'ਆਟੇ ਦੀ ਚਿੜੀ' ਮਨੋਰੰਜਨ ਭਰਪੂਰ ਫਿਲਮ - ਸਤਨਾਮ ਸਿੰਘ ਮੱਟੂ

19 ਅਕਤੂਬਰ (ਦੁਸਹਿਰਾ) ਤੇ ਹੋਵੇਗੀ ਰਿਲੀਜ਼

ਪੰਜਾਬੀ ਸਿਨੇਮਾ ਅੱਜ ਬੁਲੰਦੀਆਂ ਦੀਆਂ ਬਰੂਹਾਂ ਤੇ ਹੈ।ਹਰ ਮਹੀਨੇ ਹਰ ਹਫਤੇ ਨਵੀਆਂ ਨਵੀਆਂ ਫਿਲਮਾਂ ਪੰਜਾਬੀ ਮਾਂ ਬੋਲੀ ਦੀ ਝੋਲੀ ਪਾਈਆਂ ਜਾ ਰਹੀਆਂ ਹਨ। ਅੱਜਕਲ੍ਹ ਲੱਚਰਤਾ ਤੋਂ ਹੱਟ ਕੇ ਦਰਸ਼ਕਾਂ ਨੂੰ ਪੰਜਾਬੀ ਅਮੀਰ ਵਿਰਸੇ ਅਤੇ ਪੰਜਾਬੀ ਮਾਂ ਬੋਲੀ ਨਾਲ ਜੋੜਨ ਲਈ ਪੰਜਾਬੀ ਸਿਨੇਮਾ ਅਤੇ ਕਲਾਕਾਰ ਯਤਨਸ਼ੀਲ ਹਨ।ਪੰਜਾਬੀ ਵਿਦੇਸ਼ ਚ ਬੈਠ ਕੇ ਵੀ ਪੰਜਾਬੀ ਮਾਂ ਬੋਲੀ ਦੇ ਹੇਜ ਨੂੰ ਨਹੀਂ ਭੁੱਲ ਸਕਦੇ ,ਇਸੇ ਗੱਲ ਨੂੰ ਦਰਸਾਉਂਦੀ ਪ੍ਰੋਡਿਊਸਰ ਚਰਨਜੀਤ ਸਿੰਘ ਵਾਲੀਆ ਅਤੇ ਤੇਗਵੀਰ ਸਿੰਘ ਵਾਲੀਆ ਦੇ ਤੇਗ ਪ੍ਰੋਡਕਸ਼ਨ ਦੀ ਪੰਜਾਬੀ ਫਿਲਮ "ਆਟੇ ਦੀ ਚਿੜੀ" 19 ਅਕਤੂਬਰ ਨੂੰ ਦੁਸਹਿਰੇ ਦੇ ਸ਼ੁਭ ਅਵਸਰ ਤੇ ਰਿਲੀਜ਼ ਹੋ ਰਹੀ ਹੈ।ਇਹ ਪ੍ਰੋਡਕਸ਼ਨ ਪਹਿਲਾਂ ਵੀ "ਠੱਗ ਲਾਈਫ" ਪੰਜਾਬੀ ਫਿਲਮ ਪੰਜਾਬੀ ਸਿਨੇਮਾ ਦੀ ਝੋਲੀ ਪਾ ਚੁੱਕੀ ਹੈ।
ਟਰੇਲਰ ਦੇਖਣ ਤੇ ਪਤਾ ਚੱਲਦਾ ਹੈ ਕਿ ਫਿਲਮ ਦੀ ਕਹਾਣੀ ਪੰਜਾਬੀ ਸੱਭਿਆਚਾਰ, ਪੰਜਾਬੀ ਸਮਾਜ, ਪੰਜਾਬੀ ਮਾਂ ਬੋਲੀ ਅਤੇ ਪਰਿਵਾਰਕ ਕਦਰਾਂ ਕੀਮਤਾਂ ਦੀ ਤਰਜਮਾਨੀ ਕਰਦੀ ਹੈ।ਪੰਜਾਬੀ ਗਾਇਕ ਤੋਂ ਅਦਾਕਾਰ ਬਣੇ ਅੰਮ੍ਰਿਤ ਮਾਨ ਅਤੇ ਪੰਜਾਬੀ ਸਿਨੇਮਾ ਦੀ ਸੁਪ੍ਰਸਿੱਧ ਅਦਾਕਾਰਾ ਨੀਰੂ ਬਾਜਵਾ ਇਸ ਫਿਲਮ ਦੇ ਮੁੱਖ ਕਲਾਕਾਰ ਹਨ।ਫਿਲਮ ਦੀ ਕਹਾਣੀ ਪੰਜਾਬੀ ਫਿਲਮਾਂ ਦੀ ਜਿੰਦ ਜਾਨ,ਪੰਜਾਬੀ ਸਰਦਾਰ ,ਪੰਜਾਬੀਆਂ ਦਾ ਦਿਲਦਾਰ ਹੀਰੋ ਸਰਦਾਰ  ਸੋਹੀ, ਅੰਮ੍ਰਿਤ ਮਾਨ ਅਤੇ ਨੀਰੂ ਬਾਜਵਾ ਦੁਆਲੇ ਘੁੰਮਦੀ ਹੈ।