ਜ਼ਿੰਦਗੀ ਦਾ ਸੰਗੀਤ : ਰਵਾਇਤਾਂ ਤੇ ਤਬਦੀਲੀਆਂ - ਗੁਰਬਚਨ ਜਗਤ
ਹਰ ਨਵੇਂ ਸਾਲ ਦਾ ਦਿਨ ਅਤੀਤ ਦੀਆਂ ਯਾਦਾਂ ਦੀ ਮਹਿਕ ਲੈ ਕੇ ਆਉਂਦਾ ਹੈ। ਮੋਬਾਈਲ ਫੋਨਾਂ ਦੀ ਆਮਦ ਹੋਣ ਅਤੇ ਇਨ੍ਹਾਂ ’ਤੇ ਚਮਚਮਾਉਂਦੇ ਯੰਤਰੀ ਸੁਨੇਹਿਆਂ ਤੋਂ ਪਹਿਲਾਂ ਅਸੀਂ ਸੁਨੇਹਿਆਂ ਲਈ ਖ਼ਤਾਂ ਅਤੇ ਸ਼ੁਭ ਕਾਮਨਾ ਕਾਰਡਾਂ ਦੀ ਵਰਤੋਂ ਕਰਿਆ ਕਰਦੇ ਸਾਂ। ਨਵੇਂ ਸਾਲ ਦੀ ਆਮਦ ਤੋਂ ਕੁਝ ਦਿਨ ਪਹਿਲਾਂ ਹੀ ਕਾਰਡਾਂ ਦੀ ਆਮਦ ਸ਼ੁਰੂ ਹੋ ਜਾਂਦੀ ਸੀ ਤੇ ਇਸ ਤੋਂ ਹਫ਼ਤਾ ਬਾਅਦ ਤੱਕ ਜਾਰੀ ਰਹਿੰਦੀ ਸੀ। ਘਰ ਵਿਚ ਤਿਓਹਾਰ ਵਰਗਾ ਮਾਹੌਲ ਬਣ ਜਾਂਦਾ ਸੀ ਅਤੇ ਦੇਸ਼ ਵਿਦੇਸ਼ ’ਚੋਂ ਤਰ੍ਹਾਂ ਤਰ੍ਹਾਂ ਦੇ ਕਾਰਡ ਆਉਂਦੇ ਰਹਿੰਦੇ ਸਨ। ਘਰ ਦੇ ਸ਼ਿੰਗਾਰਦਾਨਾਂ ਦੇ ਭਰ ਜਾਣ ਤੋਂ ਬਾਅਦ ਸ਼ੁਭ ਕਾਮਨਾ ਕਾਰਡਾਂ ਦੀਆਂ ਲੜੀਆਂ ਬਣਾ ਕੇ ਇਨ੍ਹਾਂ ਨੂੰ ਕਮਰਿਆਂ ਵਿੱਚ ਸਜਾ ਦਿੱਤਾ ਜਾਂਦਾ ਸੀ ਤੇ ਫਿਰ ਸੇਵਾਵਾਂ, ਦੋਸਤਾਂ, ਰਿਸ਼ਤੇਦਾਰਾਂ ਅਤੇ ਕਰੀਬੀ ਪਰਿਵਾਰਕ ਮੈਂਬਰਾਂ ਦੇ ਲਿਹਾਜ਼ ਨਾਲ ਇਨ੍ਹਾਂ ਨੂੰ ਵੱਖੋ ਵੱਖਰੇ ਸਮੂਹਾਂ ਵਿਚ ਵੰਡ ਦਿੱਤਾ ਜਾਂਦਾ ਸੀ। ਇਹ ਸਾਰਾ ਕੰਮ ਹੱਥੀਂ ਕਰਨਾ ਅਤੇ ਫਿਰ ਸੰਦੇਸ਼ਾਂ ਨੂੰ ਪੜ੍ਹਨ ਦਾ ਵੱਖਰਾ ਹੀ ਮਜ਼ਾ ਸੀ। ਨਾਲੋ-ਨਾਲ ਕਾਰਡ ਭੇਜਣ ਦਾ ਕੰਮ ਵੀ ਚੱਲਦਾ ਰਹਿੰਦਾ ਸੀ ਤੇ ਜਿਨ੍ਹਾਂ ਨੂੰ ਕਾਰਡ ਭੇਜਣੇ ਹੁੰਦੇ ਸਨ, ਉਨ੍ਹਾਂ ਦੀ ਸੂਚੀ ਵਿਚ ਕੁਝ ਨਵੇਂ ਨਾਂ ਜੋੜੇ ਜਾਂਦੇ ਤੇ ਕੁਝ ਹਟਾਉਣੇ ਪੈਂਦੇ ਸਨ। ਮੈਂ ਇਹ ਸਾਰਾ ਕੰਮ ਹਮੇਸ਼ਾਂ ਆਪਣੇ ਹੱਥੀਂ ਕਰਿਆ ਕਰਦਾ ਸਾਂ ਤੇ ਆਮ ਤੌਰ ’ਤੇ ਇਸ ਲਈ ਦੋ ਤਿੰਨ ਦਿਨ ਲੱਗਦੇ ਸਨ। ਫਿਰ ਜਦੋਂ ਚੰਡੀਗੜ੍ਹ ’ਚ ਤਾਇਨਾਤੀ ਹੋਈ ਤਾਂ ਨਵੇਂ ਸਾਲ ਵਾਲੇ ਦਿਨ ਅਸੀਂ ਇੱਕ ਗਰੁੱਪ ਬਣਾ ਕੇ ਆਪਣੇ ਸਾਰੇ ਸਟਾਫ਼ ਨੂੰ ਉਨ੍ਹਾਂ ਦੇ ਦਫ਼ਤਰਾਂ ਵਿਚ ਜਾ ਕੇ ਨਵੇਂ ਸਾਲ ਦੀ ਵਧਾਈ ਦਿੰਦੇ ਸਾਂ ਅਤੇ ਬਾਅਦ ਵਿਚ ਆਪਣੇ ਸੀਨੀਅਰ ਸਾਥੀਆਂ ਨੂੰ ਨਿੱਜੀ ਰੂਪ ਵਿਚ ਮਿਲ ਕੇ ਵਧਾਈ ਦਿੰਦੇ ਸਾਂ। ਇਸ ਤਰ੍ਹਾਂ, ਇਹ ਇੱਕ ਜਸ਼ਨ ਦਾ ਦਿਹਾੜਾ ਹੋ ਨਿੱਬੜਦਾ ਸੀ।
ਫਿਰ ਸਮਾਂ ਬਦਲਿਆ, ਉਮਰ ਗੁਜ਼ਰਦੀ ਗਈ ਤੇ ਸੇਵਾਮੁਕਤੀ ਆ ਗਈ ਤਾਂ ਖੁਸ਼ੀ ਦੇ ਨਾਲ ਨਾਲ ਕੁਝ ਖੁੱਸ ਜਾਣ ਦਾ ਮਿਲਿਆ ਜੁਲਿਆ ਅਹਿਸਾਸ ਹੋ ਰਿਹਾ ਸੀ। ਲੰਬੀ ਪਾਰੀ ਮੁੱਕਣ ਦੀ ਖੁਸ਼ੀ ਸੀ ਜਦੋਂਕਿ ਜ਼ਿੰਦਗੀ ਦੇ ਨਵੇਂ ਢੰਗ ਦਾ ਬਦਲਾਓ ਵੀ ਮਹਿਸੂਸ ਹੋ ਰਿਹਾ ਸੀ। ਉਂਜ, ਜ਼ਿੰਦਗੀ ਦੇ ਹਰੇਕ ਪੜਾਅ ਦੇ ਚੰਗੇ ਤੇ ਮਾੜੇ ਪੱਖ ਹੁੰਦੇ ਹਨ ਤੇ ਇਹ ਤੁਹਾਡੇ ’ਤੇ ਨਿਰਭਰ ਕਰਦਾ ਹੈ ਕਿ ਮਾੜੇ ਪੱਖਾਂ ਨੂੰ ਚੰਗਿਆਂ ਵਿਚ ਕਿਵੇਂ ਬਦਲਿਆ ਜਾਵੇ। ਨਵੇਂ ਸਾਲ ਦਾ ਸ਼ੁਗਲ ਵੀ ਬਦਲ ਗਿਆ ਸੀ, ਹੁਣ ਕੋਈ ਸ਼ੁਭ ਕਾਮਨਾ ਦੇ ਕਾਰਡ ਨਹੀਂ ਆਉਂਦੇ, ਮੋਬਾਈਲ ਫੋਨਾਂ ’ਤੇ ਹੀ ਸੰਦੇਸ਼ਾਂ ਦਾ ਚਲਨ ਹੋ ਗਿਆ, ਪਰਿਵਾਰਕ ਤੇ ਕਰੀਬੀ ਦੋਸਤਾਂ ਨੂੰ ਛੱਡ ਕੇ ਆਉਣ ਵਾਲੇ ਸੁਨੇਹਿਆਂ ’ਚੋਂ ਪਹਿਲਾਂ ਵਾਲਾ ਨਿੱਘ ਮਹਿਸੂਸ ਨਹੀਂ ਹੁੰਦਾ। ਕੀ ਤਕਨਾਲੋਜੀ ਸਾਹਮਣੇ ਸਾਰੀਆਂ ਰਵਾਇਤਾਂ ਗੁਆਚ ਜਾਣਗੀਆਂ? ਅੱਜ ਕੱਲ੍ਹ ਚਿੱਠੀ ਲਿਖਣ ਦੀ ਕਲਾ ਗੁਆਚ ਗਈ ਹੈ ਤੇ ਈਮੇਲ, ਵਟਸਐਪ ਜਾਂ ਮੈਸੇਜਿੰਗ ਆਦਿ ਸਭ ਨੇ ਮਿਲ ਕੇ ਸਦੀਆਂ ਤੋਂ ਚੱਲੇ ਆ ਰਹੇ ਰਾਬਤੇ ਦੇ ਸਾਧਨ ਨਿਗ਼ਲ ਲਏ ਹਨ। ਚਿੱਠੀ ਲਿਖਣ ਦੇ ਬਹੁਤ ਸਾਰੇ ਅੰਦਾਜ਼ ਹੁੰਦੇ ਸਨ -ਰਸਮੀ ਤੇ ਗ਼ੈਰ-ਰਸਮੀ, ਸਰਕਾਰੀ ਪੱਤਰਾਂ ਤੋਂ ਲੈ ਕੇ ਪ੍ਰੇਮ ਪੱਤਰਾਂ ਤੱਕ ਹਰੇਕ ਖਤੋ-ਕਿਤਾਬਤ ਦੀ ਇਕ ਖਾਸ ਕਲਾ ਹੁੰਦੀ ਸੀ। ਅਸੀਂ ਆਪਣੀਆਂ ਰਵਾਇਤਾਂ ਨੂੰ ਰੱਦੀ ਦੀ ਟੋਕਰੀ ਵਿਚ ਸੁੱਟਣ ਦੀ ਕਾਹਲ ਦੇ ਐਨੇ ਆਦੀ ਕਿਉਂ ਹਾਂ? ਅੰਗਰੇਜ਼ ਆਪਣੀਆਂ ਰਵਾਇਤਾਂ ਨੂੰ ਸੰਜੋਅ ਕੇ ਰੱਖਣ ਲਈ ਜਾਣੇ ਜਾਂਦੇ ਹਨ। ਦੂਜੇ ਪਾਸੇ ਅਸੀਂ ਆਪਣੀਆਂ ਪੁਰਾਤਨ ਯਾਦਗਾਰਾਂ, ਮੰਦਰਾਂ, ਘਰਾਂ, ਕਲਾ, ਖਾਣਿਆਂ ਆਦਿ ਸਭ ਨੂੰ ਸੁੱਟਦੇ ਰਹਿੰਦੇ ਹਾਂ ਅਤੇ ਸਾਨੂੰ ਆਪਣੇ ਵਿਰਸੇ ’ਤੇ ਕਦੇ ਮਾਣ ਹੀ ਨਹੀਂ ਹੁੰਦਾ। ਸਮੁੱਚੇ ਯੂਰਪ ਅੰਦਰ ਰੈਸਤਰਾਂ ਤੇ ਕੈਫਿਆਂ ਵਿਚ ਪਰੋਸੇ ਜਾਣ ਵਾਲੇ ਜ਼ਿਆਦਾਤਰ ਪਕਵਾਨ ਮੁਕਾਮੀ ਹੁੰਦੇ ਹਨ ਤੇ ਉਹ ਇਨ੍ਹਾਂ ’ਤੇ ਬਹੁਤ ਮਾਣ ਵੀ ਕਰਦੇ ਹਨ। ਦੂਜੇ ਪਾਸੇ ਸਾਡੇ ਇੱਥੇ ਮੁਕਾਮੀ ਪਕਵਾਨ ਬਹੁਤ ਮੁਸ਼ਕਲ ਨਾਲ ਲੱਭਦੇ ਹਨ ਹਾਲਾਂਕਿ ਸਾਡੇ ਖਾਣ ਪਾਨ ਦੀਆਂ ਖੂਬੀਆਂ ਤੇ ਰਵਾਇਤਾਂ ਇੰਨੀਆਂ ਜ਼ਿਆਦਾ ਜਟਿਲ ਹਨ ਕਿ ਹਰ ਸੌ ਕਿਲੋਮੀਟਰ ’ਤੇ ਸਾਡੇ ਖਾਣੇ ਤੇ ਬੋਲੀਆਂ ਬਦਲ ਜਾਂਦੀਆਂ ਹਨ।
ਹਥਿਆਰਬੰਦ ਦਸਤੇ, ਪੁਲੀਸ, ਨਿਆਂਪਾਲਿਕਾ, ਯੂਨੀਵਰਸਿਟੀਆਂ, ਸਕੂਲ ਆਦਿ ਜਿਹੀਆਂ ਸੰਸਥਾਵਾਂ ਰਵਾਇਤਾਂ ਦੀਆਂ ਪਹਿਰੇਦਾਰ ਹੁੰਦੀਆਂ ਹਨ। ਰਵਾਇਤਾਂ ਨਾ ਕੇਵਲ ਸਾਡੇ ਸਭਿਆਚਾਰ ਅਤੇ ਰਸਮੋ ਰਿਵਾਜ ਨੂੰ ਸੰਭਾਲ ਕੇ ਰੱਖਣ ਵਿਚ ਸਹਾਈ ਹੁੰਦੀਆਂ ਹਨ ਸਗੋਂ ਕਲਾ, ਵਿਗਿਆਨ, ਦਵਾ ਜਾਂ ਲੜਾਕੂ ਰਵਾਇਤਾਂ ਵਿਚ ਸਾਡੀ ਸਭਿਅਤਾ ਦੇ ਵਿਕਾਸ ਦੀ ਤਰਜਮਾਨੀ ਵੀ ਕਰਦੀਆਂ ਹਨ। ਇਸ ਦਾ ਪੜਾਅਵਾਰ ਵਿਕਾਸ ਹੀ ਕੇਂਦਰੀ ਗੱਲ ਹੁੰਦੀ ਹੈ। ਹਰੇਕ ਫ਼ੌਜੀ ਪਲਟਣ ਨੂੰ ਆਪਣੇ ਰੰਗ, ਨਿਸ਼ਾਨ, ਝੰਡੇ ਨਾਲ ਖਾਸ ਲਗਾਓ ਹੁੰਦਾ ਹੈ ਤੇ ਪੁਰਾਣੀਆਂ ਲੜਾਈਆਂ ਤੇ ਮਾਰੀਆਂ ਮੱਲਾਂ ਉੱਪਰ ਉਨ੍ਹਾਂ ਦੇ ਇਸ ਮਾਣ ਦੀਆਂ ਜੜ੍ਹਾਂ ਇਤਿਹਾਸ ਵਿਚ ਲੱਗੀਆਂ ਹੁੰਦੀਆਂ ਹਨ। ਉਹ ਆਪਣੀ ਰੈਜੀਮੈਂਟ ਲਈ ਇਕੱਠੇ ਲੜੇ ਮਰੇ ਹੁੰਦੇ ਹਨ। ਇਸੇ ਤਰ੍ਹਾਂ ਸਿੱਖਿਆ ਸੰਸਥਾਵਾਂ ਦੀਆਂ ਆਪਣੀਆਂ ਰਵਾਇਤਾਂ ਹੁੰਦੀਆਂ ਹਨ। ਸਾਡੇ ਦੇਸ਼ ਵਿਚ ਸੈਂਕੜੇ ਸਾਲ ਪੁਰਾਣੇ ਬਹੁਤ ਸਾਰੇ ਸਕੂਲ ਹਨ। ਉਨ੍ਹਾਂ ਦਾ ਜਨਮ ਵੱਖੋ ਵੱਖਰੇ ਧਰਮਾਂ, ਵਿਚਾਰਧਾਰਾਵਾਂ ਵਿਚ ਹੋਇਆ ਸੀ ਅਤੇ ਪਰਉਪਕਾਰ ਦੇ ਉਨ੍ਹਾਂ ਦੇ ਆਪੋ ਆਪਣੇ ਢੰਗ ਸਨ। ਕੀ ਉਨ੍ਹਾਂ ਸਾਰਿਆਂ ਦਾ ਇਕੋ ਰੰਗ ਕਰ ਦੇਣਾ ਜ਼ਰੂਰੀ ਹੈ? ਹੋਰ ਤਾਂ ਹੋਰ ਸਾਡੇ ਮੰਦਰਾਂ ਦੀਆਂ ਵੀ ਵੱਖੋ ਵੱਖਰੀਆਂ ਰਵਾਇਤਾਂ ਰਹੀਆਂ ਹਨ, ਭਾਵੇਂ ਉੱਥੇ ਇਕੋ ਪ੍ਰਮਾਤਮਾ ਦੀ ਪੂਜਾ ਕੀਤੀ ਜਾਂਦੀ ਹੈ, ਕੀ ਇਹ ਸਾਡੇ ਸਮਾਜ ਦਾ ਬਹੁਭਾਂਤੇ ਖਾਸੇ ਦਾ ਸਾਰ ਨਹੀਂ ਹੈ। ਕੀ ਅਜਿਹੇ ਬਹੁਭਾਂਤੇ ਦੇਸ਼ ਦਾ ਹਿੱਸਾ ਹੋਣਾ ਛੋਟੀ ਗੱਲ ਹੈ? ਕੀ ਇਕੋ ਝੰਡੇ ਅਤੇ ਇਕ ਵਿਚਾਰਧਾਰਾ ਵਿਚ ਸਮੋਣ ਦੀ ਚਾਹਤ ਵਿਚ ਇਸ ਸਭ ਕਾਸੇ ’ਤੇ ਕੂਚੀ ਫੇਰ ਦੇਣਾ ਸਹੀ ਹੋਵੇਗਾ-ਮੇਰੇ ਖਿਆਲ ਮੁਤਾਬਕ ਇਹ ਬਹੁਤ ਹੀ ਨੀਰਸ ਤੇ ਮਾਯੂਸੀ ਭਰਿਆ ਕੰਮ ਹੋਵੇਗਾ।
ਆਓ, ਮੁੜ ਨਵੇਂ ਸਾਲ ਦੀਆਂ ਸ਼ੁਭਕਾਮਨਾਵਾਂ ਦੀ ਗੱਲ ਕਰਦੇ ਹਾਂ। ਮੈਂ ਅਜੇ ਵੀ ਆਪਣੇ ਕੁਝ ਪੁਰਾਣੇ ਸਹਿਕਰਮੀਆਂ, ਦੋਸਤਾਂ, ਸੀਨੀਅਰਾਂ ਨੂੰ ਫੋਨ ਕਰ ਕੇ ਨਿੱਜੀ ਤੌਰ ’ਤੇ ਸ਼ੁਭਕਾਮਨਾਵਾਂ ਦਿੰਦਾ ਹਾਂ ਅਤੇ ਇਸੇ ਤਰ੍ਹਾਂ ਮੈਨੂੰ ਵੀ ਉਨ੍ਹਾਂ ਤੋਂ ਨਿੱਜੀ ਕਾਲਾਂ ਆਉਂਦੀਆਂ ਹਨ। ਇਨ੍ਹਾਂ ’ਚੋਂ ਮੇਰੀਆਂ ਸਭ ਤੋਂ ਵੱਧ ਪਸੰਦੀਦਾ ਕਾਲਾਂ ਮੇਰੇ ਪੁਰਾਣੇ ਨਿੱਜੀ ਸਟਾਫ਼ ਮੈਂਬਰਾਂ ਦੀਆਂ ਹੁੰਦੀਆਂ ਹਨ। ਮੈਨੂੰ ਅੰਮ੍ਰਿਤਸਰ ਤੋਂ ਮਹਿੰਦਰਪਾਲ ਦੀ ਇਕ ਕਾਲ ਆਈ ਜੋ 1970ਵਿਆਂ ਦੇ ਅਖੀਰ ਤੇ ਅੱਸੀਵਿਆਂ ਦੇ ਸ਼ੁਰੂ ਵਿਚ ਮੇਰਾ ਟੈਲੀਫੋਨ ਅਟੈਂਡੈਂਟ ਸੀ। ਉਦੋਂ ਮੋਬਾਈਲ ਫੋਨ ਦਾ ਕਿਸੇ ਨੇ ਨਾਂ ਵੀ ਨਹੀਂ ਸੁਣਿਆ ਸੀ। ਕਪੂਰਥਲਾ, ਬਠਿੰਡਾ ਆਦਿ ਸ਼ਹਿਰਾਂ ਤੋਂ ਮੈਨੂੰ ਫੋਨ ਕਾਲਾਂ ਆਉਂਦੀਆਂ ਰਹਿੰਦੀਆਂ ਸਨ ਤੇ ਜੰਮੂ ਤੋਂ ਬਲਬੀਰ ਤੇ ਯਸ਼ਪਾਲ ਨੇ ਮੈਨੂੰ ਚੇਤੇ ਕਰਾਉਣ ਵਿਚ ਕਦੇ ਕੋਈ ਕੁਤਾਹੀ ਨਾ ਕਰਨੀ, ਇਸੇ ਤਰ੍ਹਾਂ ਸ੍ਰੀਨਗਰ ਤੋਂ ਗ਼ੁਲਾਮ ਰਸੂਲ, ਯੂਪੀਐੱਸਸੀ ਤੋਂ ਪ੍ਰੇਮ, ਬੀਐੱਸਐੱਫ ਤੋਂ ਦਿਗਵਿਜੈ ਅਤੇ ਚੌਹਾਨ ਵੀ ਕਦੇ ਨਹੀਂ ਖੁੰਝਦੇ ਸਨ। ਹਾਲਾਂਕਿ ਮੈਂ ਉਨ੍ਹਾਂ ਲਈ ਕੁਝ ਨਹੀਂ ਕਰ ਸਕਦਾ ਤੇ ਨਾ ਹੀ ਉਹ ਅਜਿਹੀ ਕੋਈ ਤਵੱਕੋ ਰੱਖਦੇ ਹਨ, ਪਰ ਫਿਰ ਵੀ ਅਸੀਂ ਇਕ ਦੂਜੇ ਦਾ ਅਤੇ ਬੱਚਿਆਂ ਦੇ ਕੰਮ ਕਾਜ ਦਾ ਹਾਲ ਚਾਲ ਪੁੱਛਦੇ ਰਹਿੰਦੇ ਹਾਂ। ਸਬ ਇੰਸਪੈਕਟਰ ਰਣ ਸਿੰਘ ਨੂੰ ਮੈਂ ਕਦੇ ਨਹੀਂ ਭੁੱਲ ਸਕਦਾ ਜੋ ਹੁਣ ਫ਼ੌਤ ਹੋ ਚੁੱਕੇ ਹਨ ਅਤੇ ਅੱਸੀਵਿਆਂ ਦੇ ਸ਼ੁਰੂ ਵਿਚ ਆਪਣੀ ਸੇਵਾਮੁਕਤੀ ਤੱਕ ਉਹ ਮੇਰੇ ਨਾਲ ਡਿਊਟੀ ਦਿੰਦੇ ਰਹੇ ਸਨ। ਰਣ ਸਿੰਘ ਦੀ ਭਰਤੀ ਪੰਜਾਹਵਿਆਂ ਦੇ ਦਹਾਕੇ ਵਿਚ ਹੋਈ ਸੀ ਤੇ ਉਨ੍ਹਾਂ ਪੁਰਾਣੇ ਕਰਮੀਆਂ ਦੀ ਕਤਾਰ ’ਚੋਂ ਆਉਂਦੇ ਸਨ ਜਿਨ੍ਹਾਂ ਨੂੰ ਆਪਣੀ ਦਮਦਾਰ, ਸਾਦਗੀ, ਕੁਸ਼ਲਤਾ ਤੇ ਅਨੁਸ਼ਾਸਨ ਲਈ ਯਾਦ ਕੀਤਾ ਜਾਂਦਾ ਹੈ। ਰਣ ਸਿੰਘ ਦਰਮਿਆਨੇ ਕੱਦ, ਰਿਸ਼ਟ ਪੁਸ਼ਟ, ਭਰਵੀਂ ਫੱਬਤ ਦੇ ਮਾਲਕ ਸਨ ਅਤੇ ਸਿਰ ਦੇ ਵਾਲ ਕਟਵਾ (ਬਜ਼ ਕੱਟ) ਕੇ ਰੱਖਦੇ ਸਨ। ਉਹ ਆਪਣੇ ਕੋਲ ਦੇਸੀ ਘਿਓ ਜ਼ਰੂਰ ਰੱਖਦੇ ਸਨ। ਹਰਿਆਣਵੀ ਬੋਲਦੇ ਸਨ ਅਤੇ ਬਹੁਤ ਹੀ ਮਜ਼ਾਕੀਆ ਸੁਭਾਅ ਵਾਲੇ ਸਨ।
