ਵਿਦੇਸ਼ ਨੀਤੀ : ਇਤਿਹਾਸ ਤੇ ਵਰਤਮਾਨ - ਗੁਰਬਚਨ ਜਗਤ
ਪਿਛਲੇ ਕੁਝ ਮਹੀਨਿਆਂ ਤੋਂ ਜੀ20 ਸੰਮੇਲਨ ਨੂੰ ਲੈ ਕੇ ਸਾਡੇ ਦੇਸ਼ ਵਿਚ ਕੂਟਨੀਤਕ ਮੁਹਾਜ਼ ’ਤੇ ਕਾਫ਼ੀ ਚਹਿਲ ਪਹਿਲ ਚੱਲ ਰਹੀ ਹੈ। ਵੱਖ-ਵੱਖ ਦੇਸ਼ਾਂ ਤੋਂ ਕਈ ਨਾਮੀ ਹਸਤੀਆਂ ਦਾ ਆਉਣ ਜਾਣ ਲੱਗਿਆ ਹੋਇਆ ਹੈ ਅਤੇ ਸਾਡਾ ਵਿਦੇਸ਼ ਮਾਮਲਿਆਂ ਬਾਰੇ ਮੰਤਰਾਲਾ ਵੀ ਕਾਫ਼ੀ ਸਰਗਰਮ ਹੈ। ਆਉਂਦੇ ਮਹੀਨਿਆਂ ਵਿਚ ਇਹ ਸਰਗਰਮੀ ਹੋਰ ਵਧਣ ਦੇ ਆਸਾਰ ਹਨ। ਜ਼ਾਹਿਰ ਹੈ ਕਿ ਪੱਛਮੀ ਤਾਕਤਾਂ ਵਲੋਂ ਸਾਡੇ ’ਤੇ ਡੋਰੇ ਪਾਏ ਜਾ ਰਹੇ ਹਨ ਅਤੇ ਇਕ ਖ਼ਾਸ ਦਿਸ਼ਾ ਵੱਲ ਵਧਣ ਲਈ ਜ਼ੋਰ ਪਾਇਆ ਜਾ ਰਿਹਾ ਹੈ। ਕੌਮਾਂਤਰੀ ਕੂਟਨੀਤੀ ਦਾ ਚੱਕਰ ਲਗਾਤਾਰ ਘੁੰਮਦਾ ਰਹਿੰਦਾ ਹੈ – ਭਾਵ ਕੋਈ ਪੱਕਾ ਮਿੱਤਰ ਜਾਂ ਦੁਸ਼ਮਣ ਨਹੀਂ ਹੁੰਦਾ ਸਗੋਂ ਸਥਾਈ ਹਿੱਤ ਹੁੰਦੇ ਹਨ। ਸਾਡੀ 130 ਕਰੋੜ ਦੀ ਆਬਾਦੀ ਹੈ ਅਤੇ ਪਿਛਲੇ ਦੋ ਦਹਾਕਿਆਂ ਤੋਂ ਸਾਡੇ ਅਰਥਚਾਰੇ ਵਿਚ ਵਾਧੇ ਦੀ ਦਰ ਸਭ ਤੋਂ ਜ਼ਿਆਦਾ ਬਣੀ ਹੋਈ ਹੈ ਅਤੇ ਇਹ ਗੱਲ ਸਮਝ ਪੈਂਦੀ ਹੈ ਕਿ ਸਾਡੇ ਉਪ-ਮਹਾਂਦੀਪ ਦੀ ਰਣਨੀਤਕ ਸਥਿਤੀ ਕਰ ਕੇ ਸਾਨੂੰ ਵਰਚਾਇਆ ਜਾ ਰਿਹਾ ਹੈ। ਬਹਰਹਾਲ, ਵਿਦੇਸ਼ ਨੀਤੀ ਦੇ ਖੇਤਰ ਦੀ ਚਰਚਾ ਕਰਨ ਤੋਂ ਪਹਿਲਾਂ ਮੈਂ ਸਾਡੇ ਘਰੋਗੀ ਤੇ ਕੌਮਾਂਤਰੀ ਹਿੱਤਾਂ ਦੀ ਪੂਰਤੀ ਲਈ ਇਕ ਸਫਲ ਵਿਦੇਸ਼ ਨੀਤੀ ਚਲਾਉਣ ਲਈ ਕੁਝ ਅਗਾਊਂ ਸ਼ਰਤਾਂ ਦਾ ਜ਼ਿਕਰ ਕਰਨਾ ਚਾਹਾਂਗਾ। ਜੇ ਅਸੀਂ ਆਪਣੀਆਂ ਸਰਹੱਦਾਂ ਦੇ ਅੰਦਰ ਸੁਰੱਖਿਅਤ ਤੇ ਸਥਿਰ ਅਤੇ ਇਕਜੁੱਟ ਹੋਵਾਂਗੇ ਤਾਂ ਅਸੀਂ ਬਾਹਰ ਵੀ ਆਪਣਾ ਇਹ ਅਕਸ ਪੇਸ਼ ਕਰ ਪਾਵਾਂਗੇ। ਸਾਨੂੰ ਸਮੁੱਚੇ ਦੇਸ਼ ਨੂੰ ਇਕ ਨਜ਼ਰ ਨਾਲ ਦੇਖਣਾ ਚਾਹੀਦਾ ਹੈ ਅਤੇ ਵੱਖੋ ਵੱਖਰੇ ਵਿਚਾਰਾਂ ਤੇ ਰਾਵਾਂ ਵਾਲੇ ਸਭ ਲੋਕਾਂ ਨੂੰ ਨਾਲ ਲੈਣ ਦੀ ਲੋੜ ਹੈ। ਇਕ ਨੀਤੀ ਵਿਕਸਿਤ ਕਰਨ ਲਈ ਮਤਭੇਦ ਲਾਂਭੇ ਰੱਖਣੇ ਪੈਣਗੇ। ਬੀਤੇ ਸਮਿਆਂ ਵਿਚਵੀ ਇਹ ਹੁੰਦਾ ਰਿਹਾ ਹੈ ਜਦੋਂ ਕੋਈ ਸੱਤਾਧਾਰੀ ਪਾਰਟੀ ਵਿਰੋਧੀ ਧਿਰ ਨੂੰ ਭਰੋਸੇ ਵਿਚ ਲੈ ਕੇ ਆਮ ਸਹਿਮਤੀ ਬਣਾਉਂਦੀ ਰਹੀ ਹੈ। ਨਹਿਰੂ, ਇੰਦਰਾ, ਵਾਜਪਾਈ ਅਤੇ ਮਨਮੋਹਨ ਸਿੰਘ ਦੇ ਸ਼ਾਸਨ ਕਾਲ ਵਿਚ ਅਕਸਰ ਇਹ ਹੁੰਦਾ ਰਿਹਾ ਹੈ। ਮੇਰਾ ਵਿਸ਼ਵਾਸ ਹੈ ਕਿ ਇਹ ਰਵਾਇਤ ਜਾਰੀ ਰਹਿਣੀ ਚਾਹੀਦੀ ਹੈ ਅਤੇ ਜੇ ਸੰਭਵ ਹੋਵੇ ਤਾਂ ਇਸ ਨੂੰ ਮਜ਼ਬੂਤ ਕੀਤਾ ਜਾਣਾ ਚਾਹੀਦਾ ਹੈ।
ਪ੍ਰਾਚੀਨ ਸਮਿਆਂ ਵਿਚ ਮੌਰੀਆ ਤੇ ਗੁਪਤ ਸਾਮਰਾਜਾਂ ਦਾ ਖੇਤਰਫਲ ਬਹੁਤ ਵਿਸ਼ਾਲ ਸੀ ਅਤੇ ਇਸ ਨੂੰ ਸੁਨਹਿਰੀ ਕਾਲ ਦੱਸਿਆ ਜਾਂਦਾ ਹੈ। ਚੰਦਰਗੁਪਤ ਮੌਰੀਆ ਨੇ ਪ੍ਰਸ਼ਾਸਨ ਦੀ ਇਕ ਸਫਲ ਪ੍ਰਣਾਲੀ ਸਥਾਪਤ ਕੀਤੀ ਸੀ, ਅਸ਼ੋਕ ਮਹਾਨ ਦੇ ਸ਼ਿਲਾਲੇਖ ਬੇਮਿਸਾਲ ਮੰਨੇ ਜਾਂਦੇ ਹਨ। ਕਾਲਿੰਗ ਦੇ ਯੁੱਧ ਤੋਂ ਬਾਅਦ ਸ਼ਾਂਤੀ ਤੇ ਧਾਰਮਿਕ ਇਕਸੁਰਤਾ ਦਾ ਕਾਲ ਮੰਨਿਆ ਜਾਂਦਾ ਹੈ ਜਦੋਂ ਘਰੋਗੀ ਤੇ ਬਾਹਰੀ ਵਪਾਰ, ਖੇਤੀਬਾੜੀ ਅਤੇ ਗਿਆਨ ਵਿਗਿਆਨ ਵਿਚ ਇਜ਼ਾਫ਼ਾ ਹੋਇਆ ਸੀ। ਮੈਂ ਭਾਰਤ ਦੇ ਉਸ ਦੌਰ ਦਾ ਜ਼ਿਕਰ ਇਸ ਲਈ ਕੀਤਾ ਹੈ ਕਿਉਂਕਿ ਇਸੇ ਅਰਸੇ ਵਿਚ ਭਾਰਤ ਨੇ ਅੰਦਰੂਨੀ ਸ਼ਕਤੀ ਹਾਸਲ ਕੀਤੀ ਅਤੇ ਆਪਣੀ ਅਸਲ ਸਮੱਰਥਾ ਨੂੰ ਅਮਲ ਵਿਚ ਲਿਆਂਦਾ ਸੀ। ਵਪਾਰ ਵਿਚ ਬੁਲੰਦੀਆਂ ਹਾਸਲ ਕੀਤੀਆਂ ਅਤੇ ਭਾਰਤੀ ਸੰਸਕ੍ਰਿਤੀ ਦਾ ਦੂਰ ਦੂਰ ਤੱਕ ਪਸਾਰ ਹੋਇਆ। ਅਤੇ ਰੇਸ਼ਮ ਮਾਰਗ ਅਤੇ ਸ਼ਾਹਰਾਹ ਜ਼ਰੀਏ ਜਿਵੇਂ ਮਸਾਲਿਆਂ ਦਾ ਕਾਰੋਬਾਰ ਹੋਇਆ ਉਵੇਂ ਹੀ ਹਿੰਦੂਮਤ ਅਤੇ ਬੁੱਧਮਤ ਦੇ ਵਿਚਾਰ ਅਤੇ ਧਰਮ ਦਾ ਦੂਰ ਦੂਰ ਤੱਕ ਪਸਾਰ ਹੋਇਆ। ਵਿਚਾਰਾਂ ਅਤੇ ਵਸਤਾਂ ਦੇ ਆਦਾਨ ਪ੍ਰਦਾਨ ਵਜੋਂ ਭਾਰਤੀ ਸੰਸਕ੍ਰਿਤੀ ਦਾ ਅਸਰ ਵਿਦੇਸ਼ ਵਿਚ ਵੀ ਪਿਆ। ਦੱਖਣ ਦੇ ਰਾਜਾਂ ਨੇ ਜਹਾਜ਼ਰਾਨੀ ਵਿਚ ਮੁਹਾਰਤ ਹਾਸਲ ਕੀਤੀ ਅਤੇ ਜਿਨ੍ਹਾਂ ਦੇਸ਼ਾਂ ਨਾਲ ਉਨ੍ਹਾਂ ਦਾ ਵਪਾਰ ਚਲਦਾ ਸੀ, ਉਨ੍ਹਾਂ ਨੂੰ ਪ੍ਰਭਾਵਿਤ ਕੀਤਾ।
ਹੁਣ ਸਮਾਂ ਹੈ ਕਿ ਅਸੀਂ ਦੁਨੀਆਂ ਸਾਹਮਣੇ ਆਪਣਾ ਇਕਜੁੱਟ ਚਿਹਰਾ ਭਾਵ ਸੰਯੁਕਤ ਭਾਰਤ ਨੂੰ ਪੇਸ਼ ਕਰੀਏ ਜਿਸ ਦੀਆਂ ਮਜ਼ਬੂਤ ਸੰਸਥਾਵਾਂ ਹੋਣ ਅਤੇ ਸ਼ਾਸਨ ਵਿਚ ਪ੍ਰਬੀਨਤਾ ਹੋਵੇ। ਇੱਦਾਂ ਹੋ ਨਹੀਂ ਰਿਹਾ ਜਿਸ ਦਾ ਨਤੀਜਾ ਇਹ ਨਿਕਲ ਰਿਹਾ ਹੈ ਕਿ ਅਸੀਂ ਧਾਰਮਿਕ ਅਤੇ ਜਾਤੀ ਲੀਹਾਂ ’ਤੇ ਵੰਡਿਆ, ਵੈਰਭਾਵ ਅਤੇ ਧਰੁਵੀਕਰਨ ਵਾਲਾ ਚਿਹਰਾ ਪੇਸ਼ ਕਰ ਰਹੇ ਹਾਂ। ਸੰਸਥਾਵਾਂ ਸਾਹਸਤਹੀਣ ਅਤੇ ਆਪਣੀਆਂ ਕਾਨੂੰਨੀ ਜ਼ਿੰਮੇਵਾਰੀਆਂ ਅਤੇ ਬਣਦੇ ਫ਼ਰਜ਼ਾਂ ਤੋਂ ਅਣਜਾਣ ਦਿਸ ਰਹੀਆਂ ਹਨ। ਪਾਰਲੀਮੈਂਟ ਅਤੇ ਸੂਬਾਈ ਅਸੈਂਬਲੀਆਂ ਹੁਣ ਬਹਿਸ ਮੁਬਾਹਿਸੇ ਦੇ ਮੰਚ ਨਹੀਂ ਰਹਿ ਗਏ ਸਗੋਂ ਖੱਦੂ-ਖਾੜਿਆਂ ਦੀ ਤਸਵੀਰ ਬਣ ਗਏ ਹਨ। ਉਚੇਰੀ ਨਿਆਂ ਪਾਲਿਕਾ ਅਤੇ ਕਾਰਜਪਾਲਿਕਾ ਦਰਮਿਆਨ ਕਸ਼ਮਕਸ਼ ਨਜ਼ਰ ਆ ਰਹੀ ਹੈ। ਅਤੇ ਆਪਾ ਧਾਪੀ ਦੇ ਇਸ ਮਾਹੌਲ ਵਿਚ ‘ਅਸੀਂ ਲੋਕ’ ਭੰਬਲਭੂਸੇ ਦਾ ਸ਼ਿਕਾਰ ਹੋ ਰਹੇ ਹਾਂ। ਜੇ ਅਸੀਂ ਆਪਣੀ ਇਹੀ ਤਸਵੀਰ ਪੇਸ਼ ਕਰਨੀ ਹੈ ਤਾਂ ਸਾਡੀ ਵਿਦੇਸ਼ ਨੀਤੀ ਭਰੋਸੇਮੰਦ ਕਿਵੇਂ ਬਣ ਸਕੇਗੀ?
ਜਿੱਥੋਂ ਤੱਕ ਵਿਦੇਸ਼ ਨੀਤੀ ਦਾ ਸਵਾਲ ਹੈ ਤਾਂ ਸਭ ਤੋਂ ਪਹਿਲਾਂ ਸਾਡੇ ਨੇੜਲੇ ਗੁਆਂਢੀਆਂ ਪਾਕਿਸਤਾਨ, ਚੀਨ, ਨੇਪਾਲ, ਸ੍ਰੀਲੰਕਾ, ਬੰਗਲਾਦੇਸ਼, ਮਿਆਂਮਾਰ ਅਤੇ ਭੂਟਾਨ ਦਾ ਜ਼ਿਕਰ ਹੁੰਦਾ ਹੈ। ਚੀਨ ਤੇ ਪਾਕਿਸਤਾਨ ਨੂੰ ਛੱਡ ਕੇ ਬਾਕੀ ਦੇ ਪੰਜ ਛੋਟੇ ਮੁਲਕ ਹਨ ਜਿਨ੍ਹਾਂ ਨਾਲ ਅਸੀਂ ਵਪਾਰ ਅਤੇ ਹੋਰਨਾਂ ਨੀਤੀਆਂ ਜ਼ਰੀਏ ਆਪਣੇ ਸਬੰਧਾਂ ਨੂੰ ਮਜ਼ਬੂਤ ਬਣਾ ਸਕਦੇ ਸਾਂ। ਹੁਣ ਇਹ ਪੰਜੇ ਮੁਲਕ ਕਾਫ਼ੀ ਹੱਦ ਤੀਕ ਚੀਨ ਦੇ ਪ੍ਰਭਾਵ ਹੇਠ ਆ ਗਏ ਹਨ। ਇੱਥੋਂ ਤਕ ਕਿ ਚੀਨ ਵਲੋਂ ਬੰਗਲਾਦੇਸ਼ ਅਤੇ ਭੂਟਾਨ ਨੂੰ ਵੀ ਦਾਣਾ ਪਾਇਆ ਜਾ ਰਿਹਾ ਹੈ। ਚੀਨ ਨੇ ਸ੍ਰੀਲੰਕਾ, ਮਿਆਂਮਾਰ ਅਤੇ ਪਾਕਿਸਤਾਨ ਵਿਚ ਬੰਦਰਗਾਹਾਂ ਦੀਆਂ ਸੁਵਿਧਾਵਾਂ ਹਾਸਲ ਕਰ ਲਈਆਂ ਹਨ। ਚੀਨ ਦਾ ਅਸਰ ਰਸੂਖ ਦੂਰ ਦੂਰ ਤੱਕ ਫੈਲਾਉਣ ਲਈ ‘ਵਨ ਬੈਲਟ ਵਨ ਰੋਡ’ (ਬੁਨਿਆਦੀ ਢਾਂਚਾ) ਨੀਤੀ ’ਤੇ ਕੰਮ ਕੀਤਾ ਜਾ ਰਿਹਾ ਹੈ। ਚੇਤੇ ਰੱਖਣਯੋਗ ਹੈ ਕਿ ਯੂਰੋਪ ਦੇ ਛੋਟੇ ਛੋਟੇ ਦੇਸ਼ ਹੀ ਹਨ ਜੋ ਯੂਕਰੇਨ ਦੇ ਮਜ਼ਬੂਤ ਸਹਿਯੋਗੀ ਸਾਬਿਤ ਹੋ ਰਹੇ ਹਨ ਅਤੇ ਉਸ ਨੂੰ ਸਾਜ਼ੋ ਸਾਮਾਨ ਪਹੁੰਚਾਉਣ ਤੋਂ ਇਲਾਵਾ ਸ਼ਰਨਾਰਥੀਆਂ ਲਈ ਮਾਨਵੀ ਇਮਦਾਦ ਮੁਹੱਈਆ ਕਰਵਾ ਰਹੇ ਹਨ।
ਇਸ ਵੇਲੇ ਅਮਰੀਕਾ, ਬਰਤਾਨੀਆ, ਰੂਸ ਅਤੇ ਕਈ ਯੂਰਪੀਅਨ ਤਾਕਤਾਂ ਵਲੋਂ ਭਾਰਤ ’ਤੇ ਡੋਰੇ ਪਾਏ ਜਾ ਰਹੇ ਹਨ। ਇਸ ਮੰਝਧਾਰ ’ਚੋਂ ਲੰਘਣ ਲਈ ਹਾਲੇ ਤੱਕ ਅਸੀਂ ਕੋਈ ਸਪੱਸ਼ਟ ਪਹੁੰਚ ਨਹੀਂ ਅਪਣਾ ਸਕੇ। ਪਰ ਅਸੀਂ ਕਿੰਨੀ ਕੁ ਦੇਰ ਇਕੱਲੇ ਰਹਿ ਸਕਾਂਗੇ? ਹੌਲੀ ਹੌਲੀ ਸ਼ਿਕੰਜਾ ਕੱਸ ਦਿੱਤਾ ਜਾਵੇਗਾ ਤਾਂ ਫਿਰ ਸਾਨੂੰ ਦੋ ਟੁੱਕ ਫ਼ੈਸਲਾ ਲੈਣਾ ਹੀ ਪਵੇਗਾ। ਹਾਲੇ ਤੱਕ ‘ਕੁਆਡ’ (ਭਾਰਤ, ਅਮਰੀਕਾ, ਜਪਾਨ ਤੇ ਆਸਟਰੇਲੀਆ ਆਧਾਰਤ ‘ਚਹੁੰ-ਮੁਲਕੀ ਸੁਰੱਖਿਆ ਸੰਵਾਦ’ ਗਰੁੱਪ) ਦਾ ਕੋਈ ਠੋਸ ਸਿੱਟਾ ਨਹੀਂ ਨਿਕਲ ਸਕਿਆ ਜਿਸ ਦੇ ਮੁਕਾਬਲੇ ‘ਆੱਕਸ’ (ਆਸਟਰੇਲੀਆ, ਯੂਨਾਈਟਿਡ ਕਿੰਗਡਮ ਭਾਵ ਬਰਤਾਨੀਆ ਤੇ ਅਮਰੀਕਾ ਆਧਾਰਤ ਤਿੰਨ-ਮੁਲਕੀ ਸੁਰੱਖਿਆ ਸਮਝੌਤਾ) ਦੇ ਮੈਂਬਰ ਅਮਰੀਕਾ, ਬਰਤਾਨੀਆ ਇਸ ਦੇ ਤੀਜੇ ਮੈਂਬਰ ਮੁਲਕ ਆਸਟਰੇਲੀਆ ਵਿਚ ਪ੍ਰਮਾਣੂ ਪਣਡੁੱਬੀਆਂ ਬਣਾਉਣ ਲਈ ਤਕਨਾਲੋਜੀ ਸਾਂਝੀ ਕਰਨ ਜਾ ਰਹੇ ਹਨ। 65 ਸਾਲਾਂ ਵਿਚ ਪਹਿਲੀ ਵਾਰ ਅਮਰੀਕਾ ਇਹ ਤਕਨਾਲੋਜੀ ਸਾਂਝੀ ਕਰਨ ਲਈ ਰਾਜ਼ੀ ਹੋਇਆ ਹੈ। ਇਸ ਦੌਰਾਨ, ਆਸਟਰੇਲੀਆ ਨੂੰ ਪ੍ਰਮਾਣੂ ਊਰਜਾ ਨਾਲ ਚੱਲਣ ਵਾਲੀਆਂ ਤਿੰਨ ਪਣਡੁੱਬੀਆਂ ਦਿੱਤੀਆਂ ਜਾਣਗੀਆਂ ਅਤੇ ਇਹ ਵੀ ਸੁਣਨ ’ਚ ਆਇਆ ਹੈ ਕਿ ਆਸਟਰੇਲੀਆ ਨੂੰ ਟੋਮਾਹਾਕ ਕਰੂਜ਼ ਮਿਸਾਈਲਾਂ ਵੀ ਦਿੱਤੀਆਂ ਜਾ ਰਹੀਆਂ ਹਨ। ਇਸ ਦੇ ਮੁਕਾਬਲੇ ‘ਕੁਆਡ’ ਤੋਂ ਸਾਡੇ ਪੱਲੇ ਕੁਝ ਵੀ ਨਹੀਂ ਪੈ ਰਿਹਾ।
