ਕਸ਼ਮੀਰੀਅਤ ਦੀ ਰੂਹ ਦਾ ਗੁਲਾਬ ਸੀ ਰਹਿਮਾਨ ਰਾਹੀ - ਡਾ. ਕ੍ਰਿਸ਼ਨ ਕੁਮਾਰ ਰੱਤੂ
ਪ੍ਰੋਫੈਸਰ ਰਹਿਮਾਨ ਰਾਹੀ ਦਾ ਵਿਦਾ ਹੋਣਾ ਕਸ਼ਮੀਰੀ ਸਾਹਿਤ ਦੇ ਇਕ ਯੁੱਗ ਦਾ ਖ਼ਤਮ ਹੋਣਾ ਹੈ। ਇਕ ਅਜਿਹੀ ਯੁਗਾਂਤਰੀ ਸ਼ਖ਼ਸੀਅਤ ਜਿਸ ਦੀ ਰੂਹ ਵਿਚ ਕਸ਼ਮੀਰੀਅਤ ਦਾ ਸਮੁੰਦਰ ਠਾਠਾਂ ਮਾਰਦਾ ਸੀ।
ਪ੍ਰੋਫੈਸਰ ਰਾਹੀ ਦੇ ਕਸ਼ਮੀਰੀ, ਉਰਦੂ ਤੇ ਅੰਗਰੇਜ਼ੀ ਲਫ਼ਜ਼ਾਂ ਦੀ ਚਿੱਤਰਕਾਰੀ ਦੀ ਧਾਰ ਧੁਰ ਅੰਦਰ ਤੀਕ ਪਾਠਕਾਂ ਨੂੰ ਲਰਜ਼ਾ ਜਾਂਦੀ ਸੀ। ਰਾਹੀ ਨੇ ਕਸ਼ਮੀਰੀ ’ਚ ਲਿਖਿਆ ਪਰ ਉਹ ਪੂਰੀ ਦੁਨੀਆ ਵਿਚ ਪੜ੍ਹਿਆ ਗਿਆ। ਉਸ ਨੇ ਭਰਪੂਰ ਉਮਰ ਜੀਵੀ। ਉਹਨੇ ਲਿਖਿਆ ਸੀ :
ਉਹ ਗੁਲਾਬ ਚਿਹਰਾ,
ਅੱਜ ਫਿਰ ਗੁਲਾਬਾਂ ਦਾ ਲੁਤਫ਼ ਲੈਂਦਾ ਨਜ਼ਰ ਆਇਆ
ਮੇਰੀ ਸੋਚ ਤਹਿਜ਼ੀਬਾਂ ’ਚ ਭਟਕਦੀ ਹੈ।
ਲਾਲ ਗੁਲਾਬਾਂ ਦੀਆਂ ਪਗਡੰਡੀਆਂ ਨੂੰ
ਛੂਹਣ ਲੱਗੀ ਹੈ ਸ਼ਬਨਮ
ਸ਼ਾਇਦ ਕੋਈ ਮਖ਼ਮਲੀ ਹਵਾ
ਬਾਗ਼ ’ਚ ਦਾਖ਼ਲ ਹੋਣ ਲੱਗੀ ਹੈ।
ਪ੍ਰੋ. ਰਹਿਮਾਨ ਰਾਹੀ ਜਦੋਂ ਇਹ ਸ਼ਬਦ ਸਿਰਜ ਰਹੇ ਸਨ ਤਾਂ ਸਮੁੱਚੇ ਭਾਰਤ ਵਿਚ ਉਹ ਇਕ ਬਾਗ਼ੀਆਨਾ ਤਬੀਅਤ ਦੇ ਸ਼ਾਇਰ ਵੀ ਮੰਨੇ ਜਾਂਦੇ ਸਨ ਪਰ ਉਨ੍ਹਾਂ ਨੇ ਵਾਦਾਂ-ਵਿਵਾਦਾਂ ਵਿਚ ਵੀਲ ਸਾਹਿਤ ਦੀ ਰੂਹ ਨੂੰ ਵੇਖਿਆ ਤੇ ਜਿਉਂਦਾ ਰੱਖਿਆ ਹੈ। ਉਹ ਅਸਲੀ ਅਰਥਾਂ ਵਿਚ ਕਸ਼ਮੀਰੀਅਤ ਦੀ ਰੂਹ ਦੇ ਲੇਖਕ ਸਨ। ਜਦੋਂ ਉਨ੍ਹਾਂ ਦੀ ਕਵਿਤਾ ਦੀ ਪੁਸਤਕ ‘ਨੌਰੋਜ਼-ਏ-ਸਬਾ’ ਨੂੰ ਸਾਲ 1961 ਦਾ ਸਾਹਿਤ ਅਕਾਦਮੀ ਪੁਰਸਕਾਰ ਦਿੱਤਾ ਗਿਆ ਤਾਂ ਉਨ੍ਹਾਂ ਨੇ ਬੜੇ ਖ਼ੂਬਸੂਰਤ ਸ਼ਬਦਾਂ ਵਿਚ ਕਿਹਾ ਸੀ, ‘‘ਇਹ ਕਸ਼ਮੀਰੀ ਰੰਗ ਹੈ ਮੇਰੀਆਂ ਰਗਾਂ ’ਚ ਜੋ ਧੜਕਦਾ ਹੈ। ਡੱਲ ਦੀਆਂ ਲਹਿਰਾਂ ਨਾਲ।’’ ਅਸਲ ਵਿਚ ਉਹ ਕਸ਼ਮੀਰੀਅਤ ਦੀ ਪੁਰਸੋਜ਼ ਆਵਾਜ਼ ਸਨ ਜਿਸ ਆਵਾਜ਼ ਵਿਚ ਭਾਸ਼ਾ, ਦਿਲ ਤੇ ਰਵਾਨੀ ਸਭ ਇਕੋ ਵੇਲੇ ਧੜਕਦੇ ਸਨ।
ਸ੍ਰੀਨਗਰ ਨੌਸ਼ਹਿਰਾ ਵਿਚਲੇ ਘਰ ਵਿਚ ਅਤੇ ਪ੍ਰਤਾਪ ਪ੍ਰੈਸ ਇਨਕਲੇਵ ’ਚ ਉਨ੍ਹਾਂ ਨਾਲ ਹੋਈਆਂ ਕਈ ਯਾਦਗਾਰੀ ਮੁਲਾਕਾਤਾਂ ਮੇਰੇ ਚੇਤਿਆਂ ਦੀ ਚੰਗੇਰ ਵਿਚ ਅਜੇ ਵੀ ਤਾਜ਼ਾ ਹਨ ਜਿਵੇਂ ਕੱਲ੍ਹ ਦੀ ਗੱਲ ਹੋਵੇ। ਮੈਂ ਜਿੰਨੀ ਵਾਰੀ ਵੀ ਰਹਿਮਾਨ ਰਾਹੀ ਨੂੰ ਮਿਲਿਆ ਉਨ੍ਹਾਂ ਦੀ ਹਰ ਮਿਲਣੀ ਨਵੀਂ ਊਰਜਾ ਤੇ ਨਵੇਂ ਸ਼ਬਦਾਂ ਵਿਚ ਸਮਾਜ ਤੇ ਲੋਕਾਂ ਦੇ ਸੁਹੱਪਣ ਦੀ ਸਿਫ਼ਤ ਕਰਨ ਵਾਲੀ ਭਾਵਨਾ ਨਾਲ ਭਰ ਦਿੰਦੀ ਸੀ। ਉਹ ਨਵੀਂ ਕਵਿਤਾ ਸੁਣਾਉਣੀ ਨਹੀਂ ਭੁੱਲਦੇ ਸਨ। ਸ੍ਰੀਨਗਰ ਵਿਖੇ ਨੌਕਰੀ ਦੌਰਾਨ ਮੈਂ ਜਿੰਨੀ ਵਾਰੀ ਰਾਹੀ ਹੋਰਾਂ ਨੂੰ ਮਿਲਿਆ ਉਹ ਕਸ਼ਮੀਰੀਅਤ ਦੀ ਖੁਸ਼ਬੂ ਨਾਲ ਲਬਰੇਜ਼ ਮਿਲੇ। ਅਸਲ ਵਿਚ ਰਾਹੀ ਦਾ ਗੁਜ਼ਰ ਜਾਣਾ ਇਕ ਯੁੱਗ ਦਾ ਅੰਤ ਹੈ ਕਿਉਂਕਿ ਕਸ਼ਮੀਰੀ ਭਾਸ਼ਾ ’ਚ ਉਨ੍ਹਾਂ ਵਰਗੀ ਪ੍ਰਤਿਭਾ ਵਾਲਾ ਸ਼ਖ਼ਸ ਮਿਲਣਾ ਮੁਸ਼ਕਿਲ ਹੈ।
