ਲੋਹੜੀ, ਦੁੱਲਾ ਤੇ ਪੰਜਾਬ - ਸਵਰਾਜਬੀਰ
ਲੋਹੜੀ ਪੰਜਾਬ ਦਾ ਪ੍ਰਮੁੱਖ ਤਿਉਹਾਰ ਹੈ। ਬਾਕੀ ਤਿਉਹਾਰਾਂ ਵਾਂਗ ਇਹ ਤਿਉਹਾਰ ਵੀ ਖੇਤੀ, ਮੌਸਮ ਤੇ ਮਨੁੱਖੀ ਨਸਲ ਦੇ ਵਧਣ-ਫੁੱਲਣ ਦੀਆਂ ਤਾਂਘਾਂ ਨਾਲ ਜੁੜਿਆ ਹੋਇਆ ਹੈ। ਇਹ ਸਿਆਲ ਦੀ ਰੁੱਤ ਦੇ ਅੱਧ (ਪੋਹ ਦਾ ਆਖ਼ਰੀ ਦਿਨ) ਦਾ ਜਸ਼ਨ ਮਨਾਉਣ ਦਾ ਪੁਰਬ ਵੀ ਹੈ। ਪੰਜਾਬੀ ਸਦੀਆਂ ਤੋਂ ਪੱਛਮ ਤੋਂ ਆਉਂਦੇ ਹਮਲਾਵਰਾਂ ਵਿਰੁੱਧ ਲੜਦੇ ਰਹੇ। ਇਹ ਲੜਾਈਆਂ ਮਰਦਾਂ ਦੀਆਂ ਲੜਾਈਆਂ ਸਨ। ਖੇਤੀ ਤੇ ਵਪਾਰ ਵਿਚ ਵੀ ਮਰਦਾਂ ਦੀ ਭੂਮਿਕਾ ਵੱਧ ਸੀ। ਪੰਜਾਬੀ ਸਮਾਜ ਮਰਦ-ਪ੍ਰਧਾਨ ਸਮਾਜ ਬਣਿਆ। ਇਸ ਕਾਰਨ ਇਸ ਤਿਉਹਾਰ ਸਮੇਂ ਵਿਆਹਾਂ ਅਤੇ ਪੁੱਤਾਂ ਦੇ ਜੰਮਣ ਦੀ ਖ਼ੁਸ਼ੀ ਮਨਾਈ ਜਾਂਦੀ। ਇਹ ਮਨੁੱਖੀ ਮਨ ਵਿਚ ਪੁਰਾਤਨ ਸਮਿਆਂ ਤੋਂ ਅੱਗ/ਅਗਨੀ ਪ੍ਰਤੀ ਪਨਪੇ ਸਤਿਕਾਰ ਨਾਲ ਵੀ ਸਬੰਧਿਤ ਹੈ।
ਲੋਹੜੀ ਮਨਾਉਣ ਦੇ ਲੋਕ-ਰੂਪ ਅਨੂਠੇ ਸਨ। ਕੁੜੀਆਂ ਤੇ ਮੁੰਡਿਆਂ ਦੀਆਂ ਟੋਲੀਆਂ ਘਰਾਂ ਤੋਂ ਲੋਹੜੀ ਮੰਗਣ ਜਾਂਦੀਆਂ। ਇਹ ਟੋਲੀਆਂ ਸਮਾਜ ਵਿਚ ਪਨਪਦੀ ਸਾਂਝੀਵਾਲਤਾ ਅਤੇ ਭਾਈਚਾਰਕ ਮਿਲਵਰਤਨ ਦਾ ਪ੍ਰਤੀਕ ਸਨ। ਟੋਲੀਆਂ ਲੋਹੜੀ ਦੇ ਗੀਤ ਗਾਉਂਦੀਆਂ ਤੇ ਘਰਾਂ ਤੋਂ ਗੁੜ, ਦਾਣੇ, ਪੈਸੇ ਆਦਿ ਇਕੱਠੇ ਕਰਦੀਆਂ। ਲੋਹੜੀ ਵਾਲੇ ਦਿਨ ਘਰਾਂ ਵਿਚ ਪਾਥੀਆਂ ਤੇ ਲੱਕੜਾਂ ਇਕੱਠੇ ਕਰ ਕੇ ਲੋਹੜੀ ਬਾਲੀ ਜਾਂਦੀ। ਤਿਲ, ਚਿਰਵੜੇ ਤੇ ਮੱਕੀ ਦੇ ਫੁੱਲੇ ਅੱਗ ਵਿਚ ਸੁੱਟੇ ਜਾਂਦੇ ਹਨ। ਗੀਤ ਗਾਏ ਜਾਂਦੇ। ਇਹ ਸੁੱਖ ਆਮ ਮੰਗੀ ਜਾਂਦੀ, ‘‘ਭਰੀ ਆਈਂ ਤੇ ਸੱਖਣੀ ਜਾਈਂ’।’’ ਭਾਵ ਤੂੰ ਨਵੇਂ ਜੀਅ (ਪਹਿਲ ਦੇ ਆਧਾਰ ’ਤੇ ਪੁੱਤ) ਲੈ ਕੇ ਆਈ ਪਰ ਸੱਖਣੀ ਜਾਈਂ ਅਰਥਾਤ ਇਸ ਵਰ੍ਹੇ ਘਰ-ਪਰਿਵਾਰ ਵਿਚ ਕੋਈ ਮੌਤ ਨਾ ਹੋਵੇ। ਜਿਨ੍ਹਾਂ ਘਰਾਂ ’ਚ ਪੁੱਤ ਜੰਮੇ ਜਾਂ ਵਿਆਹ ਹੋਏ ਹੁੰਦੇ, ਉਹ ਗੁੜ ਵੰਡਦੇ ਤੇ ਜਸ਼ਨ ਮਨਾਉਂਦੇ। ਅੱਜ-ਕੱਲ੍ਹ ਆਧੁਨਿਕਤਾ ਦੇ ਪ੍ਰਭਾਵ ਹੇਠ ਘਰ ਘਰ ਜਾ ਕੇ ਲੋਹੜੀ ਮੰਗਣ ਦਾ ਰਿਵਾਜ ਖ਼ਤਮ ਹੋ ਚੁੱਕਾ ਹੈ, ਹੁਣ ਪੁੱਤਾਂ ਦੇ ਨਾਲ ਨਾਲ ਧੀਆਂ ਦੀ ਲੋਹੜੀ ਵੀ ਮਨਾਈ ਜਾਂਦੀ ਹੈ।
ਹਰ ਤਿਉਹਾਰ ਉਸ ਖੇਤਰ ਦੀ ਕਿਸੇ ਨਾ ਕਿਸੇ ਲੋਕ-ਗਾਥਾ ਨਾਲ ਜੁੜਿਆ ਹੁੰਦਾ ਹੈ। ਲੋਹੜੀ ਦਾ ਤਿਉਹਾਰ ਪੰਜਾਬ ਦੇ ਲੋਕ-ਨਾਇਕ ਦੁੱਲਾ ਭੱਟੀ ਦੀ ਮੁਗ਼ਲ ਬਾਦਸ਼ਾਹ ਅਕਬਰ ਵਿਰੁੱਧ 16ਵੀਂ ਸਦੀ ਵਿਚ ਕੀਤੀ ਬਗ਼ਾਵਤ ਨਾਲ ਜੁੜਿਆ ਹੋਇਆ ਹੈ। ਲੋਹੜੀ ਦਾ ਗੀਤ ‘ਸੁੰਦਰ ਮੁੰਦਰੀਏ, ਤੇਰਾ ਕੌਣ ਵਿਚਾਰਾ, ਦੁੱਲਾ ਭੱਟੀ ਵਾਲਾ’ ਇਸ ਪੁਰਬ ਦਾ ਪ੍ਰਮੁੱਖ ਗੀਤ ਹੋ ਨਿੱਬੜਿਆ ਹੈ, ਇਸ ਨੇ ਪੰਜਾਬੀ ਲੋਕ-ਮਨ ਨੂੰ ਦੁੱਲੇ ਭੱਟੀ ਦੀ ਅਕਬਰ ਨਾਲ ਹੋਈ ਸ਼ਾਨ ਭਰੀ ਟੱਕਰ ਨਾਲ ਜੋੜੀ ਰੱਖਿਆ ਹੈ। ਅਜਿਹੀ ਟੱਕਰ ਦੁੱਲੇ ਦੇ ਪਿਉ ਤੇ ਦਾਦੇ ਨੇ ਵੀ ਲਈ ਸੀ ਅਤੇ ਲੋਕ ਗਾਥਾ ਅਨੁਸਾਰ ਬਾਦਸ਼ਾਹ ਨੇ ਉਨ੍ਹਾਂ ਦੀਆਂ ਪੁੱਠੀਆਂ ਖੱਲਾਂ ਲੁਹਾਈਆਂ ਤੇ ਉਨ੍ਹਾਂ ਵਿਚ ਘਾਹ-ਫੂਸ ਭਰ ਕੇ ਲਾਹੌਰ ਦੇ ਦਰਵਾਜ਼ਿਆਂ ਦੇ ਬਾਹਰ ਟੰਗ ਦਿੱਤਾ। ਇੱਥੇ ਇਹ ਸਵਾਲ ਪੁੱਛਿਆ ਜਾ ਸਕਦਾ ਹੈ ਕਿ ਵਾਰ ਸਿਰਫ਼ ਦੁੱਲੇ ਦੀ ਕਿਉਂ ਗਾਈ ਜਾਂਦੀ ਹੈ, ਉਸ ਦੇ ਪਿਉ-ਦਾਦੇ ਜਾਂ ਹੋਰ ਬਾਗ਼ੀਆਂ ਦੀ ਕਿਉਂ ਨਹੀਂ? ਇਸ ਪ੍ਰਸ਼ਨ ਦਾ ਉੱਤਰ ਦੇਣਾ ਬਹੁਤ ਮੁਸ਼ਕਲ ਹੈ ਪਰ ਦਲੀਲ ਦਿੱਤੀ ਜਾ ਸਕਦੀ ਹੈ ਕਿ ਦੁੱਲੇ ਦੀ ਬਗ਼ਾਵਤ ਆਪਣੇ ਪਿਉ-ਦਾਦੇ ਤੋਂ ਬਹੁਤ ਵੱਡੀ ਹੋਵੇਗੀ ਅਤੇ ਉਸ ਨੇ ਕੁਝ ਹੋਰ ਅਜਿਹੇ ਕੰਮ ਵੀ ਕੀਤੇ ਹੋਣਗੇ ਜਿਹੜੇ ਲੋਕ-ਮਨ ਵਿਚ ਡੂੰਘੇ ਉੱਕਰੇ ਗਏ ਅਤੇ ਦੁੱਲਾ ਪੰਜਾਬ ਦੀ ਨਾਬਰੀ ਦਾ ਅਜ਼ੀਮ ਪ੍ਰਤੀਕ ਬਣ ਗਿਆ। ਲੋਕ-ਸਿਮਰਤੀ ਅਤੇ ਲੋਕ-ਮਨ ਦੀ ਸਿਰਜਣਾ ਵਿਚ ਇਤਫ਼ਾਕ ਦੀ ਭੂਮਿਕਾ ਵੀ ਬਹੁਤ ਅਹਿਮ ਹੁੰਦੀ ਹੈ।
ਇਹ ਕਹਾਣੀ ਸਦੀਆਂ ਤੋਂ ਪੰਜਾਬੀਆਂ ਦੇ ਮਨਾਂ ਵਿਚ ਵਸੀ ਹੋਈ ਹੈ। ਇਸ ਦੀ ਗਵਾਹੀ ਵਡਾਲਾ ਵੀਰਮ ਪਿੰਡ ਵਿਚ ਜੰਮਿਆ ਸ਼ਾਇਰ ਸ਼ਾਹ ਮੁਹੰਮਦ (1782-1862) ਰਣਜੀਤ ਸਿੰਘ ਦੀ ਮੌਤ ਤੋਂ ਬਾਅਦ ਅੰਗਰੇਜ਼ਾਂ ਤੇ ਲਾਹੌਰ ਦਰਬਾਰ ਵਿਚਕਾਰ ਹੋਈਆਂ ਲੜਾਈਆਂ ਨੂੰ ਆਪਣੇ ਕਿੱਸੇ ‘ਜੰਗਨਾਮਾ ਸਿੰਘਾਂ ਤੇ ਫਰੰਗੀਆਂ’ ਵਿਚ ਕਲਮਬੰਦ ਕਰਦਾ ਹੋਇਆ ਦਿੰਦਾ ਹੈ, ‘ਦੁੱਲੇ ਭੱਟੀ ਨੂੰ ਗਾਂਵਦਾ ਜੱਗ ਸਾਰਾ, ਜੈਮਲ ਫੱਤੇ ਦੀਆਂ ਵਾਰਾਂ ਸਾਰੀਆਂ ਨੀ।’ ਦੁੱਲੇ ਭੱਟੀ ਦਾ ਸਭ ਤੋਂ ਮਸ਼ਹੂਰ ਕਿੱਸਾ ਜ਼ਿਲ੍ਹਾ ਲੁਧਿਆਣਾ ਦੇ ਸੁਧਾਰ ਪਿੰਡ ਦੇ ਵਸਨੀਕ ਕਿਸ਼ਨ ਸਿੰਘ ਨੇ ਲਿਖਿਆ ਜਿਹੜਾ 1897 ਵਿਚ ਛਪਿਆ। ਗ਼ਲਤੀ ਨਾਲ ਇਸ ਨੂੰ ਕਈ ਵਾਰ ਅੰਮ੍ਰਿਤਸਰ ਵਾਲੇ ਗੁਲਾਬਦਾਸੀ ਕਵੀ ਕਿਸ਼ਨ ਸਿੰਘ ਆਰਿਫ਼ ਦੀ ਕਿਰਤ ਮੰਨ ਲਿਆ ਜਾਂਦਾ ਹੈ। ਅੰਗਰੇਜ਼ਾਂ ਦੇ ਸਮਿਆਂ ਵਿਚ ਲਿਖਿਆ ਗਿਆ ਇਹ ਕਿੱਸਾ ਉਸ ਸਮੇਂ ਦੀ ਭਾਵਨਾ ਅਨੁਸਾਰ ਪੰਜਾਬ ਵਿਚ ਅੰਗਰੇਜ਼ਾਂ ਵਿਰੁੱਧ ਪਨਪਦੇ ਵਿਰੋਧ ਨੂੰ ਵੀ ਅਚੇਤ ਰੂਪ ਵਿਚ ਸਮੋਈ ਬੈਠਾ ਹੈ।
ਕਿਸ਼ਨ ਸਿੰਘ ਆਪਣੇ ਕਿੱਸੇ ਦੇ ਸ਼ੁਰੂ ਵਿਚ ਇਹ ਵਰਨਣ ਕਰਦਾ ਹੈ ਕਿ ਬਾਦਸ਼ਾਹ ਅਕਬਰ ਦੇ ਹੁਕਮ ਨਾਲ ਦੁੱਲੇ ਦੇ ਪਿਤਾ ਫ਼ਰੀਦ ਅਤੇ ਦਾਦੇ ਸਾਂਦਲ (ਰਵਾਇਤ ਅਨੁਸਾਰ ਸਾਂਦਲ ਬਾਰ ਦਾ ਨਾਂ ਦੁੱਲੇ ਦੇ ਦਾਦੇ ਦੇ ਨਾਂ ’ਤੇ ਹੈ। ਉਨ੍ਹਾਂ ਦੇ ਪਿੰਡ ਦਾ ਨਾਂ ਪਿੰਡੀ ਭੱਟੀਆਂ ਹੈ।) ਦੀਆਂ ਪੁੱਠੀਆਂ ਖੱਲਾਂ ਲੁਹਾ ਕੇ ਮਾਰਿਆ ਗਿਆ। ਕਿਸ਼ਨ ਸਿੰਘ ਲਿਖਦਾ ਹੈ, ‘‘ਦਿੱਤਾ ਤੁਰਤ ਜਲਾਦਾਂ ਨੂੰ ਹੁਕਮ ਉਸ ਨੇ, ਨਹੀਂ ਸਮਝਦੇ ਇਹ ਕੁਚਾਲ ਯਾਰੋ/ਸਿਰ ਕੱਟ ਕੇ ਤਨ ਤੋਂ ਦੂਰ ਕਰ ਕੇ, ਪੁੱਠੀ ਲਾਹੁਨੀ ਇਨ੍ਹਾਂ ਦੀ ਖਾਲ ਯਾਰੋ/ਸਿਰ ਨਾਲ ਦਰਵਾਜੇ ਦੇ ਟੰਗ ਦੇਣੇ, ਨਾਲ ਖੱਲ ਭਰ ਕੇ ਫੂਸ ਨਾਲ ਯਾਰੋ।’’ ਅਸੀਰੀਅਨ, ਯੂਨਾਨੀ, ਯਹੂਦੀ, ਇਸਾਈ, ਇਸਲਾਮੀ ਤੇ ਕਈ ਹੋਰ ਸਭਿਆਚਾਰਾਂ ਵਿਚ ਪੁੱਠੀ ਖੱਲ ਲਾਹ ਕੇ ਸਜ਼ਾ ਦੇਣ ਦੀ ਰਵਾਇਤ ਮਿਲਦੀ ਹੈ। ਸ਼ਾਹ ਸ਼ਮਸ ਨੂੰ ਗਜ਼ਨਾ/ਗਜ਼ਨੀ ਦੇ ਹਾਕਮ ਵੱਲੋਂ ਦਿੱਤੀ ਗਈ ਸਜ਼ਾ ਬਾਰੇ ਬੁੱਲ੍ਹੇ ਸ਼ਾਹ ਲਿਖਦਾ ਹੈ, ‘ਸ਼ਮਸ ਦੀ ਖੱਲ ਉਲਟ ਲਹਾਇਓ।’, ‘ਸ਼ਾਹ ਸ਼ਮਸ ਦੀ ਖੱਲ ਲਹਾਇਓ/ਸੂਲੀ ਚਾ ਮਨਸੂਰ ਚੜਾਇਓ।’, ‘ਓਥੇ ਇਕਨਾਂ ਪੋਸ਼ (ਖੱਲ) ਲੁਹਾਈਦੇ/ਇਕ ਆਰਿਆਂ ਨਾਲ ਚਿਰਾਈਦੇ।’
16ਵੀਂ ਸਦੀ ਦੇ ਅੱਧ ਲਾਗੇ ਜੰਮੇ ਦੁੱਲੇ ਨੇ ਆਪਣੀ ਮਾਂ ਲੱਧੀ ਤੋਂ ਆਪਣੇ ਪਿਉ-ਦਾਦੇ ਦੇ ਫਾਹੇ ਲਗਾਏ ਜਾਣ ਦੀ ਕਹਾਣੀ ਸੁਣੀ। ਉਸ ਨੇ ਉਨ੍ਹਾਂ ਵਾਂਗ ਲਗਾਨ ਦੇਣ ਤੋਂ ਇਨਕਾਰ ਕਰਦਿਆਂ ਸਥਾਨਕ ਹਾਕਮਾਂ ’ਤੇ ਹੱਲੇ ਬੋਲੇ ਤੇ ਉਨ੍ਹਾਂ ਦੇ ਹਥਿਆਰ ਲੁੱਟੇ, ਉਹ ਇਲਾਕੇ ਵਿਚੋਂ ਗੁਜ਼ਰਨ ਵਾਲੇ ਵਪਾਰੀਆਂ ਦੇ ਕਾਫ਼ਲੇ ਲੁੱਟ ਲੈਂਦਾ। ਉਸ ਨੇ ਇਕ ਬ੍ਰਾਹਮਣ ਦੀਆਂ ਧੀਆਂ ਸੁੰਦਰੀ ਤੇ ਮੁੰਦਰੀ ਨੂੰ ਸਥਾਨਕ ਹਾਕਮ ਤੋਂ ਬਚਾਇਆ ਅਤੇ ਉਨ੍ਹਾਂ ਦਾ ਚਾਚਾ ਬਣ ਕੇ ਉਨ੍ਹਾਂ ਦਾ ਵਿਆਹ ਕੀਤਾ, ਜਿਸ ਤੋਂ ਇਹ ਗੀਤ ‘ਸੁੰਦਰ ਮੁੰਦਰੀਏ’ ਬਣਿਆ। ਲੁੱਟਿਆ ਮਾਲ ਗ਼ਰੀਬਾਂ ਵਿਚ ਵੰਡਣ ਸਦਕਾ ਦੁੱਲੇ ਦਾ ਵੱਕਾਰ ਵਧਿਆ। ਇਸ ਕਰਕੇ ਉਸ ਨੂੰ ਬਾਰ ਜਾਂ ਪੰਜਾਬ ਦਾ ਰੌਬਿਨਹੁੱਡ ਵੀ ਕਿਹਾ ਜਾਂਦਾ ਹੈ। ਦੁੱਲੇ ਨੇ ਮੁਗਲਾਂ ਅੱਗੇ ਸਿਰ ਨਿਵਾਉਣ ਤੋਂ ਇਨਕਾਰ ਕਰ ਦਿੱਤਾ ਅਤੇ ਲਾਹੌਰ ਵਿਚ ਫਾਹੇ ਲਾ ਦਿੱਤਾ ਗਿਆ।
