ਹੁਣ ਮੈਂ ਬੁਢਾਪਾ ਮਾਣ ਰਿਹਾ ਹਾਂ - ਰਵੇਲ ਸਿੰਘ
ਜੀ ਹਾਂ ਹੁਣ ਮੈਂ ਬੁਢਾਪਾ ਮਾਣ ਰਿਹਾ ਹਾਂ,ਤੇ ਉਮਰ ਦੇ ਪਚਾਸੀਵੇਂ ਗੇੜ ਨੂੰ ਪਾਰ ਕਰਨ ਵਾਲਾ ਹਾਂ। ਚੌਂਤੀ ਸਾਲ ਦੀ ਸਰਕਾਰੀ ਨੌਕਰੀ ਦੀ ਪੈਨਸ਼ਨ ਮੇਰੇ ਇਸ ਬੁਢਾਪੇ ਦੀ ਉਮਰ ਦੀ ਡੰਗੋਰੀ ਬਣੀ ਹੋਈ ਹੈ ਜੋ ਮੇਰੇ ਆਖਰੀ ਸਾਹਾਂ ਤੀਕ ਮੇਰਾ ਸਾਥ ਨਿਭਾਏਗੀ।
ਸਿਰਫ ਮੇਰਾ ਹੀ ਨਹੀਂ ਸਗੋਂ ਮੇਰੇ ਪਿੱਛੋਂ ਇਹ ਮੇਰੀ ਜੀਵਣ ਸਾਥਣ ਦਾ ਵੀ ਇਹ ਸਾਥ ਦਵੇਗੀ।
ਇਹ ਮੇਰੀ ਖੁਸ਼ਕਿਸਮਤੀ ਹੈ ਕਿ ਬੁਢੇਪਾ ਸ਼ੁਰੂ ਹੋਣ ਨਾਲ ਰੋਜੀ ਰੋਟੀ ਖਾਤਰ ਗਏ ਵਿਦੇਸ਼ੀ ਦੋਹਵਾਂ ਆਗਿਆਕਾਰ ਪੁੱਤਰਾਂ ਨੇ ਮੈਨੂੰ ਛੇਤੀ ਹੀ ਆਪਣੋ ਕੋਲ ਰਹਿਣ ਲਈ ਬੁਲਾ ਲਿਆ।
ਮੇਰੇ ਲਈ ਇਹ ਗੱਲ ਵੀ ਬੜੇ ਮਾਨ ਵਾਲੀ ਹੈ ਕਿ ਉਨ੍ਹਾਂ ਮੇਰੀ ਪੈਨਸ਼ਨ ਦੀ ਕਦੇ ਝਾਕ ਨਹੀਂ ਕੀਤੀ।
ਜਿੰਦਗੀ ਦੇ ਕਈ ਕਈ ਉਤਾਰ ਚ੍ਹੜਾ ,ਦੁੱਖ,ਸੁੱਖ, ਖੁਸ਼ੀਆਂ ਗਮੀਆਂ ,ਸਫਲਤਾਵਾਂ,ਅਸਫਲਤਾਂਵਾਂ ਤੇ ਉੱਬੜ ਖੁੱਬੜ ਰਾਹਵਾਂ ਵਾਲਾ ਪੰਧ ਕਰਦੇ ਹੁਣ ਬੁਢੇਪੇ ਦੀ ਗੁਫਾ ਵਿੱਚੋਂ ਲੰਘ ਰਿਹਾ ਹਾਂ।
ਦੂਸਰਿਆਂ ਤੇ ਗਿਲੇ ਸ਼ਿਕਵੇ ਕਰਨ ਦੀ ਥਾਂ ਉਨ੍ਹਾਂ ਨੂੰ ਦੋਰੋਂ ਹੀ ਫਤਿਹ ਬੁਲਾ ਛੱਡਦਾ ਹਾਂ।ਜਿੰਦਗੀ ਦੀ ਦੌੜ ਵਿੱਚ ਜੋ ਮੈਥੋਂ ਅੱਗੇ ਲੰਘ ਗਏ ਮੈਂ ਉਨ੍ਹਾਂ ਦਾ ਵੀ ਸ਼ੁਕਰ ਗੁਜਾਰ ਹਾਂ,ਜੋ ਮੈਥੋਂ ਪਿੱਛੇ ਰਹਿ ਗਏ ,ਉਨ੍ਹਾਂ ਦਾ ਵੀ ਕਿਉਂ ਜੋ ਮੈਂ ਉਨਾਂ ਸਭਨਾਂ ਤੋਂ ਕੁੱਝ ਨਾ ਕੁਝ ਸਿੱਖਿਆ ਹੈ।