ਰਹਿਮਾਨ ਰਾਹੀ ਨੂੰ ਖੁੱਲ੍ਹੀ ਕਵਿਤਾ ਦਾ ਅਜਿਹਾ ਹੁਨਰ ਸੀ ਕਿ ਉਹ ਜਿੱਥੇ ਵੀ ਅਨੁਵਾਦ ਹੋ ਕੇ ਪਹੁੰਚੀ, ਲਫ਼ਜ਼ਾਂ ਨੇ ਹਰ ਭਾਸ਼ਾ ’ਚ ਪਾਠਕਾਂ ਦਾ ਇਕ ਵੱਡਾ ਘੇਰਾ ਉਨ੍ਹਾਂ ਦਾ ਹਾਸਿਲ ਬਣਿਆ। ਰਹਿਮਾਨ ਰਾਹੀ ਨੂੰ ਇਸ ਲਈ ਬੇਹੱਦ ਸਨਮਾਨਾਂ ਨਾਲ ਨਿਵਾਜ਼ਿਆ ਗਿਆ। ਉਹ ਪਹਿਲੇ ਅਜਿਹੇ ਕਸ਼ਮੀਰੀ ਲੇਖਕ ਸਨ ਜਿਨ੍ਹਾਂ ਨੂੰ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ। ਸਾਲ 2000 ਵਿਚ ਰਹਿਮਾਨ ਨੂੰ ਪਦਮ ਸ੍ਰੀ ਨਾਲ ਸਨਮਾਨਿਤ ਕੀਤਾ ਗਿਆ। ਇਹ ਪੁਰਸਕਾਰ 2007 ਵਿਚ ਪੁਸਤਕ ‘ਸਿਆਹ ਰੂਦ ਜੇਰੇਨ ਮੰਜ਼’ ਲਈ ਮਿਲਿਆ।
ਰਾਹੀ ਨੇ ਭਰਪੂਰ ਤੇ ਕਰਮਸ਼ੀਲ ਜ਼ਿੰਦਗੀ ਜੀਵੀ। ਉਨ੍ਹਾਂ ਦਾ ਜਨਮ 6 ਮਈ 1925 ਨੂੰ ਸ੍ਰੀਨਗਰ ਵਿਚ ਹੋਇਆ। ਆਪਣਾ ਪੁਰਾਣਾ ਮਕਾਨ ਕਈ ਗਲੀਆਂ ’ਚ ਘੁੰਮਦਿਆਂ ਉਨ੍ਹਾਂ ਨੇ ਬੜੇ ਚਾਅ ਨਾਲ ਮੈਨੂੰ 1990 ’ਚ ਵਿਖਾਇਆ ਸੀ। ਇਹ ਉਨ੍ਹਾਂ ਨਾਲ ਦੂਰਦਰਸ਼ਨ ਦੇ ਇਕ ਮੁਲਾਕਾਤੀ ਪ੍ਰੋਗਰਾਮ ਲਈ ਸ਼ੂਟਿੰਗ ਦੇ ਦਿਨ ਸਨ। ਰਹਿਮਾਨ ਨੂੰ ਭਾਸ਼ਾ ਪ੍ਰਤੀ ਕੱਟੜਤਾ ਬੜੀ ਅੱਖਰਦੀ ਸੀ ਜਦੋਂ ਕਸ਼ਮੀਰੀ ਭਾਸ਼ਾ ਨੂੰ ਬਿਲਕੁਲ ਹੀ ਅਲੱਗ ਕਰ ਦਿੰਦੇ ਸਨ ਅਤੇ ਉਰਦੂ ਨੂੰ ਅਲੱਗ। ਉਹ ਭਾਸ਼ਾਵਾਂ ਪ੍ਰਤੀ ਜਗਿਆਸੂ ਬਿਰਤੀ ਦੇ ਮਾਲਕ ਸਨ। ਇਸ ਦਾ ਸਬੂਤ ਉਨ੍ਹਾਂ ਦਾ ਪੰਜਾਬੀ ਪੜ੍ਹਨੀ ਜਾਣਦੇ ਹੋਣਾ ਸੀ। ਕਈ ਵਾਰੀ ਉਹ ਪੰਜਾਬੀ ਬੋਲਦੇ ਵੀ ਸਨ। ਬਾਬਾ ਫ਼ਰੀਦ ਜੀ ਅਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੀ ਰੂਹਾਨੀਅਤ ਬਾਰੇ ਉਨ੍ਹਾਂ ਦਾ ਦਾਰਸ਼ਨਿਕ ਗਿਆਨ ਵਿਆਪਕ ਸੀ। ਉਨ੍ਹਾਂ ਨੇ ਬਾਬਾ ਫ਼ਰੀਦ ਜੀ ਦੀ ਰਚਨਾ ਨੂੰ ਪੰਜਾਬੀ ਤੋਂ ਕਸ਼ਮੀਰੀ ਵਿਚ ਅਨੁਵਾਦ ਕੀਤਾ। ਕਈ ਵਾਰੀ ਉਹ ਮੂਲ ਪੰਜਾਬੀ ਕਵਿਤਾ ਬਾਰੇ ਚਰਚਾ ਵੀ ਕਰਦੇ ਸਨ।
ਪ੍ਰੋ. ਰਹਿਮਾਨ ਰਾਹੀ ਨੇ ਕਸ਼ਮੀਰੀ ਸੱਭਿਆਚਾਰ ਅਤੇ ਰਾਜਨੀਤਕ ਉਥਲ-ਪੁਥਲ ਨੂੰ ਵੀ ਆਪਣੀਆਂ ਕਵਿਤਾਵਾਂ ਦਾ ਵਿਸ਼ਾ-ਵਸਤੂ ਬਣਾਇਆ। ਉਨ੍ਹਾਂ ਦੀਆਂ ਮਕਬੂਲ ਪੁਸਤਕਾਂ ਵਿਚ 1952 ਵਿਚ ਪ੍ਰਕਾਸ਼ਿਤ ਪੁਸਤਕ ਸੰਨਾ-ਵਾਣੀ-ਸਾਜ਼, ਸੁਹਕ ਸੋਡਾ, ਕਲਾਮ-ਏ-ਰਾਹੀ, ਅਜਿੱਚ ਕਸ਼ੀਰ ਸ਼ਾਇਰੀ, ਕਸ਼ੀਰ ਨਗਮਿਤਰੀ ਸ਼ਾਇਰੀ ਤੋਂ ਇਲਾਵਾ ਬਾਬਾ ਫ਼ਰੀਦ, ਸਬਾ ਮੁਲਾਕਾਤ, ਫਾਰਮੋਵ ਜਰਤੁਸ ਜ਼ਦੀਆ ਵਰਗੀਆਂ ਪੁਸਤਕਾਂ ਸ਼ਾਮਲ ਹਨ। ਹਿੰਦੀ ਤੇ ਉਰਦੂ ਵਿਚ ਵੀ ‘ਰਹਿਮਾਨ ਰਾਹੀ ਕੀ ਪ੍ਰਤੀਨਿਧੀ ਕਵਿਤਾਏਂ’ ਨਾਮਕ ਪੁਸਤਕ ਮਿਲਦੀ ਹੈ।
ਰਹਿਮਾਨ ਰਾਹੀ ਵਧੀਆ ਪੱਤਰਕਾਰ ਤੇ ਸੰਪਾਦਕ ਵੀ ਸਨ। ਡੇਲੀ ਖ਼ਿਦਮਤ ਵਰਗੀ ਅਖ਼ਬਾਰ ਤੇ 1953 ਤੋਂ 1955 ਡੇਲੀ ਆਜਕੱਲ੍ਹ ਦੇ ਸੰਪਾਦਕੀ ਮੰਡਲ ’ਚ ਜ਼ਿੰਮੇਵਾਰੀ ਨਿਭਾਉਣ ਦੇ ਨਾਲ ਨਾਲ ਉਨ੍ਹਾਂ ਨੇ ਆਪਣੇ ਕਾਲਮਾਂ ਰਾਹੀਂ ਬੇਹੱਦ ਸਲਾਹੁਣਯੋਗ ਲਿਖਿਆ।
ਰਾਹੀ ਨੇ ਸਾਰਤਰ ਤੇ ਕਾਮੂ ਦੀਆਂ ਰਚਨਾਵਾਂ ਦੇ ਨਾਲ ਨਾਲ ਚੋਣਵੇਂ ਭਗਤਾਂ ਦੀ ਬਾਣੀ ਨੂੰ ਕਸ਼ਮੀਰੀ ’ਚ ਅਨੁਵਾਦ ਕੀਤਾ। ਕਈ ਕਸ਼ਮੀਰੀ ਲੇਖਕ ਉਨ੍ਹਾਂ ’ਤੇ ਦੀਨਾਨਾਥ ਨਦੀਮ ਦਾ ਅਸਰ ਦੱਸਦੇ ਰਹੇ ਹਨ ਪਰ ਰਾਹੀ ਨੇ ਹਮੇਸ਼ਾ ਲੋਕਾਂ ਲਈ ਹੀ ਲਿਖਿਆ। ਉਹ ਭਾਰਤੀ ਕਮਿਊਨਿਸਟ ਪਾਰਟੀ ਕਸ਼ਮੀਰ ਨਾਲ ਵੀ ਜੁੜੇ ਰਹੇ। ਕਸ਼ਮੀਰੀ ਮੈਗਜ਼ੀਨ ਕੁੰਗ-ਪੋਸ਼ ਨਾਲ ਵੀ ਉਹ ਜੁੜੇ ਰਹੇ।
ਪ੍ਰੋਗਰੈਸਿਵ ਰਾਈਟਰਜ਼ ਐਸੋਸੀਏਸ਼ਨ ਦੇ ਨਾਲ ਜੁੜੇ ਰਹਿਣ ਕਾਰਨ ਹੀ ਸਾਹਿਤ ਖ਼ਾਸਕਰ ਕਵਿਤਾ ’ਚ ਉਸ ਦੇ ਅਸਰ ਨੂੰ ਉਸ ਨੇ ਨਹੀਂ ਕਬੂਲਿਆ।
ਆਪਣੇ ਖੁੱਲ੍ਹੇ ਵਿਚਾਰਾਂ ਤੇ ਜ਼ਿੰਦਗੀ ਦਾ ਚਿਤੇਰਾ ਸੀ ਰਹਿਮਾਨ ਰਾਹੀ ਜਿਸ ਨੇ ਵੀਹਵੀਂ ਸਦੀ ਦੇ ਗੁੰਝਲਦਾਰ ਤੇ ਵਿਸ਼ਿਆਂ ਵਾਦਾਂ ਤੋਂ ਉੱਪਰ ਉੱਠ ਕੇ ਲਿਖਿਆ ਤੇ ਜੀਵਿਆ ਸੀ।
ਆਪਣੇ ਨੌਸ਼ਹਿਰਾ ਵਾਲੇ ਘਰ ਦੀ ਪਹਿਲੀ ਮੰਜ਼ਿਲ ’ਚ ਬੈਠਿਆਂ ਇਕ ਵਾਰੀ ਰਹਿਮਾਨ ਨੇ ਦੱਸਿਆ ਸੀ ਕਿ ਕਿਵੇਂ ਇਕ ਕਲਰਕ ਦੀ ਨੌਕਰੀ ਉਹ ਵੀ 1947 ਦੀ ਵੰਡ ਤੋਂ ਬਾਅਦ ਉਸ ਨੂੰ ਮਿਲੀ ਤੇ ਫਿਰ ਇਹ ਸਿਲਸਿਲਾ ਵਧਦਾ ਹੀ ਗਿਆ। ਰਵਾਇਤੀ ਇਸਲਾਮੀਆ ਸਕੂਲ ਤੋਂ ਪੜ੍ਹਨ ਵਾਲੇ ਇਕ ਔਸਤ ਵਿਦਿਆਰਥੀ ਨੇ ਕਿਵੇਂ ਆਪਣੀ ਮਿਹਨਤ ਨਾਲ ਫ਼ਾਰਸੀ ਤੇ ਕਸ਼ਮੀਰੀ ਸਾਹਿਤ ਵਿਚ ਯੂਨੀਵਰਸਿਟੀ ਆਫ਼ ਕਸ਼ਮੀਰ ਤੋਂ ਐਮ.ਏ. ਕਰਕੇ ਫਿਰ ਉਸ ਯੂਨੀਵਰਸਿਟੀ ’ਚ ਹੀ ਕਸ਼ਮੀਰੀ ਵਿਭਾਗ ਦੇ ਮੁਖੀ ਵਜੋਂ ਉਭਰ ਕੇ ਸਮੁੱਚੇ ਭਾਰਤ ਨੂੰ ਆਪਣੀਆਂ ਕਵਿਤਾਵਾਂ ਦੇ ਘੇਰੇ ਵਿਚ ਲੈ ਲਿਆ। 1977 ਤੋਂ ਆਪਣੀ ਸੇਵਾਮੁਕਤੀ ਤੱਕ ਉਹ ਇਸ ਵਿਭਾਗ ਦਾ ਮੁਖੀ ਰਿਹਾ।