ਇਤਿਹਾਸਕ ਤੌਰ ’ਤੇ ਪੰਜਾਬ ਇਕ ਅਜਿਹਾ ਖ਼ਿੱਤਾ ਰਿਹਾ ਹੈ ਜਿਸ ’ਤੇ ਕਿਸੇ ਵੀ ਹਾਕਮ ਦੁਆਰਾ ਪੱਕੇ ਤੌਰ ’ਤੇ ਰਾਜ ਕਰਨਾ ਮੁਸ਼ਕਲ ਸੀ। ਕੋਈ ਵੀ ਹਮਲਾਵਰ ਜਦੋਂ ਪੰਜਾਬ ਜਿੱਤ ਕੇ ਦਿੱਲੀ ਪਹੁੰਚਦਾ ਤਾਂ ਪੰਜਾਬ ਵਿਚ ਵਿਦਰੋਹ ਹੋਣ ਲੱਗਦੇ। ਇਸ ਕਾਰਨ ਮੁਗ਼ਲ ਬਾਦਸ਼ਾਹ ਅਕਬਰ ਨੇ 1585 ਤੋਂ 1599 ਤਕ ਆਪਣੀ ਰਾਜਧਾਨੀ ਆਗਰਾ ਤੋਂ ਲਾਹੌਰ ਲੈ ਆਂਦੀ। ਪੰਜਾਬੀਆਂ ਦਾ ਅਕਬਰ ਨਾਲ ਰਿਸ਼ਤਾ ਬਹੁਤ ਵਿਰੋਧਤਾਈਆਂ ਨਾਲ ਭਰਿਆ ਸੀ। ਇਕ ਪਾਸੇ ਉਹ ਅਕਬਰ ਤੋਂ ਆਕੀ ਸਨ ਅਤੇ ਦੂਸਰੇ ਪਾਸੇ ਉਹ ਅਕਬਰ ਦੁਆਰਾ ਕਾਇਮ ਕੀਤੇ ਗਏ ਅਮਨ ਤੇ ਸ਼ਾਂਤੀ ਦੇ ਰਾਜ ਦੇ ਕਾਇਲ ਸਨ। ਇਸ ਵਿਰੋਧਾਭਾਸ ’ਚੋਂ ਨਿਕਲਣ ਲਈ ਪੰਜਾਬੀ ਲੋਕ-ਮਨ ਅਜੀਬ ਜੁਗਤ ਲਗਾਉਂਦਾ ਹੈ। ਪ੍ਰਚਲਿਤ ਕਿੱਸੇ ਅਨੁਸਾਰ ਦੁੱਲੇ ਦੇ ਜਨਮ ਸਮੇਂ ਅਕਬਰ ਘਰ ਵੀ ਪੁੱਤਰ ‘ਸ਼ੇਖੂ’ (ਸ਼ਹਿਜ਼ਾਦਾ ਸਲੀਮ/ਬਾਦਸ਼ਾਹ ਜਹਾਂਗੀਰ) ਜੰਮਦਾ ਹੈ। ਨਜ਼ੂਮੀ ਅਕਬਰ ਨੂੰ ਸਲਾਹ ਦਿੰਦੇ ਹਨ ਕਿ ਸ਼ੇਖੂ ਨੂੰ ਰਾਜਪੂਤ ਮਾਂ ਦਾ ਦੁੱਧ ਚੁੰਘਾਇਆ ਜਾਵੇ। ਅਕਬਰ ਸ਼ੇਖੂ ਨੂੰ ਦੁੱਲੇ ਦੀ ਮਾਂ ਲੱਧੀ (ਜਿਸ ਦੇ ਪਤੀ ਅਤੇ ਸਹੁਰੇ ਨੂੰ ਉਸ ਨੇ ਕਤਲ ਕਰਾਇਆ ਸੀ) ਕੋਲ ਭੇਜ ਦਿੰਦਾ ਹੈ। ਇਸ ਤਰ੍ਹਾਂ ਦੁੱਲਾ ਤੇ ਸ਼ੇਖੂ ਦੁੱਧ-ਭਰਾ ਹਨ। ਅਜਿਹਾ ਕੌਤਕ ਲੋਕ-ਕਹਾਣੀ ਵਿਚ ਹੀ ਸੰਭਵ ਹੈ, ਇਹ ਲੋਕ-ਮਨ ਦੀ ਸਿਰਜਣਾ ਹੈ ਭਾਵੇਂ ਹੁਣ ਇਸ ਦੀ ਵਿਆਖਿਆ ਕਈ ਹੋਰ ਤਰ੍ਹਾਂ ਨਾਲ ਵੀ ਕੀਤੀ ਜਾਣ ਲੱਗ ਪਈ ਹੈ।
ਵੀਹਵੀਂ ਸਦੀ ਦੇ ਦੂਜੇ ਅੱਧ ਵਿਚ ਦੁੱਲਾ ਭੁੱਟੀ ਲਹਿੰਦੇ ਪੰਜਾਬ ਵਿਚ ਫਿਰ ਨਾਇਕ ਵਜੋਂ ਉੱਭਰਿਆ। ਪਾਕਿਸਤਾਨ ਦੀ ਹਕੂਮਤ ਵਿਰੁੱਧ ਬਗ਼ਾਵਤ ਕਰਨ ਵਾਲੇ ਮੇਜਰ ਇਸਹਾਕ ਮੁਹੰਮਦ ਨੇ ਉਸ ਬਾਰੇ ਨਾਟਕ ‘ਕੁਕੂਨਸ’ ਲਿਖਿਆ। ਉਰਦੂ ਦੇ ਉੱਘੇ ਸ਼ਾਇਰ ਫੈਜ਼ ਅਹਿਮਦ ਫੈਜ਼, ਇਸਹਾਕ ਮੁਹੰਮਦ ਤੇ ਹੋਰਨਾਂ ਨੂੰ ਰਾਵਲਪਿੰਡੀ ਸਾਜ਼ਿਸ਼ ਕੇਸ ਤਹਿਤ ਨਜ਼ਰਬੰਦੀ ਦੀ ਸਜ਼ਾ ਹੋਈ। ਇਸ ਗਾਥਾ ਨੂੰ ਨਵੇਂ ਰੂਪ ਵਿਚ ਨਜ਼ਮ ਹੁਸੈਨ ਸੱਯਦ ਨੇ ‘ਤਖਤ ਲਾਹੌਰ’ ਨਾਂ ਦੇ ਨਾਟਕ ਵਿਚ ਲਿਖਿਆ। ਪੁਰਾਣੇ ਹਵਾਲੇ ਵਰਤ ਕੇ ਨਜ਼ਮ ਹੁਸੈਨ ਸੱਯਦ ਨੇ ਦੱਸਿਆ ਕਿ ਜਦ ਦੁੱਲਾ ਬਾਰ ਵਿਚ ਬਗ਼ਾਵਤ ਕਰ ਰਿਹਾ ਸੀ ਤਾਂ ਉਸ ਸਮੇਂ ਲਾਹੌਰ ਵਿਚ ਪੰਜਾਬੀ ਸ਼ਾਇਰ ਸ਼ਾਹ ਹੁਸੈਨ (ਮਾਧੋ ਲਾਲ ਹੁਸੈਨ) ਲਾਹੌਰ ਦਰਬਾਰ ਵਿਰੁੱਧ ਬੌਧਿਕ ਬਗ਼ਾਵਤ ਦਾ ਝੰਡਾ ਬੁਲੰਦ ਕਰ ਰਿਹਾ ਸੀ, ਦੁੱਲੇ ਨੂੰ ਫਾਂਸੀ ਦੇਣ ਸਮੇਂ ਸ਼ਾਹ ਹੁਸੈਨ ਉੱਥੇ ਮੌਜੂਦ ਸੀ। ਗੁਰਸ਼ਰਨ ਸਿੰਘ ਨੇ ਇਸ ਗਾਥਾ ਨੂੰ ਆਪਣੇ ਨਾਟਕ ‘ਧਮਕ ਨਗਾਰੇ ਦੀ’ ਵਿਚ ਚਿਤਰਿਆ। ਇਹ ਚੜ੍ਹਦੇ ਪੰਜਾਬ ਵਿਚ ਨਾਟਕ ਪੇਸ਼ਕਾਰੀ ਦੇ ਇਤਿਹਾਸ ਵਿਚ ਇਕ ਨਵਾਂ ਆਰੰਭ ਸੀ, ਇਸ ਦੇ ਗੀਤ ਅਮਰਜੀਤ ਚੰਦਨ ਤੇ ਸੰਤੋਖ ਸਿੰਘ ਸ਼ਹਰਯਾਰ ਨੇ ਲਿਖੇ ਅਤੇ ਉੱਘੇ ਨਿਰਦੇਸ਼ਕ ਬੰਸੀ ਕੌਲ ਨੇ ਇਸ ਨੂੰ ਨਿਰਦੇਸ਼ਤ ਕੀਤਾ।
ਲੋਹੜੀ ਵਾਲੇ ਦਿਨ ਪੰਜਾਬੀ ਲੋਹੜੀ ਮਨਾਉਂਦੇ ਤੇ ਦੁੱਲੇ ਭੱਟੀ ਨੂੰ ਯਾਦ ਕਰਦੇ ਹਨ। ‘ਕਿੱਸਾ ਦੁੱਲਾ ਭੱਟੀ ਤੇ ਉਸ ਦੀ ਭਾਵ-ਜੁਗਤ’ ਜਿਹੀ ਯਾਦਗਾਰੀ ਕਿਤਾਬ ਲਿਖਣ ਵਾਲੇ ਗਿਆਨ ਚੰਦ ਅਨੁਸਾਰ, ‘‘ਦੁੱਲਾ ਉਸ ਰਵਾਇਤ ਦਾ ਲਖਾਇਕ ਹੈ ਜਿਹੜੀ ਧੌਂਸ ਅਤੇ ਦਾਬੇ ਤੋਂ ਹਮੇਸ਼ਾ ਆਕੀ ਰਹੀ ਹੈ। … ਦੁੱਲਾ ਅਜਿਹੀ ਕਿਸੇ ਤਾਕਤ ਜਾਂ ਹਾਲਾਤ ਨਾਲ ਸਮਝੌਤਾ ਨਹੀਂ ਕਰ ਸਕਦਾ, ਜਿਹੜੀ ਕਿਸੇ ਖ਼ੁੱਦਦਾਰ ਬੰਦੇ ਦੀ ਹੋਣੀ ਨੂੰ ਨੀਵਾਂ ਕਰ ਕੇ ਦਿਖਾਏ, ਉਸ ਦੇ ਅੰਦਰਲੇ ਮਨੁੱਖ ਨੂੰ ਹੁੱਜ ਮਾਰੇ।’’ ਪੰਜਾਬੀਆਂ ਨੇ ਵਾਰ ਵਾਰ ਉਨ੍ਹਾਂ ਤਾਕਤਾਂ ਨਾਲ ਲੋਹਾ ਲਿਆ ਹੈ ਜੋ ਪੰਜਾਬੀਆਂ ਅੰਦਰਲੇ ਮਨੁੱਖ ਨੂੰ ਨੀਵਾਂ ਕਰ ਕੇ ਦਿਖਾਉਣਾ ਚਾਹੁੰਦੀਆਂ ਸਨ। ਖੇਤੀ, ਫ਼ਸਲਾਂ, ਪੁੱਤਰ-ਜਨਮਾਂ ਤੇ ਵਿਆਹਾਂ ਨਾਲ ਜੁੜਿਆ ਲੋਹੜੀ ਦਾ ਤਿਉਹਾਰ ਪੰਜਾਬ ਦੀ ਨਾਬਰੀ ਦੀ ਰਵਾਇਤ ’ਤੇ ਮਾਣ ਕਰਨ ਤੇ ਉਸ ਨੂੰ ਯਾਦ ਕਰਨ ਦਾ ਤਿਉਹਾਰ ਵੀ ਹੈ।