(ਰਿਸ਼ਤਿਆਂ ਦੀ ਮਹਿਕ) ਮੇਰੀ ਵੱਡੀ ਭੈਣ - ਰਵੇਲ ਸਿੰਘ
ਦੇਸ਼ ਦੀ ਵੰਡ ਵੇਲੇ ਮੈਂ ਮਸਾਂ ਨੌਂ ਦਸ ਵਰ੍ਹਿਆਂ ਦਾ ਹੋਵਾਂਗਾ,ਚੌਥੀ ਸ਼੍ਰੇਣੀ ਵਿੱਚ ਪੜ੍ਹਦਾ ਸਾਂ।ਪਲੇਠੀ ਦੀ ਮੇਰੀ ਵੱਡੀ ਭੈਣ ਰਵੇਲੋ ਮੈਥੋਂ ਦੋ ਵਰ੍ਹੇ ਵੱਡੀ ਸੀ, ਉਦੋਂ ਧੀਆਂ ਨੂੰ ਪੜ੍ਹਾਏ ਜਾਣ ਦਾ ਸਮਾਂ ਨਹੀਂ ਸੀ।। ਦਾਦੀ ਬਾਪੂ, ਬੇਬੇ , ਤੇ ਦੋ ਭੈਣ ਭਰਾ ਅਸੀਂ ਓਦੋਂ ਪ੍ਰਿਵਾਰ ਦੇ ਪੰਜ ਜੀਅ ਹੀ ਸਾਂ। ਅਸੀਂ ਦੋਵੇਂ ਭੈਣ ਭਰਾ ਇੱਕ ਦੂਜੇ ਨੂੰ ਬਹੁਤ ਪਿਆਰ ਕਰਦੇ ਸਾਂ।
ਦਾਦੀ ਜਵਾਨੀ ਵੇਲੇ ਹੀ ਵਿਧਵਾ ਹੋ ਗਈ ਸੀ।ਮੇਰੇ ਦਾਦਾ ਜੀ 1914 ਦੀ ਵਿਸ਼ਵ ਜੰਗ ਵਿੱਚ ਸ਼ਹੀਦ ਹੋ ਜਾਣ ਕਰਕੇ ਦਾਦੀ ਨੂੰ ਪੈਨਸ਼ਨ ਦੇ ਇਲਾਵਾ ਜੰਗੀ ਇਨਾਮ ਵੀ ਮਿਲਿਆ ਹੋਇਆ ਸੀ।
ਬਾਪੂ ਵੀ ਦੂਜੇ ਵਿਸ਼ਵ ਯੁੱਧ ਵਿੱਚ ਫੌਜ ਵਿੱਚ ਸੀ, ਦੋ ਸਾਲ ਫੌਜ ਦੀ ਨੌਕਰੀ ਕਰਕੇ ਅੱਖਾਂ ਦੇ ਬੋਰਡ ਕਰਕੇ ਪੈਨਸ਼ਨ ਲੈ ਕੇ ਘਰ ਆ ਗਿਆ ।
ਫਿਰ ਦੂਜੀ ਵਾਰ ਲਾਹੌਰ (ਹਰਬੰਸ ਪੁਰਾ) ਆਰਡੀਨੈਂਸ ਡਿਪੂ ਵਿੱਚ ਬਤੌਰ ਡਰਾਈਵਰ ਨੌਕਰੀ ਕਰਨ ਲਗ ਪਿਆ। ਸਾਰਾ ਪ੍ਰਿਵਾਰ ਸੁੱਖੀਂ ਸਾਂਦੀ ਵੱਸ ਰਿਹਾ ਸੀ।
ਭਾਂਵੇਂ ਦਾਦੀ ਮੈਨੂੰ ਬਹੁਤ ਪਿਆਰ ਕਰਦੀ ਸੀ,ਪਰ ਭੈਣ ਤਾਂ ਮੇਰੇ ਸਾਹੀਂ ਜੀਂਉਂਦੀ ਸੀ।
ਜਦੋਂ ਕਦੇ ਕਿਸੇ ਮਾੜੀ ਮੋਟੀ ਗੱਲੇ ਬੇਬੇ ਮੈਨੂੰ ਝਿੜਕਦੀ ਤਾਂ ਦਾਦੀ ਤਾਂ ਕਿਤੇ ਰਹੀ, ਭੈਣ ਹੀ ਮੈਨੂੰ ਬਚਾਉਂਦੀ, ਏਨਾ ਹੀ ਨਹੀਂ ਸਗੋਂ ਇਕ ਵੇਰਾਂ ਕੀ ਹੋਇਆ, ਗਲੀ ਵਿੱਚ ਕਿਸੇ ਛੋਟੀ ਮੋਟੀ ਗੱਲੇ ਮੇਰੀ ਲੜਾਈ ਇਕ ਅੱਥਰੇ ਮੁੰਡੇ ਨਾਲ ਹੋ ਗਈ।ਉਹ ਮੈਥੋਂ ਤਗੜਾ ਸੀ ਇਹ ਵੇਖ ਕੇ ਭੈਣ ਗਲੀ ਵਿੱਚ ਆਈ ਤੇ ਕੜਕ ਕੇ ਬੋਲੀ, ,ਖਬਰਦਾਰ ਜੇ ਮੇਰੇ ਭਰਾ ਨੂੰ ਹੱਥ ਲਾਇਆ ਤਾਂ, ਹੱਥ ਵੱਢ ਦਿਆਂਗੀ, ਉਹ ਵੀ ਅੱਗੋਂ ਕਿਹੜਾ ਘੱਟ ਸੀ ਜਦੋਂ ਉਸ ਨੇ ਮੈਨੂੰ ਮਾਰਣ ਲਈ ਹੱਥ ਚੁਕਿਆ ਤਾਂ ਭੈਣ ਕੋਲ ਕੋਈ ਹੋਰ ਹੱਥਿਆਰ ਤਾਂ ਨਹੀਂ ਸੀ, ਉਸ ਨੇ ਉਸ ਦਾ ਹੱਥ ਮਰੋੜ ਕੇ ਮੂੰਹ ਤੇ ਐਸਾ ਜੋਰ ਦਾ ਥੱਪੜ ਜੜਿਆ ਕਿ ਉਸ ਨੂੰ ਭੱਜਦੇ ਹੋਏ ਨੂੰ ਰਾਹ ਨਾ ਲੱਭਿਆ।
ਮੈਂ ਖੜਾ ਭੈਣ ਦੀ ਦਲੇਰੀ ਅਤੇ ਉਸ ਨੂੰ ਜਾਨ ਛੁਡਾ ਕੇ ਦੌੜੇ ਜਾਂਦੇ ਵੱਲ ਘੂਰ ਘੂਰ ਕੇ ਦੇਖੀ ਜਾ ਰਿਹਾ ਸਾਂ।
ਮੇਰੀ ਇਹ ਵੱਡੀ ਭੈਣ ਜਿੰਦਗੀ ਭਰ ਹਰ ਔਖੇ ਸੌਖੀ ਘੜੀ ਵਿੱਚ ਹਰ ਸਮੇਂ ਮੇਰਾ ਸਾਥ ਦੇਂਦੀ ਰਹੀ।
1947 ਦੀ ਦੇਸ਼ ਦੇ ਉਜਾੜੇ ਵਾਲੀ ਵੰਡ ਦੀ ਤ੍ਰਾਸਦੀ ਜਿਨ੍ਹਾਂ ਨੇ ਵੇਖੀ ਸੁਣੀ ਜਾਂ ਸਿਰ ਤੇ ਝੱਲੀ , ਇਹ ਉਹ ਹੀ ਜਾਣਦੇ ਸਮਝਦੇ ਹਨ।
ਮੈਂ ਤੇ ਮੇਰਾ ਪ੍ਰਿਵਾਰ ਇਹ ਸੱਭ ਕੁਝ ਹੰਡਾਉਣ ਵਾਲਾ ਵੀ ਉਨ੍ਹਾਂ ਵਿੱਚੋਂ ਇੱਕ ਹੈ।