ਸਮੇਂ ਦੇ ਪਰਛਾਂਵੇ ਕਦੇ ਵੀ ਇਕ ਥਾਂ ਨਹੀਂ ਟਿਕਦੇ ,ਇਹ ਮੋਸਮਾਂ ਵਾਂਗ ਬਦਲਦੇ ਰਹਿੰਦੇ ਹਨ ਜਿੰਦਗੀ ਵੀ ਤਾਂ ਇਨ੍ਹਾਂ ਵਾਂਗ ਹੀ ਹੈ,ਜੇ ਬੁਢੇਪਾ ਆ ਗਿਆ ਤਾਂ ਕਿਹੜੀ ਅਣਹੋਣੀ ਹੋਈ,ਇਸ ਨੇ ਆਉਣਾ ਹੀ ਸੀ, ਜੇ ਆਇਆ ਹੈ ਤਾਂ ਇਸ ਨੂੰ ਖਿੜੇ ਮੱਥੇ ਜੀ ਆਇਆਂ ਕਹਿ ਕੇ ਇਸ ਨੂੰ ਹਰ ਹਾਲ ਵਿੱਚ ਰਹਿ ਕੇ ਮਾਣਈਏ,ਜੇ ਹੋਰ ਆ ਕੇ ਆਪਣੀ ਵਾਰੀ ਦੇ ਕੇ ਚਲੇ ਗਏ ਤਾਂ ਇਹ ਵੀ ਆਇਆ ਤਾਂ ਆਖਰ ਜਾਣ ਵਾਸਤੇ ਹੀ ਹੈ।
“ਬੀਤੇ ਦੇ ਪਰਛਾਂਵੇਂ ਫੜਿਆਂ, ਕੁਝ ਨਹੀਂ ਹੋਣਾ।
ਤੁਰ ਗਿਆਂ ਦੇ ਸਿਰਨਾਂਵੇ ਪੜ੍ਹਿਆਂ,ਕੁੱਝ ਨਹੀਂ ਹੋਣਾਂ।“
ਭਾਂਵੇਂ ਮੈਂ ਕੋਈ ਉਚੇਰੀ ਪੜ੍ਹਾਈ ਕਰਕੇ ਕੋਈ ਡਿਗਰੀ ਆਦ ਤਾਂ ਹਾਸਲ ਨਹੀਂ ਕੀਤੀ ਪਰ ਕਲਮ ਦੀ ਸਾਂਝ ਮੇਰੇ ਨਾਲ ਖਵਰੇ ਧੁਰ ਤੋਂ ਚਲੀ ਆ ਰਹੀ ਹੈ। ਦਰਮਿਆਨੇ ਦਰਜੇ ਦੇ ਕਈ ਅਹੁਦਿਆਂ ਤੇ ਰਹਿ ਕੇ ਕਈ ਛੋਟੇ ਵੱਡੇ ਅਧਿਕਾਰੀਆਂ ਨਾਲ ਆਪਣਾ ਫਰਜ ਨਿਭਾਉਂਦੇ ਹੋਏ ਸਮਾ ਬਿਤਾ ਕੇ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਜਾਣਨ ਤੇ ਸਮਝਣ ਦਾ ਯਤਨ ਕੀਤਾ ਹੈ। ਜੋ ਹੁਣ ਵੀ ਇਸ ਦਾ ਬਹੁਤ ਕੁੱਝ ਬੁਢਾਪੇ ਦੇ ਸਮੇਂ ਵਿੱਚ ਮੇਰੀਆਂ ਲਿਖਤਾਂ ਦਾ ਹਿੱਸਾ ਬਣ ਕੇ ਰਹਿ ਗਿਆ ਹੈ ।ਮੈਂ ਦੇਸ਼ ਵਿਦੇਸ਼ ਰਹਿ ਕੇ ਉਥੋਂ ਦੀ ਬੋਲੀ ਨੂੰ ਸਿੱਖਿਆ ਤੇ ਸਮਝਿਆ ਵੀ ਹੈ ਪਰ ਆਪਣੀ ਮਾਂ ਬੋਲੀ ਤੇ ਪੰਜਾਬੀ ਸਾਹਿਤ ਨੂੰ ਪੜ੍ਹਨ ਨੂੰ ਪਹਿਲ ਦੇਂਦਾ ਹਾਂ ਤੇ ਮਾਂ ਬੋਲੀ ਨੂੰ ਪਿਆਰ ਕਰਦਾ ਹਾਂ।
