ਅਡਾਨੀ : ਬੁਲੰਦੀ ਤੋਂ ਨਿਘਾਰ - ਟੀ.ਐੱਨ. ਨੈਨਾਨ
ਸਵਾਲ ਇਹ ਹੈ ਕਿ ਗੌਤਮ ਅਡਾਨੀ ਦੀਆਂ ਕੰਪਨੀਆਂ ਦੇ ਸ਼ੇਅਰ ਧੜੰਮ ਡਿੱਗਣ ਤੋਂ ਬਾਅਦ ਹੁਣ ਅਗਾਂਹ ਕੀ ਭਾਣਾ ਵਰਤੇਗਾ? ਹਾਲਾਂਕਿ ਅਡਾਨੀ ਦੀਆਂ ਫਰਮਾਂ ਦੀ ਮਾਰਕੀਟ ਕੀਮਤ ਦੇ ਰੂਪ ਵਿਚ 120 ਅਰਬ ਡਾਲਰ ਗਰਕ ਹੋ ਗਏ ਹਨ (ਜਿਨ੍ਹਾਂ ’ਚੋਂ ਤਕਰੀਬਨ ਦੋ-ਤਿਹਾਈ ਹਿੱਸਾ ਖ਼ੁਦ ਅਡਾਨੀ ਨੂੰ ਗੁਆਉਣਾ ਪਿਆ ਹੈ) ਪਰ ਤੱਥ ਇਹ ਹੈ ਕਿ ਅਜੇ ਵੀ ਉਸ ਦੇ ਸਮੂਹ ਦੀ ਕੀਮਤ 100 ਅਰਬ ਡਾਲਰ ਦੇ ਕਰੀਬ ਹੈ ਤੇ ਉਸ ਵਿਚ ਵੀ ਅਡਾਨੀ ਦੀ ਦੋ-ਤਿਹਾਈ ਹਿੱਸੇਦਾਰੀ ਹੈ। ਮੰਜ਼ਰ ਬਹੁਤ ਤੇਜ਼ੀ ਨਾਲ ਬਦਲ ਰਿਹਾ ਹੈ ਜਿਸ ਕਰਕੇ ਇਹ ਅੰਕੜੇ ਮਹਿਜ਼ ਅਨੁਮਾਨਾਂ ਦੇ ਰੂਪ ਵਿਚ ਦੇਖੇ ਜਾਣੇ ਚਾਹੀਦੇ ਹਨ ਅਤੇ ਇਸ ਕਰਕੇ ਕਰਾਸ ਹੋਲਡਿੰਗਜ਼ ਤੇ ਪ੍ਰਮੋਟਰ ਸ਼ੇਅਰਾਂ ਦੇ ਅਹਿਦਾਂ ਆਦਿ ਵਿਚ ਫੇਰਬਦਲ ਕਰਨੀ ਬਹੁਤ ਮੁਸ਼ਕਿਲ ਹੈ। ਸੰਭਵ ਹੈ ਕਿ ਅਡਾਨੀ ਦੁਨੀਆ ਦਾ ਸਭ ਤੋਂ ਵੱਡਾ ਰਈਸ ਨਾ ਰਹੇ ਜਾਂ ਦੂਜੇ ਨੰਬਰ ਜਾਂ ਵੀਹਵੇਂ ਨੰਬਰ ਦਾ ਰਈਸ ਵੀ ਨਾ ਰਹੇ ਤਾਂ ਵੀ ਉਹ ਇਕ ਬਹੁਤ ਵੱਡੇ ਸਮੂਹ ਦਾ ਮਾਲਦਾਰ ਮਾਲਕ ਤਾਂ ਰਹੇਗਾ ਹੀ।
ਸੋ, ਹੁਣ ਕੀ ਹੋਵੇਗਾ? ਹਿੰਡਨਬਰਗ ਰਿਸਰਚ ਦਾ ਕਹਿਣਾ ਹੈ ਕਿ ਅਡਾਨੀ ਸਮੂਹ ਦੀ ਕੀਮਤ ਅਸਲ ਨਾਲੋਂ 85 ਫ਼ੀਸਦ ਜ਼ਿਆਦਾ ਹੈ ਭਾਵ ਓਵਰਵੈਲਿਊਡ ਹੈ। ਦਸ ਦਿਨ ਪਹਿਲਾਂ ਹਿੰਡਨਬਰਗ ਦਾ ਇਹ ਅਨੁਮਾਨ ਨਸ਼ਰ ਹੋਣ ਤੋਂ ਬਾਅਦ ਅਡਾਨੀ ਦੀਆਂ ਫਰਮਾਂ ਦੇ ਸ਼ੇਅਰਾਂ ਦੀ ਕੀਮਤ ਵਿਚ ਤਕਰੀਬਨ 60 ਫ਼ੀਸਦੀ ਗਿਰਾਵਟ ਆ ਚੁੱਕੀ ਹੈ। ਫਿਰ ਵੀ ਹਾਲੇ ਅਡਾਨੀ ਸਮੂਹ ਦੀਆਂ ਕੰਪਨੀਆਂ ਦੀ ਕੀਮਤ ਅਸਲ ਨਾਲੋਂ ਜ਼ਿਆਦਾ ਹੈ। ਮਿਸਾਲ ਦੇ ਤੌਰ ’ਤੇ ਅਡਾਨੀ ਪਾਵਰ ਦੀ ਬੁੱਕ ਵੈਲਿਉੂ (ਕੰਪਨੀ ਦੀ ਬੈਲੇਂਸ ਸ਼ੀਟ ਦੇ ਲੇਖੇ ਜੋਖੇ ਮੁਤਾਬਿਕ ਅਸਾਸਿਆਂ ਦੀ ਬਣਦੀ ਕੀਮਤ) 14 ਗੁਣਾ ਜ਼ਿਆਦਾ ਹੈ, ਇਉਂ ਹੀ ਅਡਾਨੀ ਟਰਾਂਸਮਿਸ਼ਨ ਵਿਚਲੀ ਅਡਾਨੀ ਗ੍ਰੀਨ ਐਨਰਜੀ ਦੀ ਬੁੱਕ ਵੈਲਿਊ 56 ਗੁਣਾ ਜ਼ਿਆਦਾ ਹੈ। ਅਡਾਨੀ ਨੇ ਅੰਬੂਜਾ ਸੀਮਿੰਟ ਹਾਲ ਹੀ ਵਿਚ ਖਰੀਦੀ ਸੀ ਜਿਸ ਦੀ ਬੁੱਕ ਵੈਲਿਉੂ ਵੀ ਤਕਰੀਬਨ 50 ਫ਼ੀਸਦੀ ਜ਼ਿਆਦਾ ਅੰਗੀ ਗਈ ਹੈ। ਸ਼ੇਅਰਾਂ ਦੀ ਕੀਮਤ ਦੀ ਆਮ ਤਰਜ਼ ਦੇ ਲਿਹਾਜ਼ ਤੋਂ ਅਡਾਨੀ ਦੀਆਂ ਕਈ ਕੰਪਨੀਆਂ ਦੇ ਸ਼ੇਅਰਾਂ ਵਿਚ ਹੋਰ ਗਿਰਾਵਟ ਲਈ ਕਾਫ਼ੀ ਸਮਾਂ ਲੱਗ ਸਕਦਾ ਹੈ।
ਕੰਪਨੀਆਂ ਦੀ ਹੋਣੀ ਸ਼ੇਅਰ ਬਾਜ਼ਾਰ ਵਿਚ ਆਪਣੀ ਕੀਮਤ ਦੇ ਆਧਾਰ ’ਤੇ ਤੈਅ ਨਹੀਂ ਹੁੰਦੀ। ਹਾਲਾਂਕਿ ਇਹ ਸੱਚ ਹੈ ਕਿ ਇਸ ਹਰਬੇ ਰਾਹੀਂ ਉਹ ਹੋਰ ਜ਼ਿਆਦਾ ਪੂੰਜੀ ਇਕੱਤਰ ਕਰ ਲੈਂਦੀਆਂ ਹਨ, ਪਰ ਫਿਰ ਪੂੰਜੀ ਕਰਜ਼ ਦੇ ਰੂਪ ਵਿਚ ਪੂੰਜੀ ਆਪਣਾ ਮਿਹਨਤਾਨਾ ਵੀ ਵਸੂਲਦੀ ਹੈ ਜਿਹਦੇ ਲਈ ਮੁਨਾਫ਼ਾ ਕਮਾਉਣਾ ਅਤੇ ਪੂੰਜੀ ਦੀ ਆਮਦ ਬਰਕਰਾਰ ਰੱਖਣ ਦੀ ਲੋੜ ਪੈਂਦੀ ਹੈ। ਅਡਾਨੀ ਸਮੂਹ ਦੀਆਂ ਸੱਤ ਸੂਚੀਦਰਜ ਕੰਪਨੀਆਂ ਨੇ ਪਿਛਲੇ ਸਾਲ ਮਾਰਚ ਵਿਚ 17000 ਕਰੋੜ ਰੁਪਏ ਦਾ ਮੁਨਾਫ਼ਾ ਦਰਸਾਇਆ ਸੀ ਜੋ ਲਗਭਗ ਨੈਸ਼ਨਲ ਥਰਮਲ ਪਾਵਰ ਕਾਰਪੋਰੇਸ਼ਨ ਜਿੰਨਾ ਹੀ ਸੀ। ਸਮੂਹ ਦਾ ਵਿਦੇਸ਼ੀ ਕਰਜ਼ ਹੁਣ ਚਿੰਤਾਜਨਕ ਪੱਧਰ ’ਤੇ ਹੈ ਅਤੇ ਕਰਜ਼ਾ ਲੈਣ ਲਈ ਦਰਜਾਬੰਦੀ ਨੀਵੀਂ ਹੋ ਗਈ ਹੈ। ਇਸ ਲਈ ਨਵੇਂ ਬੌਂਡ ਮਹਿੰਗੇ ਭਾਅ ਮਿਲਣਗੇ। ਕੋਈ ਜਿਗਰੇ ਵਾਲਾ ਮੈਨੇਜਰ ਹੀ ਹੋਵੇਗਾ ਜੋ ਆਪਣੀ ਬੈਂਕ ਵੱਲੋਂ ਅਡਾਨੀ ਨੂੰ ਕਰਜ਼ ਦੇ ਸਕੇਗਾ। ਅਡਾਨੀ ਐਂਟਰਪ੍ਰਾਈਜ਼ਜ਼ ਦਾ ਐਫਪੀਓ ਠੁੱਸ ਹੋਣ ਤੋਂ ਬਾਅਦ ਜੇ ਹਿੱਸੇਦਾਰੀ ਵੇਚਣ ਦੀ ਕੋਈ ਪੇਸ਼ਕਸ਼ ਆਉਂਦੀ ਹੈ ਤਾਂ ਇਸ ਨੂੰ ਹਿੱਸੇਦਾਰੀ (ਇਕੁਇਟੀ) ਮਾਰਕੀਟ ਵਿਚ ਤਿੱਖੀ ਨਿਰਖ-ਪਰਖ ’ਚੋਂ ਲੰਘਣਾ ਪਵੇਗਾ। ਵਕਤੀ ਨੁਕਤਾ ਇਹ ਹੈ ਕਿ ਅਡਾਨੀ ਸਮੂਹ ਦਾ ਸਾਰਾ ਧਿਆਨ ਹੁਣ ਆਪਣੀਆਂ ਕਰਜ਼ ਦੇਣਦਾਰੀਆਂ ਤਾਰਨ ’ਤੇ ਕੇਂਦਰਤ ਹੋਵੇਗਾ ਤਾਂ ਜੋ ਇਸ ਦੀ ਵਿੱਤੀ ਭਰੋਸੇਯੋਗਤਾ ਬਣੀ ਰਹੇ। ਨਵੇਂ ਪ੍ਰੋਜੈਕਟਾਂ ਲਈ ਸਰੋਤ ਜੁਟਾਉਣ ਦਾ ਅਮਲ ਉਦੋਂ ਤੱਕ ਪਿਛਾਂਹ ਚਲਾ ਜਾਵੇਗਾ ਜਦੋਂ ਤੱਕ ਇਸ ਦੀ ਵਿੱਤੀ ਸਥਿਤੀ ਸਥਿਰ ਨਹੀਂ ਬਣ ਜਾਂਦੀ।
ਨਵੀਂ ਪੂੰਜੀ ਦਾ ਵਹਾਓ ਘਟਣ ਅਤੇ ਮਾਰਕੀਟ ਪੂੰਜੀ ਅੱਧ ਤੋਂ ਵੱਧ ਰੁੜ੍ਹ ਜਾਣ ਤੋਂ ਬਾਅਦ ਹੁਣ ਅਡਾਨੀ ਸਮੂਹ ਨੂੰ ਆਪਣੀ ਚਾਦਰ ਦੇਖ ਕੇ ਪੈਰ ਪਸਾਰਨਾ ਪਵੇਗਾ। ਅਡਾਨੀ ਦੀ ਥਾਂ ਹੁਣ ਮੁਕੇਸ਼ ਅੰਬਾਨੀ ਦੁਨੀਆ ਦਾ ਸਭ ਤੋਂ ਵੱਡਾ ਧਨਾਢ ਬਣ ਗਿਆ ਹੈ ਤੇ ਫ਼ਰਕ ਵਾਲੀ ਗੱਲ ਇਹ ਹੈ ਕਿ ਉਸ ਨੇ ਆਪਣਾ ਕਰਜ਼ ਪਹਿਲਾਂ ਹੀ ਚੁਕਤਾ ਕਰ ਦਿੱਤਾ ਹੈ ਤੇ ਹੁਣ ਉਹ ਪੂੰਜੀ ਮਨਮਰਜ਼ੀ ਦੇ ਪ੍ਰੋਜੈਕਟਾਂ ’ਚ ਨਿਵੇਸ਼ ਕਰ ਸਕਦਾ ਹੈ। ਇਸ ਲਈ ਅੱਗੇ ਤੋਂ ਅਡਾਨੀ ਦੇ ਗ੍ਰੀਨ ਹਾਈਡ੍ਰੋਜਨ ਦਾ ਸਭ ਤੋਂ ਵੱਡਾ ਉਤਪਾਦਕ ਬਣਨ ਜਾਂ ਸਭ ਤੋਂ ਵੱਡਾ ਬਿਜਲੀ ਉਤਪਾਦਕ ਬਣ ਜਾਣ ਜਿਹੀਆਂ ਖ਼ਬਰਾਂ ਘੱਟ ਸੁਣਨ ਨੂੰ ਮਿਲਣਗੀਆਂ। ਇਸ ਦੇ ਨਾਲ ਹੀ ਸ਼ਾਇਦ ਮੌਜੂਦਾ ਬੰਦਰਗਾਹਾਂ, ਹਵਾਈ ਅੱਡਿਆਂ ਆਦਿ ਕਾਰੋਬਾਰਾਂ ਦੇ ਵਿਸਤਾਰ ਤੋਂ ਇਲਾਵਾ ਸੌਰ ਊਰਜਾ, ਰੱਖਿਆ ਅਤੇ ਸੈਮੀ-ਕੰਡਕਟਰਜ਼ ਵਿਚ ਵੱਡੇ ਪ੍ਰੋਜੈਕਟ ਲਾਉਣ ਦਾ ਅਮਲ ਵੀ ਮੱਠਾ ਪੈ ਜਾਵੇਗਾ। ਵਿਕਾਸ ਦੀ ਰਫ਼ਤਾਰ ਮੱਠੀ ਪੈ ਜਾਣ ਨਾਲ ਚਲੰਤ ਅਤੇ ਅਡਾਨੀ ਸਮੂਹ ਦੀ ਮਾਰਕੀਟ ਕੀਮਤ ਦੀ ਭਰਪਾਈ ਹੋਣ ਤੋਂ ਬਾਅਦ ਖ਼ਤਰਾ ਹੋਰ ਵਧਣ ਦੇ ਆਸਾਰ ਹਨ। ਜਿਵੇਂ ਕੋਈ ਹੁਸ਼ਿਆਰ ਕਾਰੋਬਾਰੀ ਜਦੋਂ ਬੁਲੰਦੀਆਂ ਵੱਲ ਜਾ ਰਿਹਾ ਹੁੰਦਾ ਹੈ ਤਾਂ ਉਹ ਬਹੁਤ ਸਾਰੀਆਂ ਗੇਂਦਾਂ ਹਵਾ ਵਿਚ ਉਛਾਲ ਕੇ ਵਿਕਾਸ ਦਾ ਹਾਂਦਰੂ ਦਾਇਰਾ ਸਿਰਜਦਾ ਹੈ, ਪਰ ਜਦੋਂ ਉਸ ਦੇ ਬਦਲਵੇਂ ਰਾਹ ਸੀਮਤ ਹੋਣ ਲੱਗਦੇ ਹਨ ਤਾਂ ਉਹ ਨਾਂਹਮੁਖੀ ਕੁਚੱਕਰ ਵਿਚ ਵੀ ਫਸ ਸਕਦਾ ਹੈ।