ਬਾਪੂ ਦੇਸ਼ ਦੇ ਹਾਲਾਤ ਵੇਖ ਕੇ ਨੌਕਰੀ ਛੱਡ ਕੇ ਘਰ ਆ ਗਿਆ ਸੀ।
ਡੱਬੀ ਵਾਂਗ ਭਰਿਆ ਭਰਾਇਆ ਘਰ ਛੱਡ ਕੇ ਜਦੋਂ ਅੱਧੀ ਰਾਤ ਨੂੰ ਤਾਰਿਆਂ ਦੀ ਛਾਂਵੇਂ, ਆਪਣੇ ਪਿੰਡ ਦੇ ਲੋਕਾਂ ਦੇ ਕਾਫਿਲੇ ਨਾਲ ਦੋਵੇਂ ਭੈਣ ਭਰਾ ਨੰਗੇ ਪੈਰੀਂ ਜਦੋਂ ਸਹਿਮੇ ਹੋਏ ਦਾਦੀ,ਬੇਬੇ ਦੀ ਉੰਗਲ ਫੜੀ ਅਣ ਕਿਆਸੀਆਂ ਰਾਹਾਂ ਤੇ ਦੇਸ਼ ਦੀ ਨਵੀਂ ਬਣੀ ਹੱਦ ਪਾਰ ਕਰਨ ਲਈ ਤੁਰੇ ਜਾ ਰਹੇ ਸਾਂ ਤਾਂ ਮੇਰੀ ਵੱਡੀ ਭੈਣ ਮੇਰੇ ਨੰਗੇ ਤੇ ਸੁੱਜੇ ਹੇਏ ਪੈਰਾਂ ਤੇ ਸਹਿਮੇ ਹੋਏ ਮਾਸੂਮ ਚੇਹਰੇ ਵੱਲ ਵਾਰ ਵਾਰ ਤਰਸ ਭਰੀਆਂ ਨਜ਼ਰਾਂ ਨਾਲ ਵੇਖਦੀ ਜਾ ਰਹੀ ਸੀ,ਉਸ ਨੂੰ ਆਪਣੇ ਨਾਲੋਂ ਮੇਰਾ ਖਿਆਲ ਬਹੁਤਾ ਆ ਰਿਹਾ ਸੀ,ਪਰ ਉਸ ਦੀ ਕੋਈ ਪੇਸ਼ ਨਹੀਂ ਜਾ ਰਹੀ ਸੀ।
ਸਾਨੂੰ ਇਉਂ ਲੱਗ ਰਿਹਾ ਸੀ ਜਿਵੇਂ ਕਿਸੇ ਹਨੇਰੀ , ਅਣਜਾਣ ਦੁਨੀਆ ਵੱਲ ਜਾ ਰਹੇ ਹੋਈਏ।
ਦੇਸ਼ ਦੀ ਨਵੀਂ ਬਣੀ ਹੱਦ ਤੀਕ ਪੁੱਜਣ ਤੱਕ ਦੇ ਭਿਆਨਕ ,ਕੋਝੇ , ਦਰਦ ਨਾਕ ਦਿਲ ਕੰਬਾਊ ਦ੍ਰਿਸ਼ ਜਦੋਂ ਆਪਣਿਆਂ ਦਾ ਲਹੂ ਚਿੱਟਾ ਹੋ ਗਿਆ ਬਹੁਤ ਕੁਝ, ਜੋ ਵੇਖਿਆ, ਇਸ ਬਾਰੇ ਪਹਿਲਾਂ ਵੀ ਮੈਂ ਆੱਪਣੇ ਲੇਖਾਂ ਵਿੱਚ ਲਿਖ ਚੁਕਾ ਹਾਂ ਏਥੇ ਮੈਂ ਆਪਣੀ ਵੱਡੀ ਭੈਣ ਬਾਰੇ ਹੀ ਲਿਖਣ ਦਾ ਯਤਨ ਕਰਾਂਗਾ।
ਬਸ ਏਥੋਂ ਹੀ ਸ਼ੁਰੂ ਹੁੰਦਾ ਹੈ ਲਗ ਪਗ ਇਕ ਦਹਾਕੇ ਦਾ ਸਮਾਂ ਟੱਪਰੀ ਵਾਸਾਂ ਵਾਂਗ, ਗੁਰਬਤ, ਮੰਦਹਾਲੀ, ਤੇ ਮੁਸੀਬਤਾਂ, ਵੇਖਣ ਦਾ, ਇਕ ਹੋਰ ਕਿ ਇਸ ਦੇ ਨਾਲ ਸਾਡਾ ਪ੍ਰਿਵਾਰ ਹੁਣ ਪੰਜਾਂ ਜੀਆਂ ਤੋਂ ਵਧ ਕੇ ਦੱਸਾਂ ਜੀਆਂ ਦਾ ਛੇ ਭੈਣਾਂ , ਤਿੰਨ ਭਰਾਂਵਾਂ ਦੇ ਹੋ ਚੁਕਾ ਸੀ। ਪਹਿਲੇ ਲੋਕ ਬਹੁਤੇ ਬੱਚੇ ਹੋਣਾ ਨਿਰਾ ਰੱਬ ਦੀ ਦਾਤ ਹੀ ਸਮਝਦੇ ਸਨ। ਹੁਣ ਦੇ ਜ਼ਮਾਨੇ ਵਿੱਚ ਪ੍ਰਿਵਾਰ ਨਿਯੋਜਨ ਦੇ ਕਈ ਤਰ੍ਹਾਂ ਦੀਆਂ ਵਿਧੀਆਂ ਰਾਹੀਂ ਵਧ ਰਹੀ ਹੈ। ਇਸੇ ਤਰ੍ਹਾਂ ਹੀ ਪੁੱਤਾਂ ਵਾਂਗ ਧੀਆਂ ਨੂੰ ਬ੍ਰਾਬਰ ਸਮਝ ਕੇ ਪੜ੍ਹਾਉਣ ਦੇ ਉਪਰਾਲੇ ਹੋ ਰਹੇ ਹਨ ।
ਖੈਰ ਕੁਝ ਥਾਂਵਾ ਤੇ ਫਿਰਦੇ ਫਿਰਾਂਦੇ ਅਸਾਂ ਜਿਲਾ ਹੁਸ਼ਿਆਰ ਪੁਰ ਦੇ ਇੱਕ ਛੋਟੇ ਜਿਹੇ ਪਿੰਡ ਜੋ ਸਾਲਮ ਹੀ ਮੁਸਲਿਮ ਭਰਾਂਵਾਂ ਦਾ ਸੀ, ਜੋ ਇੱਥੋਂ ਹਿਜਰਤ ਕਰ ਕੇ ਨਵੇਂ ਬਣੇ ਪਾਕਸਤਾਨ ਵਿੱਚ ਚਲੇ ਜਾਣ ਕਰਕੇ ਉੱਜੜ ਕੇ ਬੇਆਬਾਦ ਖਾਲੀ ਪਿਆ ਸੀ ਜਾ ਡੇਰੇ ਲਾਏ।
ਕੱਚੇ ਕੋਠੇ ਢਾਰੇ, ਲਿੱਪ ਪੋਚ ਕੇ ਸਿਰ ਕੇ ਸਿਰ ਢੱਕਣ ਜੋਗੇ ਕਰ ਲਏ,ਕਮਾਦ,ਝੋਨੇ ਦੀ ਫਸਲ ਦੇ ਖੇਤ ਪਿੰਡ ਨੇ ਕਮੇਟੀ ਬਣਾ ਕੇ ਵੰਡ ਲਏ,ਆਵਾਰਾ ਫਿਰਦੇ ਪਸ਼ੂ ਬੈਲ, ਗਾਂਵਾਂ, ਮੱਝਾਂ, ਬੱਕਰੀਆਂ, ਕਾਬੂ ਕਰਕੇ ਲੋੜ ਅਨੁਸਾਰ ਆਪੋ ਆਪਣੇ ਘਰਾਂ ਵਿੱਚ ਰੱਖ ਲਏ।
