ਕਿਤਾਬਾਂ ਦੀ ਕਰਾਮਾਤ - ਗੁਰਚਰਨ ਸਿੰਘ ਨੂਰਪੁਰ
ਕਈ ਸਦੀਆਂ ਦੇ ਯਤਨਾਂ ਮਗਰੋਂ ਮਨੁੱਖ ਅੱਖਰ ਬਣਤਰ ਤੱਕ ਪਹੁੰਚਿਆ। ਅੱਖਰਾਂ ਤੋਂ ਸ਼ਬਦ ਬਣੇ, ਸ਼ਬਦਾਂ ਤੋਂ ਵਾਕ ਤੇ ਵਾਕਾਂ ਤੋਂ ਪੋਥੀਆਂ ਤੇ ਗ੍ਰੰਥ ਬਣੇ। ਸ਼ਬਦ ਬਹੁਤ ਵੱਡੀ ਤਾਕਤ ਹੁੰਦੇ ਹਨ। ਸਾਡੇ ਗੁਰੂ ਸਾਹਿਬਾਨ ਨੇ ਸ਼ਬਦ ਨੂੰ ਸ਼ਬਦ-ਗੁਰੂ ਆਖ ਨੇ ਸਾਨੂੰ ਇਨ੍ਹਾਂ ਦੀ ਮਹਾਨਤਾ ਦਾ ਅਹਿਸਾਸ ਕਰਵਾਇਆ। ਕਿਹਾ ਜਾਂਦਾ ਹੈ ਕਿ ਪੱਥਰ ਖੁਰ ਜਾਂਦੇ ਹਨ, ਪਰ ਸ਼ਬਦ ਨਹੀਂ।
ਰਿਗਵੇਦ ਨੂੰ ਦੁਨੀਆਂ ਦਾ ਪਹਿਲਾ ਗ੍ਰੰਥ ਮੰਨਿਆ ਜਾਂਦਾ ਹੈ। 3500 ਤੋਂ 4000 ਸਾਲ ਪਹਿਲਾਂ ਰਿਗਵੇਦ ਦੀ ਰਚਨਾ ਪੰਜਾਬ ਵਿੱਚ ਹੋਈ। ਇਸ ਦਾ ਭਾਵ ਹੈ ਕਿ ਜਦੋਂ ਪੂਰੀ ਦੁਨੀਆਂ ਦੇ ਲੋਕ ਜੰਗਲਾਂ ਪਹਾੜਾਂ ਵਿੱਚ ਜਾਨਵਰਾਂ ਵਰਗਾ ਜੀਵਨ ਬਤੀਤ ਕਰ ਰਹੇ ਸਨ ਤਾਂ ਉਸ ਸਮੇਂ ਇੱਥੋਂ ਦੇ ਲੋਕਾਂ ਦੀ ਸ਼ਬਦ ਨਾਲ ਸਾਂਝ ਬਣ ਚੁੱਕੀ ਸੀ। ਪਹਿਲਾਂ ਮਨੁੱਖ ਨੇ ਪੱਥਰਾਂ ’ਤੇ ਲਿਖਣਾ ਸ਼ੁਰੂ ਕੀਤਾ, ਮਗਰੋਂ ਪੱਤਿਆਂ ’ਤੇ। ਜਦੋਂ ਉਸ ਨੂੰ ਕੱਪੜਾ ਬੁਣਨ ਦੀ ਜਾਚ ਆਈ ਤਾਂ ਉਹ ਕੱਪੜੇ ’ਤੇ ਲਿਖਣ ਲੱਗਾ। ਕਈ ਸਦੀਆਂ ਮਗਰੋਂ ਉਸ ਨੇ ਕਾਗਜ਼ ਦੀ ਖੋਜ ਕੀਤੀ ਤੇ ਕਿਤਾਬਾਂ ਹੋਂਦ ਵਿੱਚ ਆਈਆਂ।
ਸ਼ਬਦ ਦੀ ਸ਼ਕਤੀ ਕੀ ਹੈ? ਇਸ ਬਾਰੇ ਇੱਕ ਕਥਾ ਹੈ ਕਿ ਇੱਕ ਵਾਰ ਇੱਕ ਰਾਜਾ ਇੱਕ ਵਿਦਵਾਨ ਤੋਂ ਬੜਾ ਪ੍ਰਭਾਵਿਤ ਸੀ। ਉਸ ਨੇ ਕਿਹਾ ਕਿ ਮੈਨੂੰ ਕੋਈ ਅਜਿਹਾ ਮੰਤਰ ਦਿਓ ਜੋ ਹਰ ਸੰਕਟ ਵਿੱਚ ਕੰਮ ਆ ਸਕੇ। ਵਿਦਵਾਨ ਨੇ ਰਾਜੇ ਨੂੰ ਕਿਹਾ ਕਿ ਉਹ ਦੋ ਮਹੀਨੇ ਬਾਅਦ ਉਸ ਕੋਲ ਆਵੇ। ਜਦੋਂ ਰਾਜਾ ਦੁਬਾਰਾ ਗਿਆ ਤਾਂ ਵਿਦਵਾਨ ਨੇ ਇੱਕ ਅੰਗੂਠੀ ਦਿੰਦਿਆਂ ਰਾਜੇ ਨੂੰ ਕਿਹਾ, ‘‘ਇਹਦੇ ਨਗ ਦੇ ਹੇਠ ਇੱਕ ਕਾਗਜ਼ ਦੇ ਛੋਟੇ ਟੁਕੜੇ ’ਤੇ ਕੁਝ ਸ਼ਬਦ ਲਿਖੇ ਹਨ, ਇਹ ਸੰਕਟ ਸਮੇਂ ਤੁਹਾਡੀ ਅਗਵਾਈ ਕਰਨਗੇ। ਯਾਦ ਰੱਖਣਾ ਕਿ ਮੁੰਦਰੀ ਦੇ ਇਸ ਨਗ ਨੂੰ ਉਦੋਂ ਹੀ ਉਖਾੜਨਾ ਤੇ ਪੜ੍ਹਨਾ ਜਦੋਂ ਸਭ ਹੀਲੇ ਨਾਕਾਮ ਹੋ ਜਾਣ, ਪਹਿਲਾਂ ਨਹੀਂ।’’ ਸਮਾਂ ਬੀਤਿਆ ਕਈ ਸੰਕਟ ਸਮੱਸਿਆਵਾਂ ਆਈਆਂ ਤੇ ਚਲੀਆਂ ਗਈਆਂ, ਪਰ ਰਾਜੇ ਨੇ ਮੁੰਦਰੀ ਦਾ ਨਗ ਉਖਾੜ ਕੇ ਨਾ ਵੇਖਿਆ। ਫਿਰ ਇੱਕ ਸਮਾਂ ਅਜਿਹਾ ਆਇਆ ਜਦੋਂ ਗੁਆਂਢੀ ਰਾਜੇ ਨੇ ਉਸ ਦੇ ਰਾਜ ’ਤੇ ਹਮਲਾ ਕਰ ਦਿੱਤਾ। ਘਮਸਾਣ ਦਾ ਯੁੱਧ ਹੋਇਆ। ਰਾਜੇ ਦੀ ਫ਼ੌਜ ਗੁਆਂਢੀ ਫ਼ੌਜ ਅੱਗੇ ਹਾਰ ਗਈ। ਹਾਰ ਨੂੰ ਦੇਖਦਿਆਂ ਰਾਜਾ ਆਪਣੀ ਜਾਨ ਬਚਾਉਣ ਲਈ ਘੋੜੇ ’ਤੇ ਯੁੱਧ ਮੈਦਾਨ ਵਿੱਚੋਂ ਭੱਜ ਨਿਕਲਿਆ, ਪਰ ਦੁਸ਼ਮਣ ਦੀ ਫ਼ੌਜ ਨੂੰ ਪਤਾ ਲੱਗ ਗਿਆ। ਫ਼ੌਜ ਦੀ ਟੁਕੜੀ ਰਾਜੇ ਦਾ ਪਿੱਛਾ ਕਰਨ ਲੱਗੀ। ਪਹਾੜੀ ਇਲਾਕੇ ਵਿੱਚ ਰਾਜਾ ਦੁਸ਼ਮਣ ਦੀ ਫ਼ੌਜ ਤੋਂ ਬਚਦਾ ਇੱਕ ਪਹਾੜੀ ਰਸਤੇ ਦਾ ਮੋੜ ਮੁੜ ਗਿਆ। ਮੋੜ ਮੁੜਦਿਆਂ ਕੁਝ ਫਾਸਲੇ ’ਤੇ ਰਸਤਾ ਮੁੱਕ ਗਿਆ। ਅੱਗੇ ਡੂੰਘੀ ਖਾਈ ਸੀ। ਰਾਜੇ ਦਾ ਘੋੜਾ ਖਾਈ ਵਿੱਚ ਡਿੱਗਦਾ ਡਿੱਗਦਾ ਮਸਾਂ ਬਚਿਆ। ਦੁਸ਼ਮਣ ਫ਼ੌਜ ਪਿੱਛੇ ਆ ਰਹੀ ਸੀ। ਰਾਜੇ ਨੂੰ ਇਸ ਸਮੇਂ ਮੁੰਦਰੀ ਦਾ ਖ਼ਿਆਲ ਆਇਆ। ਉਸ ਨੇ ਛੁਰੀ ਦੀ ਨੋਕ ਨਾਲ ਮੁੰਦਰੀ ਦਾ ਨਗ ਉਖਾੜਿਆ। ਕਾਗਜ਼ ਕੱਢ ਕੇ ਪੜ੍ਹਿਆ। ਉਪਰ ਲਿਖਿਆ ਸੀ: ‘ਇਹ ਵਕਤ ਵੀ ਬੀਤ ਜਾਵੇਗਾ।’ ਇਨ੍ਹਾਂ ਸ਼ਬਦਾਂ ਨਾਲ ਰਾਜੇ ਅੰਦਰ ਵਿਲੱਖਣ ਊਰਜਾ ਦਾ ਸੰਚਾਰ ਹੋਇਆ। ਰਾਜੇ ਨੇ ਮੁੰਦਰੀ ਨੂੰ ਬੰਦ ਕਰਕੇ ਆਪਣੇ ਚੋਲੇ ਦੇ ਖੀਸੇ ਵਿੱਚ ਸੰਭਾਲ ਲਿਆ। ਦੁਸ਼ਮਣ ਦੀ ਫ਼ੌਜ ਮੋੜ ਮੁੜਨ ਦੀ ਬਜਾਏ ਅੱਗੇ ਲੰਘ ਗਈ। ਰਾਜੇ ਦੀ ਜਾਨ ਬਚ ਗਈ। ਕਈ ਮਹੀਨਿਆਂ ਦੀ ਮਿਹਨਤ ਮਗਰੋਂ ਉਸ ਨੇ ਲੁਕਵੀ ਥਾਂ ’ਤੇ ਆਪਣੀ ਫ਼ੌਜ ਨੂੰ ਸੰਗਠਿਤ ਕਰਨਾ ਸ਼ੁਰੂ ਕੀਤਾ। ਮਿੱਤਰ ਰਾਜਿਆਂ ਦੀ ਮਦਦ ਲਈ ਤੇ ਵੱਡੀ ਫ਼ੌਜ ਬਣਾ ਕੇ ਦੁਸ਼ਮਣ ਰਾਜੇ ਨੂੰ ਮੈਦਾਨ-ਏ-ਜੰਗ ਵਿੱਚ ਲਲਕਾਰਿਆ, ਯੁੱਧ ਵਿੱਚ ਜਿੱਤ ਪ੍ਰਾਪਤ ਕੀਤੀ ਤੇ ਆਪਣਾ ਰਾਜ ਭਾਗ ਮੁੜ ਹਾਸਲ ਕਰ ਲਿਆ। ਰਾਜਾ ਹੁਣ ਵੀ ਉਨ੍ਹਾਂ ਸ਼ਬਦਾਂ ‘ਇਹ ਸਮਾਂ ਵੀ ਬੀਤ ਜਾਵੇਗਾ’ ਨੂੰ ਕਦੇ ਕਦੇ ਪੜ੍ਹਦਾ। ਇਹ ਸ਼ਬਦ ਉਸ ਨੂੰ ਅਹਿਸਾਸ ਕਰਾਉਂਦੇ ਕਿ ਚੰਗਾ ਮਾੜਾ ਦੋਵੇਂ ਤਰ੍ਹਾਂ ਦਾ ਸਮਾਂ ਸਦਾ ਨਹੀਂ ਰਹਿਣਾ ਹੁੰਦਾ।
ਜ਼ਫ਼ਰਨਾਮੇ ਦੇ ਸ਼ਬਦਾਂ ਦੀ ਸ਼ਕਤੀ ਸੀ ਕਿ ਔਰੰਗਜ਼ੇਬ ਨੂੰ ਉਹਦੇ ਜ਼ੁਲਮ ਦਾ ਗੁਰੂ ਗੋਬਿੰਦ ਸਿੰਘ ਜੀ ਨੇ ਇੰਨੀ ਸ਼ਿੱਦਤ ਨਾਲ ਅਹਿਸਾਸ ਕਰਵਾਇਆ ਕਿ ਉਹ ਅੰਦਰੋਂ ਟੁੱਟ ਗਿਆ।
ਕਿਸੇ ਨੇ ਸੱਚ ਹੀ ਕਿਹਾ ਹੈ ਕਿ ਸ਼ਬਦਾਂ ਨਾਲ ਤੁਸੀਂ ਸਾਰਾ ਸੰਸਾਰ ਜਿੱਤ ਸਕਦੇ ਹੋ, ਪਰ ਤਲਵਾਰ ਨਾਲ ਨਹੀਂ। ਸ਼ਬਦ ਦੀ ਅਹਿਮੀਅਤ ਨੂੰ ਸਮਝ ਜਾਣ ਵਾਲੇ ਲੋਕ ਸਾਰੀ ਉਮਰ ਕਿਤਾਬਾਂ ਨਾਲ ਲਗਾਅ ਰੱਖਦੇ ਹਨ। ਚੰਗੀਆਂ ਕਿਤਾਬਾਂ ਪੜ੍ਹਨ ਨਾਲ ਸਾਡੀ ਸ਼ਖ਼ਸੀਅਤ ਵਿੱਚ ਬੁਲੰਦੀ ਆਉਣ ਲੱਗਦੀ ਹੈ।
ਕਿਤਾਬਾਂ ਦੀ ਮਹਾਨਤਾ ਬਾਰੇ ਲਿਖਦਿਆਂ ਵਿਦਵਾਨ ਜੇਮਜ਼ ਰਸਲ ਲਿਖਦਾ ਹੈ : ਕਿਤਾਬਾਂ ਤਾਂ ਸ਼ਹਿਦ ਦੀਆਂ ਮੱਖੀਆਂ ਵਾਂਗ ਹੁੰਦੀਆਂ ਹਨ ਜੋ ਫੁੱਲਾਂ ਦੇ ਬੂਰ ਨੂੰ ਇੱਕ ਦਿਮਾਗ਼ ਤੋਂ ਦੂਜੇ ਤੱਕ ਲੈ ਕੇ ਜਾਂਦੀਆਂ ਹਨ।
ਕਿਤਾਬਾਂ ਸਾਨੂੰ ਲੰਘ ਗਏ ਸਮਿਆਂ ਦੇ ਦਰਸ਼ਨ ਕਰਵਾਉਂਦੀਆਂ ਹਨ। ਸਦੀਆਂ ਪਹਿਲਾਂ ਹੋਏ ਲੋਕਾਂ ਨਾਲ ਮਿਲਵਾਉਂਦੀਆਂ ਹਨ। ਦੁਨੀਆਂ ਵਿੱਚ ਵਾਪਰੀਆਂ ਪ੍ਰਮੁੱਖ ਘਟਨਾਵਾਂ ਦੇ ਦ੍ਰਿਸ਼ ਸਾਡੀਆਂ ਅੱਖਾਂ ਅੱਗੇ ਪੇਸ਼ ਕਰਦੀਆਂ ਹਨ। ਅਰਬ ਦੀ ਇੱਕ ਬੜੀ ਦਿਲਚਸਪ ਕਹਾਵਤ ਹੈ, “ਕਿਤਾਬ ਜੇਬ੍ਹ ਵਿੱਚ ਰੱਖੇ ਬਾਗ਼ ਵਾਂਗ ਹੁੰਦੀ ਹੈ।”
ਕਿਤਾਬਾਂ ਅਨੇਕ ਤਰ੍ਹਾਂ ਦੀਆਂ ਹੁੰਦੀਆਂ ਹਨ, ਪਰ ਮੋਟੇ ਤੌਰ ’ਤੇ ਕਿਤਾਬਾਂ ਚਾਰ ਤਰ੍ਹਾਂ ਦੀਆਂ ਹੁੰਦੀਆਂ ਹਨ। ਇੱਕ ਉਹ ਕਿਤਾਬਾਂ ਜੋ ਅਸੀਂ ਆਪ ਵੀ ਨਹੀਂ ਪੜ੍ਹਦੇ ਤੇ ਮੁਫ਼ਤ ਵਿੱਚ ਕਿਸੇ ਹੋਰ ਨੂੰ ਫੜਾ ਦਿੰਦੇ ਹਾਂ। ਦੂਜੀਆਂ ਉਹ ਜੋ ਅਸੀਂ ਆਪ ਪੜ੍ਹਦੇ ਹਾਂ ਤੇ ਜਾਣਕਾਰਾਂ ਨੂੰ ਇਹ ਕਹਿ ਕੇ ਰੋਕ ਦਿੰਦੇ ਹਾਂ ਕਿ ਐਵੇਂ ਸਮਾਂ ਬਰਬਾਦ ਕਰਨ ਹੈ, ਇਸ ਲਈ ਨਾ ਪੜ੍ਹੋ। ਤੀਜੀਆਂ ਉਹ ਜੋ ਅਸੀਂ ਬੜੀ ਦਿਲਚਸਪੀ ਨਾਲ ਪੜ੍ਹਦੇ ਹਾਂ ਅਤੇ ਹੋਰ ਦੋਸਤਾਂ ਮਿੱਤਰਾਂ ਨੂੰ ਪੜ੍ਹਨ ਦੀ ਸਲਾਹ ਦਿੰਦੇ ਹਾਂ। ਚੌਥੀ ਕਿਸਮ ਦੀਆਂ ਉਹ ਕਿਤਾਬਾਂ ਹੁੰਦੀਆਂ ਹਨ ਜਿਨ੍ਹਾਂ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤਾਂ ਪੜ੍ਹਦਿਆਂ ਪੜ੍ਹਦਿਆਂ ਡਰ ਲੱਗਦਾ ਹੈ ਕਿ ਕਿਤੇ ਇਹ ਕਿਤਾਬ ਜਲਦੀ ਖ਼ਤਮ ਨਾ ਹੋ ਜਾਵੇ। ਚੌਥੀ ਕਿਸਮ ਦੀਆਂ ਕਿਤਾਬਾਂ ਉਹ ਹੁੰਦੀਆਂ ਹਨ ਜੋ ਅਸੀਂ ਕਿਸੇ ਨੂੰ ਨਹੀਂ ਦਿੰਦੇ। ਜੇਕਰ ਕੋਈ ਮੰਗ ਕੇ ਲੈ ਵੀ ਜਾਵੇ ਤਾਂ ਦੁਬਾਰਾ ਆਪਣੀ ਲਾਇਬਰੇਰੀ ਵਿੱਚ ਖਰੀਦ ਕੇ ਰੱਖਣ ਤੱਕ ਸਾਨੂੰ ਚੈਨ ਨਹੀਂ ਆਉਂਦਾ।
ਪੰਜਾਬ ਉਨ੍ਹਾਂ ਮਹਾਂਪੁਰਸ਼ਾਂ ਦੀ ਧਰਤੀ ਹੈ ਜਿਨ੍ਹਾਂ ਨੇ ਆਪਣੀ ਬੌਧਿਕਤਾ ਨਾਲ ਸਾਰੀ ਦੁਨੀਆਂ ਨੂੰ ਪ੍ਰਭਾਵਿਤ ਕੀਤਾ। ਗੁਰੂ ਨਾਨਕ ਦੇਵ ਜੀ ਤੋਂ ਲੈ ਕੇ ਗੁਰੂ ਗੋਬਿੰਦ ਸਿੰਘ ਜੀ ਤਕ ਸਾਡੇ ਦਸ ਗੁਰੂ ਸਾਹਿਬਾਨ ਇਸ ਧਰਤੀ ’ਤੇ ਵਿਚਰੇ ਅਤੇ ਆਪਣੀ ਵਿਚਾਰਧਾਰਾ ਰਾਹੀਂ ਸਮਾਜ ਨੂੰ ਬੜੀ ਵੱਡੀ ਦੇਣ ਦਿੱਤੀ। ਜੋ ਕਿਹਾ ਉਹ ਸਿਰਫ਼ ਕਿਹਾ ਹੀ ਨਹੀਂ ਸਗੋਂ ਕਰ ਕੇ ਵਿਖਾਇਆ। ਗੁਰੂ ਅਰਜਨ ਦੇਵ ਜੀ ਨੇ ਆਦਿ ਗ੍ਰੰਥ ਦੀ ਸਥਾਪਨਾ ਕੀਤੀ। ਗੁਰੂ ਗੋਬਿੰਦ ਸਿੰਘ ਜੀ ਨੇ ਸ਼ਬਦ ਨੂੰ ਗੁਰੂ ਦਾ ਦਰਜਾ ਦਿੰਦਿਆਂ ਗੁਰੂ ਗ੍ਰੰਥ ਸਾਹਿਬ ਨੂੰ ਗੁਰਗੱਦੀ ਦਿੱਤੀ ਅਤੇ ਆਪ ਵੀ ਸ਼ਬਦ ਗੁਰੂ ਅੱਗੇ ਨਤਮਸਤਕ ਹੋਏ।
ਭਗਤ ਪੂਰਨ ਸਿੰਘ ਜੀ ਨੇ ਮਨੁੱਖਤਾ ਦੀ ਸੇਵਾ ਕਰਕੇ ਦੇਸ਼ ਵਿੱਚ ਹੀ ਨਹੀਂ ਸਗੋਂ ਪੂਰੀ ਦੁਨੀਆਂ ਵਿੱਚ ਆਪਣੀ ਮਿਸਾਲ ਕਾਇਮ ਕੀਤੀ। ਭਗਤ ਜੀ ਕਿਤਾਬਾਂ ਪੜ੍ਹਨ ਨੂੰ ਆਪਣਾ ਨੇਮ ਸਮਝਦੇ ਸਨ। ਸ਼ਬਦਾਂ ਦੀ ਤਾਕਤ ਨੂੰ ਬਹੁਤ ਚੰਗੀ ਤਰ੍ਹਾਂ ਜਾਣਦੇ ਸਨ। ਉਹ ਆਪ ਵੀ ਇੱਕ ਚੰਗੇ ਲੇਖਕ ਸਨ।
