ਵਿੱਦਿਅਕ ਅਦਾਰਿਆਂ 'ਚ ਵਿਤਕਰਾ ਤੇ ਦਲਿਤ - ਡਾ. ਗੁਰਤੇਜ ਸਿੰਘ
ਦਲਿਤ ਵਿਦਿਆਰਥੀ ਸਦਾ ਵਿਤਕਰੇ ਦਾ ਸ਼ਿਕਾਰ ਰਹੇ ਹਨ ਜੋ ਹਰ ਜਗ੍ਹਾ ਕੀਤਾ ਜਾਂਦਾ ਹੈ। ਪੁਰਾਤਨ ਯੁੱਗ ਵਿੱਚ ਏਕਵਲਯ ਨੂੰ ਦਲਿਤ ਹੋਣ ਕਾਰਨ ਆਪਣਾ ਅੰਗੂਠਾ ਵੱਢ ਕੇ ਆਪਣੇ ਗੁਰੂ ਨੂੰ ਦੇਣਾ ਪਿਆ ਸੀ। ਅਗਰ ਉਹ ਸਵਰਨ ਜਾਤੀ ਦਾ ਹੁੰਦਾ ਤਾਂ ਸ਼ਾਇਦ ਕਿਸੇ ਦੀ ਵੀ ਉਸ ਨਾਲ ਅਜਿਹਾ ਸਲੂਕ ਕਰਨ ਦੀ ਹਿੰਮਤ ਨਹੀ ਪੈਣੀ ਸੀ। ਅਫ਼ਸੋਸ ਅਜਿਹੀ ਨੀਵੀਂ ਮਾਨਸਿਕਤਾ ਵਾਲੇ ਗੁਰੂ ਦੇ ਨਾਮ `ਤੇ ਭਾਰਤ ਸਰਕਾਰ ਨੇ ਇਨਾਮ ਸ਼ੁਰੂ ਕੀਤਾ ਹੋਇਆ ਹੈ। ਅਜੋਕੇ ਦੌਰ ਅੰਦਰ ਏਮਜ਼, ਆਈਆਈਟੀਜ਼ ਦੇ ਨਾਲ ਸਾਰੀਆਂ ਨਾਮੀ ਵਿੱਦਿਅਕ ਸੰਸਥਾਵਾਂ ਵਿੱਚ ਵਿਤਕਰਾ ਮੌਜੂਦ ਹੈ। ਇਸ ਤੋਂ ਸਾਫ ਜ਼ਾਹਿਰ ਹੈ ਕਿ ਅਸੀ ਭਾਰਤੀ ਇੰਨਾ ਪੜ੍ਹ ਲਿਖ ਕੇ ਵੀ ਆਪਣੀ ਸੌੜੀ ਮਾਨਸਿਕਤਾ ਨੂੰ ਨਹੀਂ ਤਿਆਗ ਸਕੇ ਹਾਂ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਅੰਮ੍ਰਿਤਸਰ ਅਧੀਨ ਚੱਲ ਰਹੇ ਗੁਰੂ ਰਾਮਦਾਸ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕੋਰਸ ਦੀ ਇੰਟਰਨਸ਼ਿਪ ਕਰਦੀ ਲੜਕੀ ਨੂੰ ਆਪਣੇ ਦੋ ਪ੍ਰੋਫੈਸਰਾਂ ਅਤੇ ਸਾਥੀ ਡਾਕਟਰਾਂ ਦੁਆਰਾ ਜਾਤੀ ਵਿਤਕਰੇ ਤੋਂ ਤੰਗ ਆ ਕੇ ਬੀਤੀ ਅੱਠ ਮਾਰਚ 2023 ਨੂੰ ਆਪਣੇ ਹੋਸਟਲ ਦੇ ਕਮਰੇ ਵਿੱਚ ਫ਼ਾਹਾ ਲੈ ਕੇ ਆਪਣੀ ਜੀਵਨ ਲੀਲਾ ਸਮਾਪਤ ਕਰਨ ਲਈ ਮਜਬੂਰ ਹੋਣਾ ਪਿਆ ਉਹ ਵੀ ਉਸ ਦਿਨ ਜਦੋਂ ਸਮੁੱਚਾ ਸੰਸਾਰ ਕੌਮਾਂਤਰੀ ਔਰਤ ਦਿਵਸ ਮਨਾ ਰਿਹਾ ਸੀ।