ਜੇ ਅਸੀਂ ਚਾਹੁੰਦੇ ਹਾਂ ਕਿ ਸੰਯੁਕਤ ਰਾਸ਼ਟਰ ਦੀ ਸਲਾਮਤੀ ਕੌਂਸਲ ਦੀ ਉੱਚ ਦੁਮਾਲੜੀ ਸਭਾ ਵਿਚ ਸਾਡੀ ਕੁਰਸੀ ਡੱਠੇ ਤਾਂ ਸਾਨੂੰ ਇਕ ਸਥਿਰ ਤੇ ਸੁਰੱਖਿਅਤ ਮੁਲਕ ਵਾਲੀ ਦਿੱਖ ਪੇਸ਼ ਕਰਨੀ ਪਵੇਗੀ ਜਿਸ ਦੇ ਆਪਣੇ ਮਿੱਤਰ, ਅਸਰ ਰਸੂਖ ਅਤੇ ਸੰਸਥਾਵਾਂ ਦੀ ਭਰੋਸੇਯੋਗਤਾ ਹੋਵੇ। ਜੇ ਚੀਨ ਸਾਡੇ ਗੁਆਂਢੀਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ ਤਾਂ ਅਸੀਂ ਵੀਅਤਨਾਮ, ਕੰਬੋਡੀਆ, ਫਿਲਪੀਨਜ਼, ਪ੍ਰਸ਼ਾਂਤ ਮਹਾਸਾਗਰ ਦੇ ਟਾਪੂਆਂ ’ਤੇ ਧਿਆਨ ਕੇਂਦਰਤ ਕਿਉਂ ਨਹੀਂ ਕਰ ਸਕਦੇ। ਜੇ ਇਵੇਂ ਕੀਤਾ ਹੁੰਦਾ ਤਾਂ ਉਨ੍ਹਾਂ ਸਾਡਾ ਖ਼ੈਰਮਕਦਮ ਕਰਨਾ ਸੀ। ਇਹ ਵੀ ਦੇਖਣ ਵਾਲੀ ਗੱਲ ਹੈ ਕਿ ਚੀਨ ਨੇ ਇਕ ਦੂਜੇ ਦੇ ਕੱਟੜ ਦੁਸ਼ਮਣ ਸਮਝੇ ਜਾਂਦੇ ਸਾਊਦੀ ਅਰਬ ਅਤੇ ਇਰਾਨ ਵਿਚਕਾਰ ਸੁਲ੍ਹਾ ਕਰਵਾ ਕੇ ਕੂਟਨੀਤਕ ਜਗਤ ਵਿਚ ਵੱਡਾ ਉਲਟਫੇਰ ਕਰ ਦਿੱਤਾ ਹੈ ਤੇ ਸਾਨੂੰ ਇਸ ਦੀ ਭਿਣਕ ਵੀ ਨਹੀਂ ਪੈਣ ਦਿੱਤੀ। ਚੀਨ ਦੀ ਇਸ ਇਕ ਚਾਲ ਨਾਲ ਹੀ ਮੱਧ ਪੂਰਬ ਦੀ ਸਮੁੱਚੀ ਤਸਵੀਰ ਬਦਲ ਗਈ ਹੈ। ਜਦੋਂ ਮੈਂ ਇਹ ਕਾਲਮ ਲਿਖ ਰਿਹਾ ਸਾਂ ਤਾਂ ਇਰਾਨ ਦੇ ਵਿਦੇਸ਼ ਮੰਤਰੀ ਸੰਯੁਕਤ ਅਰਬ ਅਮੀਰਾਤ ਦੇ ਦੌਰੇ ’ਤੇ ਜਾ ਰਹੇ ਸਨ। ਇਸ ਤਰ੍ਹਾਂ, ਚੀਨ ਨੇ ਲੁਕਵੀਂ ਤੇ ਜ਼ਾਹਰਾ ਕੂਟਨੀਤੀ ਦੀ ਬਿਹਤਰੀਨ ਮਿਸਾਲ ਪੇਸ਼ ਕੀਤੀ ਹੈ। ਇਹ ਸਭ ਕੁਝ ਉਦੋਂ ਵਾਪਰਿਆ ਹੈ ਜਦੋਂ ਅਫ਼ਗਾਨਿਸਤਾਨ ’ਚੋਂ ਅਮਰੀਕੀ ਫ਼ੌਜ ਦੇ ਨਿਕਲਣ ਤੋਂ ਬਾਅਦ ਹੋਏ ਸਮਝੌਤੇ ਤੋਂ ਸਾਨੂੰ (ਭਾਰਤ) ਲਾਂਭੇ ਰੱਖਿਆ ਗਿਆ, ਪਾਬੰਦੀਆਂ (ਅਮਰੀਕੀ) ਕਰ ਕੇ ਅਸੀਂ ਇਰਾਨ ਵਿਚ ਆਪਣਾ ਅਹਿਮ ਹਿੱਤ (ਚਾਬਹਾਰ ਬੰਦਰਗਾਹ) ਅਤੇ ਆਪਣਾ ਇਕ ਪੁਰਾਣਾ ਵਪਾਰਕ ਭਿਆਲ ਗੁਆ ਲਏ। ਉਪਰੋਕਤ ਤੱਥਾਂ ਅਤੇ ਸਾਡੀਆਂ ਸਰਹੱਦਾਂ ’ਤੇ ਚੀਨ ਦੇ ਤਿੱਖੇ ਤੇਵਰਾਂ ਦੇ ਮੱਦੇਨਜ਼ਰ ਸਾਡੇ ਹੱਕ ਵਿਚ ਆਏ ਕੁਝ ਬਿਆਨਾਂ ਨਾਲ ਗੱਲ ਨਹੀਂ ਬਣ ਸਕਣੀ। ਸਾਨੂੰ ਆਲਮੀ ਬਿਸਾਤ ’ਤੇ ਰਾਜੇ-ਰਾਣੀਆਂ ’ਤੇ ਹੀ ਨਹੀਂ ਸਗੋਂ ਇਸੇ ਤਰ੍ਹਾਂ ਅਹਿਮ ਕੁਝ ਹੋਰ ਪਿਆਦਿਆਂ ’ਤੇ ਵੀ ਨਜ਼ਰ ਬਣਾ ਕੇ ਰੱਖਣੀ ਚਾਹੀਦੀ ਹੈ। ਆਓ, 130 ਕਰੋੜ ਦੀ ਆਬਾਦੀ ਵਾਲਾ ਮੁਲਕ ਹੋਣ ਦੇ ਨਾਤੇ ਅਸੀਂ ਆਪਣੇ ਆਪ ਨੂੰ ਇਕ ਮਜ਼ਬੂਤ ਅਤੇ ਸੁਰੱਖਿਅਤ ਮੁਲਕ ਵਜੋਂ ਪੇਸ਼ ਕਰੀਏ ਕਿਉਂਕਿ ਤਲਖ਼ ਹਕੀਕਤਾਂ ਦੀ ਦੁਨੀਆਂ ਵਿਚ ਤਾਕਤਵਰ ਹੀ ਤਾਕਤਵਰ ਦਾ ਸਤਿਕਾਰ ਕਰਦਾ ਹੈ ਨਹੀਂ ਤਾਂ ਉਹ ਸਾਨੂੰ ਹੀਣਤਾ ਦੇ ਭਾਵ ਨਾਲ ਵੇਖਦੇ ਹੀ ਰਹਿਣਗੇ।
* ਸਾਬਕਾ ਚੇਅਰਮੈਨ, ਯੂਪਐੱਸਸੀ ਅਤੇ ਸਾਬਕਾ ਰਾਜਪਾਲ, ਮਨੀਪੁਰ।