ਲਿਖਣ ਪ੍ਰਕਿਰਿਆ
ਕਿਸਾਨੀ ਬਾਰੇ ਹੀ ਕਿਉਂ ਲਿਖਦਾ ਹਾਂ? - ਬਲਬੀਰ ਪਰਵਾਨਾ
ਮੈਂ ਹੁਣ ਤੱਕ ਕਿਸਾਨੀ ਬਾਰੇ ਹੀ ਲਿਖਿਆ ਹੈ, ਉਹ ਚਾਹੇ ਨਾਵਲ ਹਨ, ਨਾਵਲੈੱਟ ਜਾਂ ਕਹਾਣੀਆਂ। ਇਨ੍ਹਾਂ ’ਚੋਂ ਤਿੰਨ-ਚੌਥਾਈ ਰਚਨਾਵਾਂ ਤਾਂ ਸਿੱਧੀਆਂ ਪਿੰਡ ਤੇ ਕਿਸਾਨੀ ਬਾਰੇ ਹਨ। ਸ਼ਹਿਰੀ ਜਾਂ ਕਸਬਿਆਂ ਦੀ ਜ਼ਿੰਦਗੀ ’ਤੇ ਆਧਾਰਿਤ ਇਕ-ਚੌਥਾਈ ਰਚਨਾਵਾਂ ਦੇ ਪਾਤਰਾਂ ਦਾ ਪਿਛੋਕੜ ਵੀ ਪਿੰਡ ਨਾਲ ਜਾ ਕੇ ਜੁੜਦਾ ਹੈ, ਨੌਕਰੀਆਂ ਕਰਕੇ ਸ਼ਹਿਰਾਂ ’ਚ ਆਣ ਵਸੇ ਪਰਿਵਾਰ ਜਾਂ ਉਨ੍ਹਾਂ ਦੇ ਬੱਚੇ। ਮੈਨੂੰ ਇਸ ਜ਼ਿੰਦਗੀ ਦਾ ਅਨੁਭਵ ਹੈ, ਕਿਸਾਨੀ ’ਚੋਂ ਵੀ ਛੋਟੀ ਕਿਸਾਨੀ ਦੀ ਜ਼ਿੰਦਗੀ ਦਾ ਬਹੁਤਾ। ਮੈਂ ਆਪ ਇਸ ਵਰਗ ’ਚੋਂ ਹਾਂ। ਜਲੰਧਰ ਆ ਕੇ ਵਸਣ ਤੋਂ ਪਹਿਲਾਂ ਜ਼ਿੰਦਗੀ ਦੇ ਲਗਪਗ ਸਾਢੇ ਤਿੰਨ ਦਹਾਕੇ ਪਿੰਡ ’ਚ ਬਿਤਾਏ ਹਨ, ਜਦੋਂ ਘਰ ਦੀ ਆਰਥਿਕਤਾ ਦਾ ਆਧਾਰ ਇਹੀ ਸੀ। ਇਹ ਜ਼ਿੰਦਗੀ ਜਿਊਂਦਿਆਂ, ਇਸ ਦੀਆਂ ਮਹੀਨ ਪਰਤਾਂ ਨੂੰ ਨੇੜਿਓਂ ਦੇਖਿਆ।
ਮੈਂ ਨੌਵੀਂ-ਦਸਵੀਂ ’ਚ ਪੜ੍ਹਦਿਆਂ ਹੀ ਲਿਖਣ ਲੱਗ ਪਿਆ ਸੀ, ਪਰ ਬੀਤੀ ਸਦੀ ਦੇ ਨੌਵੇਂ ਦਹਾਕੇ ਦੇ ਸ਼ੁਰੂ ਤੋਂ ਲਿਖਣ ਨੂੰ ਸੰਜੀਦਗੀ ਨਾਲ ਲੈਣਾ ਸ਼ੁਰੂ ਕਰ ਦਿੱਤਾ ਸੀ। ਕਾਫ਼ੀ ਹੱਦ ਤੱਕ ਮਨ ’ਚ ਇਹ ਬਣਦਾ ਗਿਆ ਸਾਰੀ ਉਮਰ ਸ਼ਬਦਾਂ ਦੇ ਸੰਗ-ਸਾਥ ’ਚ ਰਹਿਣਾ ਹੈ, ਪੜ੍ਹਨਾ ਤੇ ਲਿਖਣਾ... ਇਹ ਦੋਵੇਂ ਹੀ ਮੇਰੇ ਇਸ਼ਟ ਬਣਦੇ ਗਏ। ਮੁੱਢਲੇ ਦੌਰ ’ਚ ਲਿਖੀਆਂ ਕਹਾਣੀਆਂ ਤੇ ਨਾਵਲੈੱਟਾਂ ’ਚ ਛੋਟੀ ਕਿਸਾਨੀ ਦਾ ਦਰਦ ਇਹ ਹੈ ਕਿ ਉਸ ਨੂੰ ਮੰਡੀ ’ਚ ਸਹੀ ਭਾਅ ਨਹੀਂ ਮਿਲਦਾ, ਵੇਲੇ ਸਿਰ ਖਾਦ ਤੇ ਦਵਾਈਆਂ ਨਹੀਂ ਮਿਲਦੀਆਂ, ਬਿਜਲੀ ਨਹੀਂ ਆਉਂਦੀ, ਡੀਜ਼ਲ ਬਾਲ ਕੇ ਪਾਲੀ ਫ਼ਸਲ ਆਪਣੇ ਮੁੱਲ ਨਾਲੋਂ ਬਹੁਤਾ ਖਾ ਜਾਂਦੀ ਹੈ। ਮੁਜ਼ਾਰਿਆਂ ਦਾ ਦਰਦ ਹੈ ਕਿ ਜ਼ਮੀਨ ’ਤੇ ਮਿਹਨਤ ਤਾਂ ਉਹ ਕਰਦੇ ਹਨ ਪਰ ਮਾਲਕ ਬਿਨਾਂ ਕੁਝ ਕੀਤਿਆਂ ਵੱਡਾ ਹਿੱਸਾ ਹੜੱਪ ਕਰ ਜਾਂਦਾ ਹੈ। ਆਰਥਿਕ ਤੰਗੀਆਂ ’ਚ ਉਨ੍ਹਾਂ ਦੇ ਪਰਿਵਾਰਾਂ ਦੇ ਜਿਊਣ ਦੇ ਚਾਅ ਸਿਸਕ-ਸਿਸਕ ਕੇ ਮਰਦੇ ਰਹਿੰਦੇ ਹਨ। ਇਸ ਦੌਰ ’ਚ ਲਿਖੇ ਨਾਵਲੈੱਟ ‘ਬੇਗਾਨੇ ਪਿੰਡ ਦੀ ਜੂਹ’, ‘ਅੱਗ ਦੀ ਉਮਰ’, ‘ਪਤਝੜ’ ’ਚ ਉਭਰਦੀ ਇਹ ਹੂਕ, ਉਸ ਦੌਰ ਦੀ ਮੁੱਖ ਹੂਕ ਸੀ। ਇਹ ਹੂਕ ‘ਕੂਲ੍ਹ ਦਾ ਦਰਦ’, ‘‘ਸੁਰਖ ਬਿੰਦੀ’, ‘ਕੰਮੋ ਦਾ ਅਠਾਰਵਾਂ ਵਰ੍ਹਾ’, ‘ਭੀੜ ’ਚੋਂ ਦੋ ਚਿਹਰੇ’ ਤੇ ਹੋਰ ਕਹਾਣੀਆਂ ਵਿੱਚ ਵੀ ਹੈ। ਇਸ ਹੂਕ ਵਿਚ ਦਰਦ ਤਾਂ ਹੈ ਪਰ ਘੋਰ-ਨਿਰਾਸ਼ਾ ਨਹੀਂ, ਸੰਘਰਸ਼ ਦੀ ਲੋਅ ਕਿਤੇ ਨਾ ਕਿਤੇ ਭਵਿੱਖ ਰੁਸ਼ਨਾਉਂਦੀ ਲੱਗਦੀ ਹੈ। ਅਜੋਕੇ ਦੌਰ ’ਚ ਆ ਕੇ ਇਹ ਕਾਣੀ ਵੰਡ ਦੇ ਮਸਲੇ, ਇਸ ਵਰਗ ਦੇ ਖ਼ਾਤਮੇ ਵੱਲ ਵਧ ਰਹੇ ਹੋਣ ਦੇ ਸੰਕੇਤਾਂ ਵਿੱਚ ਬਦਲ ਗਏ ਹਨ।
‘ਬਹੁਤ ਸਾਰੇ ਚੁਰੱਸਤੇ’ ਦਾ ਗਿੰਦਰ ਹੋਵੇ, ‘ਸਿਆੜਾਂ ਦੀ ਕਰਵਟ’ ਤੇ ਉਸ ਦੇ ਅਗਲੇ ਭਾਗ ‘ਟਰਾਲੀ ਯੁੱਗ’ ਦੇ ਸਿਮਰ ਜਾਂ ਮਨਿੰਦਰ, ਉਹ ਜਾਣ ਗਏ ਹਨ ਕਿ ਕਾਣੀ ਵੰਡ ਖਿਲਾਫ਼ ਲੜਾਈ ਅੱਜ ਗੌਣ ਥਾਂ ’ਤੇ ਚਲੀ ਗਈ ਹੈ। ਅੱਜ ਦਾ ਮੁੱਖ ਫ਼ਿਕਰ ਤਾਂ ਹੈ ਕਿ ਸਭ ਕੁਝ ਹੜੱਪੀ ਜਾ ਰਹੇ ਕਾਰਪੋਰੇਟ ਵਿਕਾਸ ਮਾਡਲ ਤੇ ਖਪਤ ਵਾਲੀ ਜੀਵਨ-ਜਾਚ ਦਾ ਬਦਲ ਸਿਰਜਿਆ ਜਾਵੇ।
ਆਪਣੇ ਸਕੂਲੀ ਦਿਨਾਂ ਵੱਲ ਧਿਆਨ ਮਾਰਦਾ ਹਾਂ ਤਾਂ ਕਿੰਨੇ ਮੁੰਡੇ ਕੁੜੀਆਂ ਦਸਵੀਂ ਤੱਕ ਪੁੱਜਦਿਆਂ ਹੀ ਪੜ੍ਹਾਈ ਛੱਡ ਗਏ ਸਨ। ਉਨ੍ਹਾਂ ’ਚੋਂ ਕੋਈ ਟਰੱਕਾਂ ’ਤੇ ਡਰਾਈਵਰ ਜਾ ਬਣੇ, ਕੁਝ ਹੋਰ ਛੋਟੇ-ਮੋਟੇ ਧੰਦਿਆਂ ’ਚ। ਕੁੜੀਆਂ ਦੇ ਵਿਆਹ ਹੋ ਗਏ। ਅਗਾਂਹ ਕਾਲਜ ’ਚ ਨਾਲ ਪੜ੍ਹਨ ਵਾਲੇ ਵੀ, ਜਿਨ੍ਹਾਂ ਦੀ ਪਰਿਵਾਰਕ ਹੋਂਦ ਕੁਝ ਚੰਗੀ ਸੀ, ਉਹ ਤਾਂ ਨੌਕਰੀਆਂ ’ਤੇ ਜਾ ਲੱਗੇ ਜਾਂ ਅਮਰੀਕਾ, ਕੈਨੇਡਾ ਆਦਿ ਨੂੰ ਲੰਘ ਗਏ। ਕੁਝ ਅਧਿਆਪਕ, ਬੈਂਕਾਂ, ਫ਼ੌਜ ਜਾਂ ਹੋਰ ਸਰਕਾਰੀ ਅਦਾਰਿਆਂ ’ਚ ਜਾ ਸਕੇ, ਪਰ ਬਹੁਤ ਘੱਟ। ਵੱਡੀ ਗਿਣਤੀ ਨੂੰ ਮੁੜ-ਘਿੜ ਕੇ ਕਿਸਾਨੀ ’ਚ ਖਚਤ ਹੋਣਾ ਪਿਆ। ਉਨ੍ਹਾਂ ਦੀ ਹੋਂਦ ਨੂੰ ਮੈਂ ਪਲ-ਪਲ ‘ਖੁਰਦੇ’ ਦੇਖਿਆ ਹੈ, ਨਾ ਕੇਵਲ ਦੇਖਿਆ ਹੀ ਸਗੋਂ ਲੱਗਦਾ ਹੈ ਜਿਵੇਂ ਮੇਰਾ ਵੀ ਕੁਝ ਹਿੱਸਾ ਉਨ੍ਹਾਂ ਨਾਲ ਜੁੜ ਕੇ ਸਿਸਕ ਰਿਹਾ ਹੋਵੇ। ਉਨ੍ਹਾਂ ਨਾਲ ਮਿਲਦਿਆਂ, ਗੱਲਾਂ ਕਰਦਿਆਂ ਉਹ ਮੇਰੇ ਜ਼ਿਹਨ ’ਚ ਪ੍ਰੇਤਾਂ ਵਾਂਗ ਵਸਦੇ ਗਏ, ਮੈਨੂੰ ਵੰਗਾਰਦਿਆਂ, ‘ਸਾਡੀ ਹੋਣੀ ਨੂੰ ਲਿਖ।’ ਇਨ੍ਹਾਂ ਪ੍ਰੇਤਾਂ ਦਾ ਰਿਣ ਉਤਾਰੇ ਬਿਨਾਂ ਭਲਾ ਮੈਂ ਕਿਵੇਂ ਰਹਿ ਸਕਦਾ ਹਾਂ ਜਿਹੜੇ ਮੇਰੇ ਇੰਨੇ ਆਪਣੇ ਹਨ! ਆਪਣੀਆਂ ਕਹਾਣੀਆਂ, ਨਾਵਲਾਂ ’ਚ ਮੈਂ ਇਨ੍ਹਾਂ ਦੀ ਹੀ ਦਾਸਤਾਨ ਲਿਖ ਰਿਹਾ ਹਾਂ। ਇਸ ਦਾਸਤਾਨ ਦੇ ਅਨੇਕਾਂ ਪੱਖ ਹਨ। ਕਬਾਇਲੀ ਸਮਾਜ ਦੀ ਤਿੜਕਣ ਨੂੰ ਜਿਵੇਂ ਮਹਾਸ਼ਵੇਤਾ ਦੇਵੀ ਨੇ ਆਪਣੀਆਂ ਰਚਨਾਵਾਂ ‘ਚ ਫੜਿਆ, ਉਹ ਮੇਰਾ ਆਦਰਸ਼ ਹੈ।
ਕਿਸਾਨੀ ਇਕ ਵਰਗ ਵਜੋਂ, ਅੱਜ ਸਭ ਤੋਂ ਵੱਧ ਤੇਜ਼ੀ ਨਾਲ ਲਗਾਤਾਰ ਤਬਾਹੀ ਦੇ ਰਾਹ ਪਈ ਹੋਈ ਹੈ। ਅੱਜ ਦੀ ਕਿਸਾਨੀ ਉਹ ਨਹੀਂ ਜਿਹੜੀ ਸੱਤਰਵਿਆਂ ’ਚ ਹਰੇ ਇਨਕਲਾਬ ਦੀਆਂ ‘ਬਰਕਤਾਂ’ ਵੇਲੇ ‘ਮਾਲਾਮਾਲ’ ਹੋ ਰਹੀ ਸੀ। ਸੱਤਰਵਿਆਂ ਵਾਲੀ ਉਹ ਨਹੀਂ ਸੀ ਜਿਹੜੀ ਆਜ਼ਾਦੀ ਦੇ ਆਸ-ਪਾਸ ਪਿਤਾ ਪੁਰਖੀ ਪਰੰਪਰਾ ’ਚ ਤੁਰੀ ਆਉਂਦੀ ਸੀ। ਇਸ ਦੇ ਕੰਮ-ਧੰਦੇ ਪੂਰੀ ਤਰ੍ਹਾਂ ਬਦਲ ਚੁੱਕੇ ਹਨ ਜਾਂ ਕਿਹਾ ਜਾ ਸਕਦਾ ਹੈ ਕਿ ਛੋਟੇ ਕਿਸਾਨ ਕੋਲ ਹੱਥੀਂ ਕੁਝ ਕਰਨ ਲਈ ਬਚਿਆ ਹੀ ਨਹੀਂ। ਉਹ ਤਾਂ ਜਿਵੇਂ ਦਰਸ਼ਕ ਹੈ, ਦਰਸ਼ਕ ਵੀ ਓਪਰਾ। ਖੇਤ ਦੀ ਮਾਲਕੀ ਉਸ ਦੇ ਨਾਂ ਹੈ ਪਰ ਖੇਤ ’ਚ ਕੰਮ ਕਰਦੀ ਮਸ਼ੀਨਰੀ ਉਸ ਦੀ ਨਹੀਂ। ਇਹ ਇੰਨੀ ਮਹਿੰਗੀ ਹੈ ਕਿ ਉਹ ਖਰੀਦ ਹੀ ਨਹੀਂ ਸਕਦਾ, ਪਰ ਪੂਰੀ ਤਰ੍ਹਾਂ ਉਸ ’ਤੇ ਨਿਰਭਰ। ਨਾਵਲ ‘ਟਰਾਲੀ ਯੁੱਗ’ ’ਚ ਦਲੀਪ ਦੀ ਇਹੀ ਹੋਣੀ ਹੈ :
‘‘ਇੰਜਣ ਵਾਲੇ ਥੜੇ ’ਤੇ ਆ, ਉਹ ਉਥੇ ਪਏ ਫੱਟੇ ’ਤੇ ਬਹਿ ਗਿਆ। ਹੁਣ ਉਹ ਉਡੀਕ ਤੋਂ ਬਿਨਾਂ ਕੁਝ ਨਹੀਂ ਸੀ ਕਰ ਸਕਦਾ। ਫ਼ਸਲ ਪੱਕੀ ਹੋਈ ਸੀ ਪਰ ਉਹ ਵਿਹਲਾ ਬੈਠਾ ਸੀ ਕੰਬਾਈਨ ਦੀ ਉਡੀਕ ’ਚ। ਕੰਬਾਈਨ ਨੇ ਵੱਢਣੀ ਸੀ, ਉਸ ਨੇ ਹੀ ਟਰਾਲੀ ’ਚ ਢੇਰੀ ਕਰਨੀ ਸੀ ਤੇ ਟਰਾਲੀ ਸਿੱਧੀ ਮੰਡੀ ’ਚ। ਹਰ ਗੱਲ ਦੇ ਪੈਸੇ ਲੱਗਦੇ; ਵੱਢਣ ਦੇ, ਮੰਡੀ ’ਚ ਖੜ੍ਹਨ ਦੇ। ਘਰ ਖਾਣ ਲਈ ਰੱਖਣ ਵਾਲੀ ਵੀ ਪਹਿਲਾਂ ਮੰਡੀ ’ਚ ਜਾਣੀ ਸੀ। ਉੱਥੋਂ ਛਾਨਣਾ ਲੁਆ ਕੇ ਸਾਫ਼ ਹੋਣ ਤੋਂ ਬਾਅਦ ਪੰਜ-ਛੇ ਬੋਰੀਆਂ ਘਰ ਆਉਣੀਆਂ ਸਨ। ਬਿਲਕੁਲ ਵਿਹਲੇ ਹੋ ਗਏ ਹੱਥ, ਮੁਕੰਮਲ ਵਿਹਲੇ। ਹੱਥਾਂ ਦਾ ਕੰਮ ਮਸ਼ੀਨ ਨੇ ਸਾਂਭ ਲਿਆ ਸੀ। ਉਹ ਹੱਥਾਂ ਨਾਲੋਂ ਛੇਤੀ ਵੀ ਕਰਦੀ ਤੇ ਸਾਫ਼-ਸਫ਼ਾਈ ਨਾਲ ਵੀ। ਪਰ ਉਹ ਪੈਸਿਆਂ ਨਾਲ ਹੀ ਖ਼ਰੀਦੀ ਜਾ ਸਕਦੀ ਸੀ, ਪੈਸਿਆਂ ਨਾਲ ਹੀ ਕਿਰਾਏ ’ਤੇ ਆਉਂਦੀ। ਅਗਾਂਹ ਇਹ ਵੀ ਕਿ ਕਿੰਨਾ ਕੰਮ ਮਿਲਣਾ। ਗਰੀਬ ਬੰਦੇ ਦੀ ਜ਼ਮੀਨ ਵਾਹੀ ਜਾਂ ਵਾਢੀ ਉਦੋਂ ਹੀ ਹੁੰਦੀ ਜਦੋਂ ਵੱਡਾ ਕੰਮ ਹੱਥ ’ਚ ਨਾ ਹੁੰਦਾ। ਪੂੰਜੀ ਨੇ ਹੱਥ ਵੀ ਵਿਹਲੇ ਕਰ ਦਿੱਤੇ ਸਨ ਤੇ ਕਿਰਤ ਵੀ। ਵਿਹਲੇ ਹੋਏ ਹੱਥ ਤੇ ਕਿਰਤ ਅਗਾਂਹ ਨਵੀਆਂ ਬੇਬਸੀਆਂ ਨੂੰ ਜਨਮ ਦੇ ਰਹੇ ਸਨ, ਇਕ ਨਿਰੰਤਰ ਤੁਰਦੀ ਹੋਈ ਦੁਖਾਂਤਾਂ ਦੀ ਲੜੀ।’’
ਕੋਸ਼ਿਸ਼ ਹੈ ਕਿ ਪਿੰਡ ਤੇ ਕਿਸਾਨੀ ’ਚ ਪਲ-ਪਲ ਵਾਪਰ ਰਹੀ ਤਬਦੀਲੀ ਤੇ ਇਸ ਦੀ ਸਿਸਕਣ ਨੂੰ ਚਿਤਰ ਸਕਾਂ, ਇਸ ਦੇ ਦਰਦ ਨੂੰ ਜ਼ੁਬਾਨ ਦੇ ਸਕਾਂ। ਇਸ ਦੁਖਾਂਤ ਦੇ ਆਰਥਕ ਪਾਸਾਰ ਸਪੱਸ਼ਟ ਹਨ ਪਰ ਸੱਭਿਆਚਾਰਕ ਤੇ ਪਰਿਵਾਰਕ ਕੁਝ ਕੁ ਲੁਪਤ। ਬੇਬੱਸੀ ਦਾ ਦੁਖਾਂਤ ਭੋਗਦੇ ਜੀਅ। ਕੰਮ ਹੋਵੇ ਤਾਂ ਉਸ ’ਚ ਰੁੱਝਿਆ ਬੰਦਾ, ਕੁਝ ਚਿਰ ਲਈ ਹੀ ਸਹੀ, ਦੁਖਾਂਤ ਭੁੱਲ ਜਾਂਦਾ ਹੈ, ਪਰ ਵਿਹਲਾ ਬੰਦਾ ਹਰ ਪਲ ਇਸੇ ਬੇਵੱਸੀ ਦੀ ਘੁੰਮਣਘੇਰੀ ’ਚ ਤੜਪਦਾ ਰਹਿੰਦਾ ਹੈ।
ਲੇਖਕ ਦਾ ਕੰਮ ਆਪਣੇ ਦੌਰ ਨੂੰ ਇਮਾਨਦਾਰੀ ਨਾਲ ਚਿਤਰਨਾ ਹੁੰਦਾ ਹੈ। ਭਾਵੇਂ ਉਹ ਆਪਣੀਆਂ ਲਿਖਤਾਂ ਨਾਲ ਨਾ ਕਿਸੇ ਵਰਤਾਰੇ ਦੇ ਹੜ੍ਹ ਨੂੰ ਰੋਕ ਸਕਦਾ, ਨਾ ਹੀ ਕੋਈ ਵੱਡੀ ਵਿੱਢ ਮਾਰ ਸਕਦਾ ਹੈ, ਪਰ ਉਸ ਦਰਦ ਦਾ ਗਵਾਹ ਬਣ ਸਕਦਾ ਹੈ ਜੋ ਕਿਸੇ ਦੌਰ ’ਚ ਬਦਲਾਅ ਸਿਰਜ ਰਿਹਾ ਹੁੰਦਾ ਹੈ। ਇਸ ਦੀ ਮਿਸਾਲ ਸੰਤੋਖ ਸਿੰਘ ਧੀਰ ਦੀ ‘ਕੋਈ ਇਕ ਸਵਾਰ’ ਹੈ। ਮਸ਼ੀਨੀ ਯੁੱਗ ’ਚ ਮੋਟਰ-ਗੱਡੀਆਂ ਦੇ ਆਉਣ ਨਾਲ ਟਾਂਗੇ ਬਚ ਨਹੀਂ ਸਨ ਸਕਦੇ, ਪਰ ਇਸ ਬਦਲਾਅ ਨੇ ਰਵਾਇਤੀ ਸਮਾਜ ’ਚ ਤਰਥੱਲੀ ਮਚਾਈ ਜਿਸ ਨੂੰ ਧੀਰ ਨੇ ਬਾਰੂ ਟਾਂਗੇ ਵਾਲੇ ਦੇ ਪਾਤਰ ਰਾਹੀਂ ‘ਯੁੱਗ ਦਸਤਾਵੇਜ਼’ ਬਣਾ ਦਿੱਤਾ। ਗੁਰਮੁਖ ਸਿੰਘ ਮੁਸਾਫ਼ਰ ਦੀ ‘ਬਲੜ੍ਹਵਾਲ’, ਸੰਤ ਸਿੰਘ ਸੇਖੋਂ ਦੀ ‘ਹਲਵਾਹ’, ਕੁਲਵੰਤ ਸਿੰਘ ਵਿਰਕ ਦੀ ‘ਤੂੜੀ ਦੀ ਪੰਡ’ ਤੇ ਅਨੇਕਾਂ ਹੋਰ ਇਸ ਦੀਆਂ ਉਦਾਹਰਨਾਂ ਹਨ। ਇਨ੍ਹਾਂ ਵਿਚ ਸਿਰਫ਼ ਪਾਤਰਾਂ ਦਾ ਦਰਦ ਨਹੀਂ, ਆਪਣੇ ਯੁੱਗ ਦਾ ਦਰਦ ਵੀ ਹੈ।
ਰਵਾਇਤੀ ਸਮਾਜ ਬੜੀ ਤੇਜ਼ੀ ਨਾਲ ਟੁੱਟ ਰਹੇ ਹਨ ਤੇ ਨਵਾਂ ਕਾਰਪੋਰੇਟ ਖਪਤਵਾਦੀ ਯੁੱਗ ਓਨੀ ਹੀ ਤੇਜ਼ੀ ਨਾਲ ਹਾਵੀ ਹੋ ਰਿਹਾ ਹੈ। ਇਸ ਬਦਲਾਅ ’ਚ ਹਰ ਵਰਗ ਦਰਦ ਹੰਢਾ ਰਿਹਾ ਹੈ, ਪਰ ਛੋਟੀ ਤੇ ਦਰਮਿਆਨੀ ਕਿਸਾਨੀ, ਖੇਤ ਮਜ਼ਦੂਰ, ਛੋਟੇ ਦੁਕਾਨਦਾਰ, ਛੋਟੇ-ਮੋਟੇ ਢਾਬੇ-ਹੋਟਲਾਂ ਵਾਲੇ, ਵੈਦ ਹਕੀਮ, ਮੋਚੀ, ਰੇੜਿਆਂ ਸਾਈਕਲਾਂ ਨੂੰ ਪੈਂਚਰ ਲਾਉਣ, ਫੇਰੀਆਂ ਵਾਲੇ ਜਿਹੇ ਛੋਟੇ-ਮੋਟੇ ਧੰਦੇ ਤੇਜ਼ੀ ਨਾਲ ਮੁੱਕ ਰਹੇ ਹਨ। ਇਨ੍ਹਾਂ ਕਿਰਤੀਆਂ ’ਚ ਕਿਸਾਨੀ ਸਭ ਤੋਂ ਵੱਡਾ ਤੇ ਵਿਸ਼ਾਲ ਵਰਗ ਹੈ। 2011 ਦੀ ਜਨਗਣਨਾ ਦੇ ਅੰਕੜਿਆਂ ਮੁਤਾਬਿਕ ਪੰਜਾਬ ’ਚ 12581 ਪਿੰਡ ਹਨ ਤੇ ਭਾਰਤ ਵਿੱਚ 664309। ਭਾਰਤ ਦੀ 64 ਫ਼ੀਸਦੀ ਵਸੋਂ ਪਿੰਡਾਂ ’ਚ ਰਹਿੰਦੀ ਹੈ। ਪਿੰਡਾਂ ’ਚ ਰਹਿਣ ਵਾਲੀ ਇਹ ਵਸੋਂ ਖੇਤੀ ਜਾਂ ਇਸ ਨਾਲ ਜੁੜੇ ਸਹਾਇਕ ਧੰਦਿਆਂ ’ਤੇ ਨਿਰਭਰ ਹੈ। ਪੰਜਾਬ ਦੀ ਪਿੰਡਾਂ ’ਚ ਰਹਿੰਦੀ ਵਸੋਂ 62 ਫ਼ੀਸਦੀ ਹੈ, ਪਰ ਦੁਖਾਂਤ ਇਹ ਹੈ ਕਿ ਕਸਬਿਆਂ ਜਾਂ ਸ਼ਹਿਰਾਂ ’ਚ ਰਹਿੰਦੀ ਬਹੁਤੀ ਵਸੋਂ ਵੀ ਖੇਤੀ ਜਾਂ ਇਸ ਨਾਲ ਜੁੜੇ ਧੰਦਿਆਂ/ਕਾਰੋਬਾਰ ’ਤੇ ਨਿਰਭਰ ਹੈ। ਇਉਂ ਅਮਲੀ ਰੂਪ ’ਚ ਇਹ ਪ੍ਰਤੀਸ਼ਤ ਭਾਰਤ ਨਾਲੋਂ ਕਾਫ਼ੀ ਵੱਧ ਬਣਦੀ ਹੈ। ਜਦੋਂ ਲਗਪਗ ਦੋ-ਤਿਹਾਈ ਤੋਂ ਵੱਧ ਵਸੋਂ ਨਵੇਂ ਕਾਰਪੋਰੇਟ ਵਿਕਾਸ ਮਾਡਲ ਦੇ ਜਬਾੜਿਆਂ ਹੇਠ ਪੀਸੀ ਜਾ ਰਹੀ ਹੋਵੇ ਤਾਂ ਇਸ ਖਿੱਤੇ ਦਾ ਕੋਈ ਲੇਖਕ ਇਸ ਪੀੜਤ ਧਿਰ ਤੋਂ ਕਿਵੇਂ ਅੱਖਾਂ ਮੀਟ ਸਕਦਾ ਹੈ? ਸਿਸਕ ਰਹੇ ਲੋਕ ਜ਼ਿੰਦਗੀ ਲਈ ਕਿਵੇਂ ਤਾਂਘਦੇ ਹਨ, ਕਿਵੇਂ ਨਿੱਕੀਆਂ-ਨਿੱਕੀਆਂ ਖ਼ੁਸ਼ੀਆਂ ’ਤੇ ਰੀਝਦੇ ਹਨ। ਉਨ੍ਹਾਂ ਦੇ ਸੁਪਨਿਆਂ ਦੇ ਅੰਬਰ ਛੋਟੇ ਹੀ ਸਹੀ, ਪਰ ਹਨ ਤਾਂ ਜ਼ਰੂਰ! ਸੁਪਨਿਆਂ ਦੇ ਇਨ੍ਹਾਂ ਅੰਬਰਾਂ ਦੀ ਬਾਤ ਪਾਉਣੀ ਮੇਰੀ ਹੋਣੀ ਬਣ ਚੁੱਕੀ ਹੈ। ਤ੍ਰੈ-ਲੜੀ ‘ਖੇਤਾਂ ਦਾ ਰੁਦਨ’ ਤੇ ‘ਸਿਆੜਾਂ ਦੀ ਕਰਵਟ’ ਵਿਚ ਪ੍ਰੋਫੈਸਰ ਰਵਿੰਦਰ ਇਨ੍ਹਾਂ ਸੁਪਨਿਆਂ ਲਈ ਤਾਂਘਦਾ ਤਿਲ-ਤਿਲ ਕਰਕੇ ਮਰਦਾ ਹੈ ਜਿਨ੍ਹਾਂ ਤੋਂ ਪਾਰ ਜਾਣ ਦਾ ਉਸ ਕੋਲ ਰਾਹ ਨਹੀਂ। ਇਹ ਸੀਮਾਵਾਂ ਇਸ ਲੜੀ ਦੇ ਅਗਲੇ ਭਾਗ ‘ਟਰਾਲੀ ਯੁੱਗ’ ’ਚ ਆ ਕੇ ਨਵੇਂ ਦਿਸਹੱਦੇ ਸਿਰਜਦੀਆਂ ਹਨ ਜਿਨ੍ਹਾਂ ਦੇ ਵਾਹਕ ਪ੍ਰੋਫੈਸਰ ਰਵਿੰਦਰ ਦੇ ਸ਼ਾਗਿਰਦ ਸਿਮਰ ਤੇ ਮਨਿੰਦਰ ਬਣਦੇ ਹਨ।
ਕਾਰਪੋਰੇਟਾਂ ਦਾ ਖੇਤੀ ਖੇਤਰ ’ਚ ਦਾਖਲਾ ਛੋਟੀ ਤੇ ਦਰਮਿਆਨੀ ਕਿਸਾਨੀ ਦੀ ਹੋਣੀ ’ਤੇ ਆਖ਼ਰੀ ਦਸਤਖਤ ਹਨ, ਉਸ ਨੇ ਮੁੱਕਣਾ ਹੀ ਮੁੱਕਣਾ ਹੈ। ਵੱਡੀ ਕਿਸਾਨੀ ਵੀ ਉਹੀ ਬਚੇਗੀ ਜਿਹੜੀ ਕਾਰਪੋਰੇਟ ਦੇ ਏਜੰਟ ਦੇ ਰੂਪ ’ਚ ਬਦਲ ਜਾਵੇਗੀ। ਇਸ ਤਬਦੀਲੀ ਨਾਲ ਪਿੰਡ ਵੀ ਬਦਲ ਜਾਵੇਗਾ। ਕੁਝ ਤਾਂ ਬਦਲ ਵੀ ਚੁੱਕਾ ਹੈ। ਅੱਜ ਦਾ ਪੰਜਾਬੀ ਪਿੰਡ ਉਹ ਰਵਾਇਤੀ ਪਿੰਡ ਨਹੀਂ ਰਿਹਾ ਜਿਸ ਦਾ ਅਕਸ ਸਾਡੇ ਮਨਾਂ ’ਚ ਖੁਣਿਆ ਹੋਇਆ ਹੈ। ਪਿੰਡ ਸ਼ਬਦ ਨਾਲ ਜਿਹੜੀ ਰਵਾਇਤ ਦੀ ਤਸਵੀਰ ਉੱਭਰਦੀ ਹੈ, ਉਹ ਕਦੋਂ ਦਾ ਕਸਬਾਈ ਜੀਵਨ ਜਾਚ ’ਚ ਬਦਲ ਚੁੱਕਾ ਹੈ। ਉਸ ’ਚ ਭਾਈਚਾਰੇ ਦੀ ਥਾਂ ਨਿੱਜ ਭਾਰੂ ਹੈ। ਕਸਬਿਆਂ ਜਾਂ ਮਹਾਂਨਗਰਾਂ ਵਾਂਗ ਹੀ ਜੀਵਨ ਜਾਚ ਘਰ ਦੀ ਚਾਰਦੀਵਾਰੀ ਅੰਦਰ ਸੁੰਗੜ ਚੁੱਕੀ ਹੈ। ਜਿਨ੍ਹਾਂ ਕੋਲ ਸਾਧਨ ਹਨ, ਉਹ ਮਹਾਂਨਗਰਾਂ ਵਾਲੀ ਜੀਵਨ ਜਾਚ ’ਚ ਢਲ ਚੁੱਕੇ ਹਨ ਤੇ ਸਾਧਨਹੀਣ ਨਸ਼ੇੜੀ ਬਣਦੇ ਹੋਏ ਰਾਜਸੀ ਪਾਰਟੀਆਂ ਦੇ ਇਸ਼ਾਰੇ ’ਤੇ ਹੋ-ਹੱਲਾ ਕਰਨ ਵਾਲੀਆਂ ਭੀੜਾਂ, ਗੈਂਗਸਟਰਾਂ ’ਚ ਵਟਦੇ ਹਨ ਜਾਂ ਫਿਰ ਭੁੱਖਮਰੀ ਵੱਲ ਵਧਦੇ ਹੋਏ ਮਜ਼ਦੂਰ ਕਿਉਂਕਿ ਮਜ਼ਦੂਰੀ ਪਿੰਡ ’ਚ ਹੈ ਨਹੀਂ। ਦਿੱਲੀ ਦਾ ਕਿਸਾਨ ਅੰਦੋਲਨ ਇਸ ਮਰਨਹਾਰ ਜਮਾਤ ’ਤੇ ਪਿੰਡ ਦੀ ਸ਼ਾਇਦ ਆਖ਼ਰੀ ਹਿਚਕੀ ਸੀ। ਕੁਝ ਕਿਸਾਨਾਂ ਨੇ ਪਿੰਡਾਂ ’ਚ ਆ ਕੇ ਆਪਣੀ ਫ਼ਸਲ ਵੇਚਣ ਲਈ ਟਰਾਲੀਆਂ ਦੇ ਮੂੰਹ ਅਡਾਨੀ ਦੇ ਭੰਡਾਰਨ-ਘਰਾਂ ਵੱਲ ਕਰ ਲਏ ਸਨ। ਜੇ ਕਾਰਪੋਰੇਟ ਮੰਡੀ ਨੇ ਇੱਥੇ ਆ ਹੀ ਜਾਣਾ ਹੈ ਤਾਂ ਉਸ ਨਾਲ ਉਤਾਪਾਦਨ ਦਾ ਢਾਂਚਾ ਬਦਲਣ ਤੋਂ ਰੋਕਿਆ ਨਹੀਂ ਜਾ ਸਕਦਾ। ਫਿਰ ਇਸ ਗੱਲ ਨਾਲ ਕੋਈ ਫ਼ਰਕ ਨਹੀਂ ਪੈਂਦਾ, ਉਹ ਕਿਸ ਟੈਗ ਦੇ ਨਾਂ ਹੇਠ ਇਸ ਖੇਤਰ ’ਚ ਕੰਮ ਕਰਦੀ ਹੈ।
ਇਸ ਨੂੰ ਹਰੇ ਇਨਕਲਾਬ ਦੀ ਆਮਦ ਨਾਲ ਹੋਈ ਤਬਦੀਲੀ ਤੋਂ ਵਧੇਰੇ ਚੰਗੀ ਤਰ੍ਹਾਂ ਸਮਝਿਆ ਜਾ ਸਕਦਾ ਹੈ। ਹਰਾ ਇਨਕਲਾਬ ਇਸ ਖਿੱਤੇ ’ਚ ਖੇਤੀ ਦੇ ਖੇਤਰ ਵਿਚ ਪੂੰਜੀ ਤੇ ਮਸ਼ੀਨ ਦੀ ਦਖਲਅੰਦਾਜ਼ੀ ਸ਼ੁਰੂ ਹੋਣ ਦਾ ਦੌਰ ਸੀ। ਉਂਜ ਇਸ ਨੂੰ ਨਵੇਂ ਬੀਜ, ਰਸਾਇਣੀ ਖਾਦਾਂ, ਵੱਧ ਝਾੜ ਅਤੇ ਇਸ ਨਾਲ ਕਿਸਾਨ ਦੀ ਜ਼ਿੰਦਗੀ ’ਚ ਆਉਣ ਵਾਲੀ ਖੁਸ਼ਹਾਲੀ ਦੇ ਰੂਪ ਵਿਚ ਪ੍ਰਚਾਰਿਆ ਗਿਆ ਸੀ। ਇਸ ਦੇ ਪਹਿਲੇ ਦਹਾਕੇ, ਡੇਢ ਦਹਾਕੇ ਦੇ ਉਭਾਰ ਤੋਂ ਬਾਅਦ ਛੋਟੀ ਤੇ ਦਰਮਿਆਨੀ ਕਿਸਾਨੀ ਦਾ ਜੋ ਹਾਲ ਹੋਇਆ, ਉਹ ਸਭ ਦੇ ਸਾਹਮਣੇ ਹੈ। ਬੈਂਕਾਂ ਦੇ ਕਰਜ਼ਿਆਂ ਦਾ ਜਾਲ, ਜ਼ਮੀਨ ਵਿਕਣ ਤੇ ਬੇਜ਼ਮੀਨੇ ਹੋਣ ਦੀ ਪ੍ਰਕਿਰਿਆ, ਆਤਮ-ਹੱਤਿਆਵਾਂ ਇਸ ਨਾਲ ਹੀ ਪਿੰਡ ’ਚ ਆਈਆਂ, ਤੇ ਇਨ੍ਹਾਂ ਦੀ ਹੋਂਦ ਪੱਕੀ ਤਰ੍ਹਾਂ ਪਿੰਡ ਨਾਲ ਜੁੜ ਗਈ। ਨਵੀਂ ਆ ਰਹੀ ਤਬਦੀਲੀ, ਕਾਰਪੋਰੇਟਾਂ ਦਾ ਇਸ ਖੇਤਰ ’ਚ ਦਾਖਲਾ, ਉਤਪਾਦਨ ਤੇ ਮੰਡੀਕਰਨ ਦਾ ਸਮੁੱਚਾ ਪੈਟਰਨ ਹੀ ਬਦਲ ਦੇਵੇਗਾ। ਨਾ ਸਿਰਫ਼ ਖੇਤੀ ਵਿਭਿੰਨਤਾ ਮੁੱਕ ਜਾਵੇਗੀ ਸਗੋਂ ਹਰ ਥਾਂ ਮੰਡੀ ਹਾਜ਼ਰ ਹੋਵੇਗੀ, ਮੰਡੀ ਲਈ ਪੈਦਾਵਾਰ ਹੋਵੇਗੀ। ਘਰ ’ਚ ਕੀ ਖਾਣਾ ਹੈ, ਉਹ ਮੰਡੀ ’ਚੋਂ ਆਵੇਗਾ। ਪੂੰਜੀ ਦੀ ਚਮਕ-ਦਮਕ ਤੋਂ ਕੁਝ ਵੀ ਅਛੂਤਾ ਨਹੀਂ ਰਹਿ ਸਕੇਗਾ। ਆਧੁਨਿਕਤਾ ਦਾ ਅਰਥ ਸੰਪੰਨ ਵਰਗਾਂ ’ਚ ਆ ਰਹੇ ਜਿਊਣ-ਸਲੀਕੇ ਦੇ ਬਦਲਾਅ ਹੀ ਨਹੀਂ ਹੁੰਦੇ, ਸਾਧਨ-ਵਿਹੂਣੇ ਵਰਗਾਂ ਦੀ ਬੇਵੱਸੀ ਵੀ ਹੁੰਦੀ ਹੈ ਜਿਹੜੇ ਬਦਲਦੀ ਅਰਥ ਵਿਵਸਥਾ ’ਚ ਹਾਸ਼ੀਏ ਤੋਂ ਵੀ ਬਾਹਰ ਧੱਕੇ ਜਾ ਰਹੇ ਹਨ। ਹਾਸ਼ੀਏ ਤੋਂ ਬਾਹਰ ਧੱਕੇ ਜਾ ਰਹੇ ਲੋਕਾਂ ਦੇ ਮਾਨਸਿਕ, ਪਰਿਵਾਰਕ, ਆਰਥਿਕ ਰਿਸ਼ਤਿਆਂ ’ਚ ਆ ਰਹੇ ਬਦਲਾਅ ਮੇਰੀ ਪਹਿਲ ਹਨ। ਬਿਨਾਂ ਪ੍ਰਸੰਗਿਕਤਾ ਦੇ ਫੈਸ਼ਨ ਵਜੋਂ ਆਧੁਨਿਕਤਾ ਦਾ ਲੇਬਲ ਲਾਉਣ ਦਾ ਨਾ ਕੋਈ ਇਰਾਦਾ ਹੈ ਤੇ ਨਾ ਹੀ ਬਾਹਰਲੇ ਸਾਹਿਤ ਦੀ ਨਕਲ ਜਾਂ ਉਸ ਦੇ ਚਰਬੇ ਨੂੰ ਪੰਜਾਬੀ ਨਾਵਾਂ-ਥਾਵਾਂ ਦਾ ਫੇਰ-ਬਦਲ ਕਰਕੇ ਪੇਸ਼ ਕਰਨਾ, ਤੇ ਇਸ ਦੇ ਸਿਰ ’ਤੇ ਚਰਚਾ ਚਮਕਾਉਣ ਦੀ ਖ਼ੁਆਹਿਸ਼। ਬਾਬਾ ਨਾਨਕ ਦੇ ਕਥਨ ਮੇਰੀ ਅਗਵਾਈ ਕਰਦੇ ਹਨ :
ਜਉ ਤਉ ਪ੍ਰੇਮ ਖੇਲਣ ਕਾ ਚਾਉ।। ਸਿਰੁ ਧਰਿ ਤਲੀ ਗਲੀ ਮੇਰੀ ਆਉ।। ਇਤੁ ਮਾਰਗਿ ਪੈਰੁ ਧਰੀਜੈ।। ਸਿਰੁ ਦੀਜੈ ਕਾਣਿ ਨ ਕੀਜੈ।।
ਇਨ੍ਹਾਂ ਕਥਨਾਂ ਦੀ ਸੇਧ ’ਚ ਆਪਣੀ ਜ਼ਿੰਦਗੀ ਨੂੰ ਇਕਸੁਰ ਕਰਕੇ ਤੁਰਨ ਵਾਲਿਆਂ ਦੀਆਂ ਪੰਜਾਬ ’ਚ ਬੜੀਆਂ ਅਮੀਰ ਰਵਾਇਤਾਂ ਹਨ। ਬੀਤੀ ਸਦੀ ਵਿਚ ਹੀ ਸ਼ਹੀਦ ਭਗਤ ਸਿੰਘ, ਭਗਤ ਪੂਰਨ ਸਿੰਘ, ਬਾਬਾ ਖੜਕ ਸਿੰਘ, ਗਿਆਨੀ ਕਰਤਾਰ ਸਿੰਘ, ਬਾਬਾ ਜਵਾਲਾ ਸਿੰਘ ਠੱਠੀਆਂ, ਤੇਜਾ ਸਿੰਘ ਸੁਤੰਤਰ, ਧਰਮ ਸਿੰਘ ਫ਼ੱਕਰ, ਸਤਪਾਲ ਡਾਂਗ ਵਰਗੇ ਅਨੇਕਾਂ ਪੂੰਜੀ ਤੇ ਖਪਤ ਦੀ ਹਨੇਰੀ ਖਿਲਾਫ਼ ਸਾਡਾ ਰਾਹ ਰੁਸ਼ਨਾਉਂਦੇ ਰਹੇ ਹਨ। ਅਜਿਹੇ ਨਾਇਕਾਂ ’ਤੇ ਧਿਆਨ ਕੇਂਦਰਿਤ ਕਰ ਕੇ ਉਨ੍ਹਾਂ ਦੀ ਜੀਵਨ ਸ਼ੈਲੀ ਨੂੰ ਉਭਾਰਨਾ ਮੇਰੀ ਰਚਨਾਤਮਕ ਸਮਝ ਦਾ ਧੁਰਾ ਹੈ।
ਸੰਪਰਕ : 95309-44345