ਅਗਲੀਆਂ ਚੋਣਾਂ ਲਈ ਭਾਜਪਾ ਵਿਰੋਧੀ ਗੱਠਜੋੜ ਦੀਆਂ ਕੋਸ਼ਿਸ਼ਾਂ ਰੋਕਣ ਦੀਆਂ ਕਨਸੋਆਂ - ਜਤਿੰਦਰ ਪਨੂੰ
ਭਾਰਤ ਦੀ ਰਾਜਨੀਤੀ ਵਿੱਚ ਇੱਕ ਨਵਾਂ ਦੌਰ ਕੇਂਦਰ ਵਿੱਚ ਰਾਜ ਕਰਦੀ ਭਾਰਤੀ ਜਨਤਾ ਪਾਰਟੀ ਵਿਰੁੱਧ ਅਗਲੀ ਪਾਰਲੀਮੈਂਟ ਚੋਣ ਮੌਕੇ ਸਾਰੀਆਂ ਜਾਂ ਜਿੰਨੀਆਂ ਵਿਰੋਧੀ ਧਿਰਾਂ ਇਕੱਠੀਆਂ ਹੋ ਸਕਣ, ਉਨ੍ਹਾਂ ਨੂੰ ਇੱਕੋ ਮੋਰਚੇ ਵਿੱਚ ਜੋੜਨ ਦੀਆਂ ਕੋਸ਼ਿਸ਼ਾਂ ਲਈ ਸ਼ੁਰੂ ਹੋ ਚੁੱਕਾ ਹੈ। ਏਹੋ ਜਿਹੇ ਗੱਠਜੋੜ ਕਦੀ ਕਾਂਗਰਸ ਦੇ ਵਿਰੁੱਧ ਬਣਦੇ ਹੁੰਦੇ ਸਨ। ਇੰਦਰਾ ਗਾਂਧੀ ਦੇ ਛੋਟੇ ਪੁੱਤਰ ਸੰਜੇ ਗਾਂਧੀ ਦੀ ਅਗਵਾਈ ਹੇਠਲੀ ਜੁੰਡੀ ਨੇ ਜਦੋਂ ਜ਼ੋਰ ਪਾ ਕੇ ਐਮਰਜੈਂਸੀ ਲਗਵਾਈ ਤੇ ਫਿਰ ਆਮ ਲੋਕਾਂ ਵਿਰੁੱਧ ਵੱਡਾ ਦਮਨ-ਚੱਕਰ ਚਲਾਇਆ ਸੀ, ਉਸ ਦੇ ਵਿਰੁੱਧ ਵੀ ਏਦਾਂ ਏਕੇ ਦਾ ਦੌਰ ਚੱਲਿਆ ਸੀ ਅਤੇ ਉਸ ਮੌਕੇ ਕੁਝ ਪਾਰਟੀਆਂ ਨੇ ਇਕੱਠੀਆਂ ਹੋ ਕੇ ਇੱਕ ਜਨਤਾ ਪਾਰਟੀ ਬਣਾਈ ਤੇ ਚੋਣ ਲੜੀ ਤੇ ਜਿੱਤੀ ਸੀ। ਇਕ ਵਾਰ ਇੰਦਰਾ ਗਾਂਧੀ ਦੇ ਵੱਡੇ ਪੁੱਤਰ ਰਾਜੀਵ ਗਾਂਧੀ ਅਤੇ ਉਸ ਨਾਲ ਜੁੜੀ ਹੋਈ ਹਥਿਆਰ-ਦਲਾਲ ਜੁੰਡੀ ਨੇ ਭ੍ਰਿਸ਼ਟਾਚਾਰ ਦੇ ਪਿਛਲੇ ਰਿਕਾਰਡ ਤੋੜਨੇ ਸ਼ੁਰੂ ਕੀਤੇ ਤਾਂ ਓਦੋਂ ਵੀ ਉਸ ਤੋਂ ਬਾਗੀ ਹੋਏ ਵੀ ਪੀ ਸਿੰਘ ਦੀ ਅਗਵਾਈ ਵਿੱਚ ਵੀ ਏਸੇ ਕਿਸਮ ਦਾ ਇੱਕ ਸਾਂਝਾ ਗੱਠਜੋੜ ਬਣਿਆ ਸੀ। ਬਾਅਦ ਵਿੱਚ ਕਈ ਗੱਠਜੋੜ ਹਾਕਮ ਧਿਰਾਂ ਵੱਲੋਂ ਵੀ ਬਣਦੇ-ਟੁੱਟਦੇ ਰਹੇ ਤੇ ਵਿਰੋਧੀ ਧਿਰਾਂ ਵਿੱਚ ਇਹੋ ਜਿਹਾ ਕਈ ਕੁਝ ਵੀ ਹੋਇਆ, ਪਰ ਕੇਂਦਰੀ ਸਰਕਾਰ ਚਲਾ ਰਹੀ ਪਾਰਟੀ ਵਿਰੁੱਧ ਦੇਸ਼ ਪੱਧਰ ਦੇ ਗੱਠਜੋੜ ਦੀ ਕੋਈ ਗੰਭੀਰ ਕੋਸ਼ਿਸ਼ ਫਿਰ ਨਹੀਂ ਸੀ ਹੋਈ। ਨਰਿੰਦਰ ਮੋਦੀ ਦੇ ਪ੍ਰਧਾਨ ਮੰਤਰੀ ਬਣ ਜਾਣ ਮਗਰੋਂ ਉਸ ਦੇ ਢੰਗ ਬਹੁਤਾ ਕਰ ਕੇ ਇੰਦਰਾ ਗਾਂਧੀ ਵਰਗੇ ਤੇ ਸੋਚਣੀ ਵਿੱਚ ਉਸ ਤੋਂ ਵੱਧ ਇੱਕ-ਅਧਿਕਾਰਵਾਦ ਦੀ ਭਾਵਨਾ ਹੋਣ ਕਾਰਨ ਭਾਰਤ ਦੀ ਸਮੁੱਚੀ ਵਿਰੋਧੀ ਧਿਰ ਇੱਕ ਵਾਰ ਫਿਰ ਏਦਾਂ ਦਾ ਗੱਠਜੋੜ ਬਣਾਉਣ ਬਾਰੇ ਸੋਚਣ ਦੇ ਲਈ ਮਜਬੂਰ ਹੁੰਦੀ ਜਾਪਦੀ ਹੈ। ਇਸ ਮੌਕੇ ਕੇਂਦਰੀ ਏਜੰਸੀਆਂ ਨੇ ਜਿਸ ਤਰ੍ਹਾਂ ਰਾਜਾਂ ਵਿੱਚ ਸਰਕਾਰਾਂ ਉਲਟਾਉਣ ਤੇ ਜਿੱਥੇ ਉਲਟਾਉਣ ਦਾ ਜੁਗਾੜ ਨਾ ਬਣਦਾ ਹੋਵੇ, ਉਨ੍ਹਾਂ ਰਾਜਾਂ ਵਿੱਚ ਰਾਜ ਕਰਦੀ ਧਿਰ ਦੇ ਆਗੂਆਂ ਨੂੰ ਚੁਣ-ਚੁਣ ਕੇ ਕੇਸਾਂ ਵਿੱਚ ਫਸਾਉਣ ਦਾ ਰਾਹ ਫੜਿਆ ਹੈ, ਉਸ ਦੇ ਵਿਰੁੱਧ ਪਿਛਲੇ ਦਿਨੀਂ ਵਿਰੋਧੀ ਧਿਰ ਦੇ ਨੌਂ ਪ੍ਰਮੁੱਖ ਆਗੂਆਂ ਨੇ ਪ੍ਰਧਾਨ ਮੰਤਰੀ ਨੂੰ ਇੱਕ ਸਾਂਝੀ ਚਿੱਠੀ ਲਿਖੀ ਹੈ। ਉਨ੍ਹਾਂ ਦੀ ਇਸ ਚਿੱਠੀ ਨੂੰ ਭਾਜਪਾ ਵਿਰੋਧੀ ਗੱਠਜੋੜ ਦਾ ਮੁੱਢ ਮੰਨਿਆ ਜਾ ਰਿਹਾ ਹੈ, ਪਰ ਕੀ ਇਹ ਗੱਠਜੋੜ ਸਿਰੇ ਚੜ੍ਹਨ ਦੀ ਕੋਈ ਸੰਭਾਵਨਾ ਵੀ ਹੈ, ਇਹ ਸਵਾਲ ਖੜੇ ਪੈਰ ਹੀ ਪੁੱਛੇ ਜਾਣ ਦੇ ਹਾਲਾਤ ਬਣਦੇ ਨਜ਼ਰ ਆਉਂਦੇ ਹਨ।
