ਕਵਿਤਾ :
“ਸ਼ਬਦ” - ਬਲਦੇਵ ਬਾਵਾ
(ਭਾਗ ਪਹਿਲਾ) -
ਬਚਪਨ ਦੀਆਂ ਡੋਡੀਆਂ ਅੱਖਾਂ ਵਿਚ,
ਇੱਕੋ ਸੁਪਨੇ ਦੀ ਜੂਨ ਪੈ ਕੇ ਆਉਣ ਲਈ
ਤਮਾਮ ਫ਼ਰਿਸ਼ਤੇ ਧੱਕਮਧੱਕੀ ਹੁੰਦੇ,
ਜਿਹੜੀ ਦਵਾਤ ’ਚੋਂ ਡੋਬਾ ਲੈ
ਸੱਚਾ ਸ਼ਬਦ ਲਿਖਿਆ ਜਾਂਦਾ,
ਉਹਦੇ ਵਿਚ ਸੱਤੇ ਸਮੁੰਦਰ
ਤੀਰਥ ਨ੍ਹਾਉਣ ਲਈ ਤਿਲਮਿਲਾ ਰਹੇ ਹੁੰਦੇ।
ਸ਼ਬਦ,
ਭੱਠੀ ਦੀ ਲੂੰਬੀ ’ਚੋਂ ਕਿਸੇ ਨਿਸ਼ੰਗ ਵਾਂਗੂੰ
ਨੱਚ ਕੇ ਬਾਹਰ ਨਿਕਲਦਾ,
ਅੱਗ ਦਾ ਭਬੂਕਾ,
ਖੋਲ੍ਹੀ ਪਟਾਰੀ ’ਚੋਂ ਸਿਰੀ ਚੁੱਕਦੇ
ਫਨੀਅਰ ਦੀ ਫਰਕਦੀ ਜੀਭ,
ਵੇਦਨਾ ਵਿਚ ਡਕੋਡੀਕ ਹੋਣ ਪਿੱਛੋਂ
ਕੁਟੀਆ ਅੰਦਰ ਕੀਤੀ ਜਾਂਦੀ ਅਰਦਾਸ,
ਕਵੀ ਦੀ ਨੀਝ ਵਿਚਲ਼ੀ
ਪਹਿਲੀ ਅਤੇ ਆਖ਼ਰੀ ਰੀਝ।
ਸੀਤ ਧਰੁੱਵਾਂ ਦੇ ਝੱਖੜਾਂ ਅੰਦਰ, ਜੁੱਗਾਂ ਥੀਂ,
ਬਰਫ਼ੀਲੇ ਜ਼ਰਰਿਆਂ ਨਾਲ ਤਰਾਸ਼ੀ ਹੋਈ,
ਇੱਕਲਵਾਂਝੇ ਖੜ੍ਹੀ ਚਟਾਨ,
ਦੁਬਿਧਾ ਦੇ ਖੌਲਦੇ ਸਾਗਰ ’ਚੋਂ
ਵਾਰ ਵਾਰ ਭੁੜਕਦੀ ਰਹਿੰਦੀ,
ਸੋਚ-ਮੱਛੀ ਲਈ ਵਰਦਾਨ।
ਜੇ ਦੁੱਖ ਵਿਚ ਦਾਰੂ ਹੈ ਸ਼ਬਦ
ਤਾਂ ਸੁੱਖ ਵਿਚ ਹੋਰ ਵੀ ਗੂੜ੍ਹੇ ਰੰਗ ਬਖੇਰਦਾ,
ਸੁੰਨੀ ਰੂਹ ਲਈ ਵਲ਼ਾਵੇਂਦਾਰ ਜੜ੍ਹਾਂ ’ਚੋਂ ਵੀ
ਵੰਝਲੀਆਂ ਦੇ ਮਿੱਠੇ ਰਾਗ ਛੇੜਦਾ।
ਸ਼ਬਦ,
ਦੂਰ ਦੁਰਾਡੀ ਗੁਫਾ ਦੇ ਨ੍ਹੇਰੇ ਅੰਦਰ
ਖ਼ੁਦ ਨਾਲ ਛੂਹਣ ਛੁਲਾਈਆਂ ਖੇਲਦੇ
ਵਾਵਰੋਲੇ ਦਾ ਨਾਂ,
ਸੱਭਿਅਤਾ ਦਾ ਬਾਗ ਉਜਾੜੇ ਜਾਣ ਪਿੱਛੋਂ
ਸਰਹੱਦਾਂ ਦੇ ਆਰ ਪਾਰ ਫਿਰਦੀ
ਤਿਤਲੀਆਂ ਦੀ ਚੁੱਪ ਮਕਾਣ।
ਸ਼ਬਦ,
ਪਿਆਰ ਅਤੇ ਯੁੱਧ, ਦੋਹਾਂ ਵਾਸਤੇ ਅੱਤ ਜ਼ਰੂਰੀ,
ਅੱਖ ’ਚੋਂ ਛਲਕ ਵਹਿ ਤੁਰਦੇ ਕੋਸੇ ਹੰਝੂ
ਤੇ ਰੱਟਣਾਂ ’ਚੋਂ ਫੁੱਟਦੇ ਚੰਗਿਆੜਿਆਂ ਦੀ ਦਾਸਤਾਂ,
ਸ਼ਬਦ ਬਿਨ ਉੱਕਾ ਹੀ ਅਧੂਰੀ ।
ਸੰਪਰਕ : +1 801-703-6415