ਚੁੰਝਾਂ- ਪੌਂਚ੍ਹੇ - ਨਿਰਮਲ ਸਿੰਘ ਕੰਧਾਲਵੀ
15 Oct. 2018
' ਮੇਰਾ ਪਰਿਵਾਰ ਲੋਕ ਸਭਾ ਚੋਣਾਂ ਨਹੀਂ ਲੜੇਗਾ- ਢੀਂਡਸਾ
' ਟੁੱਟ ਪੈਣੇ ਦਰਜੀ ਨੇ ਮੇਰੀ ਰੱਖ ਲਈ ਸੁੱਥਣ 'ਚੋਂ ਟਾਕੀ।
' ਬੇਅਦਬੀ ਤੇ ਗੋਲੀ ਕਾਂਡ ਦੇ ਦੋਸ਼ੀਆਂ ਖ਼ਿਲਾਫ਼ ਕਾਨੂੰਨੀ ਕਾਰਵਾਈ ਛੇਤੀ- ਤ੍ਰਿਪਤ ਰਾਜਿੰਦਰ ਸਿੰਘ
' ਝੂਠੇ ਵਾਅਦਿਆਂ 'ਤੇ ਕਾਹਦਾ ਯਕੀਨ ਕਰੀਏ, ਬੁੱਲ੍ਹ ਊਠ ਦਾ ਕਦੇ ਵੀ ਡਿਗਣਾ ਨਹੀਂ।
' ਭਾਜਪਾ ਸਾਹਮਣੇ ਸਥਾਪਤੀ ਵਿਰੋਧੀ ਲਹਿਰ ਦੀ ਵੱਡੀ ਚੁਣੌਤੀ- ਭਰਤ ਮਿੱਤਰ ਪ੍ਰਾਚੀ
' ਜੱਟ ਆਉਂਦੈ ਪਰੈਣੀ ਕੱਸੀ, ਨੀਂ ਹੁਣ ਮੈਂ ਕੀ ਕਰਾਂ।
' ਅਮਰੀਕਾ ਉਨ੍ਹਾਂ ਦੇਸ਼ਾਂ ਨਾਲ ਸਿੱਝ ਲਵੇਗਾ ਜਿਹੜੇ ਈਰਾਨ ਤੋਂ ਤੇਲ ਲੈਣਾ ਜਾਰੀ ਰੱਖਣਗੇ - ਟਰੰਪ
' ਛੜੇ ਜੇਠ ਦਾ ਬੋਕ ਟੁੱਟ ਪੈਣਾ, ਬੱਕਰੀ ਨੂੰ ਰਹੇ ਘੂਰਦਾ।
' ਨਿੱਕੀ ਹੇਲੀ ਦੇ ਅਸਤੀਫ਼ੇ ਬਾਅਦ ਟਰੰਪ ਨੇ ਉਹਦੀਆਂ ਸਿਫ਼ਤਾਂ ਦੇ ਪੁਲ਼ ਬੰਨ੍ਹੇ- ਇਕ ਖ਼ਬਰ
' ਵਧ ਗਈ ਵੇਲ ਦੀ ਤਰ੍ਹਾਂ, ਤੇਰੇ ਘੱਗਰਾ ਮੇਚ ਨਾ ਆਵੇ।
' ਐਫ.ਏ.ਟੀ. ਐਫ ਨੇ ਅਜੇ ਵੀ ਪਾਕਿਸਤਾਨ ਦਾ ਨਾਮ 'ਗਰੇਅ' ਲਿਸਟ ਵਿਚ ਰੱਖਿਆ ਹੋਇਐ - ਇਕ ਖ਼ਬਰ
' ਬੰਕਾਂ ਨਾ ਜੁੜੀਆਂ, ਰੰਨ ਅੱਡੀਆਂ ਕੂਚਦੀ ਮਰ ਗਈ।
' ਘੁਟਾਲੇ ਦੇ ਮਾਮਲੇ 'ਚ ਦਿੱਲੀ ਕਮੇਟੀ ਅਤੇ ਵਿਰੋਧੀ ਧਿਰ ਆਹਮੋ ਸਾਹਮਣੇ- ਇਕ ਖ਼ਬਰ
' ਕੂੰਡੇ ਭੱਜ ਗਏ ਘੋਟਣੇ ਟੁੱਟ ਗਏ, ਤਕੀਏ ਮਲੰਗ ਲੜ ਪਏ।
' ਭਾਜਪਾ ਲਈ ਪ੍ਰਚਾਰ ਕਰਨ ਦੇ ਮਾਮਲੇ 'ਤੇ ਦੁਚਿੱਤੀ ਵਿਚ ਹਨ ਰਾਮ ਦੇਵ - ਇਕ ਖ਼ਬਰ
' ਤੇਰੀਆਂ ਦੇਖ ਅਦਾਵਾਂ ਨੀਂ, ਧੋਖਾ ਖਾ ਬੈਠੇ, ਖਾ ਬੈਠੇ।
' ਲੀਡਰਸ਼ਿੱਪ ਦੀ ਭਰੋਸੇਯੋਗਤਾ ਦੇ ਸੰਕਟ 'ਚੋਂ ਗੁਜ਼ਰ ਰਿਹਾ ਹੈ ਪੰਜਾਬ - ਇਕ ਖ਼ਬਰ
' ਸ਼ਾਹ ਮੁਹੰਮਦਾ ਇਕ ਸਰਕਾਰ ਬਾਝੋਂ ਫੌਜਾਂ ਜਿੱਤ ਕੇ ਅੰਤ ਨੂੰ ਹਾਰੀਆਂ ਨੇ।
' ਕਾਂਗਰਸ ਦੀਆਂ ਗ਼ਲਤ ਨੀਤੀਆਂ ਕਾਰਨ ਸੂਬੇ ਦਾ ਹਰੇਕ ਵਰਗ ਦੁਖੀ - ਭੁੱਲੇਵਾਲ ਰਾਠਾਂ
' ਖੁਰਲੀ 'ਤੇ ਬੈਠਾ ਧਰਮੀ ਬਾਬਲ, ਰੋਵੇ ਚੌਂਕੇ ਵਿਚ ਰਾਣੀ ਮਾਂ।
' ਗਿਆਨੀ ਗੁਰਬਚਨ ਸਿੰਘ ਦੇ ਅਸਤੀਫ਼ੇ ਦੀ ਅਫ਼ਵਾਹ ਦਾ ਬਾਜ਼ਾਰ ਗਰਮ - ਇਕ ਖ਼ਬਰ
' ਵੇ ਸੰਭਾਲ ਪੁੰਨਣਾ, ਸੱਸੀ ਦੇ ਦਮ ਚੱਲੇ।