ਮੁਨਾਫ਼ਾਖ਼ੋਰੀ ਲਈ ਲੜੀਆਂ ਜਾਂਦੀਆਂ ਜੰਗਾਂ - ਅਭੀਜੀਤ ਭੱਟਾਚਾਰੀਆ
ਬਿਨਾਂ ਸ਼ੱਕ ਇਨਸਾਨੀ ਤਹਿਜ਼ੀਬ ਦਾ ਸਭ ਤੋਂ ਪੱਕਾ ਕਾਰਕ ਤੇ ਖ਼ੂਬੀ ਜੰਗ ਹੈ ਅਤੇ ਇਸ ਉਤੇ ਇਨਸਾਨੀ ਵਿਕਾਸ ਦੇ ਕਿਸੇ ਪੱਧਰ, ਦੌਰ ਅਤੇ ਭੂਗੋਲਿਕ ਵਖਰੇਵਿਆਂ ਦਾ ਵੀ ਕੋਈ ਅਸਰ ਨਹੀਂ ਪੈਂਦਾ। ਇਸ ਸਬੰਧੀ ਬੁਨਿਆਦੀ ਸਵਾਲ ਇਹ ਹਨ : ਜੰਗ ਦੀ ਸ਼ੁਰੂਆਤ ਕੌਣ ਅਤੇ ਕਿਉਂ ਤੇ ਕਹਾਦੇ ਲਈ ਕਰਦਾ ਹੈ? ਕੀ ਹਾਸਲ ਕਰਨ ਲਈ ਕਰਦਾ ਹੈ? ਇਸ ਦਾ ਸਿੱਧੇ ਤੌਰ ’ਤੇ ਇਹੋ ਜਵਾਬ ਹੋ ਸਕਦਾ ਹੈ ਕਿ ਜੰਗ ਦੇ ਬਹੁਤ ਸਾਰੇ ਅਰਥ ਹਨ ਅਤੇ ਇਸ ਨੂੰ ਸ਼ੁਰੂ ਕਰਨ, ਇਸ ਦੌਰਾਨ ਬਚਾਅ ਕਰਨ ਤੇ ਇਸ ਨੂੰ ਵਾਜਬ ਠਹਿਰਾਉਣ ਦੇ ਅਣਗਿਣਤ ਕਾਰਕ ਹਨ। ਇਹ ਸਭ ਇਸ ਗੱਲ ਉਤੇ ਮੁਨੱਸਰ ਕਰਦਾ ਹੈ ਕਿ ਜੰਗ ਤੋਂ ਪਹਿਲਾਂ ਅਤੇ ਬਾਅਦ ਵਿਚ ਕੌਣ ਕਿਸ ਪਾਸੇ ਹੁੰਦਾ ਹੈ। ਇਸ ਤਰ੍ਹਾਂ ਇਹ ਪੁੱਛਣਾ ਵਾਜਬ ਹੋਵੇਗਾ ਕਿ ਭਾਰਤੀ ਸਰਜ਼ਮੀਨ ਉਤੇ 40 ਵੱਡੇ ਹਮਲੇ ਕਿਉਂ ਹੋਏ, ਜਿਨ੍ਹਾਂ ਦੇ ਸਿੱਟੇ ਵਜੋਂ ਦੱਖਣੀ ਏਸ਼ੀਆ ਵਿਚ ਝੜਪਾਂ, ਟਰਕਾਅ ਅਤੇ ਜੰਗਾਂ ਹੋਈਆਂ ਅਤੇ ਅਖ਼ੀਰ ਵਿਚ 1947 ’ਚ ਹਿੰਦੋਸਤਾਨੀ ਹੀ ਆਪਣੀ ਹੀ ਸਰਜ਼ਮੀਨ ਉਤੇ ਇਕ-ਦੂਜੇ ਖ਼ਿਲਾਫ਼ ਲੜਦੇ ਦਿਖਾਈ ਦਿੱਤੇ। ਇਸ ਦੇ ਪ੍ਰਭਾਵ ਸਿੱਧੇ ਹੀ ਹਨ : ਜੰਗ ਵਿਚ ਖ਼ਾਨਾਜੰਗੀ ਵੀ ਸ਼ਾਮਲ ਹੈ ਅਤੇ 11 ਕਿਸਮਾਂ ਦੇ ਟਕਰਾਵਾਂ ਦੀ ਆਲਮੀ ਤੌਰ ’ਤੇ ਸਵੀਕਾਰ ਕੀਤੀ ਜਾਂਦੀ ਬਲੈਕਜ਼ ਲਾਅ ਡਿਕਸ਼ਨਰੀ ਵੱਲੋਂ ਵੀ ਪਛਾਣ ਕੀਤੀ ਗਈ ਹੈ।
ਇਸ ਤਰ੍ਹਾਂ ਜੰਗ ਦਾ ਮਤਲਬ ਆਮ ਤੌਰ ’ਤੇ ਹਥਿਆਰਬੰਦ ਫ਼ੌਜਾਂ ਰਾਹੀਂ ਹੋਣ ਵਾਲਾ ਦੁਸ਼ਮਣੀ ਭਰਿਆ ਟਕਰਾਅ ਹੁੰਦਾ ਹੈ, ਜਿਸ ਦੀਆਂ ਮੁੱਖ ਵੰਨਗੀਆਂ ਇੰਝ ਹਨ : ‘ਖ਼ਾਨਾਜੰਗੀ’ (ਅਮਰੀਕਾ ਦੀ 1861-65 ਦੀ ਖ਼ਾਨਾਜੰਗੀ); ‘ਅਧੂਰੀ ਜੰਗ’ (ਕੋਈ ਅੰਤਰ-ਮੁਲਕੀ ਜੰਗ ਜਿਹੜੀ ਥਾਵਾਂ ਜਾਂ ਲੋਕਾਂ ਦੇ ਮਾਮਲੇ ਵਿਚ ਸੀਮਤ ਹੋਵੇ, ਜਿਵੇਂ ਪਾਕਿਸਤਾਨ-ਅਫ਼ਗਾਨਿਸਤਾਨ ਸਰਹੱਦੀ ਟਕਰਾਅ); ‘ਅਨਿਯਮਿਤ ਜੰਗ’ (ਜਿਹੜੀ ਨਿਯਮਿਤ ਜੰਗ ਦੇ ਪੱਖਾਂ ਤੇ ਵਿਸ਼ੇਸ਼ਤਾਵਾਂ ਨੂੰ ਪੂਰਾ ਨਹੀਂ ਕਰਦੀ, ਜਿਵੇਂ ਤੀਜੀ ਦੁਨੀਆਂ ਦੇ ਮੁਲਕਾਂ ਵਿਚ ਬਗ਼ਾਵਤ/ਦਹਿਸ਼ਤਗਰਦੀ), ‘ਵਾਜਬ ਜੰਗ’ (ਅਜਿਹੀ ਜੰਗ ਜਿਸ ਨੂੰ ਸ਼ੁਰੂ ਕਰਨ ਵਾਲੇ ਇਸ ਨੂੰ ਇਖ਼ਲਾਕੀ ਤੇ ਕਾਨੂੰਨੀ ਤੌਰ ’ਤੇ ਜਾਇਜ਼ ਮੰਨਦੇ ਹੋਣ, ਜਿਵੇਂ 1971 ਵਿਚ ਪਾਕਿਸਤਾਨ ਦੀ ਹਮਲਾਵਰ ਤੇ ਤਾਨਾਸ਼ਾਹ ਹਕੂਮਤ ਖ਼ਿਲਾਫ਼ ਜੰਗ), ‘ਮਿਲੀ-ਜੁਲੀ ਜੰਗ’ (ਦੱਖਣੀ ਏਸ਼ੀਆ ਵਿਚ ਹਥਿਆਰਬੰਦ ਗਰੁੱਪ ਬਨਾਮ ਰਾਸ਼ਟਰ), ‘ਮੁਕੰਮਲ ਜੰਗ’ (ਜਿਸ ਜੰਗ ਵਿਚ ਦੋਹੀਂ ਪਾਸਿਉਂ ਪੂਰਾ ਮੁਲਕ ਇਕ-ਦੂਜੇ ਖ਼ਿਲਾਫ਼ ਡਟ ਗਿਆ ਹੋਵੇ : 19ਵੀਂ ਤੇ 20ਵੀਂ ਸਦੀ ਵਿਚ ਐਲਸੇਸ ਤੇ ਲੌਰੇਨ ਲਈ ਹੋਈਆਂ ਫਰਾਂਸ ਤੇ ਜਰਮਨੀ ਦੀਆਂ ਲੜਾਈਆਂ), ‘ਨਿਜੀ ਜੰਗ’ (ਜੰਗੀ ਸਰਦਾਰਾਂ ਦੀਆਂ ਲੜਾਈਆਂ); ‘ਨਿਯਮਿਤ ਜੰਗ’ (ਜਿਸ ਦੀ ਸ਼ੁਰੂਆਤ ਦਾ ਬਾਕਾਇਦਾ ਐਲਾਨ ਕੀਤਾ ਗਿਆ ਹੋਵੇ, ਜਿਵੇਂ ਪਹਿਲੀ ਤੇ ਦੂਜੀ ਸੰਸਾਰ ਜੰਗ), ‘ਇਨਕਲਾਬੀ ਜੰਗ’ (ਫਰਾਂਸ ਦੀ ਕ੍ਰਾਂਤੀ ਤੋਂ ਬਾਅਦ ਹੋਈ ਹਿੰਸਾ ਅਤੇ ਰੂਸੀ ਇਨਕਲਾਬ ਤੋਂ ਬਾਅਦ ਦੇ ਵਿਦੇਸ਼ੀ ਹਮਲੇ) ਅਤੇ ‘ਹਮਲੇ ਦੀ ਜੰਗ’ (ਪਾਕਿਸਤਾਨ ਵੱਲੋਂ 1947, 1965, 1971 ਤੇ 1999 ਵਿਚ ਭਾਰਤ ਉਤੇ ਕੀਤੇ ਗਏ ਹਮਲੇ ਅਤੇ ਚੀਨ ਵੱਲੋਂ 1962 ਵਿਚ ਕੀਤਾ ਹਮਲਾ ਅਤੇ ਉਸ ਵੱਲੋਂ 1950ਵਿਆਂ ਤੋਂ ਮੌਜੂਦਾ ਸਮੇਂ ਤੱਕ ਭਾਰਤੀ ਇਲਾਕੇ ਦਾ ਲਗਾਤਾਰ ਕੀਤਾ ਜਾ ਰਿਹਾ ਉਲੰਘਣ)।
ਭਾਰਤੀ ਸੰਦਰਭ ਵਿਚ ਕਾਰਨ ਤੇ ਉਕਸਾਵੇ ਜੋ ਵੀ ਰਹੇ ਹੋਣ, ਅੱਠਵੀਂ ਸਦੀ ਦੇ ਵਿਦੇਸ਼ੀ ਹਮਲਿਆਂ ਦੀ ਸ਼ੁਰੂਆਤ ਦੀ ਮੁੱਢਲੀ ਵਜ੍ਹਾ ‘ਪਾਣੀ ਲਈ ਜੰਗ’ ਵਜੋਂ ਹੀ ਸਾਹਮਣੇ ਆਈ, ਜਿਸ ਦਾ ਸਿੱਟਾ ਉਨ੍ਹਾਂ ਦੇ ਵੱਖੋ-ਵੱਖ ਦੇਸੀ ਭਾਰਤੀ ਰਾਜਿਆਂ ਨਾਲ ਜੰਗਾਂ ਵਜੋਂ ਨਿਕਲਿਆ। ਬਰਾਨੀ/ਬੰਜਰ ਜ਼ਮੀਨਾਂ ਦੇ ਹਮਲਾਵਰਾਂ ਨੂੰ ਲਗਾਤਾਰ ਪਾਣੀ ਦੀ ਕਮੀ ਦਾ ਸਾਹਮਣਾ ਕਰਨਾ ਪੈਂਦਾ ਸੀ। ਇਸ ਲਈ, ਸਿੰਧ ਖ਼ਿੱਤਾ – ਜਿਸ ਵਿਚੋਂ ਵਿਸ਼ਾਲ ਸਿੰਧੂ ਦਰਿਆ ਵਗਦਾ ਹੈ – ਅਰਬੀ ਹਮਲਾਵਰ ਬਦਾਸ਼ਾਹ ਲਈ ਅਚੰਭੇ ਵਾਲੀ ਗੱਲ ਸੀ ਕਿਉਂਕਿ ਅੱਜ ਤੱਕ ਵੀ ਅਰਬ ਦੇ ਵਿਸ਼ਾਲ ਭੂਗੋਲਿਕ ਖ਼ਿੱਤੇ ਵਿਚ ਇਕ ਵੀ ਪੱਕੇ ਤੌਰ ’ਤੇ ਵਗਣ ਵਾਲਾ ਦਰਿਆ ਨਹੀਂ ਹੈ।
ਇਸ ਲਈ, ਅਜਿਹਾ ਕੋਈ ਬੰਦਾ ਜਿਸ ਨੇ ਸਿੰਧੂ ਦਰਿਆ ਵਰਗਾ ਪਾਣੀ ਦਾ ਵਿਸ਼ਾਲ ਭੰਡਾਰ ਪਹਿਲਾਂ ਕਦੇ ਨਾ ਦੇਖਿਆ ਹੋਵੇ, ਉਹ ਦਰਿਆ ਜਿਹੜਾ ਬਰਫ਼ੀਲੇ ਪਹਾੜਾਂ ਤੋਂ ਵਗਦਾ ਹੋਇਆ 1500 ਮੀਲਾਂ ਦਾ ਪੈਂਡਾ ਤੈਅ ਕਰ ਕੇ ਸਮੁੰਦਰ ਤੱਕ ਪੁੱਜਦਾ ਹੋਵੇ, ਤਾਂ ਉਸ ਨੂੰ ਕਿਸੇ ਜ਼ਰਖ਼ੇਜ਼ ਜ਼ਮੀਨ, ਮਣਾਂ ਮੂਹੀਂ ਪਾਣੀ ਅਤੇ ਲੋਕਾਂ ਦੀ ਆਰਾਮਦੇਹ ਜ਼ਿੰਦਗੀ ਪ੍ਰਤੀ ਖਿੱਚੇ ਜਾਣ ਲਈ ਦੋਸ਼ੀ ਨਹੀਂ ਠਹਿਰਾਇਆ ਜਾ ਸਕਦਾ। ਇਸ ਲਈ ਕੀ ਇਹ ਕਹਿਣਾ ਗ਼ਲਤ ਹੋਵੇਗਾ ਕਿ ਭਾਰਤ ਵਾਸੀਆਂ ਖ਼ਿਲਾਫ਼ ਜੰਗਾਂ ਇਕ ਪਾਣੀ-ਕੇਂਦਰਿਤ ਸੱਭਿਅਤਾ ਅਤੇ ਇਕ ਮਾਰੂਥਲੀ ਸੱਭਿਅਤਾ ਦਰਮਿਆਨ ਯਾਦਗਾਰੀ ਟਕਰਾਅ ਵਜੋਂ ਸਾਹਮਣੇ ਆਈਆਂ?