ਚੰਡੀਗੜ੍ਹ ਹੁੰਦਿਆਂ ਇਕ ਦਿਨ ਮੈਂ ਆਪਣੀ ਸਰਕਾਰੀ ਰਿਹਾਇਸ਼ ਦੇ ਲਾਅਨ ਵਿਚ ਟਹਿਲ ਰਿਹਾ ਸਾਂ ਕਿ ਅਚਾਨਕ ਰਣ ਸਿੰਘ ਆ ਗਿਆ ਤੇ ਉਸ ਨੂੰ ਪੰਜਾਬ ਪੁਲੀਸ ਨਾਲ ਜੁੜੀ ਕਿਸੇ ਘਟਨਾ ਬਾਰੇ ਪਤਾ ਲੱਗਿਆ ਤੇ ਉਹ ਕਾਫ਼ੀ ਗੁੱਸੇ ਵਿਚ ਬੋਲ ਰਿਹਾ ਸੀ ਤੇ ਪੂਰੀ ਗੰਭੀਰਤਾ ਨਾਲ ਆਖਿਆ ਕਿ ਜੇ ਮੇਰੇ ਨਾਲ ਕੁਝ ਵੀ ਉਲਟਾ ਨੀਵਾਂ ਹੋਇਆ ਤਾਂ ਉਹ ਉਸ ਬੰਦੇ ਨੂੰ ਬਖ਼ਸ਼ੇਗਾ ਨਹੀਂ। ਮੈਨੂੰ ਉਸ ਦੀ ਗੱਲ ਸਮਝਣ ਵਿਚ ਕੁਝ ਸਮਾਂ ਲੱਗਿਆ ਤੇ ਫਿਰ ਮੈਂ ਉਸ ਨੂੰ ਆਖਿਆ ਕਿ ਉਸ ਦੀ ਡਿਊਟੀ ਲਾਈ ਗਈ ਹੈ ਤਾਂ ਕਿ ਮੇਰੇ ਨਾਲ ਕੋਈ ਮਾੜੀ ਘਟਨਾ ਨਾ ਵਾਪਰੇ ਅਤੇ ਅਗਲੇ ਜਨਮ ਵਿਚ ਮੈਨੂੰ ਇਸ ਦੀ ਕੋਈ ਚਿੰਤਾ ਨਹੀਂ ਹੋਵੇਗੀ ਕਿ ਉਹ ਦੋਸ਼ੀਆਂ ਨਾਲ ਕੀ ਕਰੇਗਾ। ਉਸ ਨੇ ਮੇਰੀ ਗੱਲ ਤਾਂ ਸੁਣ ਲਈ, ਪਰ ਆਪਣੀ ਉਹੀ ਗੱਲ ਦੁਹਰਾਈ ਕਿ ਉਹ ਉਸ ਬੰਦੇ ਨੂੰ ਛੱਡੇਗਾ ਨਹੀਂ। ਮੈਂ ਦੇਖਿਆ ਕਿ ਮੇਰੀਆਂ ਗੱਲਾਂ ਦਾ ਉਸ ’ਤੇ ਕੋਈ ਖਾਸ ਅਸਰ ਨਹੀਂ ਪਿਆ ਤੇ ਉਹ ਪਹਿਲਾਂ ਵਾਂਗ ਹੀ ਗੰਭੀਰ ਬਣਿਆ ਰਿਹਾ ਤਾਂ ਕਿਤੇ ਜਾ ਕੇ ਮਾਮਲਾ ਸ਼ਾਂਤ ਕੀਤਾ। ਰਣ ਸਿੰਘ ਨਾਲ ਇਸ ਕਿਸਮ ਦਾ ਹਾਸਾ ਠੱਠਾ ਚੱਲਦਾ ਹੀ ਰਹਿੰਦਾ ਸੀ। ਇਕ ਵਾਰ ਉਸ ਨੂੰ ਬੁਖ਼ਾਰ ਚੜ੍ਹ ਗਿਆ ਤੇ ਆਮ ਤੌਰ ’ਤੇ ਉਹ ਦੁੱਧ ਤੇ ਦੇਸੀ ਘਿਓ ਦੇ ਨੁਸਖੇ ਨਾਲ ਇਸ ’ਤੇ ਕਾਬੂ ਪਾ ਲੈਂਦਾ ਸੀ, ਪਰ ਇਸ ਵਾਰ ਇਹ ਨੁਸਖ਼ਾ ਕਾਰਗਰ ਨਹੀਂ ਹੋ ਰਿਹਾ ਸੀ ਜਿਸ ਕਰ ਕੇ ਉਸ ਦੇ ਸਾਥੀ ਉਸ ਨੂੰ ਛੇੜਨ ਲੱਗ ਪਏ। ਉਂਜ ਵੀ ਉਸ ਨੂੰ ਬੁਖ਼ਾਰ ਘੱਟ ਹੀ ਚੜ੍ਹਦਾ ਸੀ ਜਿਸ ਕਰ ਕੇ ਉਹ ਅਕਸਰ ਬਾਕੀ ਗਾਰਦ ਸਾਹਮਣੇ ਹੁੱਬ ਕੇ ਦੱਸਦਾ ਹੁੰਦਾ ਸੀ। ਖ਼ੈਰ, ਮੈਂ ਉਸ ਨੂੰ ਡਾਕਟਰ ਕੋਲ ਜਾ ਕੇ ਦਵਾਈ ਲੈਣ ਲਈ ਰਾਜ਼ੀ ਕਰ ਲਿਆ। ਅਗਲੀ ਸਵੇਰ ਮੈਂ ਉਸ ਨੂੰ ਪਛਾਣ ਹੀ ਨਾ ਸਕਿਆ ਤੇ ਉਸ ਦਾ ਚਿਹਰਾ ਉੱਡਿਆ ਪਿਆ ਸੀ। ਉਸ ਨੂੰ ਮਲੇਰੀਆ ਹੋ ਗਿਆ ਸੀ ਤੇ ਡਾਕਟਰ ਨੇ ਪੂਰੇ ਇਕ ਹਫ਼ਤੇ ਲਈ ਕੁਨੀਨ ਦੀਆਂ ਗੋਲੀਆਂ ਖਾਣ ਲਈ ਦੇ ਦਿੱਤੀਆਂ। ਆਪਣੀ ਜਾਚੇ ਰਣ ਸਿੰਘ ਨੇ ਸਮਝਿਆ ਕਿ ਇਨ੍ਹਾਂ ਗੋਲੀਆਂ ਨਾਲ ਉਸ ਨੂੰ ਕੀ ਹੋਣਾ ਹੈ। ਲਿਹਾਜ਼ਾ, ਉਸ ਨੇ ਇਕ ਲਿਟਰ ਦੁੱਧ ਨਾਲ ਗੋਲੀਆਂ ਦਾ ਫੱਕਾ ਮਾਰ ਲਿਆ ਤੇ ਥੋੜ੍ਹੀ ਦੇਰ ’ਚ ਹੀ ਉਸ ਦੀ ਚਮੜੀ ਦਾ ਰੰਗ ਪੀਲਾ ਪੈਣ ਲੱਗ ਪਿਆ। ਕੁਨੀਨ ਦਾ ਉਲਟ ਅਸਰ ਦੂਰ ਕਰਨ ਲਈ ਕਾਫ਼ੀ ਦਵਾਈਆਂ ਖਾਣੀਆਂ ਪਈਆਂ ਤਾਂ ਕਿਤੇ ਜਾ ਕੇ ਉਹ ਆਪਣੇ ਅਸਲ ਰੰਗ ਵਿਚ ਆ ਸਕਿਆ। ਉਂਜ, ਉਸ ਦੇ ਰੰਗ ਨਾਲੋਂ ਉਸ ਦੀ ਮਰਦਾਨਗੀ ਨੂੰ ਜ਼ਿਆਦਾ ਸੱਟ ਵੱਜੀ ਸੀ। ਰਣ ਸਿੰਘ ਦੀ ਸ਼ਖ਼ਸੀਅਤ ਦੇ ਕਈ ਹੋਰ ਗੁੱਝੇ ਰੰਗ ਵੀ ਸਨ।
ਨਵੇਂ ਸਾਲ ਦਾ ਹੀ ਦਿਨ ਸੀ ਕਿ ਅਸੀਂ ਕੁਝ ਦੋਸਤ ਰਾਤ ਦੇ ਖਾਣੇ ’ਤੇ ਇਕੱਠੇ ਹੋ ਗਏ। ਅੱਗ ਬਲ ਰਹੀ ਸੀ ਤੇ ਗੱਲਾਂ ਦਾ ਦੌਰ ਚੱਲ ਰਿਹਾ ਸੀ ਕਿ ਅਚਾਨਕ ਰਣ ਸਿੰਘ ਇਕ ਢੋਲੀ ਨੂੰ ਨਾਲ ਲੈ ਕੇ ਪਹੁੰਚ ਗਿਆ। ਇਸ ਤੋਂ ਪਹਿਲਾਂ ਕਿ ਅਸੀਂ ਕੁਝ ਬੋਲਦੇ, ਉਹ ਢੋਲ ਦੀ ਥਾਪ ’ਤੇ ਰਾਗਨੀ ਸੁਣਾਉਣ ਲੱਗ ਪਿਆ। ਹਾਲਾਂਕਿ ਸਾਡੇ ਕੁਝ ਮਹਿਮਾਨ ਹਰਿਆਣਵੀ ਨਹੀਂ ਸਮਝਦੇ ਸਨ, ਪਰ ਉਸ ਦੇ ਗਾਇਨ ਦੀ ਕੋਈ ਵੀ ਦਾਦ ਦਿੱਤੇ ਬਿਨਾਂ ਨਾ ਰਹਿ ਸਕਿਆ। ਰਣ ਸਿੰਘ ਆਪਣੀ ਧੁਨ ਵਿਚ ਮਸਤ ਹੋ ਕੇ ਗਾਉਂਦਾ ਰਿਹਾ। ਅਚਾਨਕ ਉਹ ਉੱਠਿਆ ਤੇ ਉੱਥੋਂ ਜਾਣ ਲੱਗਿਆ, ਪਰ ਮੈਂ ਉਸ ਨੂੰ ਰੋਕ ਕੇ ਖੁਆ ਪਿਲਾ ਕੇ ਚੰਗੇ ਢੰਗ ਨਾਲ ਵਿਦਾ ਕੀਤਾ। ਰਣ ਸਿੰਘ ਸੇਵਾਮੁਕਤ ਹੋਣ ਤੋਂ ਬਾਅਦ ਮੂਰਥਲ ਨੇੜਲੇ ਆਪਣੇ ਜੱਦੀ ਪਿੰਡ ਵਿਚ ਆਪਣੇ ਬੀਵੀ ਬੱਚਿਆਂ ਕੋਲ ਜਾ ਕੇ ਰਹਿਣ ਲੱਗ ਪਿਆ। ਉਸ ਤੋਂ ਬਾਅਦ ਉਸ ਦੀ ਕੋਈ ਖ਼ਬਰਸਾਰ ਨਾ ਮਿਲੀ, ਪਰ ਉਸ ਦੀ ਸੁਹਿਰਦਤਾ, ਜਬ੍ਹੇ ਅਤੇ ਪੰਜਾਬ ਪੁਲੀਸ ਦੇ ਇਕ ਅਨੁਸ਼ਾਸਿਤ ਮੈਂਬਰ ਵਜੋਂ ਯਾਦਾਂ ਹਮੇਸ਼ਾਂ ਮੇਰੇ ਅੰਗ ਸੰਗ ਰਹੀਆਂ ਹਨ। ਅੱਜਕੱਲ੍ਹ ਦੇ ਨੌਜਵਾਨਾਂ ਨੂੰ ਪੁਰਾਣੀ ਪੀੜ੍ਹੀ ਦੇ ਝੰਡਾਬਰਦਾਰ ਕਰਮੀਆਂ ਦੇ ਮਿਆਰਾਂ ਤੋਂ ਸਿੱਖਣ ਦੀ ਲੋੜ ਹੈ।
ਮੈਂ ਇਸ ਲੇਖ ਦੀ ਸ਼ੁਰੂਆਤ ਨਵੇਂ ਸਾਲ ਦੇ ਸ਼ੁਭ ਸੰਦੇਸ਼ਾਂ ਅਤੇ ਇਸ ਮਾਮਲੇ ਵਿਚ ਆਈਆਂ ਤਬਦੀਲੀਆਂ ਨਾਲ ਕੀਤੀ ਸੀ। ਜ਼ਿੰਦਗੀ ਦੇ ਹਰੇਕ ਸ਼ੋਹਬੇ ਦੀਆਂ ਰਵਾਇਤਾਂ ਵਿਚ ਤਬਦੀਲੀਆਂ ਆਉਂਦੀਆਂ ਰਹਿੰਦੀਆਂ ਹਨ ਅਤੇ ਅਹਿਮ ਗੱਲ ਇਹ ਹੈ ਕਿ ਨਵੇਂ ਤੇ ਪੁਰਾਣੇ ਦਾ ਨਿਰੰਤਰ ਸੰਗਮ ਚੱਲਦਾ ਰਹਿਣਾ ਚਾਹੀਦਾ ਹੈ। ਨਵੀਂ ਪੀੜ੍ਹੀ ਉੱਪਰ ਕੁਝ ਠੋਸਣ ਦੀ ਬਜਾਏ ਉਸ ਨੂੰ ਆਪਣੇ ਤਰੀਕੇ ਨਾਲ ਕੁਝ ਨਵਾਂ ਸਿਰਜਣ ਦੇਣਾ ਹੀ ਸਭ ਤੋਂ ਚੰਗੀ ਗੱਲ ਹੈ। ਜ਼ਿੰਦਗੀ ਦੇ ਬਹੁਤ ਸਾਰੇ ਰੰਗ ਹੁੰਦੇ ਹਨ ਅਤੇ ਇਨ੍ਹਾਂ ਦੇ ਮਿਲਣ ਨਾਲ ਹੀ ਜ਼ਿੰਦਗੀ ਦਾ ਸੰਗੀਤ ਪੈਦਾ ਹੁੰਦਾ ਹੈ ਤੇ ਇਸ ਨੂੰ ਅਰਥ ਮਿਲਦੇ ਹਨ। ਆਓ ਆਪਾਂ ਆਪਣੇ ਆਪ ਨੂੰ ਵਿਕਾਸ ਦੀ ਗਤੀ ਉੱਪਰ ਨਾ ਥੋਪੀਏ ਅਤੇ ਕੁਦਰਤ ਦੇ ਵਿਕਾਸ ਅਤੇ ਨਾਲ ਹੀ ਆਪਣੇ ਵਿਕਾਸ ਵਿਚ ਵੀ ਬੇਲੋੜੀ ਦਖ਼ਲਅੰਦਾਜ਼ੀ ਨਾ ਕਰੀਏ।
* ਸਾਬਕਾ ਚੇਅਰਮੈਨ, ਯੂਪੀਐੱਸਸੀ ਅਤੇਸਾਬਕਾ ਰਾਜਪਾਲ, ਮਨੀਪੁਰ।