ਭਾਈ ਵੀਰ ਸਿੰਘ ਦੀ ਅਸਲੀਅਤ - ਗੁਰਚਰਨ ਸਿੰਘ (ਜਿਉਣ ਵਾਲਾ)
ਸੰਤ ਕਵੀ ਦੇ ਨਾਮ ਨਾਲ ਜਾਣੇ ਜਾਂਦੇ ਭਾਈ ਵੀਰ ਸਿੰਘ ਦੀ ਅਸਲੀਅਤ ਤਾਂ ਕੁੱਝ ਹੋਰ ਹੀ ਹੈ। 1987 ਵਿਚ ਜਦੋਂ ਮੈਂ ਦਿੱਲੀ ਰਹਿਣਾ ਸ਼ੁਰੂ ਕੀਤਾ ਤਾਂ ਬੰਗਲਾ ਸਾਹਿਬ ਗੁਰਦੁਆਰਾ ਵਿਚੋਂ ਬਾਹਰ ਆਉਂਦੇ ਸਮੇਂ ਮੇਰੀ ਨਜ਼ਰ ‘ਭਾਈ ਵੀਰ ਸਿੰਘ ਰੋਡ’ ਦੇ ਬੋਰਡ ਤੇ ਪਈ। ਮੇਰਾ ਦਫਤਰ ਭਾਈ ਵੀਰ ਸਿੰਘ ਸਦਨ ਦੇ ਬਿਲਕੁਲ ਨਜ਼ਦੀਕ ਸੀ ਇਸ ਕਰਕੇ ਇਹ ਫੁਰਨਾ ਮਨ ਵਿਚ ਆਇਆ ਕਿ ਪਤਾ ਕਰੀਏ ਕਿ ਭਾਈ ਵੀਰ ਸਿੰਘ ਜੀ ਕੌਣ ਸਨ?
ਇਕ ਦਿਨ ਬੰਗਲਾ ਸਾਹਿਬ ਗੁਰਦੁਆਰੇ ਗਿਆ ਤਾਂ ਸਿੱਖ ਰਹਿਤ ਮਰਯਾਦਾ ਹੱਥ ਲੱਗੀ । ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਗੁਰਦੁਆਰਿਆਂ ਵਿਚ ਗੁਰ-ਮਰਯਾਦਾ ਨੂੰ ਠੀਕ ਤਰ੍ਹਾਂ ਲਾਗੂ ਕਰਨ ਹਿੱਤ, ਸਿੱਖ ਰਹਿਤ ਮਰਯਾਦਾ ਦਾ ਇਕ ਖਰੜਾ ਤਿਆਰ ਕਰਨ ਲਈ, ਇਕ ਸਬ-ਕਮੇਟੀ ਬਣਾਈ ਸੀ ਜਿਸਦੇ ਮੈਂਬਰਾਂ ਦੀ ਲਿਸਟ ਵਿਚ ਭਾਈ ਵੀਰ ਸਿੰਘ ਜੀ ਦਾ ਨਾਮ ਗਿਆਰਵੇਂ ਸਥਾਨ ਤੇ ਦਰਜ ਵੇਖ ਕੇ ਮੇਰੇ ਮਨ ਵਿਚ ਹੋਰ ਉੱਤਸੁਕਤਾ ਜਾਗ ਪਈ ਕਿ ਭਾਈ ਵੀਰ ਸਿੰਘ ਜੀ ਕੌਣ ਸਨ ਅਤੇ ਉਨ੍ਹਾਂ ਬਾਰੇ ਪਤਾ ਕੀਤਾ ਜਾਵੇ? ਸਿੱਖੀ ਨੂੰ ਸਮਰਪਤ ਸਿੱਖਾਂ ਨਾਲ ਗੱਲਬਾਤ ਕਰਨ ਉਪਰੰਤ ਅਤੇ ਘੋਖ ਪੜਤਾਲ ਕਰਨ ਤੋਂ ਬਾਅਦ ਨਤੀਜਾ ਇਹ ਨਿਕਲਿਆ ਕਿ ਭਾਈ ਵੀਰ ਸਿੰਘ ਦੀ ਸ਼ਖਸੀਅਤ ਸਾਫ-ਸੁਥਰੀ ਨਹੀਂ ਸੀ, ਸਗੋਂ ਉਹ ਸਿੱਖਾਂ ਵਿਚ ਘੁਸਪੈਠੀਏ ਸਨ।ਕਿਵੇਂ?
1. ਸਿੱਖ ਦੀ ਤਾਰੀਫ ਵਿਚ “ਸ੍ਰੀ ਗੁਰੂ ਗ੍ਰੰਥ ਸਾਹਿਬ ਅਤੇ ਦਸ ਗੁਰੂ ਸਹਿਬਾਨ ਦੀ ਬਾਣੀ ਤੇ ਨਿਸ਼ਚਾ ਰੱਖਦਾ ਹੋਵੇ ਉਹ ਸਿੱਖ ਹੈ” ਦਰਜ ਕਰਾਉਣ ਵਾਲਾ ਭਾਈ ਵੀਰ ਸਿੰਘ ਹੈ। ਜਦੋਂ ਸਾਨੂੰ ਸਪੱਸ਼ਟ ਰੂਪ ਵਿਚ ਇਹ ਪਤਾ ਹੈ ਕਿ ਛੇਵੇਂ, ਸੱਤਵੇਂ ਅਤੇ ਅੱਠਵੇਂ ਗੁਰੂ ਸਹਿਬਾਨ ਦੀ ਕੋਈ ਬਾਣੀ ਨਹੀਂ ਮਿਲਦੀ ਤਾਂ ਫਿਰ ਇਹ ਲਿਖ ਦੇਣਾ ਕਿ ਦਸ ਗੁਰੂ ਸਹਿਬਾਨ ਦੀ ਬਾਣੀ ਨੂੰ ਮੰਨਣ ਵਾਲਾ ਸਿੱਖ ਹੈ, ਠੀਕ ਨਹੀਂ ਸਗੋਂ ਗਲਤ ਹੈ। ਦਸਮ ਗ੍ਰੰਥ (ਜੋ ਅੱਜ ਸਿੱਖਾਂ ਦੇ ਗਲੇ ਦੀ ਹੱਡੀ ਬਣਿਆ ਹੋਇਆ ਹੈ, ਹੱਥ ਦੇ ਨਸੂਰ ਵਾਂਗੂ ਤੇ ਕਣਕ ਦੇ ਘੁਣ ਵਾਂਗੂ ਸਿੱਖੀ ਨੂੰ ਖਾਈ ਜਾ ਰਿਹਾ ਹੈ) ਨੂੰ ਸਾਡੇ ਗਲ ਮੜਨ ਵਾਲਾ ਹੋਰ ਕੋਈ ਨਹੀਂ, ਸਗੋਂ ਇਹ ਕਰਾਮਾਤ ਭਾਈ ਵੀਰ ਸਿੰਘ ਤੋਂ ਬਗੈਰ ਹੋਰ ਕੋਈ ਕਰ ਹੀ ਨਹੀਂ ਸਕਦਾ।
2. ਨਿੱਤਨੇਮ ਦੀਆਂ ਪੰਜ ਬਾਣੀਆਂ, ਗੁਰੂ ਗ੍ਰੰਥ ਸਾਹਿਬ ਵਿਚੋਂ ਜਪੁ ਜੀ ਅਤੇ ਅਨੰਦ ਸਾਹਿਬ ਪਰ ਦਸਮ ਗ੍ਰੰਥ, ਜਿਸ ਦੇ ਕਰਤੇ ਦਾ ਕੋਈ ਪਤਾ ਨਹੀਂ, ਵਿਚੋਂ ਤਿੰਨ ਬਾਣੀਆਂ ਜਾਪੁ, ਸਵੱਯਏ ਅਤੇ ਚੌਪਈ ਨਿਸਚਤ ਕਰਨ ਵਾਲਾ ਵੀ ਭਾਈ ਵੀਰ ਸਿੰਘ ਹੀ ਹਨ। ਸਿੱਖ ਰਹਿਤ ਮਰਯਾਦਾ, ਜੋ 1942-45 ਵਿਚ ਲਾਗੂ ਹੋਈ ਸੀ, ਤੋਂ ਪਹਿਲਾਂ ਦਾ ਕੋਈ ਵੀ ਸਬੂਤ ਨਹੀਂ ਮਿਲਦਾ, ਕਿ ਗੁਰੂ ਗੋਬਿੰਦ ਸਿੰਘ ਜੀ ਵੇਲੇ ਅੰਮ੍ਰਿਤ ਤਿਆਰ ਕਰਨ ਵੇਲੇ ਕਿਹੜੀਆਂ ਪੰਜ ਬਾਣੀਆਂ ਪੜ੍ਹੀਆਂ ਗਈਆਂ ਸਨ ਅਤੇ ਨਿਤਨੇਮ ਕੀ ਸੀ? ਪਹਿਲੋ-ਪਹਿਲ ਕੇਸਰ ਸਿੰਘ ਛਿਬਰ ਨੇ ਜਪੁ ਅਤੇ ਅਨੰਦ ਬਾਣੀ ਪੜ੍ਹ ਕੇ ਖੰਡੇ-ਬਾਟੇ ਦੀ ਪਾਹੁਲ ਤਿਆਰ ਕਰਨ ਦਾ ਜ਼ਿਕਰ ਕੀਤਾ। ਉਸ ਤੋਂ ਬਾਅਦ ਮੁਨਸ਼ੀ ਖੁਸ਼ਵਕਤ ਰਾਇ ਨੇ ਪੰਜ ਸਵੈਯੀਆਂ ਦਾ ਜ਼ਿਕਰ ਕੀਤਾ(ਪਰ ਕਿਹੜੇ)। ਰਾਜ ਕਵੀ ਭਾਈ ਸੰਤੋਖ ਸਿੰਘ ਨੇ ਇਨ੍ਹਾਂ ਦੋਹਾਂ ਲਿਖਾਰੀਆਂ ਦੀਆਂ ਲਿਖਤਾਂ ਮੁਤਾਬਕ ਆਪਣੇ ਗ੍ਰੰਥ “ਗੁਰ ਪ੍ਰਤਾਪ ਸੂਰਜ” ਵਿਚ ਜਪੁ ਜੀ, ਅਨੰਦ ਸਾਹਿਬ, ਅਤੇ ਪੰਜ ਸਵੈਯੀਆਂ ਨੂੰ ਜੋੜ ਦਿੱਤਾ, ਜੋ ਬਾਅਦ ਵਿਚ ਨਿਰਮਲੇ ਸੰਤ ਭੂਪ ਸਿੰਘ ਮੁਤਾਬਕ ਅੱਜ ਵਾਲੀਆਂ ਪੰਜ ਬਾਣੀਆਂ ਬਣ ਗਈਆਂ (ਹਵਾਲਾ ਪ੍ਰੇਮ ਸੁਮਾਰਗ ਗ੍ਰੰਥ ਰੀਸਰਚ ਸਕਾਲਰ ਭਾਈ ਰਣਧੀਰ ਸਿੰਘ)। ਗੁਰੂ ਅਰਜਨ ਪਾਤਸ਼ਾਹ ਮੁਤਾਬਕ ਤਾਂ ਗੁਰੂ ਗ੍ਰੰਥ ਸਾਹਿਬ ਦੇ ਮੁੱਢਲੇ 13 ਪੰਨੇ ਹੀ ਸਿੱਖ ਦੀ ਨਿੱਤਨੇਮ ਦੀ ਬਾਣੀ ਹੈ। ਸਿੱਖੋ ਕੁੱਝ ਹੋਸ਼ ਕਰੋ! ਪੰਜਾਂ ਬਾਣੀਆਂ ਵਿਚੋਂ ਤਿੰਨ ਬਾਣੀਆਂ ਤਾਂ ਦਸਮ ਗ੍ਰੰਥ ਵਿਚੋਂ ਹਨ ਜਿਨ੍ਹਾਂ ਦੇ ਲਿਖਾਰੀਆਂ ਦੇ ਨਾਮ ਹਨ: ਰਾਮ, ਸ਼ਾਮ, ਸਿਯਾਮ, ਕਲ, ਆਤਮਾ ਰਾਮ ਅਤੇ ਬੁੱਧ। ਇਹ ਸਿਰਫ ਅਖੌਤੀ ਨਾਮ ਹਨ ਅਸਲ ਲਿਖਾਰੀ ਕੋਈ ਹੋਰ ਹਨ। ‘ਨਿਤਨੇਮ’ ਦਾ ਮਤਲਬ ਇਹ ਨਹੀਂ ਕਿ ਇਹੋ ਪੰਜ ਬਾਣੀਆਂ ਹੀ ਹਰ ਰੋਜ਼ ਪੜ੍ਹਨੀਆਂ ਹਨ ਸਗੋਂ ‘ਨਿਤਨੇਮ’ ਦਾ ਮਤਲਬ ਹੈ ਹਰ ਰੋਜ਼ ਬਾਣੀ ਪੜ੍ਹਨੀ, ਗੁਰਬਾਣੀ ਭਾਂਵੇਂ ਕੋਈ ਵੀ ਹੋਵੇ। ਇਸੇ ਕਰਕੇ ਹੀ ਤਾਂ ਅਸੀਂ ਅੱਜ ਗੁਰੂ ਗ੍ਰੰਥ ਸਾਹਿਬ ਨਾਲੋਂ ਟੁੱਟ ਚੁੱਕੇ ਹਾਂ, ਕਿਉਂਕਿ ਪੰਜ ਬਾਣੀਆਂ ਪੜ੍ਹਨ ਵਾਸਤੇ ਤਾਂ ਸਾਡੇ ਕੋਲ ਸਮਾਂ ਹੀ ਨਹੀਂ ਤੇ ਗੁਰੂ ਗ੍ਰੰਥ ਸਾਹਿਬ ਨੂੰ ਕਦੋਂ ਪੜ੍ਹਨਾ ਹੋਇਆ?
3. ਭੋਗ ਦੇ ਸਿਰਲੇਖ ਹੇਠਾਂ: ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਪਾਠ (ਸਾਧਾਰਨ ਜਾਂ ਅਖੰਡ) ਦਾ ਭੋਗ ਮੁੰਦਾਵਣੀ ਉਤੇ ਪਾਇਆ ਜਾਵੇ ਇਹ ਮਤਾ ਸ਼੍ਰੋ. ਗੁ. ਪ੍ਰ. ਕਮੇਟੀ ਨੇ 1936 ਵਿਚ ਪਾਸ ਕੀਤਾ ਅਤੇ ਰਾਗਮਾਲਾ ਦਾ ਟੈਂਟਾ ਵੱਢਿਆ। ਅੱਜ ਵੀ ਅਕਾਲ-ਤਖਤ ਸਾਹਿਬ ਤੇ ਰਾਗਮਾਲਾ ਨਹੀਂ ਪੜ੍ਹੀ ਜਾਂਦੀ, ਪਰ ਦਰਬਾਰ ਸਾਹਿਬ ਦੇ ਕੰਟਰੋਲ ਹੇਠਾਂ ਚੱਲ ਰਹੇ ਅਖੰਡ-ਪਾਠਾਂ ਦੇ ਭੋਗ ਤੇ ਰਾਗਮਾਲਾ ਪੜ੍ਹੀ ਜਾਂਦੀ ਹੈ। ਸਿੱਖ ਸਿਧਾਂਤ ਇਕ ਹੈ ਤੇ ਦੋਗਲੀ ਨੀਤੀ ਨੂੰ ਕੋਈ ਥਾਂ ਨਹੀਂ। ਪਰ ਭਾਈ ਵੀਰ ਸਿੰਘ ਜੀ ਆਪਣੀ ਵਜ਼ੀਰ ਹਿੰਦ ਪ੍ਰੈਸ ਵਿਚ 250 ਕੁ ਦੇ ਕਰੀਬ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੀੜਾਂ ਛਾਪ ਕੇ ਬੈਠੇ ਹੋਏ ਸਨ ਇਸ ਕਰਕੇ 1945 ਵਿਚ ਰਾਜਸੀ ਦਬਾਓ ਪੈਣ ਕਰਕੇ ਪਹਿਲਾ ਫੈਸਲਾ ਬਦਲ ਕੇ ਇਹ ਲਿਖ ਦਿੱਤਾ ਗਿਆ ਕਿ ਭੋਗ ਪ੍ਰਚੱਲਤ ਸਥਿੱਤੀ (ਰਾਗਮਾਲ ਪੜ੍ਹਕੇ ਜਾਂ ਰਾਗਮਾਲਾ ਪੜ੍ਹਨ ਤੋਂ ਬਗੈਰ) ਮੁਤਾਬਕ ਪਾਇਆ ਜਾਵੇ। ਇਸ ਗੱਲ ਬਾਬਤ ਪੰਥ ਵਿਚ ਅਜੇ ਤਕ ਮੱਤਭੇਦ ਹੈ ਅਤੇ ਇਸ ਕਰਕੇ ਰਾਗਮਾਲਾ ਤੋਂ ਬਿਨਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੀੜ ਲਿਖਣ ਜਾਂ ਛਾਪਣ ਦਾ ਕੋਈ ਹੀਆ ਨਾ ਕਰੇ। ਭਾਈ ਵੀਰ ਸਿੰਘ ਸਿੱਖ ਰਹਿਤ ਮਰਯਾਦਾ ਵਿਚ ਇਹ ਸਤਰਾਂ ਪਾਉਣ ਵਿਚ ਸਫਲ ਹੋ ਗਏ। ਆਪ ਇਸ ਸੰਸਾਰ ਤੋਂ ਕੂਚ ਕਰ ਗਏ ਪਰ ਰਾਗਮਾਲਾ ਨੂੰ ਪੰਥ ਦੇ ਗਲੇ ਦੀ ਹੱਡੀ ਬਣਾ ਗਏ ਜਿਹੜੀ ਸ਼ਾਇਦ ਹੀ ਕਦੇ ਨਿਕਲੇ।
4. ਅਰਦਾਸ ਵਾਰ ਦੁਰਗਾ ਦੀ ਪਹਿਲੀ ਪਉੜੀ ਨਾਲ ਸ਼ੁਰੂਆਤ ਕਰਨ ਵਿਚ ਵੀ ਪੜ੍ਹੇ-ਲਿਖੇ ਭਾਈ ਵੀਰ ਸਿੰਘ ਜੀ ਦਾ ਹੱਥ ਹੈ ਜੋ ਗੁਰਮਤਿ ਮੁਤਾਬਕ ਨਹੀਂ, ਸਗੋਂ ਵਿਪਰੀਤ ਹੈ।
5. ਭਾਈ ਵੀਰ ਸਿੰਘ ਜੀ ਦੇ ਚਲਾਣਾ ਕਰਨ ਉਪਰੰਤ ਇਨ੍ਹਾਂ ਦੀ ਵਜ਼ੀਰ ਹਿੰਦ ਪ੍ਰੈਸ ਵਿਚੋਂ 155 ਹੱਥ ਲਿਖਤ ਖਰੜੇ ਮਿਲੇ ਹਨ, ਜੋ ਭਾਈ ਜੀ ਨੇ ਨਾ ਤਾਂ ਛਾਪੇ ਅਤੇ ਨਾ ਹੀ ਇਨ੍ਹਾਂ ਲਿਖਤਾਂ ਦੇ ਲਿਖਾਰੀਆਂ ਨੂੰ ਇਹ ਖਰੜੇ ਵਾਪਸ ਕੀਤੇ। ਇਸ ਬਾਰੇ ਕੁੱਝ ਕਹਿਣ ਤੋਂ ਪਹਿਲਾਂ ਸਾਨੂੰ ਭਾਈ ਜੀ ਦੇ ਨਾਮ ਨਾਲੋਂ ਸੰਤ ਕਵੀ ਵਿਸ਼ੇਸ਼ਣ ਨੂੰ ਜ਼ਰੂਰ ਹਟਾ ਲੈਣਾ ਚਾਹੀਦਾ ਹੈ।
6. ਗਿਆਨੀ ਗਿਆਨ ਸਿੰਘ ਜੀ ਦੀਆਂ ਲਿਖਤਾਂ ਚੋਰੀ ਕਰਨ ਵਾਲੇ ਭਾਈ ਵੀਰ ਸਿੰਘ, ਚੋਰ/ਸਾਧ/ ਸੰਤ ਕਵੀ ਹੋ ਸਕਦੇ ਹਨ, ਬਾਰੇ ਤਾਂ ਆਪਾਂ ਗਿਆਨੀ ਜੀ ਦੀ ਹੱਥ ਲਿਖਤ ਰਾਹੀਂ ਹੀ ਸਮਝ ਗਏ ਹਾਂ।
7. ਧਨੀ ਰਾਮ ਚਾਤ੍ਰਿਕ ਜੀ ਪਹਿਲਾਂ ਵਜ਼ੀਰ ਹਿੰਦ ਪ੍ਰੈਸ ਤੇ ਹੀ ਕੰਮ ਕਰਦੇ ਸਨ। ਜਦੋਂ ਭਾਈ ਵੀਰ ਸਿੰਘ ਜੀ ਨੇ ਧਨੀਰਾਮ ਜੀ ਦੀਆਂ ਕਵਿਤਾਵਾਂ ਆਪਣੇ ਨਾਮ ਥੱਲੇ ਹੀ ਛਾਪ ਦਿੱਤੀਆਂ ਤਾਂ ਧਨੀ ਰਾਮ ਚਾਤ੍ਰਿਕ ਜੀ ਇਨ੍ਹਾਂ ਨੂੰ ਛੱਡ ਕੇ ਵੱਖ ਹੋ ਗਏ ਤੇ ਉਨ੍ਹਾਂ ਨੇ ਆਪਣੀ ਪ੍ਰੈਸ ਅਲੱਗ ਲਗਾ ਲਈ।
8. ਹੇਮਕੁੰਟ ਨੂੰ ਸਿੱਖਾਂ ਦੇ ਗਲ ਮੜ੍ਹਨ ਵਾਲੇ ਵੀ ਇਹੀ ਭਾਈ ਵੀਰ ਸਿੰਘ ਹਨ। ਆਪਣੀਆਂ ਲਿਖਤਾਂ ਵਿਚ ਇਹ ਲਿਖਦੇ ਹਨ ਕਿ ਹੇਮਕੁੰਟ ਦਾ ਰਿਕਾਰਡ ਇਨ੍ਹਾਂ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲਿਆ, ਜਦੋਂ ਕਿ ਜਿਉਂਦੇ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਕਿਸੇ ਇਕ ਵੀ ਸਿੱਖ ਨੂੰ ਕਦੀ ਵੀ ਹੇਮਕੁੰਟ ਬਾਰੇ ਕੁੱਝ ਨਹੀਂ ਦੱਸਿਆ। ਆਪਣੇ ਪਿਛਲੇ ਜਨਮ ਬਾਰੇ ਕੋਈ ਨਹੀਂ ਦੱਸ ਸਕਦਾ ਕਿ ਉਹ ਕੀ ਸੀ, ਜਾਂ ਕਿੱਥੇ ਸੀ, ਜਾਂ ਕੀ ਕਰਦਾ ਸੀ। ਗਉੜੀ ਚੇਤੀ ਮਹਲਾ ੧ ॥ ਕਤ ਕੀ ਮਾਈ ਬਾਪੁ ਕਤ ਕੇਰਾ ਕਿਦੂ ਥਾਵਹੁ ਹਮ ਆਏ ॥ ਅਗਨਿ ਬਿੰਬ ਜਲ ਭੀਤਰਿ ਨਿਪਜੇ ਕਾਹੇ ਕੰਮਿ ਉਪਾਏ ॥੧॥ ਮੇਰੇ ਸਾਹਿਬਾ ਕਉਣੁ ਜਾਣੈ ਗੁਣ ਤੇਰੇ ॥ ਕਹੇ ਨ ਜਾਨੀ ਅਉਗਣ ਮੇਰੇ ॥੧॥ ਰਹਾਉ ॥ ਪੰਨਾ 156॥ ਇਹ ਵੀ ਹਿੰਦੂ ਮੱਤ ਦਾ ਹੀ ਅੰਗ ਹੈ। ਕਥਾ-ਸਰਿਤਸਾਗਰ ਸਨਾਤਨੀਆਂ ਦਾ ਗ੍ਰੰਥ ਹੈ ਤੇ ਰਾਜੇ –ਮਹਾਂਰਾਜਿਆਂ ਬਾਰੇ, ਜੋ ਆਪ ਲਿਖਾਰੀ ਨਹੀਂ ਸਨ, ਹੋਰ ਲੋਕ ਉਨ੍ਹਾਂ ਬਾਰੇ ਕਹਾਣੀਆਂ ਬਣਾ-ਬਣਾ ਲਿਖਦੇ ਸਨ ਅਤੇ ਮਨ ਭਾਉਂਦੇ ਇਨਾਮ ਪ੍ਰਾਪਤ ਕਰਦੇ ਸਨ। 1925 ‘ਚ ਸੱਭ ਤੋਂ ਪਹਿਲਾਂ ਭਾਈ ਵੀਰ ਸਿੰਘ ਨੇ ਰਵਾਲਸਰ, ਮੰਡੀ ਸੁਕੇਤ, ਹਿਮਾਚਲ ਪ੍ਰਦੇਸ ਵਿਚ ਸੁੰਦਰ ਨਗਰ ਡੈਮ ਦੇ ਕੋਲ ਇਕ ਹੇਮਕੁੰਟ ਬਣਾਇਆ ਸੀ, ਪਰ ਉਹ ਸਫਲ ਨਾ ਹੋ ਸਕਿਆ। ਇਸ ਕਰਕੇ 1930 ਤੋਂ ਬਾਅਦ ਹੀ ਭਾਈ ਵੀਰ ਸਿੰਘ ਜੀ ਨੇ ਅੱਜ ਵਾਲਾ ਹੇਮਕੁੰਟ ਜ਼ਾਹਰ ਕੀਤਾ, ਜੋ ਸਨਾਤਨ-ਧਰਮ ਦੇ ਚਾਰੋ-ਧਾਮਾਂ ਦੇ ਰਸਤੇ ਵਿਚ ਪੈਂਦਾ ਹੈ। 1925 ਵਾਲੇ ਹੇਮਕੁੰਟ ਬਾਰੇ ਸੂਚਨਾ ਭਾਈ ਵੀਰ ਸਿੰਘ ਜੀ ਨੂੰ ਆਪਣੀ ਨਾਨੀ ਦੇ ਬਸਤੇ ਵਿਚੋਂ ਅਤੇ ਅੱਜ ਵਾਲੇ ਹੇਮਕੁੰਟ ਬਾਰੇ ਜਾਣਕਾਰੀ ਭਾਈ ਜੀ ਨੂੰ ਆਪਣੇ ਨਾਨੇ ਦੇ ਬਸਤੇ ਵਿਚੋਂ ਮਿਲੀ?
9. ਭਾਈ ਵੀਰ ਸਿੰਘ ਜੀ ਦੀਆਂ ਲਿਖਤਾਂ ਜੋ ਸ਼ਟਮ ਚਮਤਕਾਰ ਅਤੇ ਦਸਮ ਚਮਤਕਾਰ ਦੇ ਨਾਮ ਨਾਲ ਜਾਣੀਆਂ ਜਾਂਦੀਆਂ ਹਨ, ਉਹ ਭਾਈ ਜੀ ਨੇ ਗੁਰ ਪ੍ਰਤਾਪ ਸੂਰਜ ਗ੍ਰੰਥ ਵਿਚੋਂ ਜ਼ਿਆਦਾਤਰ ਨਕਲ ਕਰਕੇ ਤਿਆਰ ਕੀਤੀਆਂ ਹਨ ਅਤੇ ਜ੍ਹਿਨਾਂ ਦਾ ਵੀ ਸਿੱਖੀ ਨਾਲ ਦੂਰ ਦਾ ਸਬੰਧ ਨਹੀਂ। ਉਨ੍ਹਾਂ ਵਿਚ ਸਿੱਖੀ ਵਾਲੀ ਤਾਂ ਕੋਈ ਗੱਲ ਨਹੀਂ, ਪਰ ਚਮਤਕਾਰ ਜ਼ਰੂਰ ਲੱਭ ਪੈਣਗੇ। ਭਾਈ ਵੀਰ ਸਿੰਘ ਜੀ ਚਮਤਕਾਰਾਂ ਦੀ ਗੱਲ ਕਰਦੇ ਹਨ, ਪਰ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਸਾਦੀ-ਹਾਥੀ ਅਤੇ ਆਪਣੀ ਜਾਨ ਨਾਲੋਂ ਵੀ ਵੱਧ ਪਿਆਰੇ ਸਿੱਖ ਭੁੱਖ ਦੇ ਦੁੱਖ ਨਾਲ ਅਨੰਦਪੁਰੀ ਵਿਚ ਇਸ ਸੰਸਾਰ ਨੂੰ ਅਲਵਿਦਾ ਕਹਿ ਗਏ। ਗੁਰੂ ਜੀ ਨੇ ਕਿਸੇ ਚਮਤਕਾਰ ਨਾਲ ਨਾਂ ਤਾਂ ਪ੍ਰਸਾਦੀ ਹਾਥੀ ਵਾਸਤੇ ਦੋ ਪੰਡਾਂ ਘਾਹ ਦੀਆਂ ਤਿਆਰ ਕੀਤੀਆਂ ਅਤੇ ਨਾਂ ਹੀ ਆਪਣੇ ਸਿੱਖਾਂ ਦੇ ਖਾਣ ਵਾਸਤੇ ਮਣ ਦੋ ਮਣ ਛੋਲੇ ਪੈਦਾ ਕੀਤੇ।
10. ਭਾਈ ਵੀਰ ਸਿੰਘ ਜੀ ਦੀ ਪ੍ਰੇਰਨਾ ਸਦਕਾ ਹੀ ਆਰਟਿਸਟ ਸੋਭਾ ਸਿੰਘ ਨੇ ਦਸ ਗੁਰੂ ਸਹਿਬਾਨ ਦੀਆਂ ਤਸਵੀਰਾਂ, ਜੋ ਗੁਰਮਿਤ ਅਨਕੂਲ ਨਹੀਂ ਹਨ, ਸਿੱਖਾਂ ਦੇ ਗਲ ਮੜੀਆਂ। ਗੁਰੂ ਸਹਿਬਾਨ ਦੇ ਗਲਾਂ ਵਿਚ ਮਾਲਾ, ਹੱਥਾਂ ਵਿਚ ਮਾਲਾ ਗੁਰੂ ਗ੍ਰੰਥ ਸਾਹਿਬ ਜੀ ਦੇ ਸਿਧਾਂਤ ਦੇ ਅਨਕੂਲ ਨਹੀਂ। ਲੰਮੇ ਪੈਂਡਿਆਂ ਤੇ ਹਰ ਰੋਜ਼ ਦੇ ਸਫਰ ਕਰਕੇ ਗੁਰੂ ਜੀ ਦੀ ਦਾਹੜੀ ਕਰੜ-ਬਰੜੀ, ਖੁਸ਼ਕ ਤੇ ਬਿਖੜੀ ਜਿਹੀ ਹੋਣੀ ਚਾਹੀਦੀ ਸੀ, ਪਰ ਸੋਭਾ ਸਿੰਘ ਨੇ ਮਖਮਲੀ ਤੇ ਮਲਾਇਮ ਦਾਹੜੀ ਵਿਖਾਈ ਹੈ ਇਹ ਵੀ ਹਾਲਾਤ ਮੁਤਾਬਕ ਠੀਕ ਨਹੀਂ। ਹਰ ਰੋਜ਼ ਦੀ ਮੁਸੱਕਤ ਤੇ ਕਈ ਕਈ ਮੀਲਾਂ ਦਾ ਲੰਮਾ ਪੈਂਡਾ ਤਹਿ ਕਰਕੇ ਚੇਹਰੇ ਦੀ ਸੁੱਕੀ ਹੋਈ ਚਮੜੀ ਨਾ ਦਿਖਾ ਕੇ ਸਗੋਂ ਸ਼ੇਰਾਂ ਵਾਲੀ ਮਾਤਾ ਵਰਗੇ ਲਾਲ-ਗੁਲਾਬੀ ਹੋਠ ਤੇ ਗੱਲ੍ਹਾਂ, ਫਟੇ ਪੁਰਾਣੇ ਜਾਂ ਖੱਦਰ ਦੇ ਮਿਹਨਤਕਸ਼ ਲੋਕਾਂ ਵਾਲੇ ਬਸਤਰ ਨਾ ਪਹਿਨਾ ਕੇ ਦੁਰਗਾ ਮਾਤਾ ਵਰਗੇ ਰੇਸ਼ਮੀ ਬਸਤਰ, ਵਿਆਈਆਂ ਨਾਲ ਫਟੀਆਂ ਅੱਡੀਆਂ ਨਾ ਦਿਖਾ ਕੇ ਕਿਸੇ ਰਾਜੇ ਦੀ ਰਾਣੀ ਦੀਆਂ ਅੱਡੀਆਂ ਵਰਗੀਆਂ ਅੱਡੀਆਂ। ਜਿਸ ਗੁਰੂ ਨੂੰ ਚਮਕੌਰ ਦੀ ਲੜਾਈ ਦੇ ਦਿਨ ਤੋਂ ਪਹਿਲੇ ਸੱਤ ਦਿਨ ਸੌਣ ਦਾ ਮੌਕਾ ਵੀ ਨਾ ਮਿਲਿਆ ਹੋਵੇ, ਕੀ ਉਸਦੀ ਦਾਹੜੀ ਇਸ ਤਰ੍ਹਾਂ ਦੀ ਹੋ ਸਕਦੀ ਹੈ, ਜਿਸ ਤਰ੍ਹਾਂ ਦੀ ਅਸੀਂ ਅੱਜ ਦੇਖਦੇ ਹਾਂ? ਇਹ ਸਾਰਾ ਕੁੱਝ ਸਿੱਖ ਸਿਧਾਂਤ ਦੇ ਅਨੁਸਾਰ ਨਹੀਂ ਤੇ ਇਸ ਦੇ ਜ਼ੁਮੇਵਾਰ ਭਾਈ ਵੀਰ ਸਿੰਘ ਹਨ।
ਹੋਰ ਵੀ ਬਹੁਤ ਸਾਰੇ ਕਾਰਣ ਲੱਭੇ ਜਾ ਸਕਦੇ ਹਨ। ਇਸੇ ਹੀ ਤਰ੍ਹਾਂ ਪ੍ਰੋ. ਸਾਹਿਬ ਸਿੰਘ ਜੀ (ਡੀ.ਲਿਟ) ਆਪਣੀ ਜੀਵਨੀ ਵਿਚ ਭਾਈ ਵੀਰ ਸਿੰਘ ਜੀ ਦਾ ਨਾਮ ਲਇਆਂ ਬਗੈਰ, ਪਰ ਅੰਮ੍ਰਿਤਸਰ ਦਾ ਪ੍ਰਸਿੱਧ ਲਿਖਾਰੀ ਕਰਕੇ ਸਾਨੂੰ ਇਸ਼ਾਰਾ ਕਰਦੇ ਹਨ, ਕਿ ਜੇ ਕਰ ਡਾ. ਰਣ ਸਿੰਘ ਮੈਨੂੰ ਇਸ਼ਾਰਾ ਨਾ ਕਰਦੇ ਤਾਂ ਮੈਂ ਵੀ ਆਪਣੀ ਗੁਰਬਾਣੀ ਵਿਆਕਰਣ ਵਾਲੀ ਪੁਸਤਕ ਭਾਈ ਵੀਰ ਸਿੰਘ ਜੀ ਨੂੰ ਦੇ ਬਹਿਣੀ ਸੀ। ਜਦੋਂ ਮੈਂ ਦਿੱਲੀ ਰਹਿੰਦਾ ਸੀ ਤਾਂ ਕੋਈ 1993-94 ‘ਚ ਪੰਜਾਬੀ ਟਰੀਬਿਊਨ ਵਿਚ ‘ਭਾਈ ਵੀਰ ਸਿੰਘ ਦਾ ਦੂਜਾ ਪਾਸਾ’ ਲੇਖ ਪੜ੍ਹਨ ਨੂੰ ਮਿਲਿਆ ਤੇ ਇਸ ਦੇ ਸਕੇ ਸਬੰਧੀਆਂ ਦੀ ਜ਼ਬਾਨੀ, “ਭਾਈ ਵੀਰ ਸਿੰਘ ਦਾ ਸਰਕਾਰੇ ਦਰਬਾਰੇ ਬੈਠਣ ਉੱਠਣ ਸੀ ਤੇ ਅਸੀਂ ਅਣਪੜ੍ਹ ਲੋਕ ਕੁੱਝ ਜਾਣਦੇ ਬੁੱਝਦੇ ਵੀ ਨਹੀਂ ਸੀ, ਇਸ ਕਰਕੇ ਉਹ ਤਾਂ ਸਾਡੀਆਂ ਜ਼ਮੀਨਾਂ ਵੀ ਆਪਣੇ ਹੀ ਨਾਮ ਲਵਾ ਗਿਆ”। ਗੁਰੂ ਪਿਆਰੇ ਸਿੱਖ ਭਰਾਵੋ! ਫੈਸਲਾ ਹੁਣ ਤੁਸੀਂ ਕਰਨਾ ਹੈ ਕਿ ਭਾਈ ਵੀਰ ਸਿੰਘ ਜੀ ਕੌਣ ਸਨ?
ਗੁਰੂ ਦੇ ਪੰਥ ਦਾ ਦਾਸ,
ਗੁਰਚਰਨ ਸਿੰਘ (ਜਿਉਣ ਵਾਲਾ) ਬਰੈਂਪਟਨ ਕੈਨੇਡਾ। + 647 966 3132