ਇਸ ਫਿਲਮ ਨੂੰ ਪੰਜਾਬੀਆਂ ਦੇ ਪਸੰਦੀਦਾ ਕਲਾਕਾਰ ਅਤੇ ਮਾਲਵੇ ਦੀ ਸ਼ਾਨ ਅਦਾਕਾਰ, ਗਾਇਕ ਅਤੇ ਕਮੇਡੀਅਨ ਕਰਮਜੀਤ ਅਨਮੋਲ, ਗੁਰਪ੍ਰੀਤ ਘੁੱਗੀ,   ਬੀ ਐਨ ਸ਼ਰਮਾ, ਪਵਨ ਧੀਮਾਨ, ਹਰਬੀ ਸੰਘਾ,ਨਿਸ਼ਾ ਬਾਨੋ,ਨਿਰਮਲ ਰਿਸ਼ੀ,ਗੁਰਪ੍ਰੀਤ ਕੌਰ ਭੰਗੂ,ਪ੍ਰੀਤੋ ਸਾਹਨੀ, ਪ੍ਰਕਾਸ਼ ਗਾਧੂ,ਅਨਮੋਲ ਵਰਮਾ,ਅੰਸ਼ੂ ਸਾਹਨੀ ਆਦਿ ਅਦਾਕਾਰਾਂ ਦੇ ਟੋਟਕਿਆਂ ਨੇ ਦਿਲਚਸਪੀ ਬਣਾਇਆ ਹੈ ਅਤੇ ਹਾਸਿਆਂ ਦੇ ਖੂਬ ਠਹਾਕੇ ਮਾਰੇ ਹਨ।ਸਾਰੇ ਪ੍ਰੋੜ੍ਹ ਅਤੇ ਪ੍ਰਸਿੱਧ ਅਦਾਕਾਰਾਂ ਦੀ ਅਦਾਕਾਰੀ ਦੇ ਫਿਲਮ ਚ ਖੂਬ ਜਲਵੇ ਦੇਖਣ ਨੂੰ ਮਿਲਣਗੇ।
ਇਸ ਫਿਲਮ ਦੀ ਕਹਾਣੀ ਲੇਖਕ ਰਾਜੂ ਵਰਮਾ ਨੇ ਲਿਖੀ ਹੈ ਅਤੇ ਫਿਲਮ ਨੂੰ ਹੈਰੀ ਭੱਟ ਨੇ ਡਾਇਰੈਕਟ ਕੀਤਾ ਹੈ। ਫਿਲਮ ਦੀ ਸ਼ੂਟਿੰਗ ਪੰਜਾਬ ,ਚੰਡੀਗੜ੍ਹ ਅਤੇ ਕੇਨੇਡਾ ਚ ਖੂਬਸੂਰਤ ਲੋਕਸ਼ਨਾਂ ਤੇ ਕੀਤੀ ਗਈ ਹੈ। ਫਿਲਮ ਨੂੰ ਕੰਨਾਂ ਚ ਰਸ ਘੋਲਣ ਵਾਲਾ ਸੰਗੀਤ ਜੈਦੇਵ ਕੁਮਾਰ, ਡੀਜੇ ਫਲੋਅ,ਦੀਪ ਜੰਡੂ, ਇਨਟੈਨਸ,ਦ ਬੌਸ ਅਤੇ ਰਾਜਿੰਦਰ ਸਿੰਘ ਨੇ ਦਿੱਤਾ ਹੈ।ਇਸਦੇ ਕੋ-ਪ੍ਰੋਡਿਊਸਰ ਜੀ ਆਰ ਐਸ ਛੀਨਾ ਕੈਲਗਰੀ ਕੇਨੇਡਾ ਹਨ।
ਦਰਸ਼ਕਾਂ ਨੂੰ "ਆਟੇ ਦੀ ਚਿੜੀ" ਚ ਸਭ ਕੁੱਝ ਨਵਾਂ ਦੇਖਣ ਨੂੰ ਮਿਲੇਗਾ ਅਤੇ ਫਿਲਮ ਦਰਸ਼ਕਾਂ ਦੇ ਮਨ ਦੀ ਕਸਵੱਟੀ ਤੇ ਪੂਰੀ ਉੱਤਰੇਗੀ ਅਤੇ ਭਰਪੂਰ ਮਨੋਰੰਜਨ ਕਰੇਗੀ।ਗੀਤਾਂ ਨੂੰ ਆਪਣੀ ਸੁਰੀਲੀ ਆਵਾਜ਼ ਅੰਮ੍ਰਿਤ ਮਾਨ ,ਬਹੁਪੱਖੀ ਕਲਾਕਾਰ ਕਰਮਜੀਤ ਅਨਮੋਲ ,ਗੁਰਲੇਜ਼ ਅਖਤਰ,ਸਰਦੂਲ ਸਿਕੰਦਰ ਨੇ ਦਿੱਤੀ ਹੈ।ਗੀਤਾਂ ਨੂੰ ਅੰਮ੍ਰਿਤ ਮਾਨ ਅਤੇ ਕੁਲਦੀਪ ਕੰਡਿਆਰਾ ਨੇ ਆਪਣੀ ਕਲਮ ਨਾਲ ਸ਼ਾਬਦਿਕ ਰੂਪ ਦਿੱਤਾ ਹੈ।
ਇਸ ਫਿਲਮ ਦੀ ਪ੍ਰਮੋਸ਼ਨ ਲਈ ਪੂਰੀ ਟੀਮ ਪੱਬਾਂ ਭਾਰ ਹੈ।ਸਾਰੀ ਟੀਮ ਚ ਇਸ ਪ੍ਰਤੀ ਆਥਾਹ ਖੁਸ਼ੀ ਪਾਈ ਜਾ ਰਹੀ ਹੈ ਕਿ ਫਿਲਮ ਦੇ ਟਰੇਲਰ ਨੂੰ ਸਰੋਤਿਆਂ ਦਾ ਭਰਪੂਰ ਪਿਆਰ ਮਿਲ ਰਿਹਾ ਹੈ।

ਸਤਨਾਮ ਸਿੰਘ ਮੱਟੂ
ਬੀਂਬੜ੍ਹ, ਸੰਗਰੂਰ
9779708257

12 Oct. 2018