ਕੁਝ ਦਿਨ ਪਹਿਲਾਂ ਮੈਂ ਲਿਖਿਆ ਸੀ ਕਿ ਅਡਾਨੀ ਨੂੰ ਜੰਗ ਵਰਗੇ ਹਾਲਾਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕੀ ਇਹ ਉਸ ਦੇ ਅੰਤ ਦੀ ਸ਼ੁਰੂਆਤ ਹੈ? ਕਿਸੇ ਵੀ ਨੁਕਤੇ ਤੋਂ ਦੇਖਿਆ ਜਾਵੇ ਤਾਂ ਇਹ ਗੌਤਮ ਅਡਾਨੀ ਦੇ ਅੰਤ ਦੀ ਲੜਾਈ ਨਹੀਂ ਹੈ। ਦੁਨੀਆਂ ਦਾ ਨਾ ਸਹੀ, ਪਰ ਤਾਂ ਵੀ ਉਹ ਦੇਸ਼ ਦਾ ਦੂਜਾ ਸਭ ਤੋਂ ਵੱਡਾ ਰਈਸ ਤਾਂ ਹਾਲੇ ਵੀ ਹੈ ਅਤੇ ਉਸ ਦਾ ਕਾਰੋਬਾਰੀ ਸਮੂਹ ਦੇਸ਼ ਦਾ ਸਭ ਤੋਂ ਵੱਡਾ ਕਾਰਪੋਰੇਟ ਸਮੂਹ ਤਾਂ ਹੈ ਹੀ। ਉਂਝ, ਸ਼ੁਰੂ ਵਿਚ ਜਿਵੇਂ ਅਡਾਨੀ ਨੇ ਹਿੱਕ ਠੋਕ ਕੇ ਐਲਾਨ ਕੀਤਾ ਸੀ ਕਿ ਨਾ ਤਾਂ ਉਹ ਆਪਣੇ ਪਬਲਿਕ ਇਸ਼ੂ ਦੀ ਮਿਆਦ ਅੱਗੇ ਪਾਵੇਗਾ ਤੇ ਨਾ ਹੀ ਇਸ ਦੀ ਕੀਮਤ ਘੱਟ ਕਰੇਗਾ। ਪਰ ਹੁਣ ਜਾਪਦਾ ਹੈ ਕਿ ਉਸ ਨੇ ਆਪਣੀ ਹਾਲਤ ਦਾ ਜਾਇਜ਼ਾ ਲੈ ਲਿਆ ਹੋਵੇਗਾ। ਇਸ ਤੋਂ ਵੀ ਜ਼ਿਆਦਾ ਗੰਭੀਰ ਖ਼ਤਰੇ ਵਾਲੀ ਗੱਲ ਇਹ ਹੈ ਕਿ ਇਸ ਜੰਗ ਦੀਆਂ ਲਾਟਾਂ ਉਨ੍ਹਾਂ ਨਿਵੇਸ਼ਕਾਂ ਤੱਕ ਵੀ ਪਹੁੰਚ ਸਕਦੀਆਂ ਹਨ ਜਿਨ੍ਹਾਂ ਨੇ ਅਡਾਨੀ ’ਤੇ ਪੂੰਜੀ ਲਾਈ ਹੋਈ ਹੈ। ਉਹੀ ਨਹੀਂ ਸਗੋਂ ਅਡਾਨੀ ਦੇ ਉਹ ਪ੍ਰੋਜੈਕਟ ਵੀ ਜ਼ੱਦ ਹੇਠ ਆ ਸਕਦੇ ਹਨ ਜਿਨ੍ਹਾਂ ’ਤੇ ਕੰਮ ਚੱਲ ਰਿਹਾ ਹੈ ਅਤੇ ਇਸ ਨਾਲ ਸਰਕਾਰ ਦੀਆਂ ਨਿਰਮਾਣ ਤੇ ਬੁਨਿਆਦੀ ਢਾਂਚੇ ਦੀਆਂ ਖ਼ਾਹਿਸ਼ਾਂ ’ਤੇ ਵੀ ਸੱਟ ਵੱਜ ਸਕਦੀ ਹੈ ਜਿਨ੍ਹਾਂ ਦੀ ਉਸਾਰੀ ਉਨ੍ਹਾਂ ਸਮੂਹਾਂ ਦੀ ਕਾਬਲੀਅਤ ’ਤੇ ਨਿਰਭਰ ਕਰਦੀ ਹੈ ਜਿਨ੍ਹਾਂ ਨੂੰ ਸਰਕਾਰ ਵੱਲੋਂ ਰਾਸ਼ਟਰੀ ਚੈਂਪੀਅਨ ਮਿੱਥ ਕੇ ਇਸ ਕੰਮ ਲਈ ਚੁਣਿਆ ਗਿਆ ਸੀ।