ਪਹਿਲੀ ਗੱਲ ਇਹ ਕਿ ਪਿਛਲੇ ਸਾਲਾਂ ਵਿੱਚ ਜਿਹੜੇ ਲੀਡਰ ਇੱਕ ਜਾਂ ਦੂਸਰੇ ਸਮੇਂ ਕਦੀ ਭਾਜਪਾ ਨਾਲ ਨੇੜਤਾ ਦਾ ਨਿੱਘ ਮਾਣਦੇ ਰਹੇ ਅਤੇ ਸੱਟ ਖਾ ਕੇ ਪਿੱਛੇ ਹਟਦੇ ਰਹੇ ਸਨ, ਉਹ ਕਈ ਵਾਰੀ ਇਸ ਤਰ੍ਹਾਂ ਦੀ ਕੋਸ਼ਿਸ਼ ਕਰਦੇ ਹੁੰਦੇ ਸਨ, ਪਰ ਸਿਰੇ ਇਸ ਕਰ ਕੇ ਨਹੀਂ ਸੀ ਚੜ੍ਹਦੀ ਕਿ ਉਨ੍ਹਾਂ ਵਿੱਚੋਂ ਹਰ ਕੋਈ ਮੋਹਰਲਾ ਆਗੂ ਬਣਨਾ ਚਾਹੁੰਦਾ ਸੀ। ਦੂਸਰੀ ਗੱਲ ਇਹ ਕਿ ਏਦਾਂ ਦੀ ਕੋਸ਼ਿਸ਼ ਜਦੋਂ ਵੀ ਚੱਲਦੀ ਤਾਂ ਜਿੱਦਾਂ ਇੰਦਰਾ ਗਾਂਧੀ ਆਪਣੇ ਵਿਰੋਧੀਆਂ ਵਿੱਚੋਂ ਕਿਸੇ ਇੱਕ-ਅੱਧ ਲਈ ਚੋਗਾ ਖਿਲਾਰ ਕੇ ਉਸ ਨੂੰ ਖਿੱਚਦੀ ਤੇ ਬਾਕੀਆਂ ਨੂੰ ਡੌਰ-ਭੌਰੇ ਜਿਹੇ ਕਰ ਕੇ ਜਿੱਤ ਜਾਂਦੀ ਸੀ, ਨਰਿੰਦਰ ਮੋਦੀ ਵੀ ਵਿਰੋਧੀ ਧਿਰਾਂ ਦੇ ਆਗੂਆਂ ਨੂੰ ਏਦਾਂ ਦੀ ਕੁੰਡੀ ਪਾਉਣ ਤੇ ਖਿੱਚਣ ਦਾ ਮਾਹਰ ਹੈ। ਇਸ ਦੇ ਬਾਵਜੂਦ ਇਹ ਆਸ ਬਹੁਤ ਵੱਡੀ ਸੀ ਕਿ ਮਹਾਰਾਸ਼ਟਰ ਵਿੱਚ ਜਿੱਦਾਂ ਭਾਜਪਾ ਨੇ ਆਪਣੀ ਸਭ ਤੋਂ ਪਹਿਲੀ, ਅਕਾਲੀ ਦਲ ਤੋਂ ਵੀ ਪਹਿਲਾਂ ਦੀ, ਸਾਥ ਚੱਲੀ ਆਈ ਸ਼ਿਵ ਸੈਨਾ ਨਾਲ ਦਗਾਬਾਜ਼ੀ ਕੀਤੀ ਹੈ, ਉਸ ਪਿੱਛੋਂ ਕੋਈ ਵੀ ਧਿਰ ਉਸ ਨਾਲ ਸਿੱਧਾ ਜਾਂ ਲੁਕਵਾਂ ਨੇੜ ਦਾ ਰਾਹ ਲੱਭਣ ਦੇ ਦਾਅ ਖੇਡਣ ਤੋਂ ਪਰਹੇਜ਼ ਕਰੇਗੀ। ਅਮਲ ਵਿੱਚ ਇਹ ਸੋਚ ਠੀਕ ਨਹੀਂ ਨਿਕਲੀ। ਪਹਿਲਾਂ ਸ਼ਿਵ ਸੈਨਾ ਵਿੱਚ ਪਾੜ ਪਾ ਕੇ ਇੱਕ ਧੜਾ ਭਾਜਪਾ ਨੇ ਆਪਣੇ ਨਾਲ ਮਿਲਾਇਆ ਤੇ ਫਿਰ ਜਨਤਾ ਦਲ ਯੁਨਾਈਟਿਡ ਦੇ ਕੁਝ ਲੋਕਾਂ ਨੂੰ ਨਿਤੀਸ਼ ਕੁਮਾਰ ਦੇ ਖਿਲਾਫ ਬਗਾਵਤ ਨੂੰ ਤਿਆਰ ਕਰ ਲਿਆ। ਇਹੀ ਨਹੀਂ, ਨਾਗਾਲੈਂਡ ਵਿਧਾਨ ਸਭਾ ਦੇ ਨਤੀਜਿਆਂ ਵਿੱਚ ਸ਼ਰਦ ਪਵਾਰ ਦੀ ਐੱਨ ਸੀ ਪੀ ਪਾਰਟੀ ਨੂੰ ਸੱਤ ਸੀਟਾਂ ਮਿਲੀਆਂ ਸਨ, ਓਥੇ ਵਿਰੋਧੀ ਧਿਰ ਦੇ ਆਗੂ ਬਣਨ ਅਤੇ ਮੰਤਰੀ ਅਹੁਦਾ ਲੈਣ ਲਈ ਸੱਠਾਂ ਵਿੱਚੋਂ ਛੇ ਸੀਟਾਂ ਕਾਫੀ ਹੁੰਦੀਆਂ ਹਨ, ਇਸ ਦੇ ਬਾਵਜੂਦ ਸ਼ਰਦ ਪਵਾਰ ਵਾਲੀ ਪਾਰਟੀ ਦੇ ਉਸ ਰਾਜ ਦੇ ਮੁਖੀ ਆਗੂ ਨੇ ਭਾਜਪਾ ਦੇ ਜੇਤੂ ਗੱਠਜੋੜ ਦੀ ਹਮਾਇਤ ਕਰਨ ਦਾ ਐਲਾਨ ਕਰ ਦਿੱਤਾ। ਜਦੋਂ ਸ਼ਰਦ ਪਵਾਰ ਨੂੰ ਇਸ ਬਾਰੇ ਪੁੱਛਿਆ ਗਿਆ ਤਾਂ ਉਸ ਨੇ ਕਿਹਾ ਕਿ ਮੇਰੀ ਸਹਿਮਤੀ ਨਾਲ ਕੀਤਾ ਹੈ। ਇਸ ਦੇ ਕੁਝ ਗੁੱਝੇ ਅਰਥ ਨਿਕਲਦੇ ਹਨ। ਅਗਲੇ ਦਿਨਾਂ ਵਿੱਚ ਸ਼ਰਦ ਪਵਾਰ ਭਾਜਪਾ ਵਿਰੋਧੀ ਗੱਠਜੋੜ ਵਿੱਚ ਰਹੇਗਾ ਵੀ ਤਾਂ ਸ਼ੱਕੀ ਕਿਰਦਾਰ ਕਿਹਾ ਜਾ ਸਕਦਾ ਹੈ।
ਇਸ ਪਿੱਛੋਂ ਭਾਜਪਾ ਦੀ ਨੀਤੀ ਤੇਲੰਗਾਨਾ ਵਿੱਚ ਚੰਦਰਸ਼ੇਖਰ ਰਾਉ ਦੀ ਕੇਂਦਰੀ ਆਗੂ ਬਣਨ ਦੀ ਮੁਹਿੰਮ ਦੀ ਫੂਕ ਕੱਢਣ ਦੀ ਹੈ ਅਤੇ ਫਿਰ ਤਾਮਿਲ ਨਾਡੂ ਵਿੱਚ ਰਾਜਸੀ ਖੇਤਰ ਵਿੱਚ ਆਪਣੇ ਬਾਪ ਕਰੁਣਾਨਿਧੀ ਦੀ ਥਾਂ ਉੱਭਰ ਚੁੱਕੇ ਐੱਮ ਕੇ ਸਟਾਲਿਨ ਨੂੰ ਆਪਣੇ ਨਾਲ ਰਲਾਉਣਾ ਜਾਂ ਉਸ ਪਾਰਟੀ ਵਿੱਚ ਪਾੜ ਪਾਉਣ ਦਾ ਨਕਸ਼ਾ ਉਲੀਕਣਾ ਹੈ। ਪਿਛਲੇ ਦਿਨੀਂ ਤਾਮਿਲ ਨਾਡੂ ਵਿੱਚ ਬਿਹਾਰ ਦੇ ਲੋਕਾਂ ਉੱਤੇ ਹਮਲੇ ਹੋਣ ਦੀ ਖਬਰ ਨੇ ਦੇਸ਼ ਦੇ ਮੀਡੀਏ ਦਾ ਧਿਆਨ ਖਿੱਚਿਆ ਤੇ ਹਿੰਦੀ-ਭਾਸ਼ੀ ਰਾਜਾਂ ਵਿੱਚ ਇਹ ਗੱਲ ਫੈਲ ਗਈ ਸੀ ਕਿ ਓਥੇ ਕਾਂਗਰਸ ਦੀ ਸਾਂਝ ਵਾਲੇ ਗੱਠਜੋੜ ਦੀ ਸਰਕਾਰ ਦੇ ਹੁੰਦਿਆਂ ਵੀ ਹਿੰਦੀ-ਭਾਸ਼ੀ ਲੋਕਾਂ ਉੱਤੇ ਹਮਲੇ ਹੋਈ ਜਾ ਰਹੇ ਹਨ। ਬਾਅਦ ਵਿੱਚ ਇਹ ਸਾਰੀ ਗੱਲ ਝੂਠੀ ਸਾਬਤ ਹੋਈ ਅਤੇ ਫਿਰ ਇਹ ਚਰਚਾ ਵੀ ਚੱਲ ਪਈ ਕਿ ਇਹ ਸਾਰੀ ਖਬਰ ਜਿਸ ਅਖਬਾਰ ਵਿੱਚ ਛਪੀ ਤੇ ਜਿਸ ਸੰਪਾਦਕ ਨੇ ਛਾਪੀ ਸੀ, ਉਸ ਦਾ ਸੰਬੰਧ ਕੇਂਦਰ ਵਿੱਚ ਰਾਜ ਕਰਦੀ ਧਿਰ ਨਾਲ ਹੈ। ਇਸ ਖਬਰ ਦੇ ਵੀ ਕਈ ਅਰਥ ਨਿਕਲਦੇ ਹਨ।
ਗੱਲ ਤਾਂ ਏਥੇ ਵੀ ਨਹੀਂ ਰੁਕਦੀ ਜਾਪਦੀ। ਦਿੱਲੀ ਵਿੱਚ ਜਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਇੱਕ ਪਿੱਛੋਂ ਦੂਸਰੇ ਵੱਡੇ ਲੀਡਰਾਂ ਨੂੰ ਪੁੱਛਗਿੱਛ ਦੇ ਬਹਾਨੇ ਸੱਦ ਕੇ ਪੁੱਛਗਿੱਛ ਦਾ ਸਾਂਗ ਕਰਨ ਪਿੱਛੋਂ ਗ੍ਰਿਫਤਾਰ ਕੀਤਾ ਜਾ ਰਿਹਾ ਸੀ, ਉਸ ਦਾ ਅਗਲਾ ਪੜਾਅ ਦੂਸਰੇ ਰਾਜਾਂ ਵਿੱਚ ਭਾਜਪਾ ਦੇ ਵਿਰੁੱਧ ਬੋਲਣ ਵਾਲੇ ਆਗੂਆਂ ਦਾ ਸ਼ਿਕੰਜਾ ਕੱਸਣ ਦਾ ਹੈ। ਤੇਲੰਗਾਨਾ ਦੇ ਮੁੱਖ ਮੰਤਰੀ ਕੇ. ਚੰਦਰਸ਼ੇਖਰ ਰਾਓ ਦੀ ਪਾਰਲੀਮੈਂਟ ਮੈਂਬਰ ਧੀ ਕੇ. ਕਵਿਤਾ ਨੂੰ ਉਸ ਐਕਸਾਈਜ਼ ਨੀਤੀ ਕੇਸ ਨਾਲ ਜੋੜ ਕੇ ਦਿੱਲੀ ਵਿੱਚ ਪੁੱਛਗਿੱਛ ਦਾ ਸਾਹਮਣਾ ਕਰਨ ਨੂੰ ਮਜਬੂਰ ਕੀਤਾ ਗਿਆ, ਜਿਹੜਾ ਕੇਸ ਅੱਗੋਂ ਦਿੱਲੀ ਵਿੱਚ ਡਿਪਟੀ ਮੁੱਖ ਮੰਤਰੀ ਮਨੀਸ਼ ਸਿਸੋਦੀਆ ਦੀ ਗ੍ਰਿਫਤਾਰੀ ਕਰਨ ਲਈ ਬਣਾਇਆ ਗਿਆ ਸੀ। ਐਨੇ ਇਸੇ ਵਕਤ ਬਿਹਾਰ ਵਿੱਚ ਰਾਸ਼ਟਰੀ ਜਨਤਾ ਦਲ ਦੇ ਆਗੂ ਤੇਜੱਸਵੀ ਯਾਦਵ ਦੀ ਮਾਂ ਅਤੇ ਸਾਬਕਾ ਮੁੱਖ ਮੰਤਰੀ ਰਾਬੜੀ ਦੇਵੀ ਨੂੰ ਪੁੱਛਗਿੱਛ ਲਈ ਪੇਸ਼ੀ ਭਰਨ ਦਾ ਹੁਕਮ ਹੋ ਗਿਆ ਤੇ ਉਸ ਪਰਵਾਰ ਤੇ ਪਰਵਾਰ ਦੇ ਨੇੜਲਿਆਂ ਵਿਰੁੱਧ ਛਾਪੇ ਮਾਰਨੇ ਸ਼ੁਰੂ ਕਰ ਦਿੱਤੇ ਗਏ, ਜਿਸ ਨਾਲ ਸਾਰੇ ਦੇਸ਼ ਵਿੱਚ ਖਾਸ ਸੰਕੇਤ ਚਲਾ ਗਿਆ ਹੈ। ਇਹੀ ਸੰਕੇਤ ਤਾਂ ਕੇਂਦਰ ਸਰਕਾਰ ਚਲਾ ਰਹੀ ਪਾਰਟੀ ਆਪਣੀਆਂ ਕੇਂਦਰੀ ਏਜੰਸੀਆਂ ਰਾਹੀਂ ਦੇਣਾ ਚਾਹੁੰਦੀ ਸੀ ਕਿ ਜਿਹੜਾ ਵੀ ਸਿਰ ਵਿਰੋਧ ਲਈ ਉੱਠੇਗਾ, ਉਸ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈ ਸਕਦਾ ਹੈ ਤੇ ਜਿਹੜਾ ਕੇਂਦਰ ਦੇ ਰਾਜ-ਕਰਤਿਆਂ ਨਾਲ ਮਿਲ ਕੇ ਚੱਲੇਗਾ, ਆਸਾਮ ਦੇ ਮੁੱਖ ਮੰਤਰੀ ਹੇਮੰਤ ਬਿਸਵਾ ਸਰਮਾ ਵਾਂਗ ਉਸ ਨੂੰ ਸਾਰੇ ਗੁਨਾਹ ਮਾਫ ਕਰ ਕੇ ਐਸ਼ ਕਰਨ ਦਾ ਮੌਕਾ ਦਿੱਤਾ ਜਾ ਸਕਦਾ ਹੈ।
