ਵਿਕਾਸ ਨਹੀਂ ਵਿਨਾਸ਼ ਮਾਡਲ - ਚੰਦ ਫਤਿਹਪੁਰੀ
ਸੱਤਾ ਵਿੱਚ ਆਉਣ ਤੋਂ ਪਹਿਲਾਂ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਗੁਜਰਾਤ ਵਿਕਾਸ ਮਾਡਲ ਦੇ ਸੁਨਹਿਰੀ ਸੁਫ਼ਨੇ ਦਿਖਾਏ ਸਨ । ਹਕੀਕਤ ਵਿੱਚ ਇਹ ਵਿਕਾਸ ਮਾਡਲ ਨਹੀਂ, ਵਿਨਾਸ਼ ਮਾਡਲ ਸੀ । ਇਸ ਦੇ ਦੋ ਹੀ ਨਿਸ਼ਾਨੇ ਸਨ, ਇੱਕ ਅਜਿਹੀਆਂ ਯੋਜਨਾਵਾਂ ਤਿਆਰ ਕੀਤੀਆਂ ਜਾਣ ਜਿਨ੍ਹਾਂ ਨਾਲ ਹਿੰਦੂਤਵੀ ਧਾਰਮਿਕ ਕੱਟੜਤਾ ਵਧੇ-ਫੁਲੇ ਤੇ ਫਿਰਕੂ ਵੰਡ ਤਿੱਖੀ ਹੋਵੇ ਤੇ ਦੂਜਾ, ਕਾਰਪੋਰੇਟਾਂ ਲਈ ਰਾਹ ਚੌੜੇ ਕੀਤੇ ਜਾਣ ਤਾਂ ਜੋ ਉਹ ਦੇਸ਼ ਦੀ ਸਮੁੱਚੀ ਸੰਪਤੀ ਨੂੰ ਦੋਹੀਂ ਹੱਥੀਂ ਲੁੱਟ ਸਕਣ ।
ਇਸੇ ਗੁਜਰਾਤੀ ਵਿਨਾਸ਼ ਦਾ ਨਤੀਜਾ ਅੱਜ ਜੋਸ਼ੀ ਮੱਠ ਭੁਗਤ ਰਿਹਾ ਹੈ । ਜੋਸ਼ੀ ਮੱਠ ਦੇ 600 ਤੋਂ ਵੱਧ ਘਰਾਂ ਨੂੰ ਖਾਲੀ ਕਰਾ ਲਿਆ ਗਿਆ ਹੈ । ਜੋਸ਼ੀ ਮੱਠ ਦੇ ਲੋਕ ਪੀੜ੍ਹੀਆਂ ਤੋਂ ਬਣਾਏ ਆਪਣੇ ਆਸ਼ਿਆਨਿਆਂ ਦੇ ਜ਼ਮੀਨਦੋਜ਼ ਹੋਣ ਦੀ ਉਡੀਕ ਵਿੱਚ ਪਲ-ਪਲ ਮਰ ਰਹੇ ਹਨ । ਮੋਦੀ ਸਰਕਾਰ ਨੇ ਉੱਤਰਾਖੰਡ ਲਈ ਦੋ ਯੋਜਨਾਵਾਂ ‘ਤੇ ਤੇਜ਼ੀ ਨਾਲ ਕੰਮ ਸ਼ੁਰੂ ਕੀਤਾ ਸੀ । ਇੱਕ, ਹਰ ਮੌਸਮੀ ਚਾਰ ਮਾਰਗੀ ਸੜਕ (ਆਲ ਵੈਦਰ ਰੋਡ), ਜਿਹੜੀ 889 ਕਿਲੋਮੀਟਰ ਲੰਮੀ ਹੈ ਤੇ ਇਸ ਦਾ ਤਿੰਨ-ਚੌਥਾਈ ਹਿੱਸਾ ਬਣ ਚੁੱਕਾ ਹੈ । ਦੂਜੀ, ਤਪੋਵਨ ਤੋਂ ਵਿਸ਼ਣੂਗੜ੍ਹ ਵਿਚਕਾਰ 12 ਕਿਲੋਮੀਟਰ ਲੰਮੀ ਸੁਰੰਗ, ਜਿਸ ਰਾਹੀਂ ਧੌਲੀ ਗੰਗਾ ਦਾ ਪਾਣੀ ਸੇਲੰਗ ਪਾਵਰ ਹਾਊਸ ਤੱਕ ਬਿਜਲੀ ਬਣਾਉਣ ਲਈ ਲਿਆਂਦਾ ਜਾਣਾ ਹੈ । ਇਹ ਸੁਰੰਗ ਉਸੇ ਪਹਾੜ ਦੇ ਵਿੱਚੋਂ ਲੰਘ ਰਹੀ ਹੈ, ਜਿਸ ਦੇ ਨਾਲ ਵਸਿਆ ਹੋਇਆ ਹੈ ਜੋਸ਼ੀਮੱਠ । ਹਰ ਮੌਸਮੀ ਚਾਰ ਮਾਰਗੀ ਸੜਕ ਦਾ ਮੁੱਖ ਮਕਸਦ ਜੋਸ਼ੀ ਮੱਠ, ਬਦਰੀਨਾਥ, ਕੇਦਾਰਨਾਥ ਦੇ ਹੇਮਕੁੰਟ ਸਮੇਤ ਵੱਖ-ਵੱਖ ਧਾਰਮਿਕ ਸਥਲਾਂ ਦੀ ਸੈਰ ਸਪਾਟੇ ਤੇ ਸ਼ਰਧਾਲੂਆਂ ਨੂੰ ਨਫ਼ਰਤੀ ਟੀਕੇ ਲਾਉਣ ਲਈ ਵਰਤੋਂ ਸੌਖਾਲੀ ਕਰਨਾ ਹੈ । ਇਸ ਚਾਰ ਮਾਰਗੀ ਸੜਕ ਦਾ ਨਰਿੰਦਰ ਮੋਦੀ ਨੇ 2016 ਵਿੱਚ ਉਦਘਾਟਨ ਕੀਤਾ ਸੀ । ਉਦੋਂ ਤੋਂ ਲੈ ਕੇ ਹੁਣ ਤੱਕ ਧੰਨਾ ਸੇਠਾਂ ਨੇ ਇਸ ਇਲਾਕੇ ਵੱਲ ਵਹੀਰਾਂ ਘੱਤ ਲਈਆਂ ਸਨ । ਵੱਡੇ-ਵੱਡੇ ਹੋਟਲ ਤੇ ਮਾਲ ਉਸਾਰ ਲਏ ਸਨ ।
ਇਹ ਵਿਕਾਸ ਨਾਂਅ ਦਾ ਬੁਲਡੋਜ਼ਰ ਲਗਾਤਾਰ ਚਲਦਾ ਰਿਹਾ । ਇਸ ਗੱਲ ਦੀ ਪਰਵਾਹ ਨਾ ਕੀਤੀ ਗਈ ਕਿ ਭੂ-ਗਰਭ ਵਿਗਿਆਨੀ ਇਸ ਏਰੀਏ ਦੇ ਨਾਜ਼ਕ ਹੋਣ ਤੇ ਧਸ ਜਾਣ ਬਾਰੇ ਲਗਾਤਾਰ ਚੇਤਾਵਨੀਆਂ ਦਿੰਦੇ ਰਹੇ ਸਨ ।
ਵਾਤਾਵਰਣ ਪ੍ਰੇਮੀ ਵੀ ਲਗਾਤਾਰ ਜੱਦੋ-ਜਹਿਦ ਕਰਦੇ ਰਹੇ ਸਨ, ਪ੍ਰੰਤੂ ਉਨ੍ਹਾਂ ਨੂੰ ਵਿਕਾਸ ਵਿਰੋਧੀ ਤੇ ਅਰਬਨ ਨਕਸਲ ਕਹਿ ਕੇ ਉਨ੍ਹਾਂ ਦਾ ਮਜ਼ਾਕ ਉਡਾਇਆ ਜਾਂਦਾ ਰਿਹਾ ।
