ਰਿਸ਼ਤਿਆਂ ਦੀ ਮਹਿਕ : ਮੇਰੀ ਪਲੇਠੀ ਦੀ ਧੀ - ਰਵੇਲ ਸਿੰਘ


ਮੇਰੀ ਮਾਂ ਕਿਹਾ ਕਰਦੀ ਸੀ,ਸੋਈ ਨਾਰ ਸੁਲੱਖਣੀ ਜਿਸ ਪਹਿਲਾਂ ਜੰਮੀ ਲੱਛਮੀ, ਉਸ ਦੀ ਇਹ  ਗੱਲ ਉਸ ਦਿਨ ਸੱਚ ਸਾਬਤ ਹੇਈ ਜਿਸ ਦਿਨ ਮੇਰੇ ਘਰ ਪਲੇਠੀ ਦੀ ਧੀ ਨੇ ਜਨਮ ਲਿਆ , ਓਸੇ ਦਿਨ ਹੀ ਮੇਰੀ ਨੌਕਰੀ ਵੀ ਲੱਗੀ ,ਉਹ ਵੀ ਪਟਵਾਰੀ ਦੀ ,ਉਨ੍ਹੀਂ ਦਿਨੀਂ ਪਟਵਾਰੀ ਦੀ ਨੌਕਰੀ ਕੋਈ ਛੇਟੀ ਮੋਟੀ ਨੌਕਰੀ ਲਹੀਂ ਸੀ ਹੁੰਦੀ, ਪਟਵਾਰ ਦਾ ਕੋਰਸ ਕਰਕੇ ਮੈਂ  ਕਾਫੀ ਸਮਾਂ ਵਿਹਲਾ ਰਿਹਾ ।     ਸਮਾ ਟਪਾਉਂਣ ਲਈ ਕਿਸੇ ਹੋਰ ਨੋਕਰੀ ਲਈ ਵੀ ਮੈਂ  ਬਥੇਰੇ ਹੱਥ ਪੈਰ ਮਾਰੇ ਪਰ ਕਿਤੇ ਗੱਲ ਨਹੀਂ ਬਣੀ ।
ਬਾਪੂ ਨੂੰ ਮੇਰੇ ਵਿਆਹ ਦਾ ਬੜਾ ਚਾਅ ਸੀ। ਉਸ ਨੇ ਵੀ  ਮੇਰਾ ਵਿਆਹ ਕਰਕੇ ਆਪਣਾ ਚਾਅ ਪੂਰਾ ਕਰ ਹੀ ਲਿਆ । ਉਸ ਦੀ ਸੁਲੱਗ ਸੁੱਘੜ ਨੋਂਹ ਨੇ ਸਾਡੇ ਸਾਂਝੇ ਘਰ ਵਿੱਚ ਮੋਢੇ ਨਾਲ ਮੋਢਾ ਜੋੜ ਕੇ  ਮਿਹਂਣਤ ਮੁਸ਼ੱਕਤ ਕਰ ਕੇ ਘਰ ਬਾਹਰ ਦੇ ਹਰ ਕੰਮ ਵਿੱਚ ਭਰਪੂਰ ਯੋਗ ਦਾਨ ਪਾ ਕੇ ਘਰ ਨੂੰ ਬਣਾਇਆ ਸੁੰਵਾਰਿਆ । ਵੱਡੇ ਗੁਰਮੁਖ ਘਰ ਵਿੱਚੋਂ ਸੀ, ਮੇਰੀ ਜੀਵਣ ਸਾਥਣ, ਉਹ ਸਕੂਲ ਤਾਂ ਨਹੀਂ ਗਈ,ਪਰ ਗੁਜਾਰੇ ਜੋਗੀ ਗੁਰਮੁਖੀ ਉਹ ਪਿੰਡ ਦੇ ਗੁਰਦੁਆਰੇ ਦੇ ਭਾਈ ਜੀ ਕੋਲੋਂ ਹੀ ਪੜ੍ਹੀ, ਮਾੜੇ ਮੋਟੇ ਹਸਤਾਖਰ  ਉਹ  ਖਿੱਚ ਧੂਹ ਕੇ ਕਰ ਹੀ ਲੈਂਦੀ ਹੈ।
ਤੇ ਫਿਰ ਥੋੜ੍ਹੇ ਸਮੇਂ ਵਿੱਚ, ਗੋਰੇ ਚਿੱਟੇ ਰੰਗ ਦੀ ਨਰਗਸੀ ਰੰਗ ਦੀਆਂ ਅੱਖਾਂ ਵਾਲੀ ਠੰਡੇ ਮਿੱਠੇ ਸਹਿਜ ਸੁਭਾ ਵਾਲੀ ਮੇਰੀ ਇਸ ਪਲੇਠੀ ਦੀ ਧੀ ਨੇ ਮੇਰੇ ਘਰ ਜਨਮ ਲਿਆ ਜਿਸ  ਦੇ ਇਸ ਸੁਭਾ ਨਾਲ  ਮਿਲਦਾ ਜੁਲਦਾ ਨਾਂ ,ਸੀਤਲ, ਉਸ ਦੀ ਦਾਦੀ ਭਾਵ ਮੇਰੀ ਕਰਮਾਂ ਵਾਲੀ ਮਾਂ ਨੇ ਹੀ ਰੱਖਿਆ ਸੀ।
ਪੜਦਾਦੀ ਪੋਤੇ ਦੀ ਆਸ ਲਾਈ ਬੈਠੀ ਸੀ,ਪਰ ਘਰ ਵਿੱਚ ਆਈ ਉਸ ਦੀ ਤੀਜੀ ਪੀੜ੍ਹੀ  ਦੀ ਨਵ ਜੰਮੀ ਬੱਚੀ ਨੂੰ ਵੇਖ ਕੇ ਉਹ ਵੀ ਖੁਸ਼ ਤਾਂ ਹੋਈ ,ਪਰ ਉਸ ਨੂੰ ਆਪਣੋ ਜੀਉਂਦੇ ਜੀਅ ਪੋਤਾ ਵੇਖਣ ਦੀ ਬੜੀ ਰੀਝ ਸੀ।
ਮੈਨੂੰ ਯਾਦ ਹੈ, ਜਦੋਂ ਮੇਰੇ ਘਰ ਵ਼ਡਾ ਬੇਟਾ ਹੋਣ ਵਾਲਾ ਸੀ ਤਾਂ ਮਰੀ ਇਹ ਦਾਦੀ ਪੋਤੇ ਦੀ ਆਸ ਲਾਈ ਬੈਠੀ ਸੀ,ਉਹ ਆਪਣੇ ਸਰ੍ਹਾਣੇ ਚਾਂਦੀ ਦਾ ਦੁੱਪੜ ਰੁਪੱਈਆ ਰੱਖ ਕੇ  ਸੌਂਦੀ ਹੁੰਦੀ ਸੀ। ਜਿਸ ਦਿਨ ਉਹ ਹੋਇਆ ਤਾਂ ਉਮਰ ਵਡੇਰੀ ਹੋਣ ਕਰਕੇ ਉਹ ਮੰਜੇ ਤੇ ਪਈ ਹੋਈ ਪੋਤਾ ਵੇਖਂਣ ਨੂੰ ਤਰਲੇ ਲੈਂਦੀ ਸੀ,ਇੱਕ ਦਿਨ ਜਦੋਂ ਉਸ ਨੂੰ ਪੋਤੇ ਨੂੰ ਵਿਖਾਉਂਣ ਲਈ ਉਸ ਅੱਗੇ ਕੀਤਾ ਤਾਂ ਉਸ ਨੇ  ਬੜੇ ਪਿਆਰ ਨਾਲ ਉਸ ਵੱਲ ਵੇਖਦੇ ਉਹੋ  ਚਾਂਦੀ ਦਾ ਦੁੱਪੜ ਰੁੱਪਈਆ ਉਸ ਦੇ ਹੱਥ ਵਿੱਚ ਫੜਾ ਦਿੱਤਾ।
 ਉਸੇ ਰਾਤ ਹੀ ਜਿਵੇਂ ਉਸ ਦੀ ਆਖਰੀ ਰੀਝ ਪੂਰੀ ਹੋ ਗਈ ਹੋਵੇ ,ਉਹ  ਸਦਾ ਲਈ ਅੱਖਾਂ ਮੀਟ ਗਈ । ਹੁਣ ਜਦੋਂ ਕਿਤੇ ਮੈਨੂੰ  ਦਾਦੀ ਦੀ ਇਹ ਗੱਲ ਯਾਦ ਆਉਂਦੀ ਹੈ ਤਾਂ ਕੁਦਰਤ ਦੇ ਇਸ ਵਰਤਾਰੇ ਤੇ ਬੜੀ ਹੈਰਾਨਗੀ ਹੁੰਦੀ ਹੈ।
ਸਮੇਂ ਦੇ ਨਾਲ ਨਾਲ ਹੌਲੀ ਹੌਲੀ ਮੇਰਾ ਪ੍ਰਿਵਾਰ ਤਿੰਨ ਧੀਆਂ ਤੇ ਦੋ ਬੇਟਿਆਂ ਦਾ ਬਂਣ ਗਿਆ । ਅੱਜ ਤੋਂ ਪੰਜ ਦਹਾਕੇ ਪਹਿਲਾਂ ਜਦੋਂ ਅਜੇ ਧੀਆਂ ਨੂੰ ਪੜ੍ਹਾਉਣ ਦਾ ਬਹੁਤਾ ਜੋਰ ਨਹੀਂ ਸੀ, ਘਰ ਦੇ ਕੰਮ ਕਾਜ ਕਰਨ ਦੇ ਨਾਲ ਨਾਲ ਉਸ ਨੇ ਹਾਈ ਸਕੂਲ ਦੀ ਪੜ੍ਹਾਈ ਪੂਰੀ ਕਰ ਲਈ ਤੇ ਘਰ ਦੇ ਕੰਮ ਧੰਦੇ ਵਿੱਚ ਮਾਂ ਦਾ ਹੱਥ ਵਟਾਉਂਦੀ ਰਹੀ।
ਉਸ ਦੀਆਂ ਬਹੁਤੀਆਂ ਆਦਤਾਂ ਮਾਂ ਵਰਗੀਆਂ ਹਨ।
ਫਿਰ ਥੋੜ੍ਹੇ ਸਮੇਂ ਪਿੱਛੋਂ ਯੋਗ ਵਰ ਵੇਖ ਕੇ ਉਸ ਦੇ ਹੱਥ ਪੀਲੇ ਕਰ ਕੇ ਉਸ ਨੂੰ ਸਹੁਰੇ ਘਰ ਤੋਰਿਆ । ਸਹੁਰਾ ਘਰ ਵੀ ਮੇਰੇ ਪ੍ਰਿਵਾਰ ਵਾਂਗ ਵੱਡੇ ਸਾਂਝੇ ਪ੍ਰਿਵਾਰ ਵਾਲਾ ਸੀ। ਉਸ ਨੇ ਛੇਤੀ ਹੀ ਓਥਾ ਜਾ ਕੇ ਆਪਣੇ ਸੁਚੱਜੇ ਹੱਥਾਂ ਅਤੇ ਮਿੱਠ ਬੋਲੜੇ ਸੁਭਾ ਕਰਕੇ ਆਪਣੀ ਥਾਂ ਬਣਾ ਲਈ। ਕੁੱਝ ਸਮੇਂ ਪਿੱਛੋਂ ਉਸ ਦੇ ਸਹੁਰੇ ਘਰ ਦੇ ਜੀਆਂ ਨੇ ਮਿਲ ਬੈਠ ਕੇ ਘਰ ਜਾਇਦਾਦ ਜਮੀਨ ਭਾਂਡੇ ਦੀ ਆਪਸੀ ਵੰਡ ਕਰ ਲਈ ਤੇ ਕੁਝ ਸਮੇਂ ਤੋੰ ਹੁਣ ਉਹ ਆਪਣਾ ਹਿੱਸੇ ਆਉਂਦਾ ਪਰਾਣਾ ਘਰ ਵੇਚ ਵੱਟ ਕੇ ਨਵਾਂ ਕੋਠੀ ਨੁਮਾ ਘਰ ਬਣਾ ਕੇ ਉਸ ਵਿੱਚ ਰਹਿ ਰਹੀ ਹੈ।
ਉਸ ਦਾ ਦੋ ਧੀਆਂ ਤੇ ਇੱਕ ਪੁੱਤਰ  ਦਾ ਛੋਟਾ ਪ੍ਰਿਵਾਰ ਹੈ, ਧੀਆਂ ਵਿਆਹ ਵਰ ਕੇ ਆਪਣੇ ਘਰੀਂ ਸੁੱਖੀ ਸਾਂਦੀ  ਰਹਿ ਰਹੀਆਂ ਹਨ। ਪੁੱਤਰ ਵੀ ਚੰਗਾ ਪੜ੍ਹ ਲਿਖ ਕੇ  ਵਧੀਆ ਨੌਕਰੀ ਤੇ ਲੱਗਾ ਹੋਇਆ ਹੈ ।
ਮੇਰੀ ਹਰ ਹਾਲ ਵਿੱਚ ਖੁਸ਼ ਰਹਿਣੀ ਪਲੇਠੀ ਦੀ ਧੀ, ਉਹ ਜਦੋਂ ਵੀ ਮੈਨੂੰ ਮਿਲਣ ਆਵੇ ਜਾਂ ਜਦੋਂ ਵੀ ਮੈਂ ਉਸ ਨੂੰ ਮਿਲਣ ਜਾਂਵਾਂ ਉਹ ਮੇਰੇ ਨਾਲ ਬਿਨਾਂ ਕਿਸੇ ਨਾਲ ਕਿਸੇ ਕਿਸਮ ਦਾ ਕੇਈ ਗਿਲਾ ਸਿਕਵਾ ਕੀਤੇ ਖਿੜੇ ਮੱਥੇ ਮਿਲਦੀ ਹੈ।
ਉਸ ਦਾ ਸਬਰ ਸੰਤੋਖ ਵਾਲੇ ਖੁਸ਼ ਰਹਿਣੇ ਮਿਲਾਪੜੇ ਸੁਭਾਅ ਕਰਕੇ ਆਂਢ ਗੁਆਂਢ  ਵਿੱਚ ਜਾਣੀ ਜਾਂਦੀ ਹੈ । ਜਦੋੰ ਕਿਤੇ ਘਰ ਵਿੱਚ ਧੀਆਂ ਦੀ ਗੱਲ ਚਲਦੀ ਹੈ ਤਾਂ ਮੇਰੀ  ਇਸ ਪਲੇਠੀ ਦੀ ਧੀ,ਸੀਤਲ, ਦਾ ਨਾਂ ਸੱਭ ਦੀ ਜੁਬਾਨ ਤੇ ਪਹਿਲਾਂ ਆਉਂਦਾ ਹੈ ।