8 ਮਾਰਚ ਬਾਰੇ ਵਿਸ਼ੇਸ ਲੇਖ
ਬੀਬੀਆਂ ਦੇ ਕੌਮਾਂਤਰੀ ਦਿਹਾੜੇ ’ਤੇ - ਬਲਜਿੰਦਰ ਕੌਰ ਸ਼ੇਰਗਿੱਲ
ਦੇਸ਼ ਭਰ ਵਿਚ ਹਰ ਸਾਲ ਦੀ ਤਰ੍ਹਾਂ 8 ਮਾਰਚ ਨੂੰ ਔਰਤਾਂ ਦਾ ਦਿਹਾੜਾ ਮਨਾਇਆ ਜਾਂਦਾ ਹੈ| ਇਹ ਦਿਨ ਬੀਬੀਆਂ ਲਈ ਖਾਸ ਮੰਨਿਆ ਗਿਆ ਹੈ| ਇਸ ਦਿਨ ਦੀ ਖਾਸੀਅਤ ਇਹ ਹੈ ਕਿ ਔਰਤਾਂ ਨੂੰ ਖਾਸ ਤੌਰ ’ਤੇ ਸਨਮਾਨਿਤ ਕੀਤਾ ਜਾਂਦਾ ਹੈ| ਇਹ ਦਿਨ ਇਹ ਸਾਬਿਤ ਕਰ ਦਿੰਦਾ ਹੈ ਕਿ ਔਰਤਾਂ ਕਿਸੇ ਤੋਂ ਘੱਟ ਨਹੀਂ ਉਹ ਸਮਾਜ ਵਿਚ ਆਪਣੀ ਪਹਿਚਾਣ ਬਣਾ ਕੇ ਸਮਾਜ ਨੂੰ ਸਾਰਥਿਕ ਜਾਂ ਵਿਕਾਸਯੋਗ ਬਣਾਉਣ ਦਾ ਉੱਦਮ ਕਰਦੀਆਂ ਹਨ|
ਕੁਝ ਦਹਾਕੇ ਪਿਛੇ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਕਿ ਸਾਡਾ ਇਤਿਹਾਸ ਕਿੰਨਾ ਮਹਾਨ ਸੀ ਅਤੇ ਇਸ ਇਤਿਹਾਸ ਵਿਚ ਵੀ ਬੀਬੀਆਂ ਦਾ ਕਿੰਨਾ ਯੋਗਦਾਨ ਰਿਹਾ ਹੈ| ਦਹਾਕੇ ਪਹਿਲਾ ਭਾਵੇਂ ਔਰਤ ਨੂੰ ਸਮਾਨਤਾ ਦਾ ਅਧਿਕਾਰ ਬਹੁਤ ਘੱਟ ਸੀ ਪਰ ਫਿਰ ਵੀ ਔਰਤ ਆਪਣੇ ਆਪ ਨੂੰ ਬਹਾਦਰ ਅਤੇ ਕੌਮ ਤੋਂ ਜਾਨ ਵਾਰਨ ਦਾ ਜ਼ਜ਼ਬਾ ਰੱਖਦੀ ਸੀ| ਅੱਜ ਅਸੀਂ ਦਹਾਕੇ ਪਹਿਲਾਂ ਦੀਆਂ ਮਹਾਨ ਰਹਿ ਚੁੱਕੀਆਂ ਸ਼ਖਸੀਅਤਾਂ/ਔਰਤਾਂ ਦੀ ਗੱਲ ਕਰਨ ਲੱਗੇ ਹਾਂ|
ਗੁਰੂ ਮਾਂ
