ਕਿਤਾਬਾਂ - ਬਲਦੇਵ ਬਾਵਾ
ਟਟਹਿਣਿਆਂ ਲੱਦੀਆਂ ਜਗਮਗਾਉਂਦੀਆਂ ਬੇਰੀਆਂ,
ਰਾਤ ਨੂੰ ਤਾਰਿਆਂ ਦੇ ਹੁੰਗਾਰੇ ਭਰਦੀਆਂ,
ਚਾਨਣੀ ਦੀਆਂ ਅਰਸ਼ੀ ਮੂਕ ਆਬਸ਼ਾਰਾਂ,
ਮੁਨੀ-ਮੰਡਲੀਆਂ ਇਸ਼ਨਾਨ ਕਰਦੀਆਂ,
ਸਹਿਜ ਆਨੰਦ ਵਿੱਚ ਕੂੰਜਾਂ ਦੀਆਂ ਡਾਰਾਂ,
ਹੰਸਾਂ ਵਿਹੜੇ ਕਾਵਾਂ ਦੀ ਜੰਞ ਵਰਗੀਆਂ,
ਰਾਹਬਰਾਂ ਨੂੰ ਜੱਫੀ ਲੈਣ ਸੋਚਵਾਨ ਸੰਝਾਂ,
ਪੀਰਾਂ ਸਿਰ ਹੱਥ ਦੇਣ ਲਾਲ ਸਰਘੀਆਂ।
ਕਿਤਾਬਾਂ ਦੇ ਝਰੋਖਿਆਂ ’ਚੋਂ ਤੱਕਦੇ ਨੇ ਸ਼ਾਇਰ,
ਇਨ੍ਹਾਂ ਵਿੱਚ ਜਾਬਰੀ ਜਿੱਤਾਂ ਵੀ ਨੇ ਦਾਇਰ,
ਸੁਣਦੀ ਪਈ ਦਾਸੀਆਂ ਦੇ ਰੋਣ ਦੀ ਅਵਾਜ਼,
ਰਖੇਲਾਂ ਪਿੰਡੇ ਲਾਸਾਂ ਪਾਉਂਦੀ ਛਮਕਾਂ ਦੀ ਮਾਰ,
ਢਾਹ ਨਾ ਲੈਣੀ ਕਿਲਿਆਂ ਦੇ ਢਹਿਣ ਦੀ ਉਮੀਦ,
ਮੰਨਣੀ ਨਹੀਂ ਮਹਿਲਾਂ ਦੀਆਂ ਨੀਂਹਾਂ ਦੀ ਸਦੀਵ।
ਕਿਤਾਬਾਂ ਵਿੱਚ ਬਾਗੀਆਂ ਦੇ ਮੋਢੇ ਸੂਲੀਆਂ,
ਪੀਰਾਂ ਦੀਆਂ ਦਾਹੜੀਆਂ ਤੇ ਪੱਗਾਂ ਧੂੜੀਆਂ,
ਜੇ ਪੈਂਡਾ ਹੈ ਅਮੁੱਕ ਤਾਂ ਹੈ ਚਾਲ ਵੀ ਅਟੁੱਟ,
ਕਾਠ ਚੱਬਣੀ ਤੇ ਮਾਰਨਾ ਵਗਾਹ ਕੇ ਚੂਰੀਆਂ।
ਕਾਠ ਚੱਬਣੀ ਤੇ ਮਾਰਨਾ ਵਗਾਹ ਕੇ ਚੂਰੀਆਂ।
ਕਿਤਾਬਾਂ ਦੀਆਂ ਵਾਦੀਆਂ ’ਚ ਸੂਫ਼ੀ ਵੱਸਦੇ,
ਝੂਠ ਅਤੇ ਸੱਚ ਦੀਆਂ ਗੱਲਾਂ ਦੱਸਦੇ।
ਕਿਤਾਬਾਂ ਦਿਆਂ ਅੰਬਰਾਂ ’ਚੋਂ ਰੱਬ ਝਾਕਦਾ,
ਸ਼ਹੀਦਾਂ ਤੇ ਮੁਰੀਦਾਂ ਲਈ ਦੀਵੇ ਬਾਲ਼ਦਾ।
(ਸਨਿੱਚਰਵਾਰ 26 ਸਤੰਬਰ, 2020)
ਸੰਪਰਕ : 001 801-703-6415)