ਉਸ ਨੇ ਆਪਣੀਆਂ ਕਈ ਕਵਿਤਾਵਾਂ ਵਿਚ ਮੁਹੱਬਤ ਤੇ ਗੁਰਬਤ ਦੀ ਗੱਲ ਇਕੱਠਿਆਂ ਹੀ ਕੀਤੀ ਹੈ। ਉਸ ਨੇ ਸ਼ਾਇਰ, ਹੁਸਨ-ਏ-ਜਲਵਾ, ਫ਼ਨ-ਏ-ਬਾਗ-ਏ ਵਰਗੀਆਂ ਕਵਿਤਾਵਾਂ ’ਚ ਜਿਸ ਤਰ੍ਹਾਂ ਦੀ ਰਵਾਨੀ ਪੇਸ਼ ਕੀਤੀ ਹੈ, ਉਹ ਅਦਭੁੱਤ ਹੈ। ਉਸ ਦੇ ਆਪਣੇ ਮੂੰਹੋਂ ਇਹ ਰਚਨਾਵਾਂ ਸੁਣਨਾ ਸਾਹਿਤ ਦੇ ਇਸ ਚਿਤੇਰੇ ਦੇ ਸ਼ਬਦਾਂ ਦਾ ਵਲਵਲਾ ਤੇ ਮੁਹੱਬਤ ਦੀ ਸੰਜੀਦਾ ਪੇਸ਼ਕਾਰੀ ਦਾ ਨਮੂਨਾ ਹੁੰਦਾ ਸੀ।
ਕਸ਼ਮੀਰੀਅਤ ਦਾ ਜਜ਼ਬਾ ਉਸ ਦੀਆਂ ਕਵਿਤਾਵਾਂ ਕਾਰੀ ਦਰਿਆ, ਸਲਸਲਾਬੀਲ, ਅਵਲੁਮ ਆਦਿ ਵਿਚ ਵੇਖਿਆ ਜਾ ਸਕਦਾ ਹੈ। ਜਬਰਬਾਨ ਵਾਲੇ ਥਾਂਗੀ ਕਵਿਤਾ ਹੋਵੇ ’ਚ ਉਹ ਇਕ ਥਾਂ ਲਿਖਦੇ ਹਨ:
ਇਕ ਸ਼ਬਦ ਇਕੱਲਿਆਂ ਹੀ
ਰੌਸ਼ਨੀ ਲਈ ਕਾਫ਼ੀ ਹੈ
ਇਨ੍ਹਾਂ ਸਮਿਆਂ ’ਚ
ਜਦੋਂ ਪਹਾੜਾਂ ’ਤੇ ਰੌਸ਼ਨੀ ਗਾਇਬ ਹੈ।
ਇਕ ਸ਼ਬਦ ਇਕੱਲਾ ਹੀ
ਕਾਫ਼ੀ ਹੈ,
ਜਿਊਣ ਲਈ।
1970 ਤੋਂ ਬਾਅਦ ਜਦੋਂ ਰਹਿਮਾਨ ਤ੍ਰੈਭਾਸ਼ੀ ਕਸ਼ਮੀਰੀ ਕੋਸ਼ ’ਤੇ ਕੰਮ ਰਹੇ ਸਨ ਤਾਂ ਸਬਾ-ਏ-ਮੁਲਾਕਾਤ ’ਚ ਉਨ੍ਹਾਂ ਨੇ ਲਿਖਿਆ ਸੀ:
ਇਤਿਹਾਸ ਬਦਲਦਾ ਹੈ
ਡੱਲ ਤਾਂ ਨਹੀਂ ਬਦਲੇਗੀ
ਇਹ ਕਸ਼ਮੀਰ ਦੀ ਰੂਹ
ਆਉਂਦੀ ਜਾਂਦੀ ਰਹੇਗੀ।