ਅੱਜ ਅਸੀਂ ਆਪਣੀ ਗੁਰੂ ਮਾਂ ਬਾਰੇ ਗੱਲ ਕਰਨ ਲੱਗੇ ਹਾਂ ਇਹ ਗੁਰੂ ਮਾਂ, ਮਾਤਾ ਗੁਜਰੀ ਜੀ ਹਨ| ਜਿਹਨਾਂ ਨੇ ਕੌਮ ਦੀ ਖਾਤਿਰ ਆਪਣਾ ਸਭ ਕੁਝ ਵਾਰ ਦਿੱਤਾ| ਇਹਨਾਂ ਦੇ ਸਹਿਣਸ਼ੀਲਤਾ ਤੇ ਕੁਰਬਾਨੀ ਵਾਲੇ ਜਜ਼ਬੇ ਤੋਂ ਸਮਾਜ ਭਲੀਭਾਂਤ ਜਾਣੂੰ ਹੈ| ਮਾਤਾ ਗੁਜਰੀ ਉਹ ਸਖਸ਼ੀਅਤ ਰਹੇ ਹਨ ਜਿਹਨਾਂ ਨੇ ਪਰਿਵਾਰ ਨੂੰ ਇੱਕ ਮੁੱਠ ਕਰ ਪੂਰੇ ਸੰਸਾਰ ਨੂੰ ਸੁਨੇਹਾ ਦਿੱਤਾ ਹੈ| ਉਹਨਾਂ ਨੇ ਆਪਣੇ ਜੀਵਨ ਵਿਚ ਬਹੁਤ ਉਤਾਰ ਚੜਾਅ ਦੇਖੇ ਅਤੇ ਅਤਪਣੇ ਸਰੀਰ ’ਤੇ ਸਾਹੇ ਹਨ| ਜਿਹਨਾਂ ਨੂੰ ਉਹਨਾਂ ਬੜੀ ਸਹਿਜਤਾ ਨਾਲ ਸਵੀਕਾਰ ਕੀਤਾ| ਇਸ ਤਰ੍ਹਾਂ ਇਤਿਹਾਸ ਵਿਚ ਝਾਤ ਮਾਰੀਏ ਤਾਂ ਪਤਾ ਚੱਲਦਾ ਹੈ ਮਾਈ ਭਾਗੋ ਜੀ, ਮਾਤਾ ਜੀਤੋ ਜੀ ਆਦਿ ਪੂਜਨੀਕ ਮਾਤਾਵਾਂ ਨੇ ਸਮਾਜ ਨਾਲ ਕਿਵੇਂ ਡੱਟ ਕੇ ਸਾਹਮਣਾ ਕੀਤਾ ਹੈ| ਜਿਹਨਾਂ ਨੂੰ ਸਾਰਾ ਸਮਾਜ ਅੱਜ ਸਜਦਾ ਕਰਦਾ ਹੈ|
ਔਰਤ ਕੀ ਹੈ ?
ਔਰਤ ਧੀ ਹੈ, ਮਾਂ ਹੈ, ਪਤਨੀ ਹੈ, ਭੈਣ ਹੈ ਅਤੇ ਯੋਧਿਆ ਨੂੰ ਜਨਮ ਦੇਣ ਵਾਲੀ ਜਨਨੀ ਹੈ| ਔਰਤ ਉਹ ਮਹਾਨ ਜਗਜਨਨੀ ਹੈ ਜਿਸ ਨੇ ਸੂਰਬੀਰਾਂ ਨੂੰ ਜਨਮ ਦਿੱਤਾ ਹੈ| ਸਮਾਜ ਅੰਦਰ ਫੈਲੀਆਂ ਕੁਰੀਤੀਆਂ ਨੂੰ ਦੂਰ ਕਰਨ ਵਿਚ ਆਪਣਾ ਵੱਡਮੁੱਲਾ ਯੋਗਦਾਨ ਪਾਇਆ ਹੈ| ਸਮਾਜ ਦੀ ਹਰ ਬੁਰਾਈ ਨਾਲ ਲੜਨ ਦਾ ਜ਼ਜਬਾ ਰੱਖਣ ਵਾਲੀ ਰਾਣੀ ਝਾਂਸੀ ਨੇ ਕਿੰਝ ਮੈਦਾਨੇ ਯੰਗ ਵਿੱਚ ਮੁਗਲਾਂ ਨਾਲ ਟਾਕਰਾ ਕਰ ਮੈਦਾਨ ਫਤਿਹ ਕੀਤਾ| ਇਸ ਨੂੰ ਸਾਰਾ ਸੰਸਾਰ ਜਾਣਦਾ ਹੈ ਇਹ ਮਹਾਨ ਤੇ ਪੂਜਣਯੋਗ ਹਨ| ਔਰਤ ਮਮਤਾ ਦੀ ਮੂਰਤ ਹੈ ਇਹ ਜਗਜਨਨੀ ਅਨੇਕਾਂ ਕਸ਼ਟਾਂ ਨੂੰ ਸਹਾਰਦੀ ਹੋਈ ਇੱਕ ਔਰਤ ਦੇ ਫਰਜ਼ਾਂ ਨੂੰ ਬਾਖੂਬੀ ਨਿਭਾਉਣਾ ਜਾਣਦੀ ਹੈ|
ਮਾਂ ਦੇ ਫਰਜ਼
ਔਜਕੇ ਦੌਰ ’ਚ ਔਰਤ ਇੱਕ ਮਾਂ ਹੋਣ ਦੇ ਨਾਤੇ ਆਪਣੇ ਫ਼ਰਜ਼ਾਂ ਨੂੰ ਭਾਵੇਂ ਬਾਖੂਬੀ ਨਿਭਾ ਰਹੀ ਹੈ| ਪਰ ਉਸ ਮਾਂ ਦੇ ਕੀ -ਕੀ ਫਰਜ਼ ਹਨ, ਔਰਤ ਦੇ ਜੀਵਨ ਵਿਚ ਅਨੇਕਾਂ ਹੀ ਫਰਜ਼ ਹੁੰਦੇ ਹਨ ਪਰੰਤੂ ਔਰਤ ਦੇ ਫ਼ਰਜ਼ਾਂ ਦੀ ਬੜੋਤਰੀ ਉਦੋਂ ਹੋਰ ਵੱਧ ਜਾਂਦੀ ਹੈ ਜਦੋਂ ਉਸ ਦੇ ਉਦਰ ਵਿਚ ਪਲ ਰਹੇ ਬੱਚੇ ਨਾਲ ਉਸ ਦੀ ਲਿਵ ਲੱਗ ਜਾਂਦੀ ਹੈ| ਉਹ ਹਰ ਸਮੇਂ ਬੱਚੇ ਦੀ ਧੜਕਣ ਨੂੰ ਮਹਿਸੂਸ ਕਰਦੀ ਹੈ| ਕੁੱਖ ਵਿਚ ਪਲ ਰਹੇ ਬੱਚੇ ਲਈ ਭਾਵੇਂ ਉਸ ਅੰਦਰ ਬਹੁਤ ਸਾਰੇ ਚਾਅ ਹੁੰਦੇ ਹਨ ਪਰ ਸਭ ਤੋਂ ਵੱਡਾ ਫ਼ਰਜ਼ ਔਰਤ ਉਸਦੇ ਪੈਦਾ ਹੋਣ ਤੋਂ ਪਹਿਲਾ ਹੀ ਨਿਭਾਉਣੇ ਸ਼ੁਰੂ ਕਰ ਦਿੰਦੀ ਹੈ| ਹਰ ਔਰਤ ਆਪਣੇ ਬੱਚੇ ਨੂੰ ਪ੍ਰਮਾਤਮਾ ਦੇ ਨਾਮ ਗਿਆਨ ਕਰਵਾਉਣਾ ਚਾਹੁੰਦੀ ਹੈ| ਜਿਸ ਦੀ ਕਿਰਪਾ ਸਦਕਾ ਉਹ ਇਸ ਜਹਾਨ ’ਤੇ ਆਉਣ ਵਾਲਾ ਹੈ। ਇਹ ਅਹਿਸਾਸ ਇੱਕ ਔਰਤ ਮਾਂ ਬਨਣ ਲੱਗੇ ਹੀ ਨਿਭਾਉਣੇ ਸ਼ੁਰੂ ਕਰ ਦਿੰਦੀ ਹੈ| ਔਰਤ ਕੁੱਖ ’ਚ ਪਲ ਰਹੇ ਬੱਚੇ ਲਈ ਚੰਗੇ ਪ੍ਰਭਾਵਾਂ ਦਾ ਅਸਰ ਪਾਉਣਾ ਚਾਹੁੰਦੀ ਹੈ। ਹਰ ਔਰਤ ਆਪਣੇ ਬੱਚੇ ਨੂੰ ਉਸ ਨਿਰੰਕਾਰ ਨਾਲ ਜੋੜੀ ਰੱਖਦੀ ਹੈ| ਇਹੀ ਔਰਤ ਤੜਕੇ ਜਾਂ ਦਿਨ ਦੇ ਰੁਝੇਵਿਆਂ ਵਿਚੋਂ ਨਿਕਲ ਕਿ ਪ੍ਰਮਾਤਮਾ ਦਾ ਨਾਂਅ ਜਪਦੀ ਹੈ ਜਿਸ ਦੀ ਅਸੀ ਉਪਜ ਹਾਂ। ਉਹ ਹਮੇਸ਼ਾਂ ਹੀ ਬਾਣੀ ਨਾਲ ਜਾਂ ਨਾਮ ਸਿਮਰਨ ਕਰਨ ਦਾ ਯਤਨ ਕਰਦੀ ਹੈ। ਇਹ ਇੱਕ ਔਰਤ ਦਾ ਸਭ ਤੋਂ ਵੱਡਾ ਫ਼ਰਜ਼ ਹੈ ਕਿ ਜਿਸ ਨੇ ਉਸ ਬੱਚੇ ਨੂੰ ਦੇਖਿਆ ਤੱਕ ਨਹੀਂ ਪਰ ਫਿਰ ਵੀ ਉਸਦੀ ਭਲਾਈ ਲਈ ਸਿਮਰਨ ਕਰ ਇੱਕ ਵੱਡਮੁੱਲਾ ਗਿਆਨ ਉਸ ਨੂੰ ਉਦਰ ਵਿਚ ਹੀ ਕਰਵਾਉਣਾ ਸ਼ੁਰੂ ਕਰ ਦਿੰਦੀ ਹੈ| ਇਹੀ ਇੱਕ ਔਰਤ ਦੇ ਅਸਲੀ ਫ਼ਰਜ਼ ਹਨ|
ਪਰਿਵਾਰ ਦਾ ਪਾਲਣ ਪੋਸ਼ਣ
ਔਰਤ ਲਈ ਪਰਿਵਾਰ ਦੇ ਪਾਲਣ ਪੋਸ਼ਣ ਤੋਂ ਇਲਾਵਾ ਆਪਣੇ ਬੱਚਿਆਂ ਦੇ ਹਰ ਇਕ ਕੰਮ ਤੋਂ ਵਾਕਿਫ਼ ਹੁੰਦੀ ਹੈ। ਉਸ ਨੂੰ ਪਰਿਵਾਰ ਦੇ ਇਲਾਵਾ ਆਪਣੇ ਬੱਚਿਆਂ ਪ੍ਰਤੀ ਸਾਰੇ ਕੰਮਾਂ ਕਾਰਾਂ ਦਾ ਫਿਕਰ ਹੁੰਦਾ ਹੈ। ਕਈ ਵਾਰ ਪਿਤਾ ਕੰਮ ਦੇ ਰੁਝੇਵੇ ’ਚ ਇੰਨਾ ਰੁਝਿਆ ਹੁੰਦਾ ਹੈ ਕਿ ਉਸ ਕੋਲ ਆਪਣੇ ਬੱਚੇ ਦੇ ਨਾਲ ਰਹਿਣ ਦਾ ਮੌਕਾ ਘੱਟ ਮਿਲਦਾ ਹੈ। ਉਹ ਆਪਣੀ ਨੌਕਰੀ ਜਾਂ ਵਿਦੇਸ਼ ਵਿਚ ਰਹਿਣ ਕਰਕੇ ਆਪਣੇ ਬੱਚੇ ਦੇ ਖਾਸ ਮੌਕਿਆ ਜਾਂ ਬੱਚਿਆਂ ਦੇ ਖਾਸ ਮਕਸਦਾਂ ਵਿਚ ਮਦਦ ਨਹੀਂ ਕਰ ਪਾਉਂਦਾ ਇਹ ਰੋਲ ਪਲੇਅ ਸਭ ਮਾਂ ਦੇ ਹਿੱਸੇ ਹੀ ਆਉਂਦੇ ਹਨ।
