ਪ੍ਰਕਾਸ਼ ਪੁਰਬ 'ਤੇ ਵਿਸ਼ੇਸ਼ : ਗੁਰੂ ਰਵਿਦਾਸ ਜੀ - ਡਾ. ਬਲਵੀਰ ਮੰਨਣ
ਅਚਾਰੀਆ ਰਜਨੀਸ਼, ਜਿਹੜੇ ਓਸ਼ੋ ਦੇ ਨਾਂਅ ਨਾਲ ਜਗਤ-ਵਿਖਿਆਤ ਹਨ, ਗੁਰੂ ਰਵਿਦਾਸ ਜੀ ਨੂੰ ਭਾਰਤ ਦੇ ਭਗਤੀ-ਰੂਪੀ ਆਕਾਸ਼ ਦਾ 'ਧਰੁਵ ਤਾਰਾ' ਆਖਦੇ ਹਨ। ਸ੍ਰੀ ਗੁਰੂ ਰਵਿਦਾਸ ਜੀ ਦਾ ਜਨਮ ਮਾਘ ਸੁਦੀ ਪੰਦਰਾਂ, ਬਿਕਰਮੀ ਸੰਮਤ 1433 (25 ਜਨਵਰੀ, ਸੰਨ ਈਸਵੀ 1377) ਨੂੰ ਐਤਵਾਰ ਦੇ ਦਿਨ ਮਾਤਾ ਕਲਸਾਂ ਜੀ ਦੀ ਕੁੱਖੋਂ ਪਿਤਾ ਸਤਿਕਾਰਯੋਗ ਸੰਤੋਖ ਦਾਸ ਜੀ ਦੇ ਘਰ ਸੀਰ ਗੋਵਰਧਨਪੁਰ, ਬਨਾਰਸ ਵਿਖੇ ਹੋਇਆ। ਬਚਪਨ ਤੋਂ ਹੀ ਆਪ ਜੀ ਦਾ ਝੁਕਾਅ ਪ੍ਰਭੂ-ਭਗਤੀ ਵਲ ਸੀ। ਘਰੋਂ ਜੋ ਵੀ ਮਿਲਦਾ, ਸਾਥੀਆਂ ਨਾਲ ਮਿਲ ਕੇ ਖਾਂਦੇ ਜਾਂ ਕਿਸੇ ਲੋੜਵੰਦ ਨੂੰ ਦੇ ਦਿੰਦੇ।
ਜਵਾਨ ਹੋਏ ਤਾਂ ਆਪ ਜੀ ਨੂੰ ਆਪਣੇ ਮਾਰਗ ਤੋਂ ਹਟਦਾ ਨਾ ਦੇਖ ਆਪ ਦੇ ਪਿਤਾ ਨੇ ਆਪ ਦੀ ਸ਼ਾਦੀ ਲੋਨਾ ਦੇਵੀ ਨਾਲ ਕਰ ਦਿੱਤੀ ਅਤੇ ਆਪਣੇ ਮਕਾਨ ਦੇ ਪਿਛਵਾੜੇ ਆਪ ਨੂੰ ਇੱਕ ਛੰਨ ਬਣਵਾ ਦਿੱਤੀ। ਆਪ ਦੇ ਪਤਨੀ ਵੀ ਪੂਰਨ ਭਗਤੀ-ਭਾਵ ਵਾਲੇ ਗੁਣਵਾਨ ਇਸਤਰੀ ਸਨ। ਹੁਣ ਦੋਵੇਂ ਪਤੀ-ਪਤਨੀ ਹੱਥੀਂ ਕਿਰਤ ਕਰਦਿਆਂ ਪ੍ਰਭੂ-ਭਗਤੀ ਵਿੱਚ ਲੀਨ ਰਹਿੰਦੇ। ਪਿਤਾ ਦੇ ਆਪਣੇ ਪ੍ਰਤੀ ਵਿਵਹਾਰ ਨੂੰ ਨਾ ਚਿਤਵਦਿਆਂ ਆਪ ਹਮੇਸ਼ਾ ਉਨ੍ਹਾਂ ਪ੍ਰਤੀ ਸੇਵਾ-ਭਾਵ ਮਨ ਵਿੱਚ ਰੱਖਦੇ ਸਨ। ਮਗਰੋਂ ਵੀ ਆਪ ਨੇ ਇੱਕ ਸੁਹਿਰਦ ਸਪੁੱਤਰ ਵਜੋਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਈਆਂ।