ਕੁੱਝ ਦਿਨ ਮੈਂ ਵੀ ਮਾਲ ਡੰਗਰ ਚਾਰੇ, ਇਕ ਦਿਨ ਇਹ ਮੇਰੀ ਵੱਡੀ ਭੈਣ ਕਹਿਣ ਲੱਗੀ, ਡੰਗਰ ਚਾਰਣ ਦਾ ਕੰਮ ਮੈਂ ਕਰਿਆ ਕਰਾਂਗੀ, ਤੁਸੀਂ ਮੇਰੇ ਵੀਰ ਨੂੰ ਪੜ੍ਹਨੇ ਪਾ ਦਿਓ।
ਨੇੜੇ ਕੋਈ ਸਕੂਲ ਨਾ ਹੋਣ ਕਰਕੇ ਮੈਨੂੰ ਨਾਨਕੇ ਪਿੰਡ ਪੜ੍ਹਨ ਲਈ ਭੇਜ ਦਿਤਾ ਗਿਆ।ਜਿਥੇ ਰਹਿਕੇ ਮੈਂ ਪੜ੍ਹਾਈ ਕਰਨ ਉਪ੍ਰੰਤ ਪਟਵਾਰੀ ਦਾ ਕੋਰਸ ਕਰਕੇ ਪਟਵਾਰੀ ਦੀ ਨੌਕਰੀ ਤੇ ਲੱਗ ਗਿਆ।
ਉਹ ਮੈਨੂੰ ਹਾਸੇ ਨਾਲ ਕਿਹਾ ਕਰਦੀ ਸੀ, ਵੇਖੀਂ ਭਰਾ ਮੁੱਠੀ ਗਰਮ ਕਰਾਉਣ ਤੋਂ ਬਚੀਂ, ਬਰਕਤ ਸਦਾ ਨੇਕ ਕਮਾਈ ਵਿੱਚ ਹੀ ਹੁੰਦੀ ਹੈ।
ਉਸ ਦਾ ਵਿਆਹ ਵੀ ਅਨੋਖਾ ਵਿਆਹ ਸੀ, ਜਿਸਦਾ ਜਿਕਰ ਫਿਰ ਕਿਤੇ ਕਰਨ ਦਾ ਯਤਨ ਕਰਾਂਗਾ। ਲੰਮੀ ਉਮਰ ਭੋਗ ਕੇ ਆਪਣੇ , ਮਿਹਣਤੀ , ਮਿਲਣ ਸਾਰ, ਸੁਭਾਅ ਕਰਕੇ ਇਕ ਸਫਲ ਤੇ ਚੰਗੇ ਪੜ੍ਹੇ ਲਿਖੇ ਬਾਗ ਪ੍ਰਿਵਾਰ ਵਾਲੀ ਹੋ ਕੇ ਭਾਂਵੇ ਹੁਣ ਉਹ ਇਸ ਫਾਨੀ ਸੰਸਾਰ ਨੂੰ ਸਦਾ ਲਈ ਅਲਵਿਦਾ ਤਾਂ ਕਹਿ ਗਈ ਹੈ ਪਰ ਯਾਦਾਂ ਦੇ ਝਰੋਖੇ ਚੋਂ ਜਦ ਕਦੀ ਮੇਰੀ ਇਸ ਵੱਡੀ ਭੈਣ ਦੀ ਯਾਦ ਆਉਂਦੀ ਹੈ ਤਾਂ ਮੇਰੀ ਇਸ ਵੱਡੀ ਭੈਣ, ਦੇ ਮੋਹ ਭਿੱਜੇ ਭੈਣ ਭਰਾ ਦੇ ਇਸ ਪਵਿੱਤ੍ਰ ਰਿਸ਼ਤੇ ਦੀ ਮਹਿਕ ਵਿੱਚ ਗੁਆਚਾ ਆਪਾ ਭੁਲਾ ਬੈਠਦਾ ਹਾਂ।
ਰਵੇਲ ਸਿੰਘ