.. ਯੇ ਸੂਰਤ ਬਦਲਨੀ ਚਾਹੀਏ ਸਵਰਾਜਬੀਰ - ਸਵਰਾਜਬੀਰ
"ਸਦਾ ਬਦਲਦੇ ਅਨੰਤ/ਅਲੱਖ ਸੰਸਾਰ ਵਿਚ ਲੋਕ-ਸਮੂਹ ਅਜਿਹੇ ਪੜਾਅ ’ਤੇ ਪਹੁੰਚ ਗਏ ਸਨ ਜਿੱਥੇ ਉਹ ਇਕੋ ਵੇਲੇ ਹਰ ਗੱਲ ’ਤੇ ਯਕੀਨ ਕਰ ਰਹੇ ਸਨ ਅਤੇ ਨਾਲ ਦੀ ਨਾਲ ਕਿਸੇ ਵੀ ਗੱਲ ’ਤੇ ਯਕੀਨ ਨਹੀਂ ਸਨ ਕਰ ਰਹੇ।’’ - ਹਨਾ ਆਰੰਟ (Hannah Ardent) ਦੀ ਕਿਤਾਬ ‘‘ਤਾਨਾਸ਼ਾਹੀ ਦੇ ਸ੍ਰੋਤ’’ ਵਿਚੋਂ। ਇਹ ਵੀਹਵੀਂ ਸਦੀ ਵਿਚ ਜਰਮਨੀ ਅਤੇ ਹੋਰ ਦੇਸ਼ਾਂ ਵਿਚ ਤਾਨਾਸ਼ਾਹੀ ਦੇ ਉੱਭਰਨ ਬਾਰੇ ਹੈ।
ਦਿਨੋਂ-ਦਿਨ ਇਹ ਸਮਝਣਾ ਔਖਾ ਹੋ ਰਿਹਾ ਹੈ ਕਿ ਦੇਸ਼ ਦੀ ਸਿਆਸਤ ਕਿਸ ਦਿਸ਼ਾ ਵੱਲ ਜਾ ਰਹੀ ਹੈ। ਸੰਸਦ ਦੇ ਬਜਟ ਇਜਲਾਸ ਦਾ ਉਦਘਾਟਨ ਕਰਦਿਆਂ ਰਾਸ਼ਟਰਪਤੀ ਦਰੋਪਦੀ ਮੁਰਮੂ ਨੇ ਸੰਸਦ ਅਤੇ ਦੇਸ਼ ਨੂੰ ਦੱਸਿਆ ਹੈ ਕਿ ਆਜ਼ਾਦੀ ਦਾ ਅੰਮ੍ਰਿਤ ਕਾਲ ਸ਼ੁਰੂ ਹੋ ਚੁੱਕਾ ਹੈ; ਹੁਣ ਦਾ ਸਮਾਂ ਦੇਸ਼ ਨਿਰਮਾਣ ਦਾ ਅਵਸਰ/ਮੌਕਾ ਹੈ। ਰਾਸ਼ਟਰਪਤੀ ਨੇ ਕਿਹਾ ਕਿ 2047 ਤਕ ਅਜਿਹੇ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ ਜਿਸ ਵਿਚ ਅਤੀਤ/ਬੀਤੇ ਦੇ ਗੌਰਵ ਨਾਲ ਪੂਰੀ ਤਰ੍ਹਾਂ ਜੁੜੇ ਹੋਣ ਦੇ ਨਾਲ ਨਾਲ ਆਧੁਨਿਕਤਾ ਦੇ ਸਭ ਸੁਨਹਿਰੀ/ਸਵਰਨ ਯੁੱਗ ਵੀ ਹਾਜ਼ਰ ਹੋਣਗੇ ਅਤੇ ਮਨੁੱਖੀ ਅਧਿਕਾਰਾਂ ਦਾ ਪੂਰਾ ਸਨਮਾਨ ਹੋਵੇਗਾ। ਅੰਮ੍ਰਿਤ ਕਾਲ ਦੀ ਪਰਿਭਾਸ਼ਾ ਨੂੰ ਸਪੱਸ਼ਟ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਦੇਸ਼ ਨੇ ਕੁਝ ਸਮਾਂ ਪਹਿਲਾਂ ਆਜ਼ਾਦੀ ਦੀ 75ਵੀਂ ਵਰ੍ਹੇਗੰਢ, ਜਿਸ ਨੂੰ ‘ਆਜ਼ਾਦੀ ਕਾ ਅੰਮ੍ਰਿਤ ਮਹਾਉਤਸਵ’ ਦਾ ਨਾਂ ਦਿੱਤਾ ਗਿਆ ਸੀ, ਮਨਾਈ ਸੀ ਅਤੇ ਇਸ ਤਰ੍ਹਾਂ ਹੁਣ (ਆਜ਼ਾਦੀ ਦੇ 75 ਵਰ੍ਹੇ ਪੂਰੇ ਹੋਣ ਤੋਂ ਬਾਅਦ) ਤੋਂ ਲੈ ਕੇ 2047 ਸਾਲ ਤਕ ਦਾ ਸਮਾਂ ਅੰਮ੍ਰਿਤ ਕਾਲ ਦਾ ਸਮਾਂ ਹੈ। ਰਾਸ਼ਟਰਪਤੀ ਨੇ ਇਹ ਵੀ ਦੱਸਿਆ ਹੈ ਕਿ ਕੇਂਦਰ ਸਰਕਾਰ ਗ਼ੁਲਾਮੀ ਦੇ ਹਰ ਨਿਸ਼ਾਨ ਤੇ ਮਾਨਸਿਕਤਾ ਤੋਂ ਮੁਕਤੀ ਦਿਵਾਉਣ ਦਾ ਲਗਾਤਾਰ ਯਤਨ ਕਰ ਰਹੀ ਹੈ ਜਿਨ੍ਹਾਂ ਤਹਿਤ ਰਾਜਪਥ ਹੁਣ ਕਰਤੱਵ ਪੱਥ ਅਤੇ ਮੁਗ਼ਲ ਗਾਰਡਨ (ਰਾਸ਼ਟਰਪਤੀ ਭਵਨ ਦੇ ਬਾਗ਼) ਹੁਣ ਅੰਮ੍ਰਿਤ ਉਦਿਆਨ (ਬਾਗ਼) ਬਣ ਚੁੱਕੇ ਹਨ। ਰਾਸ਼ਟਰਪਤੀ ਅਨੁਸਾਰ ਹੁਣ ਭਾਰਤ ਦੀ ਪਛਾਣ ਅਜਿਹੇ ਦੇਸ਼ ਵਜੋਂ ਹੋ ਰਹੀ ਹੈ ਜੋ ਦੂਸਰੇ ਦੇਸ਼ਾਂ ਦੀਆਂ ਸਮੱਸਿਆਵਾਂ ਹੱਲ ਕਰ ਸਕਦਾ ਹੈ।
ਅੰਮ੍ਰਿਤ ਕਾਲ ਦੀ ਇਸ ਪਿੱਠਭੂਮੀ ਵਿਚ ਪਿਛਲੇ ਕੁਝ ਮਹੀਨਿਆਂ ਅਤੇ ਵਰਤਮਾਨ ਦੇ ਸਮਿਆਂ ਦੇ ਕਈ ਪ੍ਰਤੀਕਮਈ ਦ੍ਰਿਸ਼ ਉੱਭਰਦੇ ਹਨ। ਇਕ ਦ੍ਰਿਸ਼ ਕਾਂਗਰਸ ਦੁਆਰਾ ਕੰਨਿਆਕੁਮਾਰੀ ਤੋਂ ਸ੍ਰੀਨਗਰ ਤਕ ਕੀਤੀ ਗਈ ‘ਭਾਰਤ ਜੋੜੋ ਯਾਤਰਾ’ ਦਾ ਹੈ ਜਿਸ ਵਿਚ ਰਾਹੁਲ ਗਾਂਧੀ ਸ਼ਾਹਰਾਹਾਂ ਤੇ ਸੜਕਾਂ ’ਤੇ ਤੁਰ ਰਿਹਾ ਨਜ਼ਰ ਆਉਂਦਾ ਹੈ। ਉਹ ਅਜਿਹਾ ਸਿਆਸੀ ਸ਼ਖ਼ਸ ਹੈ ਜੋ ਕੇਂਦਰ ਦੀ ਪੱਧਰ ’ਤੇ ਸੱਤਾ ਦੀ ਲੜਾਈ ਦੋ ਵਾਰ ਹਾਰ ਚੁੱਕਾ ਹੈ। ਉਸ ਕੋਲ ਸਿਆਸਤ ਦੀ ਪਰਿਵਾਰਕ ਵਿਰਾਸਤ ਹੈ ਅਤੇ ਉਹ ਧਰਮ ਨਿਰਪੱਖਤਾ, ਸੰਵਿਧਾਨ, ਕਾਨੂੰਨ ਦੇ ਰਾਜ, ਸੰਵਿਧਾਨ ਦੁਆਰਾ ਕਾਇਮ ਕੀਤੇ ਤਰਕਾਂ ਤੇ ਅਸੂਲਾਂ ਦੀ ਵਿਰਾਸਤ ਦਾ ਵਾਰਸ ਹੋਣ ਦਾ ਦਮ ਵੀ ਭਰਦਾ ਹੈ। ਉਹ ਸਰਕਾਰ ’ਤੇ ਕੁਝ ਚੋਣਵੇਂ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾਉਣ ਦੇ ਦੋਸ਼ ਲਗਾਉਣ ਦੇ ਨਾਲ ਨਾਲ ਬੇਰੁਜ਼ਗਾਰੀ ਅਤੇ ਵਧ ਰਹੀ ਮਹਿੰਗਾਈ ਜਿਹੇ ਮੁੱਦੇ ਵੀ ਉਠਾਉਂਦਾ ਹੈ। ਕਿਤੇ ਕਿਤੇ ਲੋਕ ਉਸ ਵੱਲ ਆਪਮੁਹਾਰੇ ਖਿੱਚੇ ਚਲੇ ਆਉਂਦੇ ਹਨ; ਉਨ੍ਹਾਂ ਨੂੰ ਇਹ ਮਹਿਸੂਸ ਹੁੰਦਾ ਹੈ ਕਿ ਉਹ ਇਕ ਮਹੱਤਵਪੂਰਨ ਸਿਆਸੀ
