈ।ਪਰ ਵਿਕਾਸ ਦੇ ਦੈਂਤ ਨੇ ਸਹੂਲਤਾਂ ਦੀ ਆੜ ਹੇਠ ਦਰੱਖਤਾਂ ਨੂੰ ਅੰਨੇਵਾਹ ਕੱਟ ਕੇ ਵਾਤਾਵਰਨ ਵਿੱਚ ਆਕਸੀਜਨ ਦੀ ਘਾਟ ਅਤੇ ਜਹਿਰੀਲੀਆਂ ਗੈਸਾਂ ਦੀ ਬਹੁਤਾਤ ਲਈ ਵੱਡਾ ਯੋਗਦਾਨ ਪਾਇਆ ਹੈ।ਸਿੱਟੇ ਵਜੋਂ ਇਨਸਾਨ ਭਿਆਨਕ ਬਿਮਾਰੀਆਂ ਦਾ ਸ਼ਿਕਾਰ ਹੋ ਰਿਹਾ ਹੈ।ਇਸੇ ਕੜੀ ਤਹਿਤ
ਕੁਦਰਤ-ਮਾਨਵ ਲੋਕ ਲਹਿਰ ਪੰਜਾਬ ਅਤੇ ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਵੱਲੋਂ ਅਮ੍ਰਿੰਤਸਰ-ਦਿੱਲੀ-ਕਲੱਕਤਾ ਸਨਅਤੀ ਗਲਿਆਰਾ ਯੋਜਨਾ ਖਿਲਾਫ਼ ਆਰੰਭੀ ਯਾਤਰਾ ਅੱਜ ਸਵੇਰੇ ਇੱਥੇ ਪੁੱਜੀ ਅਤੇ ਮਾਤਾ ਗੁਜਰੀ ਕਾਲਜ ਫਤਹਿਗੜ੍ਹ ਸਾਹਿਬ ਦੇ ਗੇਟ ਅੱਗੇ ਲੋਕਾਂ ਅੰਦਰ ਜਾਗਰਤੀ ਪੈਦਾ ਕਰਨ ਲਈ ਹੱਥ ਪਰਚੇ ਵੰਡੇ ਨਾਲ ਹੀ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਫਤਹਿਗੜ੍ਹ ਸਾਹਿਬ ਅਤੇ ਰਾਜਪੁਰਾ ਸ਼ਹਿਰ ਵਿੱਚ ਵੀ ਸਨਅਤੀ ਗਲਿਆਰਾ ਦੇ ਵਿਰੋਧ ਦੇ ਪੇਫਲੈਟ (ਪੇਪਰ) ਵੰਡੇ ਗਏ। ਇਹ 21 ਮੈਂਬਰੀ ਕਮੇਟੀ ਜਨ ਚੇਤਨਾ ਮਾਰਚ 1 ਅਕਤੂਬਰ ਤੋਂ ਜਲਿਆਂਵਾਲਾ ਬਾਗ, ਅਮ੍ਰਿੰਤਸਰ ਤੋਂ ਸ਼ੁਰੂ ਹੋਈ ਸੀ। ਇਥੇ ਫਤਹਿਗੜ੍ਹ ਸਾਹਿਬ ਦੇ ਬਜ਼ਾਰ ਵਿੱਚ ਕਾਰਕੁਨਾਂ ਨੇ ਪਰਚੇ ਵੰਡੇ ਅਤੇ ਲੋਕਾਂ ਨਾਲ ਵਿਚਾਰ ਵਟਾਂਦਰਾ ਕੀਤਾ।
ਕੁਦਰਤ-ਮਾਨਵ ਕੇਂਦਰਿਤ ਲੋਕ ਲਹਿਰ ਦੀ ਕੌਮੀ ਕਮੇਟੀ ਦੇ ਆਗੂ ਗੁਰਦਰਸ਼ਨ ਸਿੰਘ ਖੱਟੜਾ ਨੇ ਦੱਸਿਆ ਕਿ ਅਮ੍ਰਿੰਤਸਰ-ਦਿੱਲੀ-ਕਲੱਕਤਾ ਸਨਅਤੀ ਗਲਿਆਰਾ ਯੋਜਨਾ ਨਾਲ ਪੰਜਾਬ, ਹਰਿਆਣਾ ਅਤੇ ਗੰਗਾ ਦੇ ਸਮੁੱਚੇ ਮੈਦਾਨੀ ਖੇਤਰ ਦੀ ਜਿਆਦਾਤਰ ਜ਼ਰਖੇਜ ਜ਼ਮੀਨ ਪ੍ਰਭਾਵਿਤ ਹੋਵੇਗੀ। ਲਗਭਗ 1839 ਕਿਲੋਮੀਟਰ ਲੰਮੇ ਇਸ ਸਨਅਤੀ ਕੋਰੀਡੋਰ ਦੇ ਦੋਵੇਂ ਪਾਸੇ 150-200ਕਿਲੋਮੀਟਰ ਤੱਕ ਦਾ ਰਕਬਾ ਸਨਅਤੀ ਗਲਿਆਰਾ ਦੇ ਹੇਠ ਆ ਜਾਵੇਗਾ। ਸ੍ਰੀ ਸੁਖਦੇਵ ਸਿੰਘ ਭੁਪਾਲ ਨੇ ਦੱਸਿਆ ਕਿ ਇਸ ਪ੍ਰਾਜੈਕਟ ਦਾ ਪਹਿਲਾ ਹਿੱਸਾ ਦਿੱਲੀ -ਮੁਬੰਈ -ਸਨਅਤੀ ਕੋਰੀਡੋਰ ਤੇ ਕੰਮ ਸ਼ੁਰੂ ਹੋ ਗਿਆ ਹੈ ਅਤੇ ਸਰਕਾਰ ਜਮਹੂਰੀ ਨੇਮਾਂ, ਕਾਨੂੰਨੀ ਉਪਬੰਦਾ ਅਤੇ ਜਨਤਕ ਪਾਰਦਰਸ਼ਤਾ ਦੇ ਅਸੂਲਾਂ ਨੂੰ ਛਿੱਕੇ ਤੇ ਟੰਗ ਕੇ ਇਸ ਯੋਜਨਾ ਨੂੰ ਅੱਗੇ ਵਧਾ ਰਹੀ ਹੈ। ਉਨ੍ਹਾਂ ਕਿਹਾ ਕਿ ਸਨਅਤੀ ਕੋਰੀਡੋਰ ਯੋਜਨਾ ਨਾਲ ਇਸ ਸਮੁੱਚੇ ਖੇਤਰ ਦੀ ਖੇਤੀਬਾੜੀ, ਕਾਰੋਬਾਰ ਤੇ ਹੋਰ ਸੇਵਾਵਾਂ ਵਿਸ਼ਵ ਕਾਰਪੋਰੇਟ ਕੰਪਨੀਆਂ ਦੇ ਸਮੂੰਹਾਂ ਅਤੇ ਭਾਈਵਾਲਾਂ ਦੇ ਹੱਥ ਵਿੱਚ ਚਲੀਆਂ ਜਾਣਗੀਆਂ।
ਉਨਾਂ ਸਮੂਹ ਲੋਕਾਂ ਪੱਖੀ ਧਿਰਾਂ ਅਤੇ ਕਿਸਾਨ, ਮਜਦੂਰਾਂ,ਵਪਾਰੀਆਂ, ਨੋਜਵਾਨਾਂ ਤੇ ਅੌਰਤਾਂ ਨੂੰ ਇਸ ਖਤਰੇ ਬਾਰੇ ਜਾਗਰੂਕ ਹੋ ਕੇ ਲਾਮਬੰਦ ਹੋਣ ਅਤੇ ਸਨਅਤੀ ਕੋਰੀਡੋਰ ਯੋਜਨਾ ਦਾ ਵਿਰੋਧ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਸ਼ੇਰ ਸਿੰਘ ਚੱਢਾ, ਜਗਪਾਲ ਸਿੰਘ ਊਧਾ, ਗੁਰਦਰਸ਼ਨ ਸਿੰਘ ਖੱਟੜਾ,ਗੁਰਬਖਸ਼ੀਸ਼ ਸਿੰਘ ਗੋਪੀ ਕੌਲ, ਅੈਨ. ਅੈਸ ਸੋਢੀ, ਗੁਰਦਿਆਲ ਸਿੰਘ ਸੀਤਲ, ਮਨਜੀਤ ਸਿੰਘ ਮਾਨ, ਜੁਗਰਾਜ ਸਿੰਘ ਰੱਲਾ, ਸੁਖਦੇਵ ਸਿੰਘ ਬਠਿੰਡਾ, ਅਵਤਾਰ ਸਿੰਘ ਅਗੇਤੀ, ਕੁਲਦੀਪ ਸਿੰਘ ਪਾਲੀਆ, ਸੁਖਜਿੰਦਰ ਸਿੰਘ ਕੌਲ, ਗੁਰਪ੍ਰੀਤ ਸਿੰਘ ਬਾਵਾ, ਕਰਮਜੀਤ ਸਿੰਘ ਆਦਿ ਹਾਜ਼ਰ ਸਨ।
ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ।