ਖੇਤੀਬਾੜੀ ਦੇ ਰਵਾਇਤੀ ਸੰਦਾਂ ਦਾ ਆਖਰੀ ਪੰਧ - ਸੁਖਪਾਲ ਸਿੰਘ ਗਿੱਲ
ਖੇਤੀਬਾੜੀ ਦੇ ਸਦੀਆਂ ਤੋਂ ਵਰਤ ਹੋ ਰਹੇ ਸੰਦ ਭਾਵੇਂ ਵਰਤੋ ਵਿੱਚ ਘਟੇ ਹਨ , ਪਰ ਇਹਨਾਂ ਬਿਨ੍ਹਾਂ ਸਰਨਾ ਮੁਸ਼ਕਿਲ ਹੈ । ਪੁਰਾਤਨ ਸੰਦਾਂ ਬਿਨ੍ਹਾਂ ਖੇਤੀ ਅਧੂਰੀ ਲੱਗਦੀ ਹੈ । ਹਰ ਖੇਤਰ ਵਾਂਗ ਖੇਤੀਬਾੜੀ ਦੀ ਵੀ ਬੁਨਿਆਦ ਅਤੇ ਸ਼ਿਖਰ ਹੈ । ਹਰੀਕ੍ਰਾਂਤੀ ਤੋਂ ਬਾਅਦ ਨਵੀਂ ਤਕਨੀਕ ਨੇ ਕੁਝ ਸੰਦਾਂ ਦੀ ਜਗ੍ਹਾ ਸਾਂਭੀ । ਖੇਤੀ ਨੂੰ ਕਿਰਤੀ ਜਾਮਾ ਪਹਿਨਾਉਂਦੇ ਰਵਾਇਤੀ ਸੰਦ ਤੰਗਲੀ, ਦਾਤੀ , ਖੁਰਪੀ ਅਤੇ ਕਹੀ ਦੀ ਵਰਤਂੋ ਘਟੀ ਹੈ ਪਰ ਇਹ ਸੰਦ ਖੇਤੀ ਦੇ ਬੁਨਿਆਦੀ ਅੰਗ ਹਨ । ਇਹਨਾਂ ਸੰਦਾਂ ਨਾਲ ਕਈ ਕਿਸਮ ਦਾ ਸੱਭਿਆਚਾਰ ਅਤੇ ਸਾਹਿਤ ਵੀ ਜੁੜਿਆ ਹੋਇਆ ਹੈ ।
ਕਹਾਵਤ ਹੈ " ਰੱਬ ਨੇ ਦਿੱਤੀਆਂ ਗਾਜ਼ਰਾਂ ਵਿੱਚੇ ਰੰਬਾ ਰੱਖ " ਇਸ ਨਾਲ ਬੰਦੇ ਦੇ ਨਸੀਬਾਂ ਨੂੰ ਜੋੜ ਕੇ ਵੇਖਿਆ ਗਿਆ ਹੈ । ਰੰਬਾ ( ਖੁਰਪਾ ) ਫਸਲ ਦੀ ਗੋਡੀ ਕਰਨ , ਘਾਹ ਖੋਤਣ ਅਤੇ ਨਦੀਨਾਂ ਦਾ ਨਾਸ਼ ਕਰਨ ਲਈ ਵਰਤਿਆਂ ਜਾਂਦਾ ਹੈ । ਇਸ ਨਾਲ ਜੈਵਿਕ ਖੇਤੀ ਨੂੰ ਹੁਲਾਰਾ ਮਿਲਦਾ ਸੀ । ਕੁਝ ਸਮੇਂ ਵਰਤ ਕੇ ਇਸ ਨੂੰ ਲੌਹਾਰ ਤੋਂ ਚੰਢਾ ਕੇ ਤੇਜ਼ ਕੀਤਾ ਜਾਂਦਾ ਸੀ । ਇਸ ਫਲਸਫੇ ਵਿੱਚੋਂ " ਮੁੰਡਾ ਅਤੇ ਰੰਬਾ ਜਿੰਨਾਂ ਚੰਡੋ ਉੱਨਾਂ ਚੰਗਾ " ਦੀ ਕਹਾਵਤ ਫੁਰੀ ਸੀ । ਅੱਜ ਨਾ ਰੰਬੇ ਨੂੰ ਚੰਡਾਇਆ ਜਾਂਦਾ ਹੈ । ਨਾ ਹੀ ਮੁੰਡੇ ਨੂੰ ਚੰਡਿਆਂ ਜਾਂਦਾ ਹੈ ।
ਰੰਬੇ ਤੋਂ ਬਾਅਦ ਦਾਤਰੀ ਦਾ ਕੰਮ ਆਉਂਦਾ ਸੀ ਇਹ ਫਸਲ ਅਤੇ ਪੱਠੇ ਕੱਟਣ ਲਈ ਵਰਤੀ ਜਾਂਦੀ ਹੈ । ਦਾਤੀ ਦੋ ਕਿਸਮਾਂ ਦੀ ਹੁੰਦੀ ਹੈ । ਪੱਠੀ ਅਤੇ ਦੰਦਿਆ ਵਾਲੀ , ਇਹਨਾਂ ਨੂੰ ਵੀ ਲੋਹਾਰ ਤੋਂ ਚੰਡਾਇਆ ਅਤੇ ਦੰਦੇ ਲਗਵਾਏ ਜਾਂਦੇ ਹਨ । ਹਾੜ੍ਹੀ ਬਾਰੇ ਤਾਂ ਦਾਤਰੀ ਦਾ ਨੇੜਿਓ ਸਬੰਧ ਹੈ , " ਦਾਤੀ ਨੂੰ ਲਗਾਦੇ ਘੁੰਗਰੂ , ਹਾੜ੍ਹੀ ਵੱਢੂਗੀ ਬਰਾਬਰ ਤੇਰੇ " ਪਸ਼ੂਆਂ ਦਾ ਚਾਰਾ ਕੱਟਣ ਲਈ ਦਾਤੀ ਨਿੱਤ ਵਰਤੋਂ ਦੀ ਚੀਜ਼ ਹੈ ।
ਫਸਲ ਕੱਟਣ ਤੋਂ ਬਾਅਦ ਤੂੜੀ , ਤੰਦ ਸਾਂਭਣ ਲਈ ਤੰਗਲੀ ਦੀ ਵਰਤੋ ਕੀਤੀ ਜਾਂਦੀ ਸੀ । ਇਸ ਨਾਲ ਤੂੜੀ ਦੇ ਢੇਰਾਂ ਨੂੰ ਬਰੂਦ ਵਾਂਗ ਉੱਡਾ ਕੇ ਸਾਲ ਛਿਮਾਹੀ ਲਈ ਸਾਂਭ ਲਿਆ ਜਾਂਦਾ ਸੀ । ਇਸ ਨਾਲ ਕਾਵਿਕ ਪ੍ਰਸੰਗ ਵੀ ਹੈ । " ਲੈ ਆ ਤੰਗਲੀ ਨਸੀਬਾਂ ਨੂੰ ਫਰੋਲੀਏ ਤੂੜੀ ਵਿੱਚੋਂ ਪੁੱਤ ਜੱਗਿਆ " ਕਹੀ ਦੀ ਵਰਤੋਂ ਇਹਨਾਂ ਨਾਲੋਂ ਜ਼ਿਆਦਾ ਹੁੰਦੀ ਹੈ । ਕਿਉਂਕਿ ਖੇਤੀ ਤੋਂ ਇਲਾਵਾ ਉਸਾਰੀ ਦੇ ਕੰਮਾਂ ਵਿੱਚ ਵੀ ਵਰਤੀ ਜਾਂਦੀ ਹੈ । ਇਸ ਨੂੰ ਚਲਾਉਣ ਲਈ ਜਾਨ ਚਾਹੀਦੀ ਹੈ । ਪਰ ਅੱਜ ਦੀ ਜਵਾਨੀ ਬੇਵੱਸ ਹੋ ਕੇ ਰਹਿ ਗਈ ਹੈ । ਕੁੱਲ ਮਿਲਾ ਕੇ ਕਿਹਾ ਜਾ ਸਕਦਾ ਹੈ ਕਿ ਸਾਡੇ ਖੇਤੀ ਬਾੜੀ ਦੇ ਇਹ ਸੰਦ ਜੋ ਸਦੀਆਂ ਤੋਂ ਵਰਤੇ ਜਾਂਦੇ ਹਨ ਇਹ ਆਪਣਾ ਪੰਧ ਮੁਕਾ ਕੇ ਤਕਨੀਕੀ ਯੁੱਗ ਦੀ ਚਾਲੇ ਪੈ ਗਏ ਹਨ । ਇੱਕ ਗੱਲ ਜ਼ਰੂਰ ਹੈ ਕਿ ਇਹਨਾਂ ਸੰਦਾਂ ਦਾ ਕਿਰਤ ਅਤੇ ਕਿਰਸ ਨਾਲ ਗੂੜ੍ਹਾ ਸਬੰਧ ਹੈ । ਇਹਨਾਂ ਨਾਲ ਹੀ ਕਿਸਾਨ ਅਤੇ ਮਜ਼ਦੂਰਾਂ ਦੀ ਏਕਤਾ ਅਤੇ ਭਾਈਚਾਰਾ ਬਣਿਆ ਰਹਿੰਦਾ ਸੀ ।
ਸੁਖਪਾਲ ਸਿੰਘ ਗਿੱਲ
9878111445
ਅਬਿਆਣਾ ਕਲਾਂ