ਸੁੱਕਾ ਰੋਅਬ ਜਮਾਈ ਜਾਨੈਂ - ਰਵਿੰਦਰ ਸਿੰਘ ਕੁੰਦਰਾ
ਸਿਰ 'ਤੇ ਤੇਰੇ ਕੇਸ ਨਹੀਂ,
ਸਿੱਖੀ ਵਾਲਾ ਤੇਰਾ ਵੇਸ ਨਹੀਂ,
ਕੁੱਝ ਸਿੱਖਣ ਦੀ ਤੈਨੂੰ ਚੇਟ ਨਹੀਂ,
ਤੈਨੂੰ ਗੱਲ ਅਕਲ ਦੀ ਮੇਚ ਨਹੀਂ,
ਸਿੱਖੀ ਦੀ ਪੱਤ ਤੂੰ ਲਾਹੀ ਜਾਨੈਂ,
ਐਵੇਂ ਸੁੱਕਾ ਰੋਅਬ ਜਮਾਈ ਜਾਨੈਂ!
ਧਰਮ ਦੇ ਵੱਲ ਤੂੰ ਤੁਰਿਆ ਨਹੀਂ,
ਤੈਨੂੰ ਵਿਰਸੇ ਦਾ ਅੱਖਰ ਫੁਰਿਆ ਨਹੀਂ,
ਪਛਤਾਵਾ ਕਰ ਤੂੰ ਝੁਰਿਆ ਨਹੀਂ,
ਹਲੀਮੀ ਦਾ ਸਬਕ ਤੂੰ ਗੁੜ੍ਹਿਆ ਨਹੀਂ,
ਪਰ ਦੂਜਿਆਂ ਨੂੰ ਸਬਕ ਪੜ੍ਹਾਈ ਜਾਨੈਂ,
ਐਵੇਂ ਸੁੱਕਾ ਰੋਅਬ ਜਮਾਈ ਜਾਨੈਂ!
ਚੰਗੇ ਰਾਹ ਕਦਮ ਟਿਕਾਉਂਦਾ ਨਹੀਂ,
ਕਦੀ ਸੁਚੱਜੇ ਪੂਰਨੇ ਪਾਉਂਦਾ ਨਹੀਂ,
ਗੁਰੂਆਂ ਤੋਂ ਭੁੱਲ ਬਖਸ਼ਾਉਂਦਾ ਨਹੀਂ,
ਮਨੱਖਤਾ ਦਾ ਗੀਤ ਤੂੰ ਗਾਉਂਦਾ ਨਹੀਂ,
ਬੇਤਾਲੇ ਹੀ ਸਾਜ਼ ਖੜਕਾਈ ਜਾਨੈਂ,
ਐਵੇਂ ਸੁੱਕਾ ਰੋਅਬ ਜਮਾਈ ਜਾਨੈਂ!
ਤੂੰ ਵੈਸਾਖੀ ਹਰ ਸਾਲ ਮਨਾਉਂਦਾ ਏਂ,
ਕਾਰਾਂ ਵਿੱਚ ਖੌਰੂ ਪਾਉਂਦਾ ਏਂ,
ਛਕ ਦਾਰੂ ਸਿਗਰਟ ਲਾਉਂਦਾ ਏਂ,
ਨਿੱਤ ਨਵੇਂ ਪੁਆੜੇ ਪਾਉਂਦਾ ਏਂ,
ਧੱਕੇ ਨਾਲ ਸਿੰਘ ਕਹਾਈ ਜਾਨੈਂ,
ਐਵੇਂ ਸੁੱਕਾ ਰੋਅਬ ਜਮਾਈ ਜਾਨੈਂ।
ਜੇ ਨਾ ਸਮਝਿਆ ਤੂੰ ਮਿਟ ਜਾਣਾ,
ਹੋ ਦੁਨੀਆ ਸਾਹਮੇਂ ਠਿੱਠ ਜਾਣਾ,
ਤੈਨੂੰ ਦੂਜੇ ਧਰਮਾਂ ਜਿੱਤ ਜਾਣਾ,
ਇਹ ਧਰਮ ਤੇਰਾ ਹੁਣ ਪਿੱਟ ਜਾਣਾ,
ਤੂੰ ਹਾਲੇ ਵੀ ਕੰਨੀ ਕਤਰਾਈ ਜਾਨੈਂ?
ਐਵੇਂ ਸੁੱਕਾ ਰੋਅਬ ਜਮਾਈ ਜਾਨੈਂ!
ਰਵਿੰਦਰ ਸਿੰਘ ਕੁੰਦਰਾ
ਕਵੈਂਟਰੀ ਯੂ ਕੇ