ਬੁਢੇਪੇ ਦੀ ਇਸ ਉਮਰ ਵਿੱਚ ਹੋਣ ਤੇ ਵੀ ਮੈਂ ਆਪਣੇ ਆਪ ਨੂੰ ਇੱਕ ਸਿਖਾਂਦਰੂ ਸਮਝਦਾ ਹਾਂ,ਬੀਤੇ ਅਤੇ ਬੀਤ ਰਹੇ ਸਮੇਂ ਦੇ ਹਰ ਪਲ ਤੇ ਹਰ ਛੋਟੀ ਮੋਟੀ ਘਟਨਾ ਤੋਂ ਮੈਂ ਕੁੱਝ ਸਿੱਖਣ ਦੀ ਕੋਸ਼ਸ਼ ਕਰਦਾ ਆਇਆ ਹਾਂ। ਕਲਮ ਤੋਂ ਕੰਪਿਊਟਰ ਤੀਕ ਅਨੇਕਾਂ ਜਾਣਕਾਰੀਆਂ ਤੀਕ ਪਹੁੰਚਣਾ ਮੇਰੇ ਇਸ ਸਿਖਾਂਦਰੂ ਸੁਭਾਅ ਦਾ ਹੀ ਸਿੱਟਾ ਕਿਹਾ ਜਾ ਸਕਦਾ ਹੈ । ਹਰ ਕਿਸੇ ਕੋਲ ਕੁੱਝ ਨਾ ਕੁੱਝ ਸਿੱਖਣ ਲਈ ਹੁੰਦਾ ਹੈ,ਜਰਾ ਸਿੱਖਣ ਦੀ ਭਾਵਣਾ ਹੋਣੀ ਚਾਹੀਦੀ ਹੈ। ਇਹ ਗੱਲ ਮੈਂ ਇਸ ਬੁਢੇਪੇ ਦੇ ਸਮੇਂ ਵਿੱਚ ਵੀ ਮੈਂ ਵੱਸ ਲਗਦਿਆਂ ਨਹੀਂ ਭੁੱਲਦਾ।
ਪਤਾ ਨਹੀਂ ਕਿਉਂ ਹੁਣ ਇਸ ਉਮਰੇ ਮੈਨੂੰ ਛੋਟੇ ਛੋਟੇ ਬਾਲ ਬੜੇ ਪਿਆਰੇ ਲਗਦੇ ਹਨ.ਇਨ੍ਹਾਂ ਨਾਲ ਗੱਲਾਂ ਕਰਦਿਆਂ ,ਇਨ੍ਹਾਂ ਦੀ ਮਾਸੂਮੀਅਤ ਵਿੱਚੇਂ ਮੈਨੂੰ ਬਹੁਤ ਕੁਝ ਸਿੱਖਂਣ ਨੂੰ ਮਿਲਦਾ ਹੈ।ਇਨ੍ਹਾਂ ਵਿੱਚ ਘਿਰਿਆ ਮੈਂ ਕਈ ਉਨ੍ਹਾਂ ਵਰਗਾ ਹੀ ਹੋ ਜਾਂਦਾ ਹਾਂ ਤੇ ਕਈ ਵਾਰ ਸੋਚਦਾ ਹਾਂ ਕਿ ਕਦੇ ਮੈਂ ਵੀ ਇਨਾਂ ਵਾਂਗ ਹੁੰਦਾ ਹੋਵਾਂਗਾ ਤੇ ਕਦੇ ਇਹ ਵੀ ਮੇਰੇ ਵਾਂਗ ਹੋ ਜਾਣਗੇ।ਬਾਲ ਭਾਂਵੇਂ ਆਪਣੇ ਹੋਣ ਭਾਂਵੇਂ ਬੇਗਾਨੇ ਜਾਂ ਓਪਰੇ ਮੈਂ ਉਨ੍ਹਾਂ ਨਾਲ ਗੱਲਾਂ ਕਰਨ ਦਾ ਕੋਈ ਨਾ ਕੋਈ ਬਹਾਨਾ ਢੂੰਡ ਹੀ ਲੈਂਦਾ ਹਾਂ,ਉਨ੍ਹਾਂ ਦੀਆਂ ਓਪਰੀਆਂ ਤੱਕਣੀਆਂ ਮਾਸੂਮ ਮੁਸਕਾਨਾਂ ਵਿੱਚ ਬਦਲਦੀਆਂ ਵੇਖ ਕੇ ਮੈਨੂੰ ਅਜੀਬ ਖੁਸ਼ੀ ਮਿਲਦੀ ਹੈ।ਓਦੋਂ ਮੈਂ ਆਪਣਾ ਬੁਢੇਪਾ ਭੁੱਲ ਬੈਠਦਾ ਹਾਂ।