ਲੋਕ ਇਸ ਤਬਾਹੀ ਲਈ ਪਹਾੜ ਹੇਠ ਬਣਾਈ ਜਾ ਰਹੀ ਸੁਰੰਗ ਨੂੰ ਵੀ ਜ਼ਿੰਮੇਵਾਰ ਮੰਨ ਰਹੇ ਹਨ । ਇਹ ਉਹੋ ਸੁਰੰਗ ਹੈ, ਜਿਸ ਵਿੱਚ ਕੰਮ ਕਰਦੇ 150 ਮਜ਼ਦੂਰ ਫਰਵਰੀ 2021 ਵਿੱਚ ਹੋਏ ਇੱਕ ਹਾਦਸੇ ਦੌਰਾਨ ਧਰਤੀ ਵਿੱਚ ਦਫਨ ਹੋ ਗਏ ਸਨ ।
ਕੁਮਾਊ ਯੂਨੀਵਰਸਿਟੀ ਦੇ ਭੂ-ਵਿਗਿਆਨ ਪ੍ਰੋ. ਡਾ. ਬਹਾਦਰ ਸਿੰਘ ਦਾ ਕਹਿਣਾ ਹੈ ਕਿ ਅਸੀਂ ਦੋ ਦਹਾਕਿਆਂ ਤੋਂ ਸਰਕਾਰਾਂ ਨੂੰ ਚੇਤਾਵਨੀਆਂ ਦਿੰਦੇ ਆ ਰਹੇ ਹਾਂ, ਪਰ ਸਰਕਾਰਾਂ ਨਜ਼ਰ-ਅੰਦਾਜ਼ ਕਰਦੀਆਂ ਆ ਰਹੀਆਂ ਹਨ । ਇਹ ਪਾਗਲ ਵਿਕਾਸ ਦੀ ਸਨਕ ਹੈ, ਜਿਸ ਰਾਹੀਂ ਇਸ ਮੂਲ ਸਵਾਲ ਨੂੰ ਵੀ ਅਣਦੇਖਿਆ ਕਰ ਦਿੱਤਾ ਗਿਆ ਕਿ ਇਹ ਭੁਚਾਲ ਵਾਲਾ ਖੇਤਰ ਹੈ ਤੇ ਜੋਸ਼ੀ ਮੱਠ ਗਲੇਸ਼ੀਅਰ ਉਤੇ ਬਣਿਆ ਹੋਇਆ ਸ਼ਹਿਰ ਹੈ ।
ਡਾ. ਬਹਾਦਰ ਸਿੰਘ ਦਾ ਕਹਿਣਾ ਹੈ ਕਿ ਇਹ ਤਬਾਹੀ ਸਿਰਫ਼ ਜੋਸ਼ੀ ਮੱਠ ਤੱਕ ਹੀ ਸੀਮਤ ਨਹੀਂ ਰਹੇਗੀ, ਸਗੋਂ ਹੋਰ ਸ਼ਹਿਰ ਵੀ ਇਸ ਦੀ ਲਪੇਟ ਵਿੱਚ ਆਉਣਗੇ । ਸੜਕਾਂ ਤੇ ਸੁਰੰਗਾਂ ਬਣਾਉਣ ਲਈ ਕੀਤੇ ਜਾਂਦੇ ਵਿਸਫੋਟਾਂ ਨੇ ਪਰਬਤਾਂ ਨੂੰ ਕਮਜ਼ੋਰ ਕਰ ਦਿੱਤਾ ਹੈ । ਚਾਰ ਮਾਰਗੀ ਸੜਕਾਂ ਉਤੇ ਜਦੋਂ ਭਾਰੇ ਵਾਹਨ ਚੱਲਣਗੇ ਤਾਂ ਉਨ੍ਹਾਂ ਵੱਲੋਂ ਪੈਦਾ ਕੀਤੀ ਥਰਥਰਾਹਟ ਪਹਾੜਾਂ ਅੰਦਰ ਹਲਚਲ ਪੈਦਾ ਕਰੇਗੀ | ਜੋਸ਼ੀ ਮੱਠ ਦੀ ਤਰਾਸਦੀ ਤੋਂ ਉੱਤਰਾਖੰਡ ਦੇ ਬਾਕੀ ਸ਼ਹਿਰਾਂ ਤੇ ਪਿੰਡਾਂ ਦੇ ਲੋਕ ਚੌਕਸ ਹੋ ਗਏ ਹਨ । ਗੜ੍ਹਵਾਲ ਤੇ ਕੁਮਾਊ ਮੰਡਲਾਂ ਦੇ ਕਈ ਹਿੱਸੇ ਅਜਿਹੀ ਹੀ ਹੋਣੀ ਵੱਲ ਵਧ ਰਹੇ ਹਨ । ਰਿਸ਼ੀਕੇਸ਼ ਤੇ ਕਰਣ ਪ੍ਰਯਾਗ ਵਿਚਕਾਰ ਰੇਲਵੇ ਲਾਈਨ ਲਈ ਬਣਾਈ ਜਾ ਰਹੀ ਸੁਰੰਗ ਕਾਰਣ ਟੀਹਰੀ ਜ਼ਿਲ੍ਹੇ ਦੇ ਅਟਾਲੀ ਪਿੰਡ ਦੇ ਮਕਾਨਾਂ ਤੇ ਖੇਤਾਂ ਵਿੱਚ ਦਰਾੜਾਂ ਆ ਗਈਆਂ ਹਨ । ਉੱਤਰਾਖੰਡ ਦਾ ਮਸ਼ਹੂਰ ਸ਼ਹਿਰ ਨੈਨੀਤਾਲ ਵੀ ਖਤਰੇ ਵਿੱਚ ਆ ਚੁੱਕਾ ਹੈ । ਇੱਥੇ ਇੱਕ ਦਰਜਨ ਤੋਂ ਵੱਧ ਥਾਵਾਂ ‘ਤੇ 6-6 ਇੰਚ ਚੌੜੀਆਂ ਦਰਾੜਾਂ ਪੈ ਗਈਆਂ ਹਨ ।
ਕੱਲ ਤੱਕ ਹਿੰਦੂ ਲੋਕ ਮੁਸਲਮਾਨਾਂ ਵਿਰੋਧੀ ਭਾਵਨਾਵਾਂ ਨੂੰ ਹੀ ਵਿਕਾਸ ਮੰਨ ਰਹੇ ਸਨ । ਅੱਜ ਜੋਸ਼ੀ ਮੱਠ ਦੀ ਤਰਾਸਦੀ ਨੂੰ 99 ਫ਼ੀਸਦੀ ਹਿੰਦੂ ਹੀ ਭੁਗਤ ਰਹੇ ਹਨ । ਸਾਨੂੰ ਯਾਦ ਰੱਖਣਾ ਚਾਹੀਦਾ ਕਿ ਫਿਰਕੂ ਤੇ ਧਾਰਮਿਕ ਕੱਟੜਤਾ ਦੇ ਥੰਮ੍ਹਾਂ ਉੱਤੇ ਖੜ੍ਹੀ ਰਾਜਨੀਤੀ ਸਿਰਫ਼ ਮਨੁੱਖੀ ਸਮਾਜ ਦੇ ਵਿਵੇਕ, ਸਹਿਣਸ਼ੀਲਤਾ ਤੇ ਆਪਸੀ ਸਦਭਾਵਨਾ ਨੂੰ ਹੀ ਤਬਾਹ ਨਹੀਂ ਕਰਦੀ ਸਗੋਂ ਮਾਨਵ ਸਮਾਜ ਦੇ ਕੁਦਰਤ ਨਾਲ ਰਿਸ਼ਤਿਆਂ ਨੂੰ ਵੀ ਖੇਰੂੰ-ਖੇਰੂੰ ਕਰ ਦਿੰਦੀ ਹੈ। ਇਸ ਦਾ ਖਮਿਆਜ਼ਾ ਆਉਣ ਵਾਲੀਆਂ ਪੀੜ੍ਹੀਆਂ ਨੂੰ ਵੀ ਭੁਗਤਣਾ ਪੈਂਦਾ ਹੈ ।