ਮਮਤਾ ‘ਤੇ ਮੋਦੀ ਦੇ ਮਿੱਤਰਾਂ ਦੀ ਮਿਹਰ - ਚੰਦ ਫਤਿਹਪੁਰੀ
ਐਸੋਸੀਏਸ਼ਨ ਫਾਰ ਡੈਮੋਕਰੇਟਿਕ ਰਿਫਾਰਮ ਨਾਮੀ ਸੰਸਥਾ ਨੇ ਪਿਛਲੇ ਸਮੇਂ ਦੌਰਾਨ 8 ਕੌਮੀ ਪਾਰਟੀਆਂ ਨੂੰ ਮਿਲੇ ਫੰਡਾਂ ਤੇ ਹੋਰ ਸੂਤਰਾਂ ਰਾਹੀਂ ਹੋਈ ਆਮਦਨ ਬਾਰੇ ਆਪਣੀ ਰਿਪੋਰਟ ਪੇਸ਼ ਕੀਤੀ ਹੈ । ਇਸ ਰਿਪੋਰਟ ਮੁਤਾਬਕ ਵਿੱਤੀ ਸਾਲ 2021-22 ਦੌਰਾਨ ਇਨ੍ਹਾਂ ਪਾਰਟੀਆਂ ਨੂੰ ਕੁੱਲ 3289.34 ਕਰੋੜ ਰੁਪਏ ਦੀ ਆਮਦਨ ਹੋਈ ਸੀ ।ਇਨ੍ਹਾਂ ਵਿੱਚੋਂ ਅੱਧੇ ਤੋਂ ਵੱਧ ਭਾਜਪਾ ਦੇ ਖਾਤੇ ਵਿੱਚ ਗਈ ਹੈ ।
ਰਿਪੋਰਟ ਮੁਤਾਬਕ 2021-22 ਦੌਰਾਨ ਭਾਜਪਾ ਨੂੰ ਸਭ ਤੋਂ ਵੱਧ 1917.12 ਕਰੋੜ ਰੁਪਏ ਦੀ ਆਮਦਨ ਹੋਈ ਸੀ । ਇਹ ਅੱਠ ਕੌਮੀ ਪਾਰਟੀਆਂ ਨੂੰ ਹੋਈ ਆਮਦਨ ਦਾ 58.28 ਫ਼ੀਸਦੀ ਬਣਦਾ ਹੈ । ਇਸ ਤੋਂ ਪਹਿਲੇ ਵਿੱਤੀ ਸਾਲ (2020-21) ਵਿੱਚ ਭਾਜਪਾ ਨੂੰ 752.33 ਕਰੋੜ ਰੁਪਏ ਦੀ ਆਮਦਨ ਹੋਈ ਸੀ । ਇਸ ਤਰ੍ਹਾਂ ਹੁਣ ਇਹ ਦੁਗਣੇ ਤੋਂ ਵੱਧ ਹੋ ਗਈ ਹੈ । ਭਾਜਪਾ ਦੀ 1917.12 ਕਰੋੜ ਰੁਪਏ ਦੀ ਆਮਦਨ ਵਿੱਚੋਂ 54 ਫੀਸਦੀ ਉਸ ਨੂੰ ਕਾਰਪੋਰੇਟਾਂ ਵੱਲੋਂ ਦਿੱਤੇ ਗਏ ਚੋਣ ਬਾਂਡ ਫੰਡ ਰਾਹੀਂ ਮਿਲੇ ਸਨ ।
ਭਾਜਪਾ ਤੋਂ ਬਾਅਦ ਆਮਦਨ ਦੇ ਹਿਸਾਬ ਨਾਲ ਦੂਜੀ ਥਾਂ ਤ੍ਰਿਣਮੂਲ ਕਾਂਗਰਸ ਹੈ । ਤ੍ਰਿਣਮੂਲ ਕਾਂਗਰਸ ਦੀ 2021-22 ਵਿੱਚ ਆਮਦਨ 545.74 ਕਰੋੜ ਰੁਪਏ ਹੋਈ ਹੈ । ਇਹ ਪਿਛਲੇ ਵਿੱਤੀ ਸਾਲ ਦੀ 74.41 ਕਰੋੜ ਰੁਪਏ ਦੀ ਆਮਦਨ ਨਾਲੋਂ ਸੱਤ ਗੁਣਾ ਵੱਧ ਹੈ । ਤ੍ਰਿਣਮੂਲ ਕਾਂਗਰਸ ਨੂੰ ਕਰੀਬ 97 ਫ਼ੀਸਦੀ ਆਮਦਨ ਚੋਣ ਬਾਂਡਾਂ ਰਾਹੀਂ ਪ੍ਰਾਪਤ ਹੋਈ ਹੈ | ਇਸ ਸੂਚੀ ਵਿੱਚ ਤੀਜੇ ਨੰਬਰ ਉੱਤੇ ਕਾਂਗਰਸ ਪਾਰਟੀ ਆਉਂਦੀ ਹੈ, ਜਿਸ ਨੂੰ ਇਸ ਅਰਸੇ ਦੌਰਾਨ 541.27 ਕਰੋੜ ਰੁਪਏ ਦੀ ਆਮਦਨ ਹੋਈ ਸੀ । ਚੋਣ ਬਾਂਡਾਂ ਰਾਹੀਂ ਕਾਰਪੋਰੇਟਾਂ ਵੱਲੋਂ ਭਾਜਪਾ ਨੂੰ 1033,70 ਕਰੋੜ ਰੁਪਏ, ਤ੍ਰਿਣਮੂਲ ਕਾਂਗਰਸ ਨੂੰ 528.103 ਕਰੋੜ ਰੁਪਏ, ਕਾਂਗਰਸ ਪਾਰਟੀ ਨੂੰ 236.0995 ਕਰੋੜ ਰੁਪਏ ਤੇ ਨੈਸ਼ਨਲਿਸਟ ਕਾਂਗਰਸ ਪਾਰਟੀ ਨੂੰ 14 ਕਰੋੜ ਰੁਪਏ ਮਿਲੇ ਸਨ ।
ਇਸ ਸੂਚੀ ਵਿੱਚ ਚਾਰ ਹੋਰ ਕੌਮੀ ਪਾਰਟੀਆਂ ਸੀ. ਪੀ. ਆਈ. (ਐੱਮ), ਸੀ. ਪੀ. ਆਈ, ਬਹੁਜਨ ਸਮਾਜ ਪਾਰਟੀ ਤੇ ਨੈਸ਼ਨਲ ਪੀਪਲਜ਼ ਪਾਰਟੀ ਹਨ, ਜਿਨ੍ਹਾਂ ਨੂੰ ਕਾਰਪੋਰੇਟਾਂ ਵੱਲੋਂ ਕੋਈ ਫੰਡ ਨਹੀਂ ਮਿਲਿਆ । ਇਸ ਦੌਰਾਨ ਐੱਨ .ਪੀ. ਪੀ (ਪੂਰਬੀ ਰਾਜਾਂ ਦੀ ਪਾਰਟੀ) ਦੀ ਆਮਦਨ 32.38 ਫ਼ੀਸਦੀ, ਬਸਪਾ ਦੀ 16.56 ਫੀਸਦੀ ਤੇ ਸੀ. ਪੀ. ਆਈ, (ਐੱਮ) ਦੀ 5.15 ਫੀਸਦੀ ਘਟੀ ਹੈ, ਜਦੋਂ ਕਿ ਸੀ ਪੀ ਆਈ ਦੀ 2.12 ਕਰੋੜ ਤੋਂ ਵਧ ਕੇ 2.87 ਕਰੋੜ ਹੋਈ ਹੈ ।
ਰਿਪੋਰਟ ਵਿੱਚ ਇਨ੍ਹਾਂ ਪਾਰਟੀਆਂ ਵੱਲੋਂ ਕੀਤੇ ਗਏ ਖਰਚ ਦਾ ਵੀ ਬਿਓਰਾ ਦਿੱਤਾ ਗਿਆ ਹੈ । ਭਾਜਪਾ ਨੇ ਆਪਣੀ ਆਮਦਨ ਦਾ ਸਿਰਫ਼ 44.57 ਫੀਸਦੀ, ਯਾਨੀ 854.46 ਕਰੋੜ ਖਰਚਿਆ ਹੈ । ਤਿ੍ਣਮੂਲ ਕਾਂਗਰਸ ਨੇ ਆਪਣੀ ਆਮਦਨ ਦਾ 49.17 ਫ਼ੀਸਦੀ, ਯਾਨੀ 268.33 ਕਰੋੜ ਰੁਪਏ ਖਰਚ ਕੀਤਾ ਹੈ । ਕਾਂਗਰਸ ਪਾਰਟੀ ਨੇ ਆਪਣੀ ਆਮਦਨ ਦਾ 73.98 ਫੀਸਦੀ ਖ਼ਰਚ ਕੀਤਾ ਹੈ । ਭਾਜਪਾ ਦਾ ਮੁੱਖ ਖਰਚਾ ਚੋਣ ਪ੍ਰਚਾਰ ਤੇ ਆਮ ਪ੍ਰਚਾਰ ਉੱਤੇ ਹੋਇਆ ਹੈ, ਜੋ 645.85 ਕਰੋੜ ਰੁਪਏ ਬਣਦਾ ਹੈ । ਇਸ ਤੋਂ ਇਲਾਵਾ ਉਸ ਨੇ 133.316 ਕਰੋੜ ਰੁਪਏ ਆਪਣੇ ਸੰਗਠਨ ਤੇ ਦਫ਼ਤਰੀ ਕੰਮਾਂ ਉੱਤੇ ਖਰਚਿਆ ਹੈ ।
ਤ੍ਰਿਣਮੂਲ ਕਾਂਗਰਸ ਨੇ ਚੋਣ ਪ੍ਰਚਾਰ ਉਤੇ 135.12 ਕਰੋੜ ਰੁਪਏ ਖਰਚ ਕੀਤੇ ਸਨ । ਕਾਂਗਰਸ ਪਾਰਟੀ ਨੇ 279.737 ਕਰੋੜ ਰੁਪਏ ਚੋਣ ਪ੍ਰਚਾਰ ਉੱਤੇ ਖਰਚੇ ਸਨ ਤੇ ਪਾਰਟੀ ਲੋੜਾਂ ਲਈ 90.12 ਕਰੋੜ ਰੁਪਏ ਖਰਚੇ ਸਨ । ਰਿਪੋਰਟ ਮੁਤਾਬਕ ਬੀਤੇ ਦੋ ਵਿੱਤੀ ਸਾਲਾਂ ਦੌਰਾਨ ਭਾਜਪਾ ਦੀ ਆਮਦਨ ‘ਚ 154.82 ਫੀਸਦੀ ਤੇ ਕਾਂਗਰਸ ਪਾਰਟੀ ਦੀ ਆਮਦਨ ਵਿੱਚ 89.41 ਫ਼ੀਸਦੀ ਦਾ ਵਾਧਾ ਹੋਇਆ ਹੈ ।
ਇਸ ਸਾਰੀ ਰਿਪੋਰਟ ਵਿੱਚ ਸਭ ਤੋਂ ਹੈਰਾਨ ਕਰਨ ਵਾਲਾ ਅੰਕੜਾ ਤ੍ਰਿਣਮੂਲ ਕਾਂਗਰਸ ਦਾ ਹੈ, ਜਿਸ ਦੀ ਆਮਦਨ ਵਿੱਚ 2021-22 ਦੌਰਾਨ ਸੱਤ ਗੁਣਾ ਵਾਧਾ ਹੋਇਆ ਤੇ ਉਹ ਵੀ 97 ਫ਼ੀਸਦੀ ਚੋਣ ਬਾਂਡਾਂ ਰਾਹੀਂ । ਸਪੱਸ਼ਟ ਤੌਰ ਉੱਤੇ ਮੋਦੀ ਦੇ ਕਾਰਪੋਰੇਟ ਮਿੱਤਰਾਂ ਵੱਲੋਂ ਤਿ੍ਣਮੂਲ ਕਾਂਗਰਸ ਉੱਤੇ ਧਨ ਦੀ ਵਰਖਾ ਪਿੱਛੇ ਇੱਕ ਮਕਸਦ ਸੀ, ਉਹ ਸੀ ਗੋਆ ਅਸੰਬਲੀ ਚੋਣਾਂ ਵਿੱਚ ਭਾਜਪਾ ਦੀ ਬੇੜੀ ਨੂੰ ਪਾਰ ਲਾਉਣਾ । ਤ੍ਰਿਣਮੂਲ ਨੇ ਵੀ ਵਾਅਦਾ ਨਿਭਾਉਂਦਿਆਂ ਚੋਣਾਂ ਵਿੱਚ 135.12 ਕਰੋੜ ਦੀ ਵੱਡੀ ਰਕਮ ਖਰਚ ਕਰਕੇ ਭਾਜਪਾ ਦੀ ਬੀ ਟੀਮ ਬਣਨ ਦਾ ਫ਼ਰਜ਼ ਨਿਭਾਅ ਦਿੱਤਾ, ਕਿਉਂਕਿ ਇਸ ਅਰਸੇ ਦੌਰਾਨ ਪੱਛਮੀ ਬੰਗਾਲ ਵਿੱਚ ਤਾਂ ਕੋਈ ਵੱਡੀ ਚੋਣ ਹੋਈ ਹੀ ਨਹੀਂ ।