ਸ਼ਖ਼ਸ ਨੂੰ ਸੜਕ ’ਤੇ ਮਿਲ ਰਹੇ ਹਨ ਪਰ ਉਹ ਇਹ ਸਿੱਟਾ ਨਹੀਂ ਕੱਢ ਪਾਉਂਦੇ ਕਿ ਉਹ ਕੀ ਚਾਹੁੰਦਾ ਹੈ। ਉਸ ਦੀ ਸਿਆਸਤ ਸਮਾਜ ਵਿਚ ਥੋੜ੍ਹੀ-ਬਹੁਤ ਗੂੰਜ ਤਾਂ ਪੈਦਾ ਕਰਦੀ ਹੈ ਪਰ ਉਹ ਸਿਆਸੀ ਹਰਕਤ ਤੇ ਗਰਮਾਇਸ਼ ਪੈਦਾ ਨਹੀਂ ਕਰਦੀ ਜਿਸ ਦੀ ਜ਼ਰੂਰਤ ਹੈ। ਉਸ ਦੇ ਤਰਕ-ਭਰਪੂਰ ਬੋਲ ਲੋਕਾਂ ਦੇ ਦਿਲਾਂ ਨੂੰ ਉਸ ਤਰ੍ਹਾਂ ਨਹੀਂ ਛੂੰਹਦੇ ਜਿਵੇਂ ਭਾਵੁਕ ਭਾਸ਼ਨ ਦੇਣ ਵਾਲੇ ਸਿਆਸਤਦਾਨਾਂ ਦੇ ਛੂੰਹਦੇ ਹਨ। ਉਹ ਦੇਸ਼ ਦੀ ਸਿਆਸਤ ਦੇ ਹੈਮਲਟ ਵਜੋਂ ਉੱਭਰਦਾ ਹੈ (ਸ਼ੇਕਸਪੀਅਰ ਦੇ ਨਾਟਕ ‘ਹੈਮਲਟ’ ਦਾ ਨਾਇਕ ਜਿਹੜਾ ਇਹ ਚੋਣ ਨਹੀਂ ਕਰ ਸਕਦਾ ਕਿ ਉਹ ਫ਼ੈਸਲਾਕੁਨ ਕਦਮ ਕਦੋਂ ਚੁੱਕੇ)।
ਉਸ ਦੇ ਮੁਕਾਬਲੇ 8 ਫਰਵਰੀ 2023 ਨੂੰ ਦੇਸ਼ ਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਕ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਨ ’ਤੇ ਹੋਈ ਬਹਿਸ ਦਾ ਜਵਾਬ ਦੇਣ ਲਈ ਖੜ੍ਹਾ ਹੁੰਦਾ ਹੈ। ਉਸ ਕੋਲ ਲਾਜਵਾਬ ਭਾਸ਼ਾ ਹੈ ਅਤੇ ਅੰਤਾਂ ਦਾ ਆਤਮਵਿਸ਼ਵਾਸ। ਪ੍ਰਧਾਨ ਮੰਤਰੀ ਵਜੋਂ ਪੌਣੇ ਨੌਂ ਸਾਲ ਪੂਰੇ ਕਰ ਚੁੱਕਿਆ ਇਹ ਸ਼ਖ਼ਸ ਇਸ ਸਮੇਂ ਦੁਨੀਆ ਦੇ ਸਭ ਤੋਂ ਜ਼ਿਆਦਾ ਤਾਕਤਵਰ ਸਿਆਸਤਦਾਨਾਂ ਦੀ ਮੂਹਰਲੀ ਕਤਾਰ ਵਿਚ ਹੈ। ਉਹ ਹਰ ਦੂਸਰੇ-ਤੀਸਰੇ ਵਾਕ ਵਿਚ ਦੇਸ਼, ਰਾਸ਼ਟਰ, ਆਤਮਨਿਰਭਰਤਾ, ਸਾਰੀ ਦੁਨੀਆ ਨੂੰ ਅਗਵਾਈ ਦੇਣ ਦੀ ਸਮਰੱਥਾ, 2014 ਤੋਂ ਬਾਅਦ ਹੋਈ ਦੇਸ਼ ਦੀ ਬੇਮਿਸਾਲ ਤਰੱਕੀ, ਦੇਸ਼ ਦੇ ਗੌਰਵਮਈ ਅਤੀਤ ਅਤੇ ਉਸ (ਪ੍ਰਧਾਨ ਮੰਤਰੀ) ਦੁਆਰਾ ਕੀਤੀ ਜਾ ਰਹੀ ਅਣਥੱਕ ਮਿਹਨਤ ਦਾ ਜ਼ਿਕਰ ਕਰਦਾ ਹੈ। ਉਸ ਦੇ ਭਾਸ਼ਨ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ 1947 ਤੋਂ 2014 ਤਕ ਦੇਸ਼ ਨੇ ਕੋਈ ਖ਼ਾਸ ਤਰੱਕੀ ਨਹੀਂ ਕੀਤੀ। ਪ੍ਰਧਾਨ ਮੰਤਰੀ ਅਨੁਸਾਰ 2004 ਤੋਂ 2014 ਤਕ ਦਾ ਸਮਾਂ (ਜਦੋਂ ਮਨਮੋਹਨ ਸਿੰਘ ਦੇਸ਼ ਦਾ ਪ੍ਰਧਾਨ ਮੰਤਰੀ ਸੀ) ਇਕ ਗਵਾਚਿਆ ਹੋਇਆ ਦਹਾਕਾ (Lost Decade) ਹੈ।
ਇਨ੍ਹਾਂ ਦੋਵਾਂ ਸਿਆਸਤਦਾਨਾਂ ਦੇ ਅਕਸ ਲੋਕਾਂ ਦੇ ਮਨਾਂ ਵਿਚ ਵਿਰੋਧੀ/ਵਿਪਰੀਤ ਮਨੋਭਾਵ ਪੈਦਾ ਕਰਦੇ ਹਨ: ਨਰਿੰਦਰ ਮੋਦੀ ਦੇ ਅਕਸ ਵਿਚ ਦੇਸ਼ ਦੇ ਪੁਰਾਤਨ ਹਿੰਦੂ ਗੌਰਵ ਨੂੰ ਬਹਾਲ ਕਰਨ ਦੇ ਕਾਰਜ ’ਚੋਂ ਉੱਭਰਿਆ ਆਤਮਵਿਸ਼ਵਾਸ ਹੈ; ਇਸ ਅਕਸ ਵਿਚ, ਜੋ ਉਸ ਦੇ ਹੱਕ ਵਿਚ ਹੈ (ਰਿਪੋਰਟਾਂ, ਅੰਕੜੇ, ਵਿਦੇਸ਼ੀ ਆਗੂਆਂ ਦੀਆਂ ਟਿੱਪਣੀਆਂ ਆਦਿ) ਨੂੰ ਬਹੁਤ ਜ਼ੋਰਦਾਰ ਤਰੀਕੇ ਨਾਲ ਸਵੀਕਾਰ ਕਰਨ ਅਤੇ ਜੋ ਉਸ ਦੇ ਵਿਰੁੱਧ ਹੈ, ਨੂੰ ਨਕਾਰਨ ਦੀ ਸਮਰੱਥਾ ਪ੍ਰਤੱਖ ਝਲਕਦੀ ਹੈ ਅਤੇ ਝਲਕਦੀ ਹੈ ਸਾਹਮਣੇ ਪੇਸ਼ ਸਮੱਸਿਆਵਾਂ ਨੂੰ ਹੱਲ ਨਾ ਕਰ ਸਕਣ ਨੂੰ ਆਪਣੀ ਸਫ਼ਲਤਾ ਬਣਾ ਕੇ ਪੇਸ਼ ਕਰਨ ਦੀ ਸਮਰੱਥਾ, ਉਦਾਹਰਨ ਦੇ ਤੌਰ ’ਤੇ ਉਹ ਦੇਸ਼ ਨੂੰ ਤਰੱਕੀ ਦੀ ਸਿਖ਼ਰ ’ਤੇ ਲੈ ਕੇ ਜਾਣ ਦਾ ਦਾਅਵਾ ਵੀ ਕਰਦਾ ਹੈ ਪਰ ਨਾਲ ਨਾਲ 80 ਕਰੋੜ ਲੋਕਾਂ ਨੂੰ ਮੁਫ਼ਤ ਰਾਸ਼ਨ
ਦੇਣ ਦੀ ਸਥਿਤੀ ਨੂੰ ਦੇਸ਼ ਵਿਚਲੀ ਆਰਥਿਕ ਨਾਬਰਾਬਰੀ ਅਤੇ ਕਮਜ਼ੋਰੀ ਦਾ ਸਬੂਤ ਵੀ ਨਹੀਂ ਮੰਨਦਾ। ਉਹ ਇਹ ਪੇਸ਼ਕਾਰੀ ਕਰਨ ਵਿਚ ਸਫ਼ਲ ਹੁੰਦਾ ਹੈ ਕਿ ਉਸ ਦੇ ਹਰ ਕਾਰਜ ਨਾਲ ਦੇਸ਼ ਦਾ ਗੌਰਵ ਵਧ ਰਿਹਾ ਹੈ।
ਨਰਿੰਦਰ ਮੋਦੀ ਅਤੇ ਭਾਰਤੀ ਜਨਤਾ ਪਾਰਟੀ ਦੀ ਸਿਆਸਤ ਸੰਵਿਧਾਨਕ ਵਿਰਾਸਤ ਬਾਰੇ ਸਪੱਸ਼ਟ ਪੈਂਤੜਾ ਲੈਣ ਤੋਂ ਇਨਕਾਰੀ ਹੈ। ਕੁਝ ਮਹੀਨੇ ਪਹਿਲਾਂ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੀ ਵਾਈਸ ਚਾਂਸਲਰ ਸ਼ਾਂਤੀਸ਼੍ਰੀ ਪੰਡਿਤ ਨੇ ਕਿਹਾ ਸੀ, ‘‘ਭਾਰਤ ਨੂੰ ਸੰਵਿਧਾਨ ਦੁਆਰਾ ਪਰਿਭਾਸ਼ਿਤ ਨਾਗਰਿਕ (Civic) ਦੇਸ਼ ਵਜੋਂ ਦੇਖਣਾ ਇਸ ਦੇ ਇਤਿਹਾਸ, ਪੁਰਾਤਨ ਵਿਰਾਸਤੀ ਸੱਭਿਆਚਾਰ ਅਤੇ ਸੱਭਿਅਤਾ ਨੂੰ ਨਕਾਰਨਾ ਹੈ।’’ ਇਹ ਸਹੀ ਹੈ ਕਿ ਕਿਸੇ ਵੀ ਭੂਗੋਲਿਕ ਖ਼ਿੱਤੇ ਦੇ ਲੋਕਾਂ ਕੋਲ ਆਪਣੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਦੀਆਂ ਅਨੰਤ ਜਟਿਲ ਪਿਰਤਾਂ ਹੁੰਦੀਆਂ ਹਨ ਪਰ ਮੌਜੂਦਾ ਸਮਿਆਂ ਵਿਚ ਰਿਆਸਤ/ਸਟੇਟ ਸੰਵਿਧਾਨ ਦੀ ਭੂਮੀ ’ਤੇ ਜਨਮਦੀ ਤੇ ਪਨਪਦੀ ਹੈ। ਸੰਵਿਧਾਨ ਦੇਸ਼ਾਂ ਦੇ ਇਤਿਹਾਸ, ਸੱਭਿਆਚਾਰ ਅਤੇ ਵਿਰਸੇ ਨੂੰ ਆਪਣੇ ਵਿਚ ਸਮੋਅ ਕੇ ਲੋਕ-ਸਹਿਮਤੀ ਵਾਲੇ ਕਾਨੂੰਨੀ ਢਾਂਚੇ ਪੇਸ਼ ਕਰਦੇ ਹਨ ਪਰ ਭਾਜਪਾ ਦੀ ਸਿਆਸਤ ਆਪਣੀ ਵਿਰਾਸਤ ਅਜਿਹੀ ਪੁਰਾਤਨਤਾ ’ਚੋਂ ਖੋਜਦੀ ਹੈ ਜਿਸ ਵਿਚੋਂ ਮਾਨਵਤਾ ਦਾ ਸਾਂਝਾ ਸੱਭਿਆਚਾਰ ਨਹੀਂ ਸਗੋਂ ਇਕੋ-ਇਕ ਧਰਮ ਦੀ ਮਹਾਨਤਾ ਹੀ ਉਜਾਗਰ ਹੁੰਦੀ ਹੈ। ਇਹ ਸਿਆਸਤ ਇਤਿਹਾਸ ਤੇ ਮਿਥਿਹਾਸ ਨੂੰ ਤੋੜ-ਮਰੋੜ ਕੇ ਬਣਾਈ ਗਈ ਉਸ ਬਿਆਨਕਾਰੀ/ਬਿਰਤਾਂਤ ਵਿਚ ਬਦਲ ਜਾਂਦੀ ਹੈ ਜਿਸ ਵਿਚ ਸਿਰਫ਼ ਇਕੋ ਧਰਮ ਦੇ ਝੰਡੇ ਹੀ ਝੁੱਲਦੇ ਹਨ। ਇਤਾਲਵੀ ਕਵੀ ਜਾਰਜੀਓ ਕਪਰੋਨੀ (Giorgio Caproni) ਦਾ ਕਾਵਿ ਕਥਨ ਹੈ, ‘‘ਮੈਂ ਉੱਥੇ ਵਾਪਸ ਆ ਗਿਆ/ ਜਿੱਥੇ ਮੈਂ ਪਹਿਲਾਂ ਕਦੇ ਗਿਆ ਹੀ ਨਹੀਂ ਸਾਂ।’’ ਲੋਕਾਂ ਨੂੰ ਇਹ ਮਹਿਸੂਸ ਕਰਾਇਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਇਕ ਮਹਾਨ ਅਤੀਤ ਵਾਪਸ ਦਿੱਤਾ ਜਾ ਰਿਹਾ ਹੈ, ਉਨ੍ਹਾਂ ਲਈ ਨਵਾਂ ਸ੍ਵੈ-ਅਕਸ ਅਤੇ ਨਵੀਂ ਸ੍ਵੈ-ਪਛਾਣ ਘੜੀ ਜਾ ਰਹੀ ਜੋ ਉਨ੍ਹਾਂ ਨੇ ਗੁਆ ਲਈ ਸੀ, ਉਹ ਉੱਥੇ ‘ਵਾਪਸ’ ਜਾ ਰਹੇ ਹਨ ਜਿੱਥੇ ਉਹ ਪਹਿਲਾਂ ਕਦੇ ਨਹੀਂ ਸਨ ਗਏ।
ਪੁਰਾਤਨ ਗੌਰਵ ਨੂੰ ਬਹਾਲ ਕਰਨ ਵਾਲੀ ਇਹ ਕਵਾਇਦ ਲਿਸ਼ਕਵੀਂ ਤੇ ਮੋਹ ਲੈਣ ਵਾਲੀ ਹੈ, ਇਸ ਦੇ ਮੋਹ-ਪਾਸ਼ ਵਿਚ ਆਨੰਦਮਈ ਹੋ ਜਾਣ ਦਾ ਅਨੁਭਵ ਬਹੁਤ ਸੁਖਦ ਹੈ। ਜ਼ਰਾ ਸੋਚੋ, ਜੇ ਤੁਹਾਡੇ ਸ਼ਹਿਰ ਦਾ ਨਾਂ ਬਦਲ ਕੇ ਉਸ ਦੇ ਪੁਰਾਤਨ ਨਾਂ ’ਤੇ ਰੱਖ ਦਿੱਤਾ ਜਾਵੇ ਤਾਂ ਕੀ ਤੁਸੀਂ ਖ਼ੁਸ਼ ਨਹੀਂ ਹੋਵੋਗੇ? ਕੀ ਆਪਣੇ ਪੁਰਾਤਨ ਤੇ ਮਹਾਨ ਅਤੀਤ ਨੂੰ ਮੁੜ ਪਾ ਕੇ ਤੁਸੀਂ ਗੌਰਵਮਈ ਨਹੀਂ ਮਹਿਸੂਸ ਕਰੋਗੇ? ਕੀ ਤੁਹਾਡੇ ਅੰਦਰ ਸ਼ਰਧਾ ਨਹੀਂ ਉਮੜੇਗੀ? ਜ਼ਰੂਰ ਉਮੜੇਗੀ, ਤੁਸੀਂ ਆਪਣੇ ਬੀਤੇ ਦੇ ਗੌਰਵ ਵਿਚ ਸਰਸ਼ਾਰ ਹੋ ਜਾਵੋਗੇ। ਕੀ ਹੋਇਆ ਜੇ ਸ਼ਹਿਰ
ਦੇ ਸੀਵਰ ਕੰਮ ਨਹੀਂ ਕਰਦੇ ਜਾਂ ਲੋਕ ਸੜਕਾਂ ’ਤੇ ਸੌਂਦੇ ਜਾਂ ਬੇਰੁਜ਼ਗਾਰੀ ਨਾਲ ਘੁਲਦੇ ਹਨ, ਇਹ ਤਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਹਨ।
ਮਹਾਨ ਅਤੀਤ ਦੀ ਮਿੱਠੀ ਚਾਸ਼ਨੀ ਪੇਸ਼ ਕਰਨ ਦੇ ਨਾਲ ਨਾਲ ਦੇਸ਼ ਦੇ ਸਮਰੱਥ ਲੋਕਾਂ ਲਈ ਹਾਈ ਸਪੀਡ ਰੇਲ ਗੱਡੀਆਂ ਚਲਾਈਆਂ ਜਾ ਰਹੀਆਂ, ਮਹਾਨ ਆਗੂਆਂ ਦੇ ਗਗਨ-ਚੁੰਬੀ ਬੁੱਤ ਬਣਾਏ ਜਾ ਰਹੇ ਹਨ, ਸੰਸਦ ਲਈ ਮਹਾਨ ਇਮਾਰਤ ਬਣ ਰਹੀ ਹੈ, ਸਭ ਕੁਝ ਲਿਸ਼ਕਦਾ ਹੋਇਆ, ਲਿਸ਼ਕਦੇ ਬਿੰਬਾਂ ਦੇ ਇਸ ਵਰਤਮਾਨ ਵਿਚ ਬੇਰੁਜ਼ਗਾਰੀ, ਭੁੱਖਮਰੀ ਅਤੇ ਵਧ ਰਹੀ ਮਹਿੰਗਾਈ ਜਿਹੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਦੇ ਕੋਈ ਅਰਥ ਨਹੀਂ ਰਹਿ ਜਾਂਦੇ।
ਇਨ੍ਹਾਂ ਵਿਰੋਧੀ ਬਿੰਬਾਂ (ਨਰਿੰਦਰ ਮੋਦੀ ਅਤੇ ਰਾਹੁਲ ਗਾਂਧੀ) ਦੇ ਸਮਿਆਂ ਵਿਚ ਇਕ ਨਾਮ ਪ੍ਰੇਤ ਵਾਂਗ ਉੱਭਰਦਾ ਹੈ: ‘ਗੌਤਮ ਅਡਾਨੀ’। ਕੁਝ ਦਿਨ ਪਹਿਲਾਂ ਤਕ ਉਸ ਨੂੰ ਦੇਸ਼ ਵਿਚ ਹੋਈ ਮਹਾਨ ਤਰੱਕੀ ਦਾ ਪ੍ਰਤੀਕ ਮੰਨਿਆ ਜਾ ਰਿਹਾ ਸੀ। ਦੇਸ਼ ਦੇ ਇਕ ਫ਼ੀਸਦੀ ਸਿਖ਼ਰਲੇ ਅਮੀਰ ਤਰੱਕੀ ਕਰ ਕੇ ਦੇਸ਼ ਦੀ ਦੌਲਤ ਦੇ 40 ਫ਼ੀਸਦੀ ਹਿੱਸੇ ਦੇ ਮਾਲਕ ਬਣ ਗਏ ਹਨ ਅਤੇ ਇਹ ਤਰਕ ਸਿਰਜਿਆ ਜਾ ਰਿਹਾ ਸੀ ਕਿ ਸਿਖ਼ਰਲੇ ਅਮੀਰਾਂ ਦੀ ਤਰੱਕੀ ਦੇ ਅਰਥ ਹਨ ਦੇਸ਼ ਦੀ ਤਰੱਕੀ। ਅਮਰੀਕਨ ਕੰਪਨੀ ‘ਹਿੰਡਨਬਰਗ ਰਿਸਰਚ’ ਦੀ ਰਿਪੋਰਟ ਤੋਂ ਬਾਅਦ ਅਡਾਨੀ ਗਰੁੱਪ ਦੀਆਂ ਕੰਪਨੀਆਂ ਦੇ ਸ਼ੇਅਰਾਂ ਦੀ ਕੀਮਤ ਵਿਚ ਭਾਰੀ ਗਿਰਾਵਟ ਆਈ ਹੈ, ਉਸ ਨੂੰ 108 ਬਿਲੀਅਨ ਡਾਲਰ ਤੋਂ ਜ਼ਿਆਦਾ ਦਾ ਨੁਕਸਾਨ ਹੋਇਆ ਹੈ। ਉਸ ਦੀਆਂ ਕੰਪਨੀਆਂ ਵਿਚ ਜੀਵਨ ਬੀਮਾ ਨਿਗਮ ਅਤੇ ਦੇਸ਼ ਦੇ ਜਨਤਕ ਬੈਂਕਾਂ ਦਾ ਪੈਸਾ ਵੱਡੇ ਪੱਧਰ ’ਤੇ ਲੱਗਾ ਹੋਇਆ ਹੈ, ਅਜਿਹਾ ਨਿਵੇਸ਼ ਸਿਆਸੀ ਸਰਪ੍ਰਸਤੀ ਕਾਰਨ ਹੀ ਸੰਭਵ ਹੈ। ਉਸ ਦੀ ਪ੍ਰਧਾਨ ਮੰਤਰੀ ਅਤੇ ਭਾਜਪਾ ਨਾਲ ਨਜ਼ਦੀਕੀ ਜੱਗ-ਜ਼ਾਹਿਰ ਹੈ ਪਰ ਲੋਕ ਸਭਾ ਤੇ ਰਾਜ ਸਭਾ ਵਿਚ ਉਸ ਬਾਰੇ ਉਠਾਏ ਗਏ ਪ੍ਰਸ਼ਨਾਂ ਦੇ ਉੱਤਰ ਦੇਣ ਤੋਂ ਇਨਕਾਰ ਕੀਤਾ ਜਾ ਰਿਹਾ ਹੈ। ਦੇਸ਼ ਦੀ ਵਿੱਤ ਮੰਤਰੀ ਕਹਿ ਰਹੀ ਹੈ ਕਿ ਇਹ ਸਿਰਫ਼ ਇਕ ਕੰਪਨੀ ਦਾ ਮਾਮਲਾ ਹੈ। ਸੱਤਾਧਾਰੀ ਪਾਰਟੀ ਦੇ ਦ੍ਰਿਸ਼ਟੀਕੋਣ ਤੋਂ ਇਹ ਸਹੀ ਪਹੁੰਚ ਹੈ, ਅੰਮ੍ਰਿਤ ਕਾਲ ਵਿਚ ਵਿਸ਼ (ਜ਼ਹਿਰ) ਦਾ ਜ਼ਿਕਰ ਕਿਉਂ ਹੋਵੇ? ਸਾਡਾ ਮਿਥਿਹਾਸ ਸਾਨੂੰ ਬਹੁਤ ਜਟਿਲ ਤਰੀਕੇ ਨਾਲ ਦੱਸਦਾ ਹੈ ਕਿ ਜਦੋਂ ਸਾਗਰ ਮੰਥਨ ਨਾਲ ਅੰਮ੍ਰਿਤ ਪੈਦਾ ਹੋਇਆ ਤਾਂ ਨਾਲ ਵਿਸ਼ (ਜ਼ਹਿਰ) ਵੀ ਪੈਦਾ ਹੋਇਆ। ਉਹ ਵਿਸ਼ ਸ਼ਿਵ ਜੀ ਨੇ ਪੀਤਾ ਸੀ, ਵਰਤਮਾਨ ਦਾ ਵਿਸ਼ ਕੌਣ ਪੀਵੇਗਾ?
ਇਹ ਪ੍ਰਤੀਕ ਦੇਸ਼ ਵਿਚ ਹੋ ਰਹੇ ਸਿਆਸੀ ਘਮਸਾਨ ਦਾ ਇਕ ਹਿੱਸਾ ਹਨ, ਉਪਰੋਕਤ ਦ੍ਰਿਸ਼ਾਵਲੀ ਵਿਚ ਲੋਕ-ਸੰਘਰਸ਼ਾਂ ਦਾ ਜ਼ਿਕਰ ਨਹੀਂ ਹੈ, ਉਨ੍ਹਾਂ ਦੀ ਕਥਾ ਵੱਖਰੀ ਹੈ। ਸੰਸਦ ਵਿਚ ਭਾਸ਼ਨ ਦਿੰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਹਿੰਦੀ ਦੇ ਇਨਕਲਾਬੀ ਸ਼ਾਇਰ ਦੁਸ਼ਯੰਤ ਕੁਮਾਰ ਦਾ ਸ਼ੇਅਰ ਪੜ੍ਹਿਆ, ‘‘ਤੁਮਹਾਰੇ ਪਾਉਂ ਕੇ ਨੀਚੇ ਕੋਈ ਜ਼ਮੀਨ ਨਹੀਂ/ ਕਮਾਲ ਯੇਹ ਹੈ ਕਿ ਫਿਰ ਭੀ ਤੁਮਹੇਂ ਯਕੀਨ ਨਹੀਂ।’’ ਇਹ ਤਨਜ਼ ਰਾਹੁਲ ਗਾਂਧੀ ਤੇ ਕਾਂਗਰਸ ’ਤੇ ਕਸੀ ਗਈ ਸੀ। ਅਸੀਂ ਪ੍ਰਧਾਨ ਮੰਤਰੀ ਨੂੰ ਦੱਸ ਸਕਦੇ ਹਾਂ, ਇਸ ਗ਼ਜ਼ਲ ਦਾ ਅਗਲਾ ਸ਼ੇਅਰ ਹੈ, ‘‘ਮੈਂ ਬੇਪਨਾਹ ਅੰਧੇਰੋਂ ਕੋ ਸੁਬਹ ਕੈਸੇ ਕਹੂੰ/ ਮੈਂ ਇਨ ਨਜ਼ਾਰੋਂ ਕਾ ਅੰਧਾ ਤਮਾਸ਼ਬੀਨ ਨਹੀਂ।’’ ਦੇਸ਼ ਵਾਸੀਆਂ ਨੇ ਪ੍ਰਧਾਨ ਮੰਤਰੀ ਦੁਆਰਾ ਬੋਲੇ ਗਏ ਸ਼ੇਅਰ ’ਤੇ ਰੁਕ ਨਹੀਂ ਜਾਣਾ, ਉਨ੍ਹਾਂ ਨੇ ਗ਼ਜ਼ਲ ਦੇ ਅਗਲੇ ਸ਼ੇਅਰ ਵੀ ਪੜ੍ਹਨੇ ਨੇ, ਉਹ ‘ਅੰਧੇ ਤਮਾਸ਼ਬੀਨ’ ਨਹੀਂ ਹਨ। ਦੁਸ਼ਯੰਤ ਕੁਮਾਰ ਦੇ ਕੁਝ ਹੋਰ ਸ਼ੇਅਰ ਏਦਾਂ ਹਨ: ‘‘ਤੇਰਾ ਨਿਜ਼ਾਮ ਹੈ
ਸਿਲ ਦੇ ਜ਼ੁਬਾਨ ਸ਼ਾਇਰ ਕੀ/ ਯੇ ਏਹਤਿਯਾਤ ਜ਼ਰੂਰੀ ਹੈ ਇਸ ਬਹਰ ਕੇ ਲਿਯੇ।’’, ‘‘ਸਿਰਫ਼ ਹੰਗਾਮਾ ਖੜਾ ਕਰਨਾ ਮਿਰਾ ਮਕਸਦ ਨਹੀਂ/ ਮੇਰੀ ਕੋਸ਼ਿਸ਼ ਹੈ ਕਿ ਯੇ ਸੂਰਤ ਬਦਲਨੀ ਚਾਹੀਏ।’’ ਇਹ ਸੂਰਤ ਕਿਵੇਂ ਬਦਲੇਗੀ? ਇਹ ਲੋਕਾਂ ਨੇ ਇਕੱਠੇ ਹੋ ਕੇ ਸੋਚਣਾ ਹੈ। ਦੇਸ਼ ਦਾ ਜੀਵਨ ਕੁਝ ਪ੍ਰਤੀਕਾਂ ਤਕ ਮਹਿਦੂਦ ਨਹੀਂ ਹੋ ਸਕਦਾ।