ਕੁਝ ਵੀ ਹੋਵੇ, ਸਾਨੂੰ ਸਾਫ਼ ਹੋਣਾ ਚਾਹੀਦਾ ਹੈ ਕਿ ਜਿਥੇ ਪੁਰਾਤਨ ਜ਼ਮਾਨੇ ਦੀਆਂ ਜੰਗਾਂ ਨੂੰ ਮੋਟੇ ਤੌਰ ’ਤੇ ਹਾਕਮਾਂ ਵੱਲੋਂ ਆਪਣੀ ਤਾਕਤ, ਰੁਤਬੇ ਅਤੇ ਆਪਣੇ ਲੋਕਾਂ ਦੀ ਖ਼ੁਸ਼ਹਾਲੀ ਵਧਾਉਣ ਲਈ ਜ਼ਮੀਨ ਉਤੇ ਜਿੱਤਾਂ ਵਜੋਂ ਵਰਗੀਕ੍ਰਿਤ ਕੀਤਾ ਜਾ ਸਕਦਾ ਹੈ, ਉਥੇ ਬੀਤੀਆਂ ਚਾਰ ਸਦੀਆਂ ਦੌਰਾਨ ਪੱਛਮ ਦੀਆਂ ਜੰਗਾਂ ਬਹੁ-ਆਯਾਮੀ ਖੇਤਰਾਂ ਵਿਚ ਵੰਨਸੁਵੰਨੀ ਹੋ ਗਈਆਂ ਹਨ। ਇਸ ਦੌਰਾਨ 19ਵੀਂ ਸਦੀ ਦੇ ਪਿਛਲੇ ਸਾਲਾਂ ਦੇ ਵੇਲੇ ਤੋਂ ਟਕਰਾਅ ਦੇ ਮੁੱਖ ਵਿਸ਼ੇ ਨੂੰ ‘ਧੋਖੇਬਾਜ਼ੀ ਦੀ ਜੰਗ’ ਵਿਚ ਬਦਲ ਦਿੱਤਾ ਗਿਆ ਹੈ। ਭਾਵ ਕਾਰੋਬਾਰ, ਨਕਦੀ ਅਤੇ ਹਰ ਤਰ੍ਹਾਂ ਦੇ ਸਾਧਨਾਂ ਰਾਹੀਂ ਮੁਨਾਫ਼ੇ ਲਈ ਕੀਤੀ ਜਾਣ ਵਾਲੀ ਜ਼ਮੀਨੀ ਜੰਗ।
ਅਮਰੀਕੀ ਮੇਜਰ ਜਨਰਲ ਸਮੈਡਲੀ ਬਟਲਰ (Smedley Butler) ਨੇ 1935 ਵਿਚ 51 ਸਫ਼ਿਆਂ ਦੇ ਵਿਸ਼ੇਸ਼ ਲੇਖ ਵਿਚ ਆਪਣੀ ਜ਼ਿੰਦਗੀ ਦੇ ਤਜਰਬਿਆਂ ਦਾ ਵਰਨਣ ਕਰਦਿਆਂ ਲਿਖਿਆ ਸੀ : ‘‘ਜੰਗ ਇਕ ਰੈਕੇਟ (ਧੋਖੇਬਾਜ਼ੀ) ਹੈ।’’ ਬਟਲਰ ਨੇ ਕੈਰਿਬੀਅਨ ਸਾਗਰ ਵਿਚਲੇ ਇਕ ਛੋਟੇ ਜਿਹੇ ਟਾਪੂ ਮੁਲਕ ਹੈਤੀ ਵਿਚ ਅਮਰੀਕੀ ਫ਼ੌਜ ਦੇ ਕਮਾਂਡਰ ਵਜੋਂ ਆਪਣੀ ਤਾਇਨਾਤੀ ਦੌਰਾਨ ਜੰਗ ਤੋਂ ਇਕੱਠੇ ਹੋਣ ਵਾਲੇ ਕਾਰਬਾਰੀ ਮੁਨਾਫ਼ਿਆਂ ਨੂੰ ਘੋਖਿਆ। ਉਸ ਨੇ ਜਨਤਕ ਧਨ ਵਿਚੋਂ ਸਨਅਤਕਾਰਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਬਸਿਡੀਆਂ ਨੂੰ ਨਫ਼ਰਤ ਦੀ ਨਜ਼ਰ ਨਾਲ ਦੇਖਿਆ, ਜੋ ਜੰਗ ਵਿਚ ਮਾਰੇ ਗਏ ਮਰਦਾਂ, ਔਰਤਾਂ ਤੇ ਬੱਚਿਆਂ ਦੀਆਂ ਲਾਸ਼ਾਂ ਤੋਂ ਮੁਨਾਫ਼ਾਖ਼ੋਰੀ ਕੀਤੇ ਜਾਣ ਦਾ ਕਾਰਨ ਬਣਦੀ ਸੀ। ਉਸ ਨੇ ‘ਜੰਗ ਦੇ ਰੈਕੇਟ’ ਉਤੇ ਸਵਾਲ ਖੜ੍ਹੇ ਕੀਤੇ। ਇਸ ਤੋਂ ਮੁਨਾਫ਼ਾ ਕਿਸ ਨੂੰ ਹੁੰਦਾ ਹੈ? ਇਸ ਦੀ ਅਦਾਇਗੀ ਕੌਣ ਕਰਦਾ ਹੈ? ਇਸ ਰੈਕੇਟ ਨੂੰ ਕਿਵੇਂ ਤੋੜਿਆ ਜਾਵੇ ਅਤੇ ‘ਢੱਠੇ ਖੂਹ ਵਿਚ ਪਵੇ ਅਜਿਹੀ ਜੰਗ’ ਕਿਉਂਕਿ ਇਸ ਦੇ ‘ਮੁਨਾਫ਼ਿਆਂ ਨੂੰ ਡਾਲਰਾਂ ਵਿਚ ਗਿਣਿਆ ਜਾਂਦਾ ਹੈ, ਜਦੋਂਕਿ ਨੁਕਸਾਨ ਨੂੰ ਇਨਸਾਨੀ ਜਾਨਾਂ ਵਿਚ।’’ ਇਕ ਨਿੱਕੇ ਜਿਹੇ ਟਾਪੂ ਮੁਲਕ ਨੂੰ ਦਿਓ-ਕੱਦ (ਅਮਰੀਕਾ) ਵੱਲੋਂ ਦਬਾਏ ਜਾਣ ਵਿਚ ਆਪਣੇ ਰੋਲ ਸਬੰਧੀ ਹੈਰਾਨੀਜਨਕ ਇਕਬਾਲਨਾਮੇ ਵਿਚ ਬਟਲਰ ਨੇ ਅਫ਼ਸੋਸ ਜਤਾਇਆ ਕਿ ਉਨ੍ਹਾਂ ਅਮਰੀਕਾ ਦੇ ਤੇਲ ਹਿੱਤਾਂ ਲਈ ਮੈਕਸਿਕੋ ਨੂੰ ਸੁਰੱਖਿਅਤ ਬਣਾ ਦਿੱਤਾ, ਨੈਸ਼ਨਲ ਸਿਟੀ ਬੈਂਕ ਨੂੰ ਭਰਵਾਂ ਮਾਲੀਆ ਉਪਜਾਉਣ ਲਈ ਹੈਤੀ ਤੇ ਕਿਊਬਾ ਨੂੰ ‘ਸੁੱਘੜ’ ਥਾਂ ਬਣਾਉਣ ਵਿਚ ਮਦਦ ਕੀਤੀ ਅਤੇ ਕਰੀਬ ਅੱਧੀ ਦਰਜਨ ਕੇਂਦਰੀ ਅਮਰੀਕੀ ਗਣਰਾਜਾਂ ਦੀ ਵਾਲ ਸਟਰੀਟ (ਨਿਊਯਾਰਕ ਕੇ ਲੋਅਰ ਮੈਨਹਟਨ ਦੇ ਵਿੱਤੀ ਜ਼ਿਲ੍ਹੇ ਦੀ ਇਕ ਸੜਕ ਜਿਥੇ ਅਮਰੀਕਾ ਦੇ ਵੱਡੇ ਕਾਰੋਬਾਰੀ ਤੇ ਵਿੱਤੀ ਅਦਾਰਿਆਂ ਦੇ ਦਫ਼ਤਰ ਹਨ) ਦੇ ਫ਼ਾਇਦੇ ਲਈ ਲੁੱਟ ਯਕੀਨੀ ਬਣਾਈ। ਉਨ੍ਹਾਂ ਲਿਖਿਆ, ‘‘ਮੈਂ ਬਰਾਊਨ ਬਰਦਰਜ਼ ਦੇ ਕੌਮਾਂਤਰੀ ਬੈਂਕਿੰਗ ਘਰਾਣੇ ਦੇ ਹਿੱਤਾਂ ਲਈ ਨਿਕਾਰਾਗੂਆ ਨੂੰ ਸੋਧਿਆ ਅਤੇ ਨਾਲ ਹੀ ਡੋਮੀਨਿਕੀਅਨ ਰਿਪਬਲਿਕ ਵਿਚ ਅਮਰੀਕਾ ਦੇ ਚੀਨੀ ਹਿੱਤਾਂ ਨੂੰ ਅੱਗੇ ਵਧਾਇਆ।’’
ਹੁਣ ਤੱਕ ਸਾਫ਼ ਹੋ ਗਿਆ ਹੈ ਕਿ ਆਧੁਨਿਕ ਜੰਗਾਂ ਕੀ ਹਨ ਅਤੇ ਚੀਜ਼ਾਂ ਕਿਵੇਂ ਵਾਪਰਦੀਆਂ ਹਨ। ਇਸ ਸਬੰਧੀ ਬਰਤਾਨੀਆ ਦੀ 1940 ਦੀ ਲੜਾਈ ਦੌਰਾਨ ਵਿੰਸਟਨ ਚਰਚਿਲ ਦੇ ਯਾਦਗਾਰੀ ਬੋਲਾਂ ਉਤੇ ਵੀ ਧਿਆਨ ਦੇਣਾ ਬਹੁਤ ਜ਼ਰੂਰੀ ਹੈ : ਸੰਸਾਰ ਵਿਚ ਜੰਗਾਂ ਦੇ ਇਤਿਹਾਸ ’ਚ ਕਈ ਕਰੋੜਾਂ, ਮਰੇ ਜਾਂ ਜ਼ਿੰਦਾ (ਲੋਕਾਂ) ਦੀ ਕੀਮਤ ਉਤੇ ਕੁਝ ਕੁ ਲੋਕਾਂ ਨੇ ਇਸ ਤੋਂ ਪਹਿਲਾਂ ਕਦੇ ਵੀ ਇੰਨਾ ਮੁਨਾਫ਼ਾ ਨਹੀਂ ਕਮਾਇਆ।
ਪੱਛਮ ਤੋਂ ਬਾਅਦ ਆਓ ਅਸੀਂ ਪੂਰਬ ਵੱਲ ਚੱਲਦੇ ਹਾਂ, ਕਿਉਂਕਿ ਇਹ ਵੀ ਪ੍ਰਸ਼ਾ (ਜਰਮਨੀ ਦਾ ਇਕ ਸੂਬਾ) ਦੇ ਜਨਰਲ ਕਾਰਲ ਵੋਨ ਕਲੌਜ਼ਵਿਜ਼ (Prussian General Carl von Clausewitz) ਦੇ ‘ਹੋਰ ਤਰੀਕਿਆਂ ਰਾਹੀਂ ਜੰਗ’ ਦੇ ਸਿਧਾਂਤ ਤਹਿਤ ਚੌਤਰਫ਼ਾ ਅਰਾਜਕਤਾ ਪੈਦਾ ਕਰਦਾ ਹੈ। ਇਸ ਵਿਚ ਤਰੀਕਾ ਵੱਖਰਾ ਦਿਖਾਈ ਦੇ ਸਕਦਾ ਹੈ ਪਰ ਦ੍ਰਿੜ੍ਹ ਇਰਾਦਾ ਅਤੇ ਆਖ਼ਰੀ ਸਿੱਟਾ ਉਹੋ ਰਹਿੰਦਾ ਹੈ – ਮੁਨਾਫ਼ਾ। ਇਸ ਦੌਰਾਨ ਹਾਲਾਂਕਿ ਡਰੈਗਨ (ਚੀਨ) ਦੇ ਸਾਹਮਣੇ ਇਕ ਵੱਡੀ ਸਮੱਸਿਆ ਪੇਸ਼ ਆ ਰਹੀ ਹੈ, ਕਿਉਂਕਿ ਇਹ ਹਾਲੇ ਤੱਕ ਦੁਨੀਆਂ ਭਰ ਵਿਚ ਪੱਛਮ ਦੀਆਂ ਆਪਣੇ ਖ਼ਿੱਤੇ ਤੋਂ ਬਾਹਰਲੀਆਂ ਜੰਗਾਂ ਦੀ ਲੜੀ ਵਰਗੀਆਂ ਜੰਗਾਂ ਲੜਨ ਦਾ ਆਦੀ ਨਹੀਂ ਹੈ। ਇਸ ਲਈ ਜੇ ਚੀਨ ਵੱਲੋਂ ਪੂਰਬ ਵਿਚ ਆਪਣਾ ਦਬਦਬਾ ਕਾਇਮ ਕਰਨ ਲਈ ਪੱਛਮ ਵਰਗੇ ਜੰਗੀ ਤਰੀਕਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ ਤਾਂ ਇਸ ਦਾ ਆਰਥਿਕ ਵਿਕਾਸ ਬੁਰੀ ਤਰ੍ਹਾਂ ਠੱਪ ਹੋ ਕੇ ਢਹਿ ਢੇਰੀ ਹੋ ਸਕਦਾ ਹੈ।
ਜਿਵੇਂ ਕਿ ਏਜੇਪੀ ਟੇਲਰ ਨੇ ਠੀਕ ਹੀ ਕਿਹਾ ਹੈ: ‘‘ਭਾਵੇਂ ਕਿਸੇ ਦੇਸ਼ ਦਾ ਵੱਡੀ ਤਾਕਤ ਬਣਨ ਦਾ ਮਕਸਦ ਵੱਡੀ ਜੰਗ ਲੜਨ ਦੇ ਸਮਰੱਥ ਹੋਣਾ ਮੰਨਿਆ ਜਾਂਦਾ ਹੈ, ਪਰ ਵੱਡੀ ਤਾਕਤ ਬਣੇ ਰਹਿਣ ਦਾ ਭੇਤ ਇਹੋ ਜਿਹੀ ਜੰਗ ਨਾ ਲੜਨ (ਜਾਂ ਸੀਮਤ ਰੂਪ ਵਿਚ ਲੜਨ) ਵਿਚ ਪਿਆ ਹੁੰਦਾ ਹੈ।’’ ਪਰ, ਕੀ ਪੂਰਬ ਤੇ ਪੱਛਮ ਦੇ ਜੰਗਜੂ, ਜਿਹੜੇ ਕੁਝ ਕੁ ਲੋਕਾਂ ਲਈ ਦੌਲਤ ਸਿਰਜਣ ਦੇ ਭੁੱਖੇ ਹਨ, ਇਸ ਸਿਆਣਪ ਭਰੀ ਸਲਾਹ ’ਤੇ ਕੰਨ ਧਰਨਗੇ? ਕਦੇ ਨਹੀਂ।
* ਵਿਸ਼ਲੇਸ਼ਕ ਅਤੇ ਲੇਖਕ