ਇੰਗਲੈਂਡ ਫਰਾਂਸ ਵਰਗੇ ਮੁਲਕਾਂ ਵਿੱਚ ਕਿਤਾਬਾਂ ਪੜ੍ਹਨ ਦਾ ਰਿਵਾਜ ਪਹਿਲਾਂ ਵੀ ਸਾਡੇ ਤੋਂ ਵੱਧ ਸੀ ਤੇ ਅੱਜ ਵੀ ਹੈ। ਕਈ ਮੁਲਕਾਂ ਵਿੱਚ ਜੇਕਰ ਬਸ ਵਿੱਚ ਪੰਜਾਹ ਯਾਤਰੀ ਸਫ਼ਰ ਕਰ ਰਹੇ ਹੁੰਦੇ ਸਨ ਤਾਂ ਇਨ੍ਹਾਂ ’ਚੋਂ ਚਾਲੀ ਕੋਈ ਨਾ ਕੋਈ ਕਿਤਾਬ ਜਾਂ ਮੈਗਜ਼ੀਨ ਪੜ੍ਹ ਰਹੇ ਹੁੰਦੇ ਸਨ। ਕਿਤਾਬਾਂ ਕਿਸੇ ਵੀ ਸਮਾਜ ਨੂੰ ਚੰਗਾ ਬਣਾਉਣ ਵਿੱਚ ਸਭ ਤੋਂ ਵੱਡਾ ਰੋਲ ਅਦਾ ਕਰਦੀਆਂ ਹਨ। ਅੱਜ ਜੇਕਰ ਸਾਡੀ ਨੌਜਵਾਨ ਪੀੜੀ ਦੂਜੇ ਮੁਲਕਾਂ ਵਿੱਚ ਆਪਣਾ ਭਵਿੱਖ ਤਲਾਸ਼ ਰਹੀ ਹੈ ਤਾਂ ਇਸ ਵਿੱਚ ਕਿਤੇ ਨਾ ਕਿਤੇ ਕਿਤਾਬਾਂ ਦਾ ਵੀ ਬਹੁਤ ਵੱਡਾ ਰੋਲ ਹੈ।
ਅਸੀਂ ਹੁਣ ਉਸ ਦੌਰ ਵਿੱਚ ਪ੍ਰਵੇਸ਼ ਕਰ ਗਏ ਹਾਂ ਜਿੱਥੇ ਅਨਪੜ੍ਹ ਹੀ ਨਹੀਂ, ਪੜ੍ਹੇ ਲਿਖੇ ਵੀ ਚੀਜ਼ਾਂ ਨੂੰ ਪੜ੍ਹਨ ਦੀ ਬਜਾਏ ਵੇਖਣ ਦੇ ਆਦੀ ਹੋਣ ਲੱਗ ਪਏ ਹਨ। ਹੁਣ ਅਸੀਂ ਖਬਰਾਂ ਪੜ੍ਹਦੇ ਘੱਟ ਤੇ ਸੁਣਦੇ ਵੇਖਦੇ ਜ਼ਿਆਦਾ ਹਾਂ। ਪੜ੍ਹਨ ਦਾ ਰੁਝਾਨ ਘਟ ਰਿਹਾ ਹੈ। ਇੰਟਰਨੈੱਟ ’ਤੇ ਈ ਬੁੱਕ ਦਾ ਰਿਵਾਜ ਵਧ ਰਿਹਾ ਹੈ। ਅਸੀਂ ਕਿਤਾਬਾਂ ਤੋਂ ਕੁਝ ਦੂਰ ਹੋ ਗਏ ਹਾਂ। ਇਸ ਸਭ ਕੁਝ ਦੇ ਬਾਵਜੂਦ ਕਿਤਾਬਾਂ ਦੀ ਸਾਰਥਿਕਤਾ ਬਣੀ ਰਹੇਗੀ। ਉਸ ਦਾ ਕਾਰਨ ਇਹ ਹੈ ਕਿ ਇੰਟਰਨੈੱਟ ’ਤੇ ਕਿਤਾਬ ਪੜ੍ਹਦਿਆਂ ਕਾਲ, ਮੈਸੈਜ, ਕੋਈ ਐਡ ਸਾਡੀ ਇਕਾਗਰਤਾ ਨੂੰ ਵਾਰ ਵਾਰ ਭੰਗ ਕਰਦੇ ਰਹਿੰਦੇ ਹਨ। ਸਕਰੀਨ ਦੀ ਰੌਸ਼ਨੀ ਵੀ ਸਾਡੀਆਂ ਅੱਖਾਂ ਨੂੰ ਪ੍ਰਭਾਵਿਤ ਕਰਦੀ ਹੈ, ਅੱਖਾਂ ਥੱਕਣ ਲੱਗਦੀਆਂ ਹਨ। ਇਸ ਲਈ ਕਿਤਾਬ ਪੜ੍ਹਨ ਲਈ ਲੋੜੀਂਦੀ ਇਕਾਗਰਤਾ ਇੰਟਰਨੈੱਟ ’ਤੇ ਨਹੀਂ ਬਣ ਸਕਦੀ।
ਕਿਤਾਬਾਂ ਪੜ੍ਹਨ ਲਈ ਚਾਹੀਦਾ ਹੈ ਕਿ ਅਸੀਂ ਕਿਤਾਬ ਪੜ੍ਹਨ ਲਈ ਘਰ ਵਿੱਚ ਲਾਇਬਰੇਰੀ ਬਣਾਉਣ ਦੇ ਨਾਲ ਨਾਲ ਆਪਣੇ ਪੜ੍ਹਨ ਲਈ ਸਮਾਂ ਅਤੇ ਇੱਕ ਥਾਂ ਨਿਰਧਾਰਤ ਕਰੀਏ। ਹਰ ਰੋਜ਼ ਕਿਸੇ ਕਿਤਾਬ ਦੇ ਦਸ ਬਾਰਾਂ ਪੰਨੇ ਪੜ੍ਹਨ ਨਾਲ ਅਸੀਂ ਆਪਣੇ ਅੰਦਰ ਹੁੰਦੀ ਤਬਦੀਲੀ ਨੂੰ ਮਹਿਸੂਸ ਕਰ ਸਕਦੇ ਹਾਂ। ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀਂ ਪੜ੍ਹਨ ਲਈ ਅੱਧਾ ਘੰਟਾ ਜਾਂ ਇੱਕ ਘੰਟਾ ਰਾਖਵਾਂ ਰੱਖੀਏ। ਪੂਰਾ ਦਿਨ ਮੋਬਾਈਲ ਦੀ ਸਕਰੀਨ ’ਤੇ ਉਂਗਲਾਂ ਮਾਰ ਮਾਰ ਕੇ ਅਸੀਂ ਬਹੁਤ ਸਾਰਾ ਸਮਾਂ ਬਰਬਾਦ ਕਰ ਦਿੰਦੇ ਹਾਂ। ਬਹੁਤ ਸਾਰਾ ਡਾਟੇ ਦੇ ਰੂਪ ਵਿੱਚ ਫਜ਼ੂਲ ਕਚਰਾ ਅਸੀਂ ਆਪਣੇ ਦਿਮਾਗ਼ਾਂ ਵਿੱਚ ਭਰ ਰਹੇ ਹਾਂ। ਇਹ ਸਾਨੂੰ ਬੌਧਿਕ ਪੱਖ ਤੋਂ ਬੌਣਾ ਬਣਾ ਰਿਹਾ ਹੈ। ਚਾਹੀਦਾ ਇਹ ਹੈ ਕਿ ਅਸੀਂ ਆਪਣੀ ਸੋਚਣ ਦੇ ਢੰਗ ਨੂੰ ਵਿਗਿਆਨਕ ਬਣਾਉਣ ਲਈ ਚੰਗੀਆਂ ਕਿਤਾਬਾਂ ਪੜ੍ਹੀਏ।
ਇੱਕ ਵਾਰ ਕੇਰਲਾ ਜਾਣ ਦਾ ਮੌਕਾ ਮਿਲਿਆ। ਅਸੀਂ ਉੱਥੇ ਕਿਤਾਬਾਂ ਦੀਆਂ ਫੜੀਆਂ ਲੱਗੀਆਂ ਵੇਖੀਆਂ। ਇੱਕ ਬੱਸ ਵਿੱਚ ਸਫ਼ਰ ਕਰਦਿਆਂ ਇੱਕ 55-60 ਸਾਲ ਦੀ ਔਰਤ ਕਿਤਾਬਾਂ ਵੇਚਣ ਲਈ ਬੱਸ ’ਤੇ ਚੜ੍ਹ ਆਈ। ਇਹਦੇ ਕੋਲ ਨਗਾਂ ਰਾਸ਼ੀਆਂ ਵਾਲੀਆਂ ਕਿਤਾਬਾਂ ਜੰਤਰੀਆਂ ਨਹੀਂ ਸਨ ਸਗੋਂ ਵਿਸ਼ਵ ਦੇ ਪ੍ਰਸਿੱਧ ਲੇਖਕਾਂ ਦੀਆਂ ਜਗਤ ਪ੍ਰਸਿੱਧ ਕਿਤਾਬਾਂ ਸਨ। ਇੱਥੇ ਅਸੀਂ ਕਰਿਆਨੇ ਅਤੇ ਮੁਨਿਆਰੀ ਵਾਲੀਆਂ ਦੁਕਾਨਾਂ ਦੇ ਬਾਹਰ ਭੁਜੀਏ ਦੇ ਪੈਕਟਾਂ ਵਾਂਗ ਕਿਤਾਬਾਂ ਮੈਗਜ਼ੀਨ ਲਟਕਦੇ ਵੇਖੇ।
ਇੱਧਰ ਸਾਡੇ ਪੰਜਾਬੀ ਸਮਾਜ ਵਿੱਚ ਪੜ੍ਹਨ ਦੀ ਰੁਚੀ ਘਟ ਰਹੀ ਹੈ। ਟੀ.ਵੀ. ਚੈਨਲਾਂ ’ਤੇ ਅੰਧ-ਵਿਸ਼ਵਾਸ ਨਾਲ ਭਰਪੂਰ ਪ੍ਰੋਗਰਾਮਾਂ ਦਾ ਪ੍ਰਸਾਰਣ, ਮੋਬਾਈਲ ਇੰਟਰਨੈੱਟ ਅਤੇ ਮਸ਼ੀਨੀ ਕਲਚਰ ਦਾ ਵਿਕਾਸ ਵਰਗੇ ਇਸ ਦੇ ਕਈ ਕਾਰਨ ਹਨ। ਬਹੁਗਿਣਤੀ ਪੰਜਾਬੀ ਪੜ੍ਹੇ ਲਿਖੇ ਹੋਣ ਦੇ ਬਾਵਜੂਦ ਅਖ਼ਬਾਰ ਤਕ ਨਹੀਂ ਪੜ੍ਹਦੇ, ਕਿਤਾਬਾਂ ਪੜ੍ਹਨੀਆਂ ਦੂਰ ਦੀ ਗੱਲ ਹੈ। ਸਾਡੇ ਲੋਕ ਮੋਬਾਈਲ ’ਤੇ ਟਿਊਨਾਂ ਲਗਵਾ ਕੇ ਜਾਂ ਫਜ਼ੂਲ ਹੀ ਕਿਸੇ ਨਾਲ ਗੱਲਾਂ ਕਰਕੇ ਦਸ ਪੰਦਰਾਂ ਰੁਪਏ ਬਰਬਾਦ ਕਰ ਦੇਣਗੇ, ਪਰ ਦੋ-ਤਿੰਨ ਰੁਪਏ ਦਾ ਅਖ਼ਬਾਰ ਖਰੀਦਣਾ ਫਜ਼ੂਲ ਖਰਚ ਸਮਝਦੇ ਹਨ। ਧਨਾਢ ਲੋਕ ਘਰ ਬਣਾਉਂਦਿਆਂ ਵੇਖਾ ਵੇਖੀ ਘਰਾਂ ਵਿੱਚ ਪੂਜਾ ਰੂਮ ਤਾਂ ਬਣਾ ਲੈਣਗੇ, ਪਰ ਕਿਤਾਬਾਂ ਲਈ ਘਰਾਂ ਵਿੱਚ ਕੋਈ ਥਾਂ ਨਹੀਂ ਹੁੰਦੀ। ਲੋਕ-ਦਿਖਾਵਾ ਕਰਨ, ਫੋਕੀਆਂ ਰਸਮਾਂ, ਵਿਆਹਾਂ ਸ਼ਾਦੀਆਂ ਤੇ ਬੇਤਹਾਸ਼ਾ ਕਰਜ਼ਾ ਚੁੱਕ ਚੁੱਕ ਕੇ ਪੈਸਾ ਲਾਉਣ, ਉੱਚੇ ਮਹਿੰਗੇ ਘਰ ਉਸਾਰਨ ਅਤੇ ਮਹਿੰਗੀਆਂ ਗੱਡੀਆਂ ਖਰੀਦਣ ਵਿੱਚ ਸਾਡੇ ਲੋਕ ਇੱਕ ਦੂਜੇ ਤੋਂ ਵਧ ਕੇ ਔਖੇ ਹੋ ਕੇ ਵੀ ਪੈਸਾ ਲਾਉਣ ਲਈ ਤਿਆਰ ਰਹਿੰਦੇ ਹਨ। ਅਜਿਹੇ ਹੋਰ ਵੀ ਕਈ ਕੰਮ ਕਰਨ ਵਿੱਚ ਅਸੀਂ ਹਿੰਦੋਸਤਾਨ ਵਿੱਚੋਂ ਪਹਿਲੇ ਨੰਬਰ ’ਤੇ ਹਾਂ, ਪਰ ਬਹੁਗਿਣਤੀ ਲੋਕਾਂ ਦਾ ਕਿਤਾਬਾਂ ਦਾ ਬਜਟ ਜ਼ੀਰੋ ਫ਼ੀਸਦੀ ਹੁੰਦਾ ਹੈ।
ਅਖੌਤੀ ਬਾਬਿਆਂ, ਡੇਰਿਆਂ, ਜੋਤਸ਼ੀਆਂ, ਵਾਸਤੂ ਸ਼ਾਸਤਰੀਆਂ ਦਾ ਕਾਰੋਬਾਰ ਵੀ ਪੰਜਾਬ ਵਿੱਚ ਭਾਰਤ ਦੇ ਦੂਜੇ ਸੂਬਿਆਂ ਦੇ ਮੁਕਾਬਲੇ ਜ਼ਿਆਦਾ ਚਮਕ ਰਿਹਾ ਹੈ। ਦੂਜੇ ਸੂਬਿਆਂ ਖ਼ਾਸਕਰ ਬੰਗਾਲ ਤੋਂ ਅਖੌਤੀ ਕਾਲੇ ਇਲਮ ਦੇ ਮਾਹਿਰ ਇੱਥੇ ਆ ਕੇ ਆਪਣੀਆਂ ਸੇਵਾਵਾਂ ਦੇ ਰਹੇ ਹਨ। ਪੰਜਾਬੀ ਲੋਕ ਆਪਣੀ ਲੁੱਟ ਕਰਵਾ ਕੇ ਉਨ੍ਹਾਂ ਨੂੰ ਮਾਲਾਮਾਲ ਕਰ ਰਹੇ ਹਨ। ਸਾਡੇ ਕੋਲ ਹਰ ਤਰ੍ਹਾਂ ਦੀਆਂ ਵਸਤਾਂ ਹਰ ਦਿਨ ਵਧ ਰਹੀਆਂ ਹਨ, ਪਰ ਬੌਧਿਕਤਾ ਪੱਖੋਂ ਅਸੀਂ ਕੰਗਾਲ ਹੋ ਰਹੇ ਹਾਂ। ਜਿੱਥੇ ਕਿਤਾਬਾਂ ਦਾ ਨਿਰਾਦਰ ਹੋਵੇਗਾ ਉੱਥੇ ਮਨੁੱਖਤਾ ਦਾ ਵੀ ਨਿਰਾਦਰ ਹੋਵੇਗਾ।
ਬੇਸ਼ੱਕ ਕਿਤਾਬਾਂ ਘੱਟ ਪੜ੍ਹੀਆਂ ਜਾ ਰਹੀਆਂ ਹਨ ਪਰ ਇਸ ਦੇ ਬਾਵਜੂਦ ਕਿਤਾਬਾਂ ਪਹਿਲਾਂ ਨਾਲੋਂ ਕਿਤੇ ਵੱਧ ਗਿਣਤੀ ਵਿੱਚ ਛਪ ਰਹੀਆਂ ਹਨ। ਕਿਤਾਬਾਂ ਦਾ ਘੜਮੱਸ ਹੈ। ਭੀੜ ਹੈ। ਕਿਤਾਬਾਂ ਪੜ੍ਹਨ ਦੀ ਖੇਚਲ ਕਰਨ ਵਾਲੇ ਕੁਝ ਕੁ ਲੋਕਾਂ ਨੂੰ ਕਿਤਾਬਾਂ ਦੀ ਚੋਣ ਕਰਨ ਵਿੱਚ ਬੜੀ ਮੁਸ਼ਕਿਲ ਆਉਂਦੀ ਹੈ। ਹਰ ਹਫ਼ਤੇ ਸੈਂਕੜਿਆਂ ਦੀ ਗਿਣਤੀ ਵਿੱਚ ਕਿਤਾਬਾਂ ਦਾ ਛਪਣਾ ਦੱਸਦਾ ਹੈ ਕਿ ਜ਼ਿਆਦਾਤਰ ਕਿਤਾਬਾਂ ਆਪਣੀ ਹਉਮੈਂ ਨੂੰ ਪੱਠੇ ਪਾਉਣ ਲਈ ਹੀ ਛਪਵਾਈਆਂ ਜਾਂਦੀਆਂ ਹਨ। ਇਸ ਮਗਰੋਂ ਇਨ੍ਹਾਂ ਨੂੰ ਰਿਲੀਜ਼ ਕਰਾਉਣ, ਇਨ੍ਹਾਂ ’ਤੇ ਗੋਸ਼ਟੀਆਂ ਕਰਨ ਦੀਆਂ ਖ਼ਬਰਾਂ ਲਗਵਾ ਕੇ ਮਨ ਨੂੰ ਠੰਢ ਪਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਸਮਾਗਮਾਂ ਮਗਰੋਂ ਇਨ੍ਹਾਂ ਨੂੰ ਵੰਡ ਦਿੱਤਾ ਜਾਂਦਾ ਹੈ। ਬਹੁਤ ਸਾਰੀਆਂ ਕਿਤਾਬਾਂ ਅਜਿਹੀਆਂ ਹਨ ਜੋ ਨਵੇਂ ਪਾਠਕਾਂ ਨੂੰ ਹੋਰ ਕਿਤਾਬਾਂ ਪੜ੍ਹਨ ਤੋਂ ਰੋਕ ਦਿੰਦੀਆਂ ਹਨ। ਇੱਥੇ ਪਾਠਕ ਨੂੰ ਚਾਹੀਦਾ ਹੈ ਕਿ ਉਹ ਨਿਰਾਸ਼ ਨਾ ਹੋਵੇ ਸਗੋਂ ਚੰਗੀਆਂ ਕਿਤਾਬਾਂ ਨੂੰ ਲੱਭਣ ਅਤੇ ਪੜ੍ਹਨ ਲਈ ਯਤਨਸ਼ੀਲ ਰਹੇ। ਸਾਹਿਤ ਸਭਾਵਾਂ ਅਤੇ ਪੁਸਤਕ ਮੇਲਿਆਂ ਵਿੱਚ ਜਾਵੇ। ਹੌਲੀ ਹੌਲੀ ਬਹੁਮੁੱਲੀਆਂ ਕਿਤਾਬਾਂ ਨਾਲ ਉਹਦੀ ਵਾਕਫ਼ੀ ਬਣ ਜਾਵੇਗੀ।
ਗੁਰਬਾਣੀ ਦਾ ਪਾਠ ਕਰਨ ਤੋਂ ਬਾਅਦ ਜਦੋਂ ਅਸੀਂ ਅਰਦਾਸ ਕਰਦੇ ਹਾਂ ਤਾਂ ਉਸ ਵਿੱਚ ਬਿਬੇਕ ਦਾਨ ਮੰਗਦੇ ਹਾਂ ਜਿਸ ਦਾ ਭਾਵ ਹੈ ਸਾਡੀ ਸੋਚ ਵਿਚਾਰ ਕਰਨ ਦੀ ਸ਼ਕਤੀ ਵਧੇ। ਪਰ ਇਸ ਲਈ ਅਸੀਂ ਆਪ ਬਹੁਤ ਘੱਟ ਜ਼ਹਿਮਤ ਕਰਦੇ ਹਾਂ। ਚੰਗੀਆਂ ਅਖ਼ਬਾਰਾਂ, ਚੰਗੀਆਂ ਕਿਤਾਬਾਂ ਇਸ ਵਿੱਚ ਸਾਡੀਆਂ ਸਭ ਤੋਂ ਵੱਧ ਸਹਾਈ ਹੋ ਸਕਦੀਆਂ ਹਨ। ਇਸ ਤੋਂ ਇਲਾਵਾਂ ਚੰਗੀ ਸੋਚ ਰੱਖਣ ਵਾਲੇ ਸਾਹਿਤਕਾਰਾਂ, ਲੇਖਕਾਂ, ਵਿਦਵਾਨਾਂ, ਚਿੰਤਕਾਂ ਦੇ ਸਕੂਲਾਂ ਕਾਲਜਾਂ ਵਿੱਚ ਸੈਮੀਨਾਰ ਕਰਵਾਉਣੇ ਚਾਹੀਦੇ ਹਨ। ਸੋਚ ਵਿਚਾਰ ਦਾ ਵਿਕਾਸ ਅਤੇ ਆਪਣੇ ਇਤਿਹਾਸ, ਵਿਰਸੇ ਦੇ ਮਹਾਨ ਲੋਕਾਂ ਦੀਆਂ ਨਿੱਗਰ ਕਦਰਾਂ ਕੀਮਤਾਂ ਗ੍ਰਹਿਣ ਕਰ ਕੇ ਅਸੀਂ ਬੌਧਿਕ ਪੱਖ ਤੋਂ ਅੱਗੇ ਵਧ ਸਕਦੇ ਹਾਂ।
ਚੀਨ ਦੇ ਲੋਕ ਆਖਦੇ ਹਨ ਕਿ ‘ਕਿਤਾਬ ਅੰਦਰ ਸੋਨੇ ਦਾ ਘਰ ਪਿਆ ਹੁੰਦਾ ਹੈ।’ ਇਸੇ ਤਰ੍ਹਾਂ ਆਈਸਲੈਂਡ ਦੀ ਕਹਾਵਤ ਹੈ ‘ਕਿਤਾਬ ਵਿਹੂਣੇ ਹੋਣ ਨਾਲੋਂ ਜੁੱਤੀ ਵਿਹੂਣੇ ਹੋਣਾ ਬਿਹਤਰ ਹੈ।’ ਕਿਤਾਬਾਂ ਸਾਡੀ ਜ਼ਿੰਦਗੀ ਦੇ ਬਹੁਤ ਸਾਰੇ ਦੁੱਖਾਂ ਨੂੰ ਹਮੇਸ਼ਾ ਲਈ ਦੂਰ ਕਰਨ ਦੀ ਸਮਰੱਥਾ ਰੱਖਦੀਆਂ ਹਨ। ਹੰਗਰੀ ਦੇ ਲੋਕ ਆਖਦੇ ਹਨ ਕਿ ਕਿਤਾਬ ਖ਼ਾਮੋਸ਼ ਗੁਰੂ ਹੁੰਦੀ ਹੈ।
ਉਹ ਲੋਕ ਵਿਚਾਰੇ ਕਿੰਨੇ ਬਦਕਿਸਮਤ ਸਨ ਜੋ ਕਿਤਾਬਾਂ ਪੜ੍ਹਨ ਤੋਂ ਵਿਰਵੇ ਹੀ ਇਸ ਦੁਨੀਆਂ ਤੋਂ ਚਲੇ ਜਾਣਗੇ। ਆਓ! ਕਿਤਾਬਾਂ ਨਾਲ ਸਾਂਝ ਪਾਈਏ। ਘਰਾਂ ਤੇ ਦਿਲਾਂ ਵਿੱਚ ਕਿਤਾਬਾਂ ਨੂੰ ਥਾਂ ਦੇਈਏ।
ਸੰਪਰਕ : 98550-51099