ਤੇਰੇ ਆਉਣ ਤੱਕ,, - ਗੁਰਬਾਜ ਸਿੰਘ

ਹੋ ਸਕਦਾ ਤੇਰੇ ਆਉਣ ਤੱਕ,

ਮੇਰੀ ਉਡੀਕ ਖਤਮ ਹੋ ਜਾਵੇ,

ਇਕ ਉਦਾਸੀ ਐਸੀ ਛਾ ਜਾਵੇ,

ਜਦੋਂ ਮੌਤ ਬੂਹੇ ਤੇ ਆ ਜਾਵੇ,

ਤੇ ਇਹ ਗੁੰਮਨਾਮੀ ਮੈਨੂੰ ਖਾ ਜਾਵੇ,

ਪਰ ਤੂੰ ਮੈਨੂੰ ਭਾਲ ਲਵੀਂ,

ਮੇਰੇ ਲਿਖੇ ਗੀਤਾਂ ਵਿੱਚ,

ਮੁੱਦਤਾਂ ਦੀਆਂ ਸੱਜਰੀਆਂ ਪ੍ਰੀਤਾਂ ਵਿੱਚ,

ਸਿੱਲੀਆਂ ਹਵਾਵਾਂ ਦੇ ਹੰਝੂਆਂ ਵਿੱਚ,

ਵੀਰਾਿਨਆਂ ਦੇ ਸੰਤਾਪੀ ਸੰਗੀਤਾਂ ਵਿੱਚ,

ਸੁੰਨੀਆਂ ਗਲ਼ੀਆਂ ਚੋ ਲੰਘਦੀਆਂ,

ਤੱਤੀਆ ਹਵਾਵਾਂ ਵਿੱਚ ।

ਪੀੜਾਂ ਦੇ ਲਿਬਾਸ ਪਾਈ,

ਤਰਸੀਆਂ ਨਿਗਾਹਾਂ ਵਿੱਚ।

ਰੂਹ ਦੇ ਰਾਹੀ ਦੀ ਰਾਹ ਤੱਕਦਿਆਂ ,

ਨਜ਼ਰ ਖਾ ਗਏ ਸੁੰਨੇ ਰਾਹਾਂ ਵਿੱਚ ।

ਅਰਥੀ ਤੇ ਲੇਟੇ ਕਿਸੇ ਪੁੱਤ ਲਈ,

ਮਾਂ ਦੇ ਪੱਥਰ ਪਾੜਦੇ ਵੈਣਾਂ ਵਿੱਚ ।

ਜਾਂ ਚਾਨਣ ਦੀ ਇੱਕ ਛਿੱਟ ਨੂੰ ਤਰਸਦੀਆਂ,

ਸੰਨਾਟੇ ਦੀ ਬੁੱਕਲ਼ ਮਾਰੀ ਰੈਣਾਂ ਵਿੱਚ ।

ਜਾਂ ਸਿਵਿਆਂ ਦੀ ਪੀੜ ਭਰੀ ਹੂਕ ਵਿੱਚ ।

ਜਾਂ ਕਿਸੇ ਫ਼ੱਕਰ ਦੀ ਵਿਰਲਾਪੀ ਕੂਕ ਵਿੱਚ।

ਲੱਭ ਲਵੀਂ ਮੈਨੂੰ,

ਤੂੰ,, ਲੱਭ ਲਵੀਂ ।

(ਚਰਨ)

-ਗੁਰਬਾਜ ਸਿੰਘ 88376-44027