ਜੀਵਣ ਦੇ ਕੌੜੇ ਤਲਖ ਤਜਰਬਿਆਂ ਦੀ ਪੰਡ ਸਿਰ ਤੇ ਚੁੱਕੀ ਫਿਰਦਿਆਂ ਹੁਣ ਬੁਢੇਪੇ ਨੇ ਆਣ ਦਸਤਕ ਦਿੱਤੀ ਹੈ।ਸੋਚਦਾ ਹਾਂ,ਇਸ ਰੁਝੇਵਿਆਂ ਭਰੀ ਦੌੜ ਭੱਜ ਦੀ ਦੁਨੀਆ ਵਿੱਚ ਜਿੱਥੇ ਕਿਸੇ ਨੂੰ ਕਿਸੇ ਕੋਲ ਬੈਠਣ ਦਾ ਸਮਾ ਨਹੀਂ ਕੌਂਣ ਸੁਣੇਗਾ, ਜਿੰਦਗੀ ਦੇ ਤੜੇ ਤਜਰਬਿਆਂ ਦੀ ਗੱਲ ਸੁਣਨ ਲਈ ਕਿਸ ਕੋਲ ਵਿਹਲ ਹੈ।,ਜੇ ਬੁਢੇਪਾ ਆਇਆ ਹੈ ਤਾਂ ਇਸ ਨੂੰ ਜੀ ਆਇਆ ਕਹਿ ਕੇ ਇਸ ਨੂੰ ਮਾਣ,ਕੀ ਪਤਾ ਕਦੋਂ ਤੇ ਕਿਸ ਹਾਲ ਵਿੱਚ ਇਹ ਅੰਤ ਦੀ ਘੜੀ ਵਿੱਚ ਅਲੋਪ ਹੋ ਜਾਵੇ। ਪਰ ਜਦ ਤੀਕ ਹੋ ਸਕੇ ਕੁੱਝ ਨਾ ਕੁੱਝ ਕਰਿਆ ਕਰ।ਕਿਉਂ ਜੋ ਕੁੱਝ ਕਰਦੇ ਰਹਿਣਾ ਹੀ ਤਾਂ ਜਿੰਦਗੀ ਹੈ।ਜੇ ਬਚਪਣ ,ਜੁਆਨੀ ,ਦੇ ਹਰ ਹਿੱਸੇ ਨੂੰ ਹਰ ਹਾਲ ਮਾਣਿਆ ਹੈ ਤਾਂ ਬੁਢੇਪੇ ਦੇ ਇਸ ਸਮੇਂ ਨੂੰ ਮਾਣਨ ਤੋਂ ਵੀ ਨਾ ਖੁੰਝੀਂ।ਛਿਂਣ ਛਿਣ ਪਲ ਰੇਤ ਦੀ ਸੁੱਠੀ ਵਾਂਗਰ ਕਿਰ ਰਿਹਾ ਹੈ, ਕੌਂਣ ਕਦੋਂ ਤੇ ਕਿਵੇਂ ਤੇ ਕਿੱਥੇ ਇਹ ਮੁੱਠੀ ਖਾਲੀ ਹੱਥ ਦੀ ਤਲੀ ਬਣ ਕੇ ਖੁਲ੍ਹ ਜਾਵੇ,ਤੇ ਇਹ ਬੁਢੇਪਾ ਵੀ ਜੀਵਣ ਦੀ ਅੰਤਮ ਘੜੀ ਤੋੰ ਵਾਰਿਆ ਜਾਵੇ ਪਰ ਹਾਲ ਦੀ ਘੜੀ ਇਨ੍ਹਾਂ ਬੁਢੇਪੇ ਦੇ ਪਲਾਂ ਨੂੰ ਜਿੰਨਾ ਮਾਣਿਆ ਜਾਵੇ ਓਨਾ ਹੀ ਇਹ ਲਾਹੇ ਵੰਦ ਹੈ।
ਜੀਵਣ ਦੀ ਇਹ ਲਿਖਤ ਅਧੂਰੀ ਛੱਡ ਜਾਵਾਂਗਾ।
ਇਹ ਦੁਨੀਆਂ, ਪੂਰੀ ਦੀ ਪੂਰੀ ਛੱਡ ਜਾਵਾਂਗਾ ।
ਰਵੇਲ ਸਿੰਘ
ਫੋਨ 9056016184