ਨੌਕਰੀ ਪੇਸ਼ਾ ਔਰਤ
ਅੱਜ ਦੇ ਦੌਰ ਵਿਚ ਦੁਨੀਆਂ ਇੰਨੀ ਤਕਨੀਕੀ ਹੋ ਚੁੱਕੀ ਹੈ ਕਿ ਹਰ ਵਿਅਕਤੀ ਆਪਣੀ ਕਾਬਲੀਅਤ ਅਨੁਸਾਰ ਆਪਣੀ ਪਹਿਚਾਣ ਬਣਾ ਰਿਹਾ ਹੈ। ਇਸ ਦੌਰ ਵਿਚ ਅੱਜ ਦੀ ਔਰਤ ਦਾ ਅਹਿਮ ਯੋਗਦਾਨ ਪਾਇਆ ਜਾ ਰਿਹਾ ਹੈ ਔਰਤ ਅੱਜ ਮੋਢੇ ਨਾਲ ਨਾਲ ਮੋਢਾ ਜੋੜ ਕਿ ਕੰਮ ਕਰ ਰਹੀ ਹੈ । ਔਰਤ ਨੇ ਮਰਦਾਂ ਦੇ ਬਰਾਬਰ ਕੰਮ ਕਰਨਾ ਸ਼ੁਰੂ ਕਰ ਦਿੱਤਾ ਹੈ| ਅੱਜ ਉਹ ਯੁੱਗ ਆ ਗਿਆ ਹੈ ਜਿੱਥੇ ਔਰਤ ਦੇ ਕੰਮ ਕਰਨ ਉੱਤੇ ਇਤਰਾਜ਼ ਨਹੀਂ ਕੀਤਾ ਜਾਂਦਾ।
ਦੇਸ਼ ਦਾ ਨਾਮ ਰੌਸ਼ਨ ਕਰਨ ਵਾਲੀ ਕਲਪਨਾ ਚਾਵਲਾ, ਅੰਬਰਾਂ ਨੂੰ ਛੂਹਣ ਵਾਲੀ ਸੁਨੀਤਾ ਵਿਲੀਅਮ ਵਰਗੀਆਂ ਔਰਤਾਂ ਨੇ ਜਿੱਥੇ ਆਪਣੇ ਦੇਸ਼ ਦਾ ਨਾਮ ਚਮਕਾਇਆ ਹੈ ਉਸੇ ਦੇਸ਼ ਅੰਦਰ ਕੁੱਝ ਨਾ ਮੁਰਾਦਾਂ ਦੀ ਵਜ੍ਹਾ ਕਰਕੇ ਗੰਦਗੀ ਦੇ ਢੇਰਾਂ, ਨਾਲਿਆਂ ’ਤੇ ਭਰੂਣਾਂ ਦਾ ਮਿਲਣਾ ਬੜਾ ਸ਼ਰਮਨਾਕ ਹੈ| ਜੋ ਸਮਾਜ ਨੂੰ ਸ਼ਰਮਸਾਰ ਕਰਦਾ ਹੈ। ਕੀ ਇਹ ਸਿਲਸਿਲਾ ਕਦੇ ਖ਼ਤਮ ਨਹੀਂ ਹੋਵੇਗਾ? ‘ਪਰਨਾਲਾ ਉਥੇ ਦਾ ਉੱਥੇ ਹੀ ਵਗਦਾ ਰਹੇਗਾ’ ਅੱਜ ਹਰ ਔਰਤ ਇਸ ਸਮਾਜ ਤੋਂ ਸਵਾਲ ਪੁੱਛਦੀ ਹੈ ਕਿ ਆਖਿਰ ਕਦੋਂ ਤੱਕ?
ਬਲਜਿੰਦਰ ਕੌਰ ਸ਼ੇਰਗਿੱਲ
ਸੰਪਰਕ : 9878519278