ਆਪ ਜੀ ਦੇ ਘਰ ਵਿਜੈ ਦਾਸ ਨਾਮੀ ਪੁੱਤਰ ਦਾ ਜਨਮ ਹੋਇਆ। ਗੁਰੂ ਰਵਿਦਾਸ ਜੀ ਨੇ ਗ੍ਰਿਹਸਤ ਦੀਆਂ ਸਾਰੀਆਂ ਜ਼ਿੰਮੇਵਾਰੀਆਂ ਨਿਭਾਉਂਦਿਆਂ ਪ੍ਰਭੂ-ਭਗਤੀ ਕੀਤੀ। ਆਪ ਦਾ ਜੀਵਨ ਮਨੁੱਖ ਨੂੰ ਸਾਰੀਆਂ ਸੰਸਾਰਕ ਜ਼ਿੰਮੇਵਾਰੀਆਂ ਪੂਰੀਆਂ ਕਰਦਿਆਂ ਪ੍ਰਭੂ-ਭਗਤੀ ਦੇ ਮਾਰਗ 'ਤੇ ਤੁਰੇ ਜਾਣ ਹਿਤ ਆਦਰਸ਼ ਪ੍ਰੇਰਨਾ-ਸਰੋਤ ਹੈ।
ਪ੍ਰਭੂ-ਭਗਤੀ ਦੇ ਪਰਤਾਪ ਸਦਕਾ ਆਪ ਜੀ ਚਹੁੰ ਦਿਸ਼ਾਵਾਂ ਵਿੱਚ ਉੱਘੇ ਹੋਏ ਅਤੇ ਤਤਕਾਲੀ ਰਾਜੇ-ਰਾਣੀਆਂ ਅਤੇ ਚਹੁੰਆਂ ਵਰਨਾਂ (ਸਭ ਲੋਕਾਂ ਨੇ) ਆਪ ਜੀ ਪਾਸੋਂ ਉਪਦੇਸ਼ ਗ੍ਰਹਿਣ ਕੀਤਾ। ਆਪ ਜੀ ਦੀ ਸੰਗਤ ਵਿੱਚ ਸਭ ਵਰਗਾਂ ਦੇ ਲੋਕ ਜੁੜ ਬੈਠਦੇ ਸਨ। ਆਪ ਨੇ ਦੂਈ-ਦਵੈਤ ਮਿਟਾ ਕੇ ਲੋਕਾਈ ਨੂੰ ਏਕਤਾ, ਸਮਾਨਤਾ ਅਤੇ ਭਾਈਚਾਰੇ ਦਾ ਸਬਕ ਪੜ੍ਹਾਇਆ। ਰਾਜੇ-ਰਾਣਿਆਂ ਅਤੇ ਸਮਕਾਲੀ ਤੇ ਉੱਤਰਵਰਤੀ ਮਹਾਂਪੁਰਸ਼ਾਂ ਵਿੱਚ ਆਪ ਜੀ ਦਾ ਪੂਰਾ ਸਤਿਕਾਰ ਬਣਿਆ ਰਿਹਾ ਹੈ। ਵੱਖ-ਵੱਖ ਸਮਕਾਲੀ ਅਤੇ ਉੱਤਰਵਰਤੀ ਸੰਤਾਂ ਨੇ ਆਪਣੀ ਬਾਣੀ ਵਿੱਚ ਆਪ ਜੀ ਦੀ ਬੇਜੋੜ ਉਪਮਾ ਕੀਤੀ ਹੈ।
ਭਾਈ ਜੋਧ ਸਿੰਘ ਅਨੁਸਾਰ ਲੰਗਰ ਅਤੇ ਪੰਗਤ ਦੀ ਵਿਵਸਥਾ ਆਪ ਜੀ ਤੋਂ ਪ੍ਰਚੱਲਤ ਹੋਈ। ਆਪ ਜੀ ਦੇ ਲੰਗਰ ਵਿੱਚ ਅਮੀਰ-ਗ਼ਰੀਬ, ਰਾਜਾ-ਰੰਕ ਸਭ ਇੱਕੋ ਪੰਗਤ ਵਿੱਚ ਬੈਠ ਕੇ ਭੋਜਨ ਛਕਦੇ ਸਨ। ਆਪ ਜੀ ਦੀ ਆਮਦ 'ਤੇ ਰਾਜ ਘਰਾਣਿਆਂ (ਜੋ ਕਿ ਆਪ ਜੀ ਦੇ ਸ਼ਿਸ਼ ਸਨ) ਵਲੋਂ ਵਿਸ਼ਾਲ ਭੰਡਾਰੇ ਕੀਤੇ ਜਾਂਦੇ ਸਨ। ਐਸੇ ਹੀ ਇੱਕ ਭੰਡਾਰੇ ਵਿੱਚ ਚਿਤੌੜ ਵਿਖੇ ਆਪ ਨੇ ਲੋਕਾਈ ਨੂੰ ਬਰਾਬਰੀ ਅਤੇ ਮਿਲਵਰਤਨ ਦਾ ਉਪਦੇਸ਼ ਦਿੱਤਾ ਸੀ।
ਆਪ ਜੀ ਦਾ ਚਿਤਵਿਆ "ਬੇਗਮਪੁਰਾ" ਸਮੁੱਚੇ ਵਿਸ਼ਵ ਲਈ ਇੱਕ ਅਜਿਹੇ ਸੁਖਾਵੇਂ ਮਾਹੌਲ ਦੀ ਸਿਰਜਣਾ ਦਾ ਪ੍ਰਤੀਕ ਹੈ, ਜਿੱਥੇ ਵਰਗ-ਵੰਡ ਅਤੇ ਸ਼੍ਰੇਣੀ-ਵੰਡ ਲਈ ਕੋਈ ਥਾਂ ਨਹੀਂ। ਵਿਦਵਾਨ ਇਸ ਨੂੰ 'ਵਿਸ਼ਵ ਧਰਮ' ਦੀ ਸੰਗਿਆ ਦਿੰਦੇ ਹਨ। ਏਥੇ ਸਭ ਦੇ ਸੁੱਖ ਹਿਤ ਕਾਮਨਾ ਹੈ। ਏਥੇ ਅਮੀਰ-ਗ਼ਰੀਬ ਦੇ ਅੰਤਰ, ਰੰਗ-ਨਸਲ ਅਧਾਰਤ ਭੇਦ-ਭਾਵ ਅਤੇ ਜਾਤ-ਪਾਤ ਲਈ ਕੋਈ ਥਾਂ ਨਹੀਂ। ਏਥੇ ਮਨੁੱਖ ਸਿਰਫ਼ ਮਨੁੱਖ ਹੈ। ਅੱਜ ਤੋਂ 600 ਸਾਲ ਪਹਿਲਾਂ ਦਿੱਤਾ ਹੋਇਆ ਗੁਰੂ ਜੀ ਦਾ ਇਹ ਸੰਦੇਸ਼ ਅੱਜ ਵੀ ਓਨਾ ਹੀ ਸਾਰਥਕ ਹੈ।
ਤਤਕਾਲੀ ਦੌਰ ਵਿੱਚ ਸ਼ੂਦਰਾਂ ਉੱਪਰ ਅਨੇਕ ਤਰ੍ਹਾਂ ਦੀਆਂ ਪਾਬੰਦੀਆਂ ਸਨ। ਬਾਵਜੂਦ ਇਸਦੇ ਗੁਰੂ ਜੀ ਨੇ ਸਾਰੀ ਜ਼ਿੰਦਗੀ ਆਪਣਾ ਮਾਰਗ ਨਾ ਬਦਲਿਆ, ਭਾਵੇਂ ਉਨ੍ਹਾਂ ਨੂੰ ਜੀਵਨ ਵਿੱਚ ਕਈ ਕਠਿਨਾਈਆਂ ਦਾ ਸਾਹਮਣਾ ਕਰਨਾ ਪਿਆ। ਭਾਰੀ ਵਿਰੋਧ ਦਾ ਸਾਹਮਣਾ ਵੀ ਆਪ ਜੀ ਨੂੰ ਆਪਣੇ ਮਾਰਗ ਉੱਪਰ ਚਲਦਿਆਂ ਕਰਨਾ ਪਿਆ। ਫੇਰ ਵੀ ਆਪ ਨਿਤ ਅੱਗੇ ਵਧਦੇ ਰਹੇ। ਅਖ਼ੀਰ ਵਿਰੋਧੀਆਂ ਨੂੰ ਆਪਣੀ ਕੀਤੀ 