ਪਾਵਨ ਪਵਣ ਪਲੀਤ ਹੋ ਗਈ - ਰਵਿੰਦਰ ਸਿੰਘ ਕੁੰਦਰਾ
ਪਾਵਨ ਪਵਣ ਪਲੀਤ ਹੋ ਗਈ,
ਧਰਤੀ ਮਾਂ ਗ਼ਰੀਬ ਹੋ ਗਈ।
ਆਪਣੇ ਹੀ ਸਪੂਤ ਦੇ ਹੱਥੋਂ,
ਇਸ ਦੀ ਦੇਹ ਅਜੀਬ ਹੋ ਗਈ।
ਮਾਯੂਸੀ ਦਾ ਮੰਜ਼ਰ ਹਰ ਪਾਸੇ,
ਪਰਤਣ ਫਿਰ ਕਦੀ ਮੁੜ ਕੇ ਹਾਸੇ।
ਐਸੇ ਸੁਪਨਿਆਂ ਦੀ ਕਹਾਣੀ,
ਸਦੀਆਂ ਦਾ ਅਤੀਤ ਹੋ ਗਈ।
ਨਾ ਉਹ ਫੁੱਲ, ਫੱਲ ਅਤੇ ਬੂਟੇ,
ਨਾ ਉਹ ਪੀਂਘਾਂ ਨਾ ਉਹ ਝੂਟੇ।
ਨਾ ਉਹ ਰਿਸ਼ਤੇ ਨਾ ਉਹ ਨਾਤੇ,
ਪ੍ਰੀਤ ਵੀ ਕੋਝਾ ਸੰਗੀਤ ਹੋ ਗਈ।
ਹਰ ਕਿਣਕਾ ਅੱਜ ਜ਼ਹਿਰ ਉਗਾਵੇ,
ਨਫ਼ਰਤ ਦਾ ਫਲ ਹਰ ਕੋਈ ਖਾਵੇ।
ਵਗਦੀ, ਬਰਸਦੀ ਅੰਮ੍ਰਿਤ ਧਾਰਾ,
ਕਹਿਰਾਂ ਭਰਿਆ ਗੀਤ ਹੋ ਗਈ।
ਜੰਗਲ, ਬੇਲੇ, ਸੁੰਦਰ ਪਰਬਤ,
ਉੱਜੜ, ਖੁਰ ਗਏ ਤੇਰੇ ਹੱਥੀਂ।
ਭੇਖੀ ਸਭਿਆਚਾਰ ਦੀ ਧਾਰਾ,
ਅਨਿਖੜਵੀਂ ਅੱਜ ਰੀਤ ਹੋ ਗਈ।
ਆਪੋ ਧਾਪੀ ਹਰ ਪਾਸੇ ਹੈ,
ਧਰਤੀ ਦਾ ਸੀਨਾ ਹੈ ਛਲਣੀ।
ਖੋਖਲੀ ਕਰ ਦਿੱਤੀ ਪੁੱਟ, ਪੁੱਟ ਕੇ,
ਨਿੱਘੀ ਕੁੱਖ ਅੱਜ ਸੀਤ ਹੋ ਗਈ।
ਖਾ ਚੁੱਕਾ ਤੂੰ ਹਰ ਪਦਾਰਥ,
ਭਸਮ ਕਰ ਗਿਆਂ ਹਰ ਤੂੰ ਸੋਮਾ।
ਤੇਰੀ ਹੋਂਦ ਨੂੰ ਹੁਣ ਹੈ ਖ਼ਤਰਾ,
ਪਸਤ ਤੇਰੀ ਤੌਫ਼ੀਕ ਹੋ ਗਈ।
ਹਾਲੇ ਵੀ ਇੱਕ ਮੌਕਾ ਬਚਿਆ,
ਕਰ ਹੀਲਾ ਜੇ ਹੋ ਸਕਦਾ ਹੈ।
ਪੈਰੀਂ ਪੈ ਕੁਦਰਤ ਮਾਤਾ ਦੇ,
ਕਿਉਂ ਭੈੜੀ ਤੇਰੀ ਨੀਤ ਹੋ ਗਈ?
ਬਖਸ਼ਾ ਲੈ ਭੁੱਲਾਂ ਕਰ ਅਰਦਾਸਾਂ,
ਔਝੜੇ ਰਸਤਿਉਂ ਮੋੜ ਮੁਹਾਰਾਂ।
ਛੱਡ ਤਰੱਕੀਆਂ ਸੌਖਾ ਹੋ ਜਾ,
ਫੇਰ ਨਾ ਕਹੀਂ ਅਖੀਰ ਹੋ ਗਈ!
ਕਵੈਂਟਰੀ ਯੂ ਕੇ