ਸਮੁੱਚੇ ਭਾਰਤੀ ਸਾਹਿਤ ਦੇ ਸੰਦਰਭ ’ਚ ਰਹਿਮਾਨ ਵਰਗਾ ਕਸ਼ਮੀਰੀ ਤੇ ਉਰਦੂ ਭਾਸ਼ਾ ਦਾ ਕੋਈ ਰਚਨਾਕਾਰ ਨਹੀਂ ਹੈ। ਉਨ੍ਹਾਂ ਦੇ ਚਲੇ ਜਾਣ ਨਾਲ ਸਾਹਿਤ ਜਗਤ ਨੂੰ ਪਿਆ ਘਾਟਾ ਕਦੇ ਪੂਰਿਆ ਨਹੀਂ ਜਾ ਸਕਦਾ। ਉਹ ਸਾਧਾਰਨ ਦਿੱਖ ਵਾਲਾ ਦਿਲਦਾਰ ਮਨੁੱਖ ਸੀ ਜਿਸ ਦੀਆਂ ਅੱਖਾਂ ਵਿਚ ਸ਼ਬਦਾਂ ਦਾ ਸਮੁੰਦਰ ਤੇ ਦਿਲ ਵਿਚ ਦੋਸਤੀ ਦੇ ਚਿਰਾਗ਼ ਬਲਦੇ ਸਨ।
ਪ੍ਰੋ. ਰਹਿਮਾਨ ਰਾਹੀਂ ਦੀਆਂ ਕੁਝ ਕਵਿਤਾਵਾਂ ਦੇ ਅੰਸ਼ :
ਨਦੀ ਦੇ ਤਲ ’ਤੇ
ਕਿਆਰੇ ਦਰਿਆ ਸਲਸਬੀਲ ਅਸਲੀ ਛਬੀਲ
ਨਦੀ ਦੇ ਤਲ ’ਤੇ ਹੁੰਦੀ ਹੈ
ਉਪਰ ਦੀ ਤਹਿ ਤਾਂ ਅੱਗ ਦੀ ਹੁੰਦੀ ਹੈ।
... ... ...
ਨਾ ਧੁੱਪ, ਨਾ ਗਰਮੀ ਹੈ
ਠੰਢਕ ਕਿਧਰੇ ਵੀ ਨਹੀਂ ਹੈ
ਕਿਧਰੇ ਕੁਝ ਨਹੀਂ
ਲਟਕੀ ਹੋਈ ਹੈ ਪਿਆਸ
ਕਿਸੇ ਉਦਾਸੀ ਵਾਂਗ।
* * * * *
ਹਨੇਰੇ ’ਚ ਖੁੱਲ੍ਹਦਾ ਰਹੱਸ
ਜਦੋਂ ਨੀਂਦ ਤੋਂ ਮੈਂ
ਉਸ ਨੂੰ ਪਹਿਚਾਣਿਆ
ਉਹੀ ਸੀ, ਕਬੂਤਰ
ਪਹਾੜਾਂ ਦੀ ਚੋਟੀਆਂ ਤੋਂ
ਝੜਦੇ ਖੰਭਾਂ ਨਾਲ
ਉਡਦਾ ਜਾ ਰਿਹਾ ਸੀ
ਖੁੱਲ੍ਹੇ ਅਕਾਸ਼ ਵਿਚ।
... ... ...
ਚਿਨਾਰ ਦੀ ਟਹਿਣੀਆਂ ਉੱਤੇ
ਇਕ ਸੋਚ ਦਾ ਵਿਸਫ਼ੋਟ ਹੈ
ਗੁਲਾਮ ਗਰਦਿਸ਼ ਹੈ, ਚਾਰੇ ਪਾਸੇ
ਕਦਮ ਹਨ,
ਬਲਦੇ ਹੋਏ ਅੰਗਾਰਿਆਂ ਉੱਤੇ।
ਥੱਲੇ ਅਵਿਸ਼ਵਾਸ ਹੀ ਅਵਿਸ਼ਵਾਸ ਹੈ
ਬੇਭਰੋਸਗੀ ਹੈ,
ਮੌਸਮ ’ਚ ਇਨ੍ਹੀਂ ਦਿਨੀਂ।
* ਲੇਖਕ ਹਿੰਦੀ ਪੰਜਾਬੀ ਦੇ ਸਾਹਿਤਕਾਰ ਤੇ ਉੱਘੇ ਟੈਲੀਵਿਜ਼ਨ ਬ੍ਰਾਡਕਾਸਟਰ ਹਨ।
ਸੰਪਰਕ: 94787-30156
ਈ-ਮੇਲ: kkrattu@gmail.com