'ਤੇ ਪਛਤਾਵਾ ਹੋਇਆ। ਉਨ੍ਹਾਂ ਗੁਰੂ ਜੀ ਪਾਸ ਆਪਣੀ ਭੁੱਲ ਬਖ਼ਸ਼ਾਈ ਅਤੇ ਗੁਰੂ ਜੀ ਦੇ ਜੀਵਨ-ਉਦੇਸ਼ ਦੀ ਪੂਰਤੀ ਹਿਤ ਉਨ੍ਹਾਂ ਦੇ ਨਾਲ ਹੋ ਤੁਰੇ। ਗੁਰੂ ਜੀ ਨੇ ਜੀਵਨ ਦੀਆਂ ਵੱਡੀਆਂ ਪ੍ਰਾਪਤੀਆਂ ਉੱਪਰ ਕਦੇ ਹੰਕਾਰ ਨਾ ਕੀਤਾ ਸਗੋਂ ਖ਼ੁਦ ਨੂੰ ਸਦਾ ਪ੍ਰਭੂ ਦਾ ਨਿਮਾਣਾ ਸੇਵਕ ਜਾਣਿਆ। ਆਪ ਪ੍ਰਭੂ-ਪ੍ਰੇਮ ਦੀ ਸਾਕਾਰ ਮੂਰਤ ਸਨ। ਗੁਰੂ ਜੀ ਦਾ ਜੀਵਨ ਮਨੁੱਖਤਾ ਨੂੰ ਇਹ ਸੰਦੇਸ਼ ਦਿੰਦਾ ਹੈ ਕਿ ਅਨੇਕ ਮੁਸ਼ਕਿਲਾਂ ਦੇ ਬਾਵਜੂਦ ਸਾਨੂੰ ਸੱਚ ਦਾ ਪੱਲਾ ਕਦੇ ਨਹੀਂ ਛੱਡਣਾ ਚਾਹੀਦਾ।
ਆਪ ਜੀ ਦੀ ਬਾਣੀ ਵਿੱਚ ਅਨੇਕ ਭਾਸ਼ਾਵਾਂ ਦੇ ਸ਼ਬਦ ਦ੍ਰਿਸ਼ਟੀਗੋਚਰ ਹੁੰਦੇ ਹਨ ਜਿਹੜੇ ਆਪ ਜੀ ਦੇ ਵਿਸ਼ਾਲ ਗਿਆਨ ਅਤੇ ਵਿਆਪਕ ਜੀਵਨ ਅਨੁਭਵ ਦੇ ਲਖਾਇਕ ਹਨ। ਇਸ ਤੱਥ ਦੀ ਗਵਾਹੀ ਵੀ ਇਹ ਆਪਣੇ-ਆਪ ਵਿੱਚ ਹਨ ਕਿ ਆਪ ਨੇ ਆਪਣੇ ਜੀਵਨ-ਉਦੇਸ਼ ਦੇ ਪਰਚਾਰ ਹਿਤ ਦੂਰ-ਦੁਰਾਡੇ ਦੇ ਅਨੇਕ ਇਲਾਕਿਆਂ ਦੀਆਂ ਯਾਤਰਾਵਾਂ ਕੀਤੀਆਂ। ਇਹੀ ਕਾਰਨ ਹੈ ਕਿ ਵੱਖ-ਵੱਖ ਦੂਰ-ਦੁਰਾਡੇ ਦੇ ਇਲਾਕਿਆਂ ਵਿੱਚ ਆਪ ਜੀ ਦਾ ਨਾਮ ਉਨ੍ਹਾਂ ਵੇਲ਼ਿਆਂ ਵਿੱਚ ਵੀ ਵਿਖਿਆਤ ਸੀ। ਵੱਖ-ਵੱਖ ਥਾਵਾਂ 'ਤੇ ਆਪ ਜੀ ਦੇ ਨਾਮ ਉੱਪਰ ਇਤਿਹਾਸਕ ਸਥਾਨਾਂ ਦਾ ਹੋਣਾ ਵੀ ਆਪ ਜੀ ਦੁਆਰਾ ਕੀਤੀਆਂ ਗਈਆਂ ਯਾਤਰਾਵਾਂ ਦੀ ਗਵਾਹੀ ਭਰਦਾ ਹੈ।