27 ਮਈ 2019 ਨੂੰ ਮੁੰਬਈ ਸੈਂਟਰਲ ਦੇ ਸਰਕਾਰੀ ਬੀ ਵਾਈ ਐੱਲ ਨਾਇਰ ਹਸਪਤਾਲ ਦੇ ਹੋਸਟਲ ਵਿੱਚ ਪੋਸਟ ਗ੍ਰੈਜੂਏਸ਼ਨ (ਗਾਇਨੀਕਾਲੌਜੀ) ਦੀ ਵਿਦਿਆਰਥਣ ਡਾ. ਪਾਇਲ ਸਲਮਾਨ ਤੜਵੀ ਨੇ ਆਪਣੀਆਂ ਉੱਚ ਜਾਤੀ ਦੀਆਂ ਸੀਨੀਅਰ ਤੇ ਕੁਲੀਗ ਡਾਕਟਰਾਂ ਦੀ ਜਾਤਪਾਤੀ ਟਿੱਪਣੀਆਂ ਤੋਂ ਤੰਗ ਆਕੇ ਖੁਦਕੁਸ਼ੀ ਕੀਤੀ ਸੀ। ਉਹ ਹਮੇਸ਼ਾਂ ਉਸ ਨੂੰ ਰਾਖਵੇਂਕਰਨ ਕਾਰਨ ਪੜ੍ਹਾਈ `ਚ ਮਿਲੇ ਮੌਕੇ ਦੇ ਤਾਅਨੇ ਦੇ ਕੇ ਉਸ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰਦੀਆਂ ਸਨ ਜੋ ਉਸ ਲਈ ਅਸਹਿ ਸੀ। ਛੂਤਛਾਤ ਦਾ ਵਿਤਕਰਾ ਉਸ ਨਾਲ ਆਮ ਕੀਤਾ ਜਾਂਦਾ ਸੀ, ਇੱਥੋਂ ਤੱਕ ਕਿ ਉਸ ਨੂੰ ਅਖੌਤੀ ਉੱਚ ਜਾਤੀ ਦੇ ਮਰੀਜ਼ਾਂ ਨੂੰ ਛੂਹਣ ਤੋਂ ਵਰਜਿਆ ਜਾਂਦਾ ਸੀ। ਸੰਨ 2010 ਵਿੱਚ ਦਿੱਲੀ ਦੇ ਵਰਧਮਾਨ ਮੈਡੀਕਲ ਕਾਲਜ `ਚ 35 ਦਲਿਤ ਵਿਦਿਆਰਥੀਆਂ ਨੂੰ ਭੇਦਭਾਵ ਕਰਕੇ ਜਾਣਬੁੱਝ ਕੇ ਫ਼ੇਲ ਕੀਤਾ ਗਿਆ ਸੀ। ਸੰਨ 2008 ਵਿੱਚ ਦਲਿਤ ਵਿਦਿਆਰਥੀ ਜਸਪ੍ਰੀਤ ਸਿੰਘ ਨੇ ਇਸ ਭੇਦਭਾਵ ਤੋਂ ਤੰਗ ਆ ਕੇ ਖੁਦਕੁਸ਼ੀ ਕੀਤੀ ਸੀ। ਉਹ ਚੰਡੀਗੜ ਦੇ ਸਰਕਾਰੀ ਮੈਡੀਕਲ ਕਾਲਜ ਵਿੱਚ ਐਮਬੀਬੀਐਸ ਕੋਰਸ ਦੇ ਅਖ਼ੀਰਲੇ ਸਾਲ ਦੀ ਪੜ੍ਹਾਈ ਕਰ ਰਿਹਾ ਸੀ, ਉਸ ਦੇ ਕਮਿਊਨਟੀ ਮੈਡੀਸਨ ਦੇ ਤਿੰਨ ਪ੍ਰੋਫ਼ੈਸਰਾਂ ਨੇ ਉਸ ਨੂੰ ਉਸ ਵਿਸ਼ੇ `ਚ ਦੋ ਵਾਰ ਜ਼ਬਰੀ ਫ਼ੇਲ ਕੀਤਾ ਗਿਆ ਸੀ ਅਤੇ ਅੱਗੇ ਵੀ ਫ਼ੇਲ ਕਰਨ ਦੀ ਧਮਕੀ ਦਿੱਤੀ ਸੀ। ਉਸ ਦੀ ਖ਼ੁਦਕੁਸ਼ੀ ਦੇ 7 ਮਹੀਨਿਆਂ ਬਾਅਦ ਜਦ ਉਸ ਦੀਆਂ ਉੱਤਰ ਪੱਤਰੀਆਂ ਦਾ ਦੁਬਾਰਾ ਮੁਲਾਂਕਣ ਕੀਤਾ ਗਿਆ ਤਾਂ ਉਹ ਹਰ ਵਾਰ ਪਾਸ ਸੀ। ਅਜਿਹੀਆਂ ਅਣਗਿਣਤ ਮੰਦਭਾਗੀਆਂ ਘਟਨਾਵਾਂ ਸਾਡੀ ਸਿੱਖਿਆ ਪ੍ਰਣਾਲੀ ਦੇ ਨਾਲ ਸਮਾਜਿਕ ਚਿਹਰੇ ਮੋਹਰੇ ਨੂੰ ਕਰੂਪ ਕਰਦੀਆਂ ਹਨ।
ਸੰਨ 2017 ਵਿੱਚ ਪੰਜਾਬ ਸੂਬੇ ਦੇ ਪਟਿਆਲਾ ਜ਼ਿਲ੍ਹੇ ਦੇ ਟੌਹੜਾ ਪਿੰਡ ਦੇ ਸਰਕਾਰੀ ਸਕੂਲ ਦੀ ਇੱਕ ਦਲਿਤ ਵਿਦਿਆਰਥਣ ਨਾਲ ਉੱਥੇ ਤਾਇਨਾਤ ਕੁਝ ਅਧਿਆਪਕਾਂ ਵੱਲੋਂ ਲੰਮੇ ਸਮੇ ਤੋਂ ਦੁਰਵਿਵਹਾਰ ਕਰਨ ਦੇ ਨਾਲ ਉਸ ਪ੍ਰਤੀ ਜਾਤੀਸੂਚਕ ਸ਼ਬਦਾਂ ਦੀ ਵਰਤੋਂ ਨੇ ਉਸ ਦੀ ਰੂਹ ਨੂੰ ਝੰਜੋੜ ਦਿੱਤਾ ਸੀ, ਜਿਸ ਦੇ ਖਿਲਾਫ਼ ਉਸ ਨੇ ਸੋਸ਼ਲ ਮੀਡੀਆ ਜਰੀਏ ਇਸ ਭੇਦਭਾਵ ਦੇ ਵਿਰੁੱਧ ਆਵਾਜ਼ ਬੁਲੰਦ ਕੀਤੀ ਜੋ ਪੂਰੇ ਪੰਜਾਬ ਵਿੱਚ ਚਰਚਾ ਦਾ ਵਿਸ਼ਾ ਬਣੀ ਸੀ। ਉਸ ਅਨੁਸਾਰ ਸਕੂਲ ਦੇ ਪੰਜ ਲੋਕ ਇਸ ਅਣਮਨੁੱਖੀ ਵਰਤਾਰੇ `ਚ ਸ਼ਾਮਿਲ ਸਨ। ਸਿੱਖਿਆ ਵਿਭਾਗ ਨੇ ਪੂਰੇ ਸਕੂਲ ਸਟਾਫ਼ ਨੂੰ ਬਦਲਣ ਦੇ ਨਿਰਦੇਸ਼ ਦਿੱਤੇ ਸਨ। ਇਸ ਹਾਲਤ `ਚ ਉਕਤ ਵਿਦਿਆਰਥਣ ਨੇ ਫਿਰ ਆਵਾਜ਼ ਬੁਲੰਦ ਕਰਨ ਦੀ ਵੱਡੀ ਜੁਅਰਤ ਦਿਖਾਈ ਸੀ ਕਿ ਦੋਸ਼ੀ ਸਾਰੇ ਨਹੀ ਹਨ ਫਿਰ ਬਾਕੀਆਂ ਨੂੰ ਸਜਾ ਕਿਉਂ ? ਸੋਚਣ ਦੀ ਗੱਲ ਹੈ ਅਜਿਹੀ ਗਿਰੀ ਹੋਈ ਸੋਚ ਦੇ ਮਾਲਕ ਲੋਕ ਅਧਿਆਪਕ ਕਿਵੇਂ ਹੋਏ। ਇਹ ਗੱਲ ਤਾਂ ਜਗ ਜ਼ਾਹਿਰ ਹੈ ਅਜੋਕੇ ਦੌਰ ਅੰਦਰ ਸਰਕਾਰੀ ਸਕੂਲਾਂ ਵਿੱਚ ਗਰੀਬ ਮਜ਼ਦੂਰਾਂ ਦੇ ਬੱਚੇ ਹੀ ਸਿੱਖਿਆ ਪ੍ਰਾਪਤ ਕਰ ਰਹੇ ਹਨ।
ਦਿੱਲੀ ਦੀ ਇਹ ਯੂਨੀਵਰਸਿਟੀ (ਜੇ.ਐੱਨ.ਯੂ) ਪਿਛਲੇ ਲੰਮੇ ਸਮੇ ਤੋਂ ਮੀਡੀਆ ਦੀ ਸੁਰਖੀ ਬਣੀ ਹੋਈ ਸੀ, ਇੱਥੋਂ ਦੇ ਰਿਸਰਚ ਸਕਾਲਰ ਉਮਰ ਖਾਲਿਦ ਅਤੇ ਕਨ੍ਹੱਈਆ ਕੁਮਾਰ ਨੂੰ ਲੈ ਕੇ ਇਹ ਸੰਸਥਾ ਵਿਵਾਦਾਂ `ਚ ਰਹੀ ਹੈ।ਇਸ ਪੂਰੇ ਵਰਤਾਰੇ ਪਿੱਛੇ ਹਿੰਦੂਤਵੀ ਫਾਸ਼ੀਵਾਦੀ ਤਾਕਤਾਂ ਦਾ ਹੱਥ ਹੈ ਜਿਸ ਨੇ ਭੇਦਭਾਵ ਦੀ ਅਜਿਹੀ ਹਨੇਰੀ ਵਗਾ ਰੱਖੀ ਹੈ ਕਿ ਲੰਘੀ 12 ਮਾਰਚ 2017 ਨੂੰ ਜੇ.ਐੱਨ.ਯੂ. ਦੇ ਐੱਮ ਫ਼ਿਲ ਦੇ 27 ਸਾਲਾ ਦਲਿਤ ਵਿਦਿਆਰਥੀ ਕ੍ਰਿਸ਼ ਨੇ ਇਨ੍ਹਾਂ ਦੇ ਅੜੀਅਲ ਵਤੀਰੇ ਕਾਰਨ ਖੁਦਕੁਸ਼ੀ ਕੀਤੀ ਹੈ। ਇਹ ਆਤਮਹੱਤਿਆ ਪਹਿਲੀ ਨਹੀ ਹੈ ਤੇ ਸ਼ਾਇਦ ਆਖ਼ਰੀ ਵੀ ਨਹੀ ਹੋ ਸਕਦੀ, ਇਸ ਖੁਦਕੁਸ਼ੀ ਨੇ ਵਿਦਿਆਰਥੀਆਂ ਦੇ ਅੱਲੇ ਜ਼ਖਮ ਹਰੇ ਕਰ ਦਿੱਤੇ ਸਨ ਜੋ ਰੋਹਿਤ ਵੇਮੁਲਾ ਦੇ ਰੂਪ `ਚ ਮਿਲੇ ਸਨ। ਹੈਦਰਾਬਾਦ ਦੀ ਕੇਂਦਰੀ ਯੂਨੀਵਰਸਿਟੀ ਸੰਨ 2002 ਵਿੱਚ 10 ਦਲਿਤ ਪ੍ਰਤਿਭਾਸ਼ਾਲੀ ਵਿਦਿਆਰਥੀਆਂ ਨੂੰ ਮੁਅੱਤਲ ਕਰਕੇ ਚਰਚਾ `ਚ ਆਈ ਸੀ। ਪਿਛਲੇ ਦਸ ਸਾਲਾਂ ਦੌਰਾਨ ਇੱਥੇ 9 ਦਲਿਤ ਵਿਦਿਆਰਥੀ ਆਤਮਹੱਤਿਆ ਕਰ ਚੁੱਕੇ ਹਨ। ਬੀਤੀ 18 ਜਨਵਰੀ 2016 ਨੂੰ ਇੱਕ ਹੋਰ ਪ੍ਰਤਿਭਾਸ਼ਾਲੀ ਦਲਿਤ ਪੀਐਚਡੀ ਵਿਦਿਆਰਥੀ ਰੋਹਿਤ ਵੇਮੁਲਾ ਦੀ ਖੁਦਕੁਸ਼ੀ ਕਾਰਨ ਇੱਕ ਵਾਰ ਫਿਰ ਇਹ `ਵਰਸਿਟੀ ਚਰਚਾ `ਚ ਆਈ ਸੀ। ਜਾਤੀ ਭੇਦਭਾਵ ਨੇ ਉਸ ਨੂੰ ਇਸ ਹੱਦ ਤੱਕ ਦੁਖੀ ਕੀਤਾ ਸੀ ਕਿ ਉਸ ਦੀ ਫ਼ੈਲੋਸ਼ਿਪ ਰੋਕ ਦਿੱਤੀ ਗਈ ਉਸ ਨੂੰ ਯੂਨੀਵਰਸਿਟੀ ਕੈਂਪਸ `ਚੋਂ ਵੀ ਬਾਹਰ ਕੱਢ ਦਿੱਤਾ ਗਿਆ ਸੀ। ਉਸ ਦਾ ਕਸੂਰ ਸਿਰਫ ਇੰਨਾ ਸੀ ਕਿ ਉਸ ਨੇ ਕਥਿਤ ਵਧੀਕੀਆਂ ਕਰਨ ਵਾਲਿਆਂ ਖਿਲਾਫ਼ ਆਵਾਜ਼ ਬੁਲੰਦ ਕੀਤੀ ਸੀ। ਇਸ ਦੁਖਾਂਤ ਨੇ ਸਰਕਾਰ, ਯੂਨੀਵਰਸਿਟੀ ਪ੍ਰਸ਼ਾਸ਼ਨ ਦੇ ਨਾਲ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਨੂੰ ਕਟਹਿਰੇ `ਚ ਖੜਾ ਕਰਨ ਦੇ ਨਾਲ ਸਮਾਜ ਨੂੰ ਵੀ ਗੰਭੀਰ ਸਵਾਲਾਂ ਨਾਲ ਲੱਦ ਦਿੱਤਾ ਸੀ।
ਇਸੇ ਤਰਾਂ 14 ਜਨਵਰੀ 2020 ਨੂੰ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਯੂਨੀਵਰਸਿਟੀ ਬਿਜਨੈੱਸ ਸਕੂਲ (ਯੂ.ਬੀ.ਐਸ) ਵਿਭਾਗ ਦੇ ਮੁਖੀ ਨੇ ਜਾਤੀਵਾਦੀ ਸੌੜੀ ਸੋਚ ਦਾ ਮੁਜ਼ਾਹਰਾ ਕਰਦਿਆਂ ਐਮਬੀਏ ਕੋਰਸ ਦੇ ਦੂਜੇ ਸਮੈਸਟਰ ਦੇ ਰਾਖਵੀਂ ਸ੍ਰੇਣੀ ਦੇ ਸਾਰੇ ਵਿਦਿਆਰਥੀਆਂ ਨੂੰ ਇੱਕੋ ਸੈਕਸ਼ਨ `ਚ ਕਰਨ ਦਾ ਹੁਕਮ ਸੁਣਾਇਆ ਸੀ ਜੋ ਵਿਤਕਰੇ ਦੀ ਮੂੰਹ ਬੋਲਦੀ ਤਸਵੀਰ ਹੈ। ਨਿਯਮਾਂ ਤਹਿਤ ਜਿਸਤ ਟਾਂਕ ਤਰੀਕੇ ਨਾਲ ਵਿਦਿਆਰਥੀਆਂ ਦੇ ਸੈਕਸ਼ਨ ਵੰਡੇ ਜਾਂਦੇ ਹਨ, ਫਿਰ ਵੀ ਉਕਤ ਮੁਖੀ ਨੇ ਗੁਰੂ ਨਾਨਕ ਸਾਹਿਬ ਦੀ ਵਿਚਾਰਧਾਰਾ ਅਤੇ ਮਨੁੱਖਤਾ ਨੂੰ ਛਿੱਕੇ ਟੰਗਣ ਵਿੱਚ ਕੋਈ ਕਸਰ ਨਹੀ ਛੱਡੀ ਜੋ ਬੇਹੱਦ ਸ਼ਰਮਨਾਕ ਹੈ।
ਦਲਿਤ ਸੰਦਰਭ `ਚ ਮੀਡੀਆ ਦੀ ਭੂਮਿਕਾ ਬਾਰੇ ਬੁੱਧੀਜੀਵੀ ਵਰਗ ਚਿੰਤਤ ਹੈ ਕਿ ਉਸਨੇ ਦਲਿਤਾਂ ਦੇ ਮੁੱਦੇ `ਤੇ ਕਦੇ ਵੀ ਸੰਜੀਦਗੀ ਨਹੀ ਦਿਖਾਈ। ਆਂਧਰਾ ਪ੍ਰਦੇਸ਼ ਦੇ ਪ੍ਰਮੁੱਖ ਅਖ਼ਬਾਰਾਂ ਨੇ ਵੀ ਇਸ ਮੁੱਦੇ ਨੂੰ ਜਿਆਦਾ ਤਵੱਜੋਂ ਨਹੀ ਦਿੱਤੀ ਸੀ। ਕਿੰਨੇ ਲੰਮੇ ਸਮੇ ਤੋਂ ਇਹ ਮਾਮਲਾ ਚੱਲ ਰਿਹਾ ਸੀ ਪਰ ਉੱਥੋਂ ਦੇ ਅਤੇ ਕੌਮੀ ਮੀਡੀਆ ਨੇ ਇਸ ਮਸਲੇ `ਤੇ ਕੋਈ ਗੌਰ ਨਹੀ ਕੀਤੀ। ਜਦਕਿ ਸੋਸ਼ਲ ਮੀਡੀਆ ਨੇ ਇਸ ਮੁੱਦੇ ਨੂੰ ਉਠਾਇਆ ਸੀ। ਜਦੋ ਇੱਕ ਦਲਿਤ ਵਿਦਿਆਰਥੀ ਨੇ ਮਜਬੂਰ ਹੋਕੇ ਖੁਦਕੁਸ਼ੀ ਕਰ ਲਈ ਤਾਂ ਮੀਡੀਆ ਜਾਗਿਆ ਉਹ ਵੀ ਉੱਥੇ ਗਏ ਨੇਤਾਵਾਂ ਦੀ ਕਵਰੇਜ ਕਰਨ ਲਈ। ਦਲਿਤਾਂ ਦੇ ਮੁੱਦੇ ਅੱਖੋਂ ਪਰੋਖੇ ਕੀਤੇ ਜਾਦੇ ਹਨ ਜਿਸ ਦਾ ਕਾਰਨ ਮੀਡੀਆ `ਚ ਦਲਿਤਾਂ ਦੀ ਭਾਗੀਦਾਰੀ ਨਾਂ ਦੇ ਬਰਾਬਰ ਹੋਣਾ ਮੰਨਿਆ ਜਾ ਸਕਦਾ ਹੈ। ਮੀਡੀਆ ਹਮੇਸ਼ਾਂ ਉਦੋਂ ਹੀ ਹਰਕਤ `ਚ ਆਇਆ ਹੈ ਜਦ ਦਲਿਤ ਖੁਦਕੁਸ਼ੀਆਂ ਕਰਦੇ ਹਨ, ਉਨ੍ਹਾਂ ਦੇ ਘਰ ਜਲਾਏ ਜਾਂਦੇ ਹਨ ਜਾਂ ਦਲਿਤ ਔਰਤਾਂ ਦੁਰਾਚਾਰ ਦਾ ਸ਼ਿਕਾਰ ਹੁੰਦੀਆਂ ਹਨ। ਅਗਰ ਕਿਸੇ ਨੇ ਦਲਿਤਾਂ ਦੀ ਜ਼ਮੀਨੀ ਹਕੀਕਤ ਬਿਆਨਣ ਦੀ ਕੋਸ਼ਿਸ਼ ਕੀਤੀ ਤਾਂ ਮੀਡੀਆ ਨੇ ਉਸ ਨੂੰ ਕਬੂਲਿਆ ਹੀ ਨਹੀ ਸਗੋਂ ਭੜਕਾਊ ਕਹਿ ਕੇ ਮਨ੍ਹਾਂ ਕਰ ਦਿੱਤਾ।
ਸਿੱਖਿਆ ਦੇ ਖੇਤਰ ਖਾਸ ਕਰਕੇ ਉਚੇਰੀ ਸਿੱਖਿਆ `ਚ ਦਲਿਤਾਂ ਦੀ ਪਹੁੰਚ ਬਹੁਤ ਘੱਟ ਹੈ। ਪਿਛਲੇ ਪੰਜ਼ਾਹ ਸਾਲਾਂ ਦੌਰਾਨ ਕਿੱਤਾਮੁਖੀ ਸਿੱਖਿਆ ਵਿੱਚ ਦਲਿਤਾਂ ਦੀ ਸ਼ਮੂਲੀਅਤ ਨਾਮਾਤਰ ਰਹੀ ਹੈ। ਦਲਿਤਾਂ ਦੇ ਉੱਥਾਨ ਲਈ ਸੰਵਿਧਾਨ `ਚ ਰਾਖਵੇਂਕਰਨ ਦੀ ਵਿਵਸਥਾ ਕੀਤੀ ਗਈ ਜੋ ਇੱਕ ਸਾਰਥਿਕ ਕਦਮ ਸੀ ਪਰ ਅਜੇ ਵੀ ਇਸ ਦਾ ਫਾਇਦਾ ਇਸਦੇ ਸਹੀ ਹੱਕਦਾਰਾਂ ਤੱਕ ਨਹੀ ਅੱਪੜਿਆ। ਰਾਖਵੇਂਕਰਨ ਕਾਰਨ ਲੋਕ ਇਨ੍ਹਾਂ ਨਾਲ ਈਰਖਾ ਕਰਦੇ ਹਨ ਤੇ ਉਨ੍ਹਾਂ ਨੂੰ ਨੀਚਾ ਦਿਖਾਉਣ ਲਈ ਹਰ ਹੀਲੇ ਵਰਤੇ ਜਾਂਦੇ ਹਨ। ਉਨ੍ਹਾਂ ਨੂੰ ਲੱਗਦਾ ਕਿ ਇਹ ਸਿਰਫ ਰਾਂਖਵੇਕਰਨ ਕਰਨ ਨਾਲ ਅੱਗੇ ਵੱਧਦੇ ਹਨ ਤੇ ਇਸ ਨੂੰ ਉਹ ਅਲਾਦੀਨ ਦਾ ਚਿਰਾਗ ਸਮਝਣ ਦਾ ਭਰਮ ਪਾਲੀ ਬੈਠੇ ਹਨ। ਇਸੇ ਕਰਕੇ ਹੁਣ ਅਖੌਤੀ ਉੱਚ ਜਾਤੀ ਦੇ ਲੋਕ ਵੀ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਨ ਲੱਗ ਪਏ ਹਨ ਜੋ ਬੇ-ਬੁਨਿਆਦ ਹੈ ਤੇ ਦਲਿਤਾਂ ਨੂੰ ਇਸ ਕਰਕੇ ਤ੍ਰਿਸਕਾਰਿਆ ਵੀ ਜਾ ਰਿਹਾ ਹੈ। ਹਰਿਆਣੇ ਦਾ ਜਾਟ ਅੰਦੋਲਨ ਇਸ ਦੀ ਮੂੰਹ ਬੋਲਦੀ ਤਸਵੀਰ ਹੈ, ਜਦਕਿ ਉਹ ਆਰਥਿਕ ਤੌਰ `ਤੇ ਮਜਬੂਤ ਹਨ ਅਤੇ ਹਰ ਖ਼ੇਤਰ ਵਿੱਚ ਆਮ ਲੋਕਾਂ ਨਾਲੋਂ ਅੱਗੇ ਹਨ। ਅੰਦੋਲਨ ਵਿੱਚ ਉਨ੍ਹਾਂ ਦਾ ਅਜੀਬ ਰੂਪ ਇਹ ਸੀ ਕਿ ਤਾਕਤ ਨਾਲ ਆਪਣੇ ਆਪ ਨੂੰ ਕਮਜ਼ੋਰ ਸਾਬਿਤ ਕਰਕੇ ਰਾਂਖਵੇਕਰਨ ਦਾ ਲਾਹਾ ਲੈਣ ਦੀ ਕੋਸ਼ਿਸ਼। ਉਸ ਤੋਂ ਜਿਆਦਾ ਮੂਰਥਲ਼ `ਚ ਪ੍ਰਦਰਸ਼ਨਕਾਰੀਆਂ ਦੁਆਰਾ ਔਰਤਾਂ ਨਾਲ ਜ਼ਬਰਦਸਤੀ ਕੀਤੀ ਗਈ ਜਿਸ ਨੇ ਮਨੁੱਖਤਾ ਨੂੰ ਸ਼ਰਮਸਾਰ ਕੀਤਾ ਸੀ। ਕਾਨਵੈਂਟ ਸਕੂਲਾਂ ਕਾਲਜਾਂ `ਚ ਪੜ੍ਹ ਕੇ ਮਹਿੰਗੀਆਂ ਕਾਰਾਂ `ਤੇ ਚੜ ਕੇ ਇਹ ਬੇਸ਼ਰਮ ਲੋਕ ਆਪਣੇ ਲਈ ਰਾਖਵੇਂਕਰਨ ਦੀ ਮੰਗ ਕਰਦੇ ਹਨ, ਪਰ ਦਲਿਤਾਂ ਨੂੰ ਅੱਖੋ ਪਰੋਖੇ ਕਰਨਾ ਹਰਗਿਜ਼ ਜਾਇਜ਼ ਨਹੀ ਹੈ।
ਸਦੀਆਂ ਦੀ ਗ਼ੁਲਾਮੀ ਅਤੇ ਹੁਣ ਲੋਕਤੰਤਰ `ਚ ਸਮਾਨਤਾ ਦੇ ਅਧਾਰ ਦੀ ਗੱਲ ਕਰਕੇ ਇਨ੍ਹਾਂ ਦੇ ਇਸ ਹੱਕ ਤੋਂ ਵਾਂਝੇ ਕਰਨਾ ਕਿੰਨਾ ਕੁ ਜਾਇਜ਼ ਹੈ। ਇੱਕ ਵਾਰ ਇਨ੍ਹਾਂ ਨੂੰ ਸਮਾਜ ਆਪਣੇ ਬਰਾਬਰ ਆਉਣ ਦਾ ਮੌਕਾ ਤਾਂ ਦੇਵੇ ਫਿਰ ਇਹ ਖੁਦ ਵੀ ਰਾਖਵੇਂਕਰਨ ਤੋਂ ਇਨਕਾਰ ਕਰ ਦੇਣਗੇ, ਪਰ ਹੁਣ 90 ਫ਼ੀਸਦੀ ਦਲਿਤਾਂ ਨੂੰ ਇਸਦੀ ਜ਼ਰੂਰਤ ਹੈ ਜਿਸ ਤੋਂ ਮੁਨਕਰ ਨਹੀ ਹੋਇਆ ਜਾ ਸਕਦਾ। ਪਿੰਡਾਂ `ਚ ਰਹਿਣ ਵਾਲੇ ਦਲਿਤ ਮਜ਼ਦੂਰਾਂ ਲਈ ਤਾਂ ਅਜੇ ਹੋਰ ਵੀ ਬਹੁਤ ਕਰਨ ਦੀ ਲੋੜ ਹੈ। ਹੁਣ ਸੋਚਣ ਦੀ ਗੱਲ ਹੈ ਕਿ ਕਿਸ ਮੂੰਹ ਨਾਲ ਲੋਕ ਰਾਖਵਾਂਕਰਨ ਖਤਮ ਕਰਨ ਦੀ ਗੱਲ ਕਰ ਰਹੇ ਹਨ।
ਇਨ੍ਹਾਂ ਤੱਥਾਂ ਦੀ ਮੌਜੂਦਗੀ ਵਿੱਦਿਅਕ ਅਦਾਰਿਆਂ `ਚ ਦਲਿਤ ਵਿਦਿਆਰਥੀਆਂ ਦੀ ਚਿੰਤਾਜਨਕ ਹਾਲਤ ਨੂੰ ਚੀਕ ਚੀਕ ਕੇ ਬਿਆਨ ਕਰਦੀ ਹੈ। ਕੋਈ ਵੀ ਇਨ੍ਹਾਂ ਦੀ ਬਾਂਹ ਫੜਨ ਵਾਲਾ ਨਜ਼ਰ ਨਹੀ ਆਉਂਦਾ। ਇਨ੍ਹਾਂ ਦੇ ਆਪਣੇ ਤਰੱਕੀ ਪ੍ਰਾਪਤ ਲੋਕ ਇਨ੍ਹਾਂ ਨੂੰ ਅਣਗੌਲ਼ਿਆ ਕਰ ਰਹੇ ਹਨ ਤੇ ਆਪਣੇ ਸੌੜੇ ਹਿਤਾਂ ਖਾਤਿਰ ਇਨ੍ਹਾਂ ਦੀਆਂ ਭਾਵਨਾਵਾਂ ਨਾਲ ਸ਼ਰੇਆਮ ਖਿਲਵਾੜ ਕਰ ਰਹੇ ਹਨ। ਰੋਹਿਤ ਵੇਮੁਲਾ ਮਾਮਲੇ ਦੀ ਅੰਦਰੂਨੀ ਸੱਚਾਈ ਇਹ ਵੀ ਹੈ ਕਿ ਜਦ ਪੰਜ ਵਿਦਿਆਰਥੀਆਂ ਨੂੰ ਸਜ਼ਾ ਦੇਣ ਦਾ ਮੌਕਾ ਸੀ ਤਾਂ ਦਲਿਤ ਅਫ਼ਸਰ ਨੂੰ ਅੱਗੇ ਕਰ ਦਿੱਤਾ ਗਿਆ ਸੀ। ਉਹ ਵੀ ਭਿ੍ਸ਼ਟ ਪ੍ਰਬੰਧ ਦਾ ਹਿੱਸਾ ਬਣ ਕੇ ਪੀੜਿਤ ਧਿਰ ਦੇ ਖਿਲਾਫ਼ ਭੁਗਤ ਗਿਆ ਸੀ। ਹੋਰਾਂ ਤੋਂ ਫਿਰ ਕੀ ਉਮੀਦ ਹੈ ਜਦ ਆਪਣੇ ਹੀ ਇਨ੍ਹਾਂ ਗੱਲਾਂ `ਤੇ ਉਤਰ ਆਏ ਹਨ। ਡਾ. ਅੰਬੇਡਕਰ ਦੇ ਉਹ ਬੋਲ ਅੱਜ ਵੀ ਅਟੱਲ ਹਨ ਕਿ ਮੈਨੂੰ ਮੇਰੇ ਵਰਗ ਦੇ ਹੀ ਪੜ੍ਹੇ ਲਿਖੇ ਲੋਕਾਂ ਨੇ ਧੋਖਾ ਦਿੱਤਾ ਹੈ। ਇਹ ਬਿਲਕੁਲ ਸੱਚ ਹੈ ਕਿ ਦਲਿਤਾਂ ਦੇ ਆਪਣੇ ਲੋਕ ਹੀ ਇਨ੍ਹਾਂ ਨੂੰ ਪਿੱਠ ਦਿਖਾ ਰਹੇ ਹਨ। ਵਿੱਦਿਅਕ ਅਦਾਰਿਆਂ `ਚ ਦਲਿਤ ਬੱਚਿਆਂ ਨਾਲ ਹੁੰਦੀਆਂ ਵਧੀਕੀਆਂ ਦੇ ਮਾਮਲੇ `ਚ ਉਹ ਇਨ੍ਹਾਂ ਦੇ ਹੱਕ `ਚ ਆਵਾਜ਼ ਬੁਲੰਦ ਨਹੀ ਕਰਦੇ। ਇਸ ਮੰਦਭਾਗੇ ਵਰਤਾਰੇ ਨੂੰ ਠੱਲਣ ਲਈ ਦਲਿਤ ਬੱਚੇ ਲਾਮਬੰਦ ਹੋਣ ਤੇ ਸਾਰੇ ਦਲਿਤਾਂ ਨੂੰ ਇੱਕ ਮੰਚ `ਤੇ ਇਕੱਠਾ ਹੋਣ ਦੀ ਲੋੜ ਹੈ। ਸਭ ਤੋ ਵੱਡੀ ਗੱਲ ਇਹ ਲੋਕ ਪ੍ਰੈਸ਼ਰ ਗਰੁੱਪ ਬਣਾਉਣ, ਜੋ ਵਧੀਕੀਆਂ ਖਿਲਾਫ਼ ਸੰਜੀਦਗੀ ਨਾਲ ਆਵਾਜ਼ ਬੁਲੰਦ ਕਰ ਸਕੇ। ਸਰਕਾਰਾਂ ਦੇ ਨਾਲ ਸਮਾਜ ਵੀ ਦੋਗਲੀ ਨੀਤੀ ਛੱਡ ਕੇ ਇਨ੍ਹਾਂ ਵੱਲ ਮਦਦ ਵਾਲਾ ਹੱਥ ਵਧਾਵੇ। ਜਨਰਲ ਵਰਗ ਨੂੰ ਇਨ੍ਹਾਂ ਪ੍ਰਤੀ ਸਾਰਥਿਕ ਸੋਚ ਅਪਣਾਉਣੀ ਚਾਹੀਦੀ ਹੈ। ਜਾਤ ਧਰਮ ਤੋਂ ਉੱਪਰ ਉੱਠ ਕੇ ਮਾਨਵਤਾ ਧਰਮ ਹਿਤ ਦਲਿਤ ਵਿਦਿਆਰਥੀਆਂ ਨੂੰ ਉਨ੍ਹਾਂ ਦਾ ਬਣਦਾ ਸਥਾਨ ਦਿਵਾਉਣ ਅਤੇ ਹੁੰਦੇ ਵਿਤਕਰੇ ਨੂੰ ਰੋਕਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾਣੀ ਚਾਹੀਦੀ ਹੈ।
ਸੰਪਰਕ : 95173-96001