ਤਸਵੀਰ ਦਾ ਦੂਸਰਾ ਪਾਸਾ ਇਹ ਹੈ ਕਿ ਕਰਨਾਟਕ ਵਿੱਚ ਲੋਕਪਾਲ ਦੀ ਟੀਮ ਨੇ ਇੱਕ ਦਿਨ ਛਾਪਾ ਮਾਰ ਕੇ ਓਥੋਂ ਦੇ ਇੱਕ ਭਾਜਪਾ ਵਿਧਾਇਕ ਦੇ ਪੁੱਤਰ ਨੂੰ ਚਾਲੀ ਲੱਖ ਰੁਪਏ ਰਿਸ਼ਵਤ ਲੈਂਦੇ ਜਾ ਫੜਿਆ। ਉਸ ਪਿੱਛੋਂ ਭਾਜਪਾ ਦੇ ਉਸ ਵਿਧਾਇਕ ਦੇ ਘਰ ਦੀ ਤਲਾਸ਼ੀ ਕੀਤੀ ਤਾਂ ਕਈ ਕਰੋੜ ਰੁਪਏ ਓਥੋਂ ਨਕਦੀ ਮਿਲ ਗਈ, ਪਰ ਉਸ ਕੇਸ ਵਿੱਚ ਕੇਂਦਰ ਦੀ ਕਿਸੇ ਵੀ ਜਾਂਚ ਏਜੰਸੀ ਨੇ ਅਗਲੀ ਪੜਤਾਲ ਸ਼ੁਰੂ ਨਹੀਂ ਸੀ ਕੀਤੀ। ਗੱਲ ਏਥੋਂ ਤੱਕ ਰੁਕੀ ਵੀ ਨਹੀਂ ਸੀ ਰਹੀ, ਕਰਨਾਟਕ ਵਿੱਚ ਸਰਕਾਰੀ ਕੰਮ ਕਰਨ ਵਾਲੇ ਠੇਕੇਦਾਰਾਂ ਦੀ ਐਸੋਸੀਏਸ਼ਨ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਇੱਕ ਚਿੱਠੀ ਲਿਖ ਦਿੱਤੀ ਕਿ ਏਥੇ ਰਾਜ ਕਰਦੀ ਭਾਜਪਾ ਦੇ ਵਿਧਾਇਕ ਹਰ ਕੰਮ ਤੋਂ ਚਾਲੀ ਫੀਸਦੀ ਕਮਿਸ਼ਨ ਮੰਗਦੇ ਹਨ, ਪਰ ਠੇਕੇਦਾਰਾਂ ਵੱਲੋਂ ਲਿਖੇ ਇਸ ਸਾਂਝੇ ਪੱਤਰ ਉੱਤੇ ਵੀ ਭ੍ਰਿਸ਼ਟਾਚਾਰ ਦਾ ਕੇਸ ਦਰਜ ਨਹੀਂ ਕੀਤਾ ਗਿਆ। ਕਾਰਨ ਇਸ ਦਾ ਕਿਸੇ ਤੋਂ ਲੁਕਿਆ ਹੋਇਆ ਨਹੀਂ ਕਿ ਆਪਣੇ ਬੰਦੇ ਦਾ ਭ੍ਰਿਸ਼ਟਾਚਾਰ ਅਸਲ ਵਿੱਚ ਭ੍ਰਿਸ਼ਟਾਚਾਰ ਗਿਣਿਆ ਹੀ ਨਹੀਂ ਜਾਂਦਾ।
ਆਪਣੇ ਕਿਸੇ ਬੰਦੇ ਦਾ ਕੀਤਾ ਭ੍ਰਿਸ਼ਟਾਚਾਰ ਜਿਨ੍ਹਾਂ ਕੇਂਦਰੀ ਏਜੰਸੀਆਂ ਨੂੰ ਜਾਂਚ ਜੋਗਾ ਭ੍ਰਿਸ਼ਟਾਚਾਰ ਨਹੀਂ ਲੱਗਦਾ, ਉਹ ਛੋਟੀ-ਛੋਟੀ ਗੱਲ ਉੱਤੇ ਜਿੱਦਾਂ ਵਿਰੋਧੀ ਧਿਰਾਂ ਦੇ ਲੀਡਰਾਂ ਪਿੱਛੇ ਰੱਸੇ ਚੁੱਕ ਕੇ ਦੌੜਨ ਲਈ ਤਿਆਰ ਰਹਿੰਦੀਆਂ ਹਨ, ਉਸ ਤੋਂ ਸਾਫ ਹੈ ਕਿ ਗੱਲ ਭ੍ਰਿਸ਼ਟਾਚਾਰ ਰੋਕਣ ਤੋਂ ਵੱਧ ਵਿਰੋਧੀਆਂ ਦਾ ਰਾਹ ਰੋਕਣ ਦੀ ਹੈ। ਅਗਲੀ ਪਾਰਲੀਮੈਂਟ ਚੋਣ ਦਾ ਸਮਾਂ ਬਹੁਤਾ ਦੂਰ ਨਹੀਂ ਤੇ ਉਹ ਘੜੀ ਆਉਣ ਤੱਕ ਕੇਂਦਰ ਸਰਕਾਰ ਪੁਰਾਣੇ ਇੰਦਰਾ ਗਾਂਧੀ ਵਾਲੇ ਦਾਅ-ਪੇਚਾਂ ਨਾਲ ਵਿਰੋਧੀ ਧਿਰਾਂ ਦੇ ਗੱਠਜੋੜ ਅੱਗੇ ਟੋਏ ਪੁੱਟਣ ਦਾ ਕੰਮ ਕਰਦੀ ਜਾਪਦੀ ਹੈ। ਰਾਜੀਵ ਗਾਂਧੀ ਨੇ ਜਦੋਂ ਇਹ ਵੇਖਿਆ ਸੀ ਕਿ ਵਿਰੋਧੀ ਧਿਰਾਂ ਦੀ ਏਕਤਾ ਉਸ ਨਾਲੋਂ ਟੁੱਟੇ ਆਗੂ ਵੀ ਪੀ ਸਿੰਘ ਦੇ ਦੁਆਲੇ ਹੁੰਦੀ ਜਾਪਦੀ ਹੈ ਤਾਂ ਉਸ ਨੇ ਵੀ ਪੀ ਸਿੰਘ ਦੇ ਪੁੱਤਰ ਦੇ ਖਿਲਾਫ ਮੀਡੀਏ ਦੇ ਇੱਕ ਹਿੱਸੇ ਰਾਹੀਂ ਇਹ ਚਰਚਾ ਚਲਵਾਈ ਸੀ ਕਿ ਫਲਾਣੇ-ਫਲਾਣੇ ਦੇਸ਼ਾਂ ਵਿੱਚ ਉਹ ਮੁੰਡਾ ਐਨੇ ਸੌ ਕਰੋੜ ਰੁਪਏ ਦਾ ਕਾਲਾ ਧਨ ਦੱਬੀ ਬੈਠਾ ਹੈ। ਬਾਅਦ ਵਿੱਚ ਇਹ ਭੇਦ ਖੁੱਲ੍ਹਾ ਸੀ ਕਿ ਸਮੁੱਚਾ ਕੂੜ-ਪ੍ਰਚਾਰ ਦਿੱਲੀ ਵਿੱਚ ਰਾਜੀਵ ਗਾਂਧੀ ਦੁਆਲੇ ਜੁੜੀ ਜੁੰਡੀ ਦੇ ਲੋਕਾਂ ਨੇ ਕੀਤਾ ਤੇ ਕਰਵਾਇਆ ਸੀ, ਤਾਂ ਕਿ ਵਿਰੋਧੀ ਪਾਰਟੀਆਂ ਦਾ ਗੱਠਜੋੜ ਬਣਨ ਤੋਂ ਰੋਕਿਆ ਜਾ ਸਕੇ। ਇਸ ਵਾਰੀ ਇਹ ਕੰਮ ਚੋਖਾ ਅਗੇਤਾ ਸ਼ੁਰੂ ਹੋ ਗਿਆ ਜਾਪਦਾ ਹੈ।