ਗੁਰੂ ਜੀ ਦੀ ਬਾਣੀ ਦੀ ਇਹ ਵਿਸ਼ੇਸ਼ਤਾ ਹੈ ਕਿ ਆਪ ਜੀ ਨੇ ਆਪਣੀ ਗੱਲ ਪੂਰੇ ਤਰਕ ਦੇ ਆਧਾਰ 'ਤੇ ਕਹੀ ਅਤੇ ਆਪਣੀ ਉਸ ਗੱਲ ਨੂੰ ਕਹਿਣ ਲੱਗੇ ਪੂਰੇ ਨਿਰਭੈਅ ਰਹੇ। ਤਰਕ, ਆਪ ਜੀ ਦੀ ਨਿਡਰਤਾ ਦਾ ਮੂਲ ਆਧਾਰ ਰਿਹਾ।
ਭਾਵੇਂ ਅਨੇਕ ਰਾਜੇ-ਰਾਣੀਆਂ ਆਪ ਜੀ ਦੇ ਸੇਵਕ ਸਨ ਪਰ ਆਪ ਜੀ ਆਪਣੇ ਜੀਵਨ-ਕਾਲ ਵਿੱਚ ਹੱਥੀਂ ਕਿਰਤ ਕਰਦੇ ਰਹੇ ਅਤੇ ਉਸ ਵਿੱਚੋਂ ਵੀ ਕਾਫ਼ੀ ਹਿੱਸਾ ਲੋਕ-ਅਰਥ ਲਗਾਉਂਦੇ ਰਹੇ। ਇਸ ਪਰਕਾਰ ਆਪ ਜੀ ਨੇ ਹੱਥੀਂ ਕਿਰਤ ਕਰਨ ਦਾ ਮਾਣ ਵਧਾਇਆ ਅਤੇ ਸੰਸਾਰ ਨੂੰ ਜੀਵੰਤ ਸੰਦੇਸ਼ ਦਿੱਤਾ ਕਿ ਕੋਈ ਕੰਮ ਛੋਟਾ ਜਾਂ ਵੱਡਾ ਨਹੀਂ ਹੁੰਦਾ ਅਤੇ ਨਾ ਹੀ ਉਸ ਨੂੰ ਕਰਨ ਵਾਲਾ ਹੀ ਛੋਟਾ ਜਾਂ ਵੱਡਾ ਹੁੰਦਾ ਹੈ। ਕਿਰਤ ਸਦਾ ਮਾਣ ਦੀ ਪਾਤਰ ਹੈ। ਕਿਰਤੀ ਵੀ ਏਸੇ ਤਰ੍ਹਾਂ ਸਤਿਕਾਰ ਦਾ ਪਾਤਰ ਹੈ।
ਆਪ ਜੀ ਦੀ ਰਚੀ ਹੋਈ ਬਾਣੀ ਪਿਛਲੀਆਂ ਛੇ ਸਦੀਆਂ ਤੋਂ ਮਨੁੱਖਤਾ ਦਾ ਰਾਹ ਰੁਸ਼ਨਾ ਰਹੀ ਹੈ। ਇਸ ਬਾਣੀ ਦੀ ਤਾਸੀਰ ਐਸੀ ਹੈ ਕਿ ਇਹ ਹਮੇਸ਼ਾ ਨਵੀਂ ਅਤੇ ਸੱਜਰੀ ਹੈ। ਆਉਣ ਵਾਲੀਆਂ ਨਸਲਾਂ ਇਸ ਬਾਣੀ ਤੋਂ ਜੀਵਨ-ਸੇਧ ਪ੍ਰਾਪਤ ਕਰਦੀਆਂ ਰਹਿਣਗੀਆਂ।
ਗੁਰੂ ਜੀ ਦੇ ਮਹਾਨ ਜੀਵਨ ਦੀਆਂ ਅਜਿਹੀਆਂ ਬੇਜੋੜ ਪ੍ਰਾਪਤੀਆਂ ਨੂੰ ਤੱਕਦਿਆਂ ਉੱਘੇ ਸਿੱਖ ਚਿੰਤਕ ਡਾ. ਰਤਨ ਸਿੰਘ ਜੱਗੀ (ਡੀ. ਲਿਟ) ਗੁਰੂ ਰਵਿਦਾਸ ਜੀ ਨੂੰ 'ਯੁਗ ਪ੍ਰਵਰਤਕ' ਰਹਿਬਰ ਆਖਦੇ ਹਨ।
(ਡਾ. ਬਲਵੀਰ ਮੰਨਣ)
ਪੀ-ਐੱਚ. ਡੀ.
